ਲੋਕ ਕਲਾਵਾਂ ਵਿੱਚ ਔਰਤਾਂ ਦਾ ਯੋਗਦਾਨ ਅਤੇ ਮੀਡੀਆ ਦਾ ਪ੍ਰਭਾਵ

ਲੋਕ ਕਲਾ ਨੂੰ ਪਰਿਭਾਸ਼ਿਤ ਕਰਨਾ ਇਸਦਾ ਸਰੂਪ ਨਿਸ਼ਚਿਤ ਕਰਨਾ ਤੇ ਲੋਕ ਕਲਾ ਦੇ ਵੱਖ-ਵੱਖ ਰੂਪਾਂ ਨੂੰ ਕਿਸੇ ਨਿਸਚਿਤ ਸ਼੍ਰੇਣੀ ਵਿਚ ਵੰਡਣਾ ਬਹੁਤ ਹੀ ਕਠਿਨ ਕੰਮ ਹੈ। ਕਲਾ ਦਾ ਪਹਿਲਾ ਕੰਮ ਸੁਹਜ ਸੁਆਦ ਪੈਦਾ ਕਰਨਾ ਹੈ। ਲੋਕ ਕਲਾ ਦੇ ਖੇਤਰ ਵਿਚ ਲਲਿਤ ਤੇ ਉਪਯੋਗੀ ਕਲਾ ਦਾ ਨਿਖੇੜ ਨਹੀਂ ਕੀਤਾ ਜਾਂਦਾ, ਸਗੋਂ ਇਸ ਖੇਤਰ ਦੀ ਕਲਾ ਸੁਹਜ ਰਸ ਦੀ ਤ੍ਰਿਪਤੀ ਕਰਨ ਦੇ ਨਾਲ-ਨਾਲ ਉਪਯੋਗੀ ਵੀ ਹੁੰਦੀ ਹੈ ਅਤੇ ਜੀਵਨ ਵਿਚ ਸਹਿਜ ਰੂਪ ਵਿਚ ਰਚੀ ਹੁੰਦੀ ਹੈ। ਇਹ ਜੀਵਨ ਦੀਆਂ ਲੋੜਾਂ ਵਿਚੋਂ ਪੈਦਾ ਹੋਈ ਹੋਣ ਕਾਰਨ ਜੀਵਨ ਦਾ ਸਹਿਜ ਅੰਗ ਹੁੰਦੀ ਹੈ। ਲੋਕ ਕਲਾ ਘਰਾਂ ਦਾ ਸੁਹਜ-ਸ਼ਿੰਗਾਰ ਹੁੰਦੀ ਹੈ। ਘਰਾਂ ਵਿਚ ਵਰਤੇ ਜਾਂਦੇ ਖੇਸ, ਦਰੀਆਂ, ਗਲੀਚੇ, ਫੁਲਕਾਰੀਆਂ, ਚਾਦਰਾਂ, ਸਿਰਹਾਣੇ ਖੂਬਸੂਰਤ ਤਰੀਕੇ ਨਾਲ ਕੱਢੇ ਜਾਂਦੇ ਹਨ। ਕੁੜੀ ਦੀ ਖੂਬਸੂਰਤੀ ਇਸਦੇ ਕਲਾਤਮਿਕ ਗੁਣਾਂ ਤੇ ਵੀ ਨਿਰਭਰ ਕਰਦੀ ਹੈ। ਪਿਛਲੇ ਸਮਿਆਂ ਵਿਚ ਜਿਹੜੀ ਕੁੜੀ ਨੂੰ ਕੱਢਣਾ, ਕੱਤਣਾ, ਸੀਣਾ-ਪਰੋਣਾ ਸਲੀਕੇ ਨਾਲ ਆਉਂਦਾ ਸੀ, ਉਸ ਨੂੰ ਸੁਹੁਨਰੀ ਹੋਣ ਦਾ ਨਾਮ ਦਿੱਤਾ ਜਾਂਦਾ ਸੀ, ਨਹੀਂ ਤਾਂ ਉਸਨੂੰ ਕੁੱਢਰ ਆਖਿਆ ਜਾਂਦਾ ਸੀ। ਕੁੱਢਰ ਔਰਤ ਸਮਾਜ ਵਿਚ ਉਸੇ ਤਰ੍ਹਾਂ ਹੀ ਸਭ ਦੀ ਨਿੰਦਿਆ ਦੀ ਪਾਤਰ ਬਣਦੀ ਹੈ, ਜਿੱਦਾਂ ਇਕ ਬਾਂਝ ਔਰਤ। ਇਸ ਲਈ ਲੋਕ ਕਲਾ ਇਨਸਾਨੀ ਜਿੰਦਗੀ ਦਾ ਨਾ-ਜੁਦਾ ਹੋਣ ਵਾਲਾ ਅੰਗ ਹੈ। ਇਸ ਵਿਚ ਕੰਧ ਚਿੱਤਰ, ਤੀਲਾਂ ਜਾਂ ਕਾਗਜ ਦੇ ਬੋਹਟੇ, ਬੋਹਟੀਆਂ, ਮੂਹੜੇ, ਗੋਹਲੇ, ਛਿੱਕੂ, ਖੇਸ, ਦਰੀਆਂ, ਕਸੀਦੇ, ਫੁਲਕਾਰੀਆਂ ਆਦਿ ਸ਼ਾਮਿਲ ਹਨ। ਮਿੱਟੀ ਦੇ ਚੁੱਲੇ, ਹਾਰੇ ਅਤੇ ਉਹਨਾਂ ਉੱਤੇ ਕੀਤੀ ਰੰਗਾਂ ਦੀ ਕਾਰੀਗਰੀ ਇਸ ਕਲਾ ਦੇ ਖੇਤਰ ਵਿਚ ਸ਼ਾਮਿਲ ਹਨ।

ਲੋਕ ਕਲਾ ਦਾ ਖੇਤਰ

ਸੋਧੋ

ਲੋਕ ਕਲਾ ਦੇ ਖੇਤਰ ਵਿਚ ਮਿੱਟੀ, ਲੱਕੜੀ, ਧਾਤ ਦੀਆਂ ਮੂਰਤੀਆਂ ਤੋਂ ਲੈ ਕੇ ਕਾਗਜੀ ਫੁੱਲਾਂ ਤੱਕ ਅਨੇਕ ਕਲਾਵਾਂ ਸ਼੍ਰੇਣੀਆਂ ਸ਼ਾਮਿਲ ਹਨ। ਇਸ ਵਿਚ ਕੰਧ-ਚਿੱਤਰ ਸੋਨੇ ਦੇ ਗਹਿਣਿਆਂ, ਮਿੱਟੀ ਦੇ ਬਰਤਨਾਂ ਉੱਤੇ ਕੀਤੀ ਗਈ ਮੀਨਾਕਾਰੀ ਵੀ ਸ਼ਾਮਿਲ ਹੈ।

ਡਾ. ਕਰਨੈਲ ਸਿੰਘ ਥਿੰਦ ਨੇ ਹੱਥ ਸ਼ਿਲਪ ਦੇ ਹੋਰ ਬਹੁਤ ਸਾਰੇ ਹੁਨਰਾਂ ਨੂੰ ਲੋਕ ਧੰਦਿਆਂ ਦੀ ਸ਼੍ਰੇਣੀ ਵਿਚ ਰੱਖਣ ਦਾ ਸੁਝਾਅ ਦਿੱਤਾ ਹੈ ਪਰ ਇਹ ਵੀ ਸੱਚ ਹੈ ਕਿ ਲੋਕ-ਧੰਦਿਆਂ ਰਾਹੀਂ ਵੀ ਲੋਕ ਕਲਾ ਦਾ ਹੀ ਪ੍ਰਦਰਸ਼ਨ ਹੁੰਦਾ ਹੈ।

ਡਾ. ਸੋਹਿੰਦਰ ਸਿੰਘ ਬੇਦੀ ਦੇ ਅਨੁਸਾਰ ਪੰਜਾਬ ਦੀ ਲੋਕ ਕਲਾ ਕਈ ਰਵਾਇਤਾਂ ਤੇ ਮਨੌਤਾਂ ਦੇ ਸੁਮੇਲ ਵਿਚੋਂ ਨਿਖਰੀ ਹੈ। ਬਾਹਰ ਤੋਂ ਜਿੰਨੀਆਂ ਵੀ ਵੱਖ-ਵੱਖ ਸੱਭਿਅਤਾਵਾਂ ਦੇ ਧਾੜਵੀ ਪੰਜਾਬ ਵਿਚ ਆਏ ਉਹਨਾਂ ਨੇ ਵੀ ਇਥੋਂ ਦੀ ਮੂਲ ਵੰਨਗੀ ਤੇ ਆਪਣਾ ਅਸਰ ਜਰੂਰ ਪਾਇਆ ਹੈ। ਲੋਕ ਕਲਾ ਨੂੰ ਸੰਵਾਰਨ, ਨਿਖਾਰਨ ਤੇ ਪ੍ਰਸਾਰਨ ਵਿਚ ਭਾਵੇ ਮਰਦਾਂ ਦਾ ਵੀ ਯੋਗਦਾਨ ਰਿਹਾ ਹੈ, ਪਰ ਪੰਜਾਬ ਦੀਆਂ ਘਰੇਲੂ ਸੁਆਣੀਆਂ ਨੇ ਤਾਂ ਲੋਕ ਕਲਾ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ। ਜੇ ਪੰਜਾਬ ਦੀਆਂ ਹੋਰ ਲੋਕ ਕਲਾਵਾਂ ਦੀ ਗੱਲ ਨਾ ਵੀ ਕਰੀਏ ਤਾਂ ਫੁਲਕਾਰੀ ਹੀ ਇਸਦਾ ਬੇਜੋੜ ਨਮੂਨਾ ਹੈ। ਡਾ. ਬੇਦੀ ਦੇ ਸ਼ਬਦਾਂ ਵਿਚ ਕਹੀਏ ਤਾਂ ਇਹ ਉਹਨਾਂ ਲਈ ਧਰਮ ਸਾਧਨਾ ਹੈ।

ਲੋਕ ਕਲਾ ਵੀ ਸਮਾਜਿਕ ਆਰਥਿਕ ਹਲਾਤਾਂ ਨਾਲ ਬਦਲਦੀ ਰਹਿੰਦੀ ਹੈ। ਮੁਗਲਾਂ ਦੇ ਆਉਣ ਤੋਂ ਪਹਿਲਾਂ ਗਹਿਣਿਆਂ ਤੇ ਸੂਰਜ, ਚੰਦ ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਹੁੰਦੀਆਂ ਸਨ, ਪਰ ਮੁਗਲ ਰਾਜ ਤੋਂ ਬਾਅਦ ਇਹਨਾਂ ਦੀ ਥਾਂ ਫੁੱਲਾਂ ਤੇ ਵੇਲਾਂ ਨੇ ਲੈ ਲਈ, ਪਰ ਅੱਜ ਕੱਲ ਇਹ ਸਾਰਾ ਕੁਝ ਲਗਾਤਾਰ ਅਲੋਪ ਹੋ ਰਿਹਾ ਹੈ।

ਲੋਕ ਕਲਾਵਾਂ ਅਤੇ ਔਰਤਾਂ ਦਾ ਯੋਗਦਾਨ

ਸੋਧੋ

ਜੇਕਰ ਅਸੀਂ ਵਿਸਥਾਰ ਨਾਲ ਲੋਕ-ਕਲਾਵਾਂ ਨੂੰ ਪਰਖੀਏ ਤਾਂ ਇਹਨਾਂ ਵਿਚੋਂ ਲੱਗਭਗ 80 ਪ੍ਰਤੀਸ਼ਤ ਲੋਕ-ਕਲਾਵਾਂ ਵਿਚੋਂ ਔਰਤਾਂ ਦਾ ਯੋਗਦਾਨ ਹੈ। ਲੋਕ ਕਲਾ ਨੂੰ ਸੰਵਾਰਨ, ਨਿਖਾਰਨ ਤੇ ਇਸਦੇ ਪ੍ਰਸਾਰ ਵਿਚ ਭਾਵੇਂ ਮਰਦਾਂ ਦਾ ਵੀ ਯੋਗਦਾਨ ਰਿਹਾ ਹੈ, ਪਰ ਪੰਜਾਬ ਦੀਆਂ ਸੁਆਣੀਆਂ ਨੇ ਤਾਂ ਲੋਕ ਕਲਾ ਨੂੰ ਆਪਣੇ ਜੀਵਨ ਦਾ ਇਕ ਲਕਸ਼ ਬਣਾ ਲਿਆ ਸੀ ਅਤੇ ਆਪਣੇ ਬੱਚੇ ਦੀ ਤਰ੍ਹਾਂ ਲੋਕ-ਕਲਾਵਾਂ ਨੂੰ ਜਿੰਦਾ ਰੱਖਿਆ।

ਡਾ. ਬੇਦੀ ਦੇ ਸ਼ਬਦਾਂ ਵਿਚ ਕਹੀਏ ਤਾਂ ਫੁਲਕਾਰੀ ਉਹਨਾਂ ਲਈ ਧਰਮ ਸਾਧਨਾ ਰਹੀ ਹੈ। ਔਰਤ ਨੇ ਲੋਕ ਕਲਾ ਦੇ ਖੇਤਰ ਵਿਚ ਭਾਵੇਂ ਉਹ ਲੋਕ ਸੰਗੀਤ ਹੋਵੇ, ਲੋਕ ਨਾਚ ਹੋਵੇ, ਹਸਤ ਕਲਾ ਹੋਵੇ ਸਾਰਿਆਂ ਵਿਚ ਵੱਡਮੁੱਲਾ ਹਿੱਸਾ ਪਾਇਆ ਹੈ। ਸਾਨੂੰ ਪੰਜਾਬ ਦੀਆਂ ਇਹਨਾਂ ਸੁਆਣੀਆਂ ਤੇ ਮਾਣ ਹੈ, ਜਿਹਨਾਂ ਨੇ ਆਪਣੇ ਹੱਥਾਂ ਦੇ ਕਮਾਲ ਦੇ ਨਾਲ ਸੁਹੁਨਰੀ ਔਰਤ ਹੋਣ ਦਾ ਮਾਣ ਪਾਇਆ ਹੈ। ਔਰਤਾਂ ਦੁਆਰਾ ਪਾਏ ਇਸ ਯੋਗਦਾਨ ਦਾ ਵਰਣਨ ਇਸ ਤਰ੍ਹਾਂ ਹੈ:

ਸੰਗੀਤ ਤੇ ਲੋਕ ਗੀਤਾਂ ਵਿਚ

ਸੋਧੋ

ਇਸ ਸੰਸਾਰ ਦੀ ਧਰਤੀ ਦੇ ਹਰ ਇਕ ਟੋਟੇ ਤੇ ਜਿੱਥੇ ਵੀ ਮਨੁੱਖ ਵਸਿਆ ਹੈ, ਲੋਕ ਗੀਤ ਰਚੇ ਰਹੇ ਜਾਂਦੇ ਹਨ। ਇਹਨਾਂ ਗੀਤਾਂ ਵਿਚ ਵੱਖੋ ਵੱਖਰੇ ਲੋਕਾਂ ਦੇ ਬਦਲਦੇ ਇਤਿਹਾਸ ਤੇ ਸੰਸਕ੍ਰਿਤੀ ਦੇ ਵਿੱਲਖਣ ਨਕਸ਼ ਅੰਕਤ ਹੁੰਦੇ ਹਨ। ਸਾਰੇ ਹੀ ਸੰਸਾਰ ਦੇ ਲੋਕ ਗੀਤਾਂ ਦਾ ਪ੍ਰਮੁੱਖ ਵਿਸ਼ਾ ਸਮੁੱਚੀ ਮਨੁੱਖਤਾ ਦੀ ਸਰਬ ਸਾਂਝੀ ਕਹਾਣੀ ਹੈ। ਇਸ ਸੰਸਾਰ ਦੇ ਸਾਰੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਸਾਂਝੀਆਂ ਹਨ। ਇਸੇ ਤਰ੍ਹਾਂ ਹੀ ਉਹਨਾਂ ਦੇ ਸੁੱਖ, ਦੁੱਖ ਵੀ ਇਕੋ ਜਿਹੇ ਹਨ। ਉਹਨਾਂ ਦੀਆਂ ਮੁੱਢਲੀਆਂ ਲੋੜਾਂ ਵੀ ਸਾਂਝੀਆਂ ਹਨ।

ਪਿਛਲੀਆਂ ਸਦੀਆਂ ਤੋਂ ਹੀ ਪੰਜਾਬ ਨੇ ਅੰਤਾਂ ਦਾ ਕਹਿਰ ਹੰਢਾਇਆ ਹੈ। ਇਥੇ ਕਈ ਅਲੱਗ-ਅਲੱਗ ਧਾੜਵੀਆਂ ਨੇ ਹਮਲੇ ਕੀਤੇ ਤੇ ਪੰਜਾਬ ਨੂੰ ਹਰ ਵਾਰੀ ਹਰ ਪੱਖੋਂ ਬਰਬਾਦ ਕੀਤਾ। ਉਹਨਾਂ ਦੀ ਦੁਨੀਆਂ ਨੂੰ ਵਾਰ ਵਾਰ ਉਜਾੜਿਆ। ਆਜ਼ਾਦੀ ਤੋਂ ਬਾਅਦ ਹੀ ਪੰਜਾਬ ਦੇ ਲੋਕ ਗੀਤਾਂ ਨੂੰ ਆਪਣੇ ਕੌਮੀ ਵਿਰਸੇ ਦੀ ਪਦਵੀ ਦਿੱਤੀ ਤੇ ਉਹਨਾਂ ਦੀ ਸਭਿਆਚਾਰ, ਇਤਿਹਾਸਿਕ, ਕਲਾਤਮਕ ਤੇ ਰਚਨਾਤਾਮਕ ਵਿਸ਼ੇਸ਼ਤਾ ਦਾ ਮੁੱਲ ਪਰਖਿਆ ਗਿਆ।

ਪੰਜਾਬ ਦੇ ਲੋਕ ਗੀਤਾਂ ਦੀ ਅਤੁੱਟ ਖਜਾਨਿਆਂ ਵਿਚ ਪੰਜਾਬ ਦੀ ਔਰਤ ਦਾ ਇਕ ਵੱਡਮੁੱਲਾ ਹਿੱਸਾ ਹੈ। ਅਸੀਂ ਇਹ ਗੱਲ ਮਾਣ ਨਾਲ ਕਹਿ ਸਕਦੇ ਹਾਂ ਕਿ ਵਿਦਵਾਨਾਂ ਦੀ ਅਣਥੱਕ ਮਿਹਨਤ ਕਰਕੇ ਜੋ ਵੀ ਸਭਿਆਚਾਰ ਧਰੋਹਰ ਨੂੰ ਖੋਜਿਆ ਹੈ ਤੇ ਸਾਡੇ ਤੱਕ ਪਹੁੰਚਾਇਆ ਹੈ ਉਸ ਵਿਚ ਬਹੁਗਿਣਤੀ ਪੰਜਾਬਣਾਂ ਦੇ ਗੀਤਾਂ ਦੀ ਹੈ। ਪੰਜਾਬਣਾਂ ਦੇ ਗੀਤਾਂ ਦੇ ਬਾਰੇ ਲਿਖਣਾ ਭਾਵੇਂ ਕੋਈ ਸੌਖੀ ਗੱਲ ਨਹੀਂ ਕਿਉਂਕਿ ਅਸੀਂ ਉਸ ਬਾਰੇ ਕੁਝ ਕੁ ਹਿੱਸੇ ਬਾਰੇ ਹੀ ਚਾਨਣਾ ਪਾ ਸਕਦੇ ਹਾਂ। ਪੰਜਾਬਣਾਂ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਸੇ ਖਾਸ ਪਹਿਚਾਣ ਦੀ ਮੁਹਤਾਜ ਨਹੀਂ ਉਹਦੇ ਗੀਤਾਂ ਨੂੰ ਵੀ ਕਿਸੇ ਖਾਸ ਭੂਮਿਕਾ ਦੀ ਲੋੜ ਨਹੀਂ। ਪੰਜਾਬਣਾਂ ਦੇ ਗੀਤਾਂ ਵਿਚ ਕਾਵਿਕ ਤੇ ਕਲਾਤਮਕ ਪ੍ਰਤਿਭਾ ਮਿਲਦੀ ਹੈ।

ਪੰਜਾਬਣਾਂ ਦੇ ਗੀਤਾਂ ਵਿਚ ਪੰਜਾਬ ਦੀ ਔਰਤ ਦੀ ਪਰਿਭਾਸ਼ਾ ਸ਼ੀਸ਼ੇ ਵਾਂਗ ਸਾਫ ਦਿਖਾਈ ਦਿੰਦੀ ਹੈ। ਉਸਦੇ ਗੀਤਾਂ ਵਿਚ ਪੰਜਾਬ ਦੀਆਂ ਔਰਤਾਂ ਦੀ ਹਿੰਮਤ, ਸਹਿਜਤਾ, ਕਲਾ ਅਤੇ ਬਹਾਦਰੀ ਬਾਰੇ ਸਾਫ ਸਪੱਸਟ ਪਤਾ ਲੱਗਦਾ ਹੈ। ਔਰਤਾਂ ਦੀ ਜ਼ਿੰਦਗੀ ਹਰ ਇਕ ਪੜਾਅ ਨੂੰ ਇਹਨਾਂ ਲੋਕ ਗੀਤਾਂ ਵਿਚ ਮੋਤੀ ਦੇ ਮਣਕੇ ਦੀ ਤਰ੍ਹਾਂ ਪਰੋਇਆ ਗਿਆ ਹੈ। ਉਹ ਜਨਮਾਂ ਤੇ ਮਾਤਮਾਂ ਲਈ ਗਾਉਂਦੀ ਰਹੀ ਸੰਯੋਗ ਤੇ ਵਿਯੋਗ ਵਿਚ ਗਾਉਂਦੀ ਰਹੀ, ਜਿੱਤਾਂ ਤੇ ਹਾਰਾਂ ਵਿਚ ਗਾਉਂਦੀ ਰਹੀ ਅਤੇ ਉਹਦੀ ਹੋਂਦ ਉਸਦੇ ਗੀਤਾਂ ਵਿਚ ਇੰਨ-ਬਿੰਨ ਸਮਾਈ ਹੋਈ ਹੈ।

ਪੰਜਾਬਣ ਦੇ ਗੀਤ ਉਸਦੀ ਗੁਮਨਾਮ ਹੋਂਦ ਦੀ ਕਹਾਣੀ ਕਹਿੰਦੇ ਹਨ। ਜਿੰਦਗੀ ਦੇ ਰੰਗ ਮੰਚ ਵਿਚ ਉਸਦਾ ਮੁੱਖ ਅਭਿਨੇਤਾ ਮਰਦ ਬਣਿਆ ਰਿਹਾ ਹੈ। ਭਾਵੇਂ ਉਹ ਪਿਤਾ ਦੇ ਰੂਪ ਵਿਚ ਹੋਵੇ, ਭਾਵੇਂ ਭਰਾ ਦੇ ਰੂਪ ਵਿੱਚ, ਭਾਵੇਂ ਪਤੀ ਦੇ ਰੂਪ ਵਿਚ ਤੇ ਭਾਵੇਂ ਪੁੱਤਰ ਦੇ ਰੂਪ ਵਿਚ। ਪੰਜਾਬਣ ਦੇ ਗੀਤ ਉਸਦੀ ਪੱਥਰ ਚੁੱਪ ਦੀ ਆਵਾਜ ਹਨ। ਉਹ ਸ਼ੁਰੂ ਤੋਂ ਹੀ ਚੁੱਪ ਰਹੀ ਹੈ ਕਿਉਂਕਿ ਪੁਰਸ਼ ਪ੍ਰਧਾਨ ਸਮਾਜ ਵਿਚ ਪੁਰਸ ਹੀ ਉਸ ਤੇ ਹਾਵੀ ਰਿਹਾ ਹੈ। ਜਿੰਦਗੀ ਨੇ ਇਸ ਨੂੰ ਹਰ ਥਾਂ ਤੇ ਪਰਖਿਆ। ਇਸੇ ਵਾਰ-ਵਾਰ ਦੀ ਪਰਖ ਕਾਰਨ ਉਸਦੇ ਅੰਦਰਲੀ ਚਿਣਗਾਰੀ ਮੱਘਦੀ ਰਹੀ, ਜੋ ਕਿ ਗੀਤਾਂ ਦਾ ਰੂਪ ਧਾਰਨ ਕਰ ਗਈ।

ਔਰਤਾਂ ਦੇ ਗੀਤਾਂ ਵਿਚ ਔਰਤ ਤੇ ਮਰਦ ਦੇ ਰਿਸ਼ਤੇ ਦੀ ਪੀੜ ਪ੍ਰਤੱਖ ਦਿਸਦੀ ਹੈ। ਔਰਤ ਅਲੱਗ ਅਲੱਗ ਰੂਪ ਵਿਚ ਮਰਦ ਦਾ ਸਾਥ ਦਿੰਦੀ ਹੈ ਕਦੇ ਭੈਣ ਦੇ ਰੂਪ ਵਿਚ, ਕਦੇ ਧੀ ਦੇ ਰੂਪ ਵਿਚ, ਕਦੇ ਪਤਨੀ ਦੇ ਰੂਪ ਵਿਚ ਅਤੇ ਕਦੇ ਮਾਂ ਦੇ ਰੂਪ ਵਿਚ ਕੁਝ ਗੀਤਾਂ ਦੀਆਂ ਉਦਾਹਰਨਾਂ ਇਸ ਪ੍ਰਕਾਰ ਹਨ:

ਪੁੱਤਰ ਦੇ ਜਨਮ ਦੇ ਗੀਤ

ਸੋਧੋ

ਪੁੱਤਰ ਦਾ ਜਨਮ ਪੰਜਾਬ ਦੀ ਸੁਆਣੀ ਲਈ ਉਹਦੀ ਜਿੰਦਗੀ ਦਾ ਅਹਿਮ ਮੋੜ ਬਣਦਾ ਹੈ। ਉਸਦੇ ਲਈ ਪੁੱਤਰ ਦੀ ਮਾਂ ਬਣਨਾ ਇਕ ਇੱਛਾ ਹੀ ਨਹੀਂ ਸਗੋਂ ਉਸਦੇ ਭਵਿੱਖ ਦਾ ਫੈਸਲਾ ਹੈ। ਪੁੱਤਰ ਦੇ ਜਨਮ ਦੀ ਖਬਰ ਪਲਾਂ ਵਿਚ ਸਾਰੇ ਪਿੰਡ ਵਿਚ ਖਿੱਲਰ ਜਾਂਦੀ ਹੈ। ਸੁਣਦਿਆਂ ਸਾਰ ਸਾਰੇ ਲੋਕ ਰਿਸ਼ਤੇਦਾਰ ਵਧਾਈਆਂ ਦੇਣ ਪੁੱਜਦੇ ਹਨ। ਲੱਡੂ, ਸ਼ੱਕਰ, ਗੁੜ ਵੰਡੇ ਜਾਂਦੇ ਹਨ। ਮਰਦ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ਰਾਬ ਪਿਲਾਉਂਦੇ ਹਨ। ਇਕ ਲੋਕ ਗੀਤ ਦੀਆਂ ਪੰਕਤੀਆਂ ਇਸ ਤਰ੍ਹਾਂ ਹਨ:

ਜੇ ਘਰ ਜਨਮੇਗੀ ਧੀ, ਸਾਹਿਬ ਦਾ ਜੀਅ,

ਦਾਈ ਮਾਈ ਕੀ ਜੀ ਮੰਗੇ?

ਜੋ ਘਰ ਜਨਮੇਗੀ ਧੀ, ਸਾਹਿਬ ਦਾ ਜੀਅ,

ਇਕ ਰੁਪਈਆਂ ਰੋਕ, ਸਿਰੇ ਦਾ ਚੋਪ,

ਗਲੇ ਦੀਆਂ ਚੋਲੜੀਆਂ।

ਜੇ ਘਰ ਜਨਮੇਗਾ ਪੂਤ, ਸਾਹਿਬ ਦਾ ਰੂਪ,

ਦਾਈ ਮਾਈ ਕੀ ਜੀ ਮੰਗੇ?

ਜੇ ਘਰ ਜਨਮੇਗਾ ਪੂਤ, ਸਾਹਿਬ ਦਾ ਰੂਪ,

ਦਾਈ ਮਾਈ ਕੀ ਜੀ ਮਿਲੇ?

ਜੇ ਘਰ ਜਨਮੇਗਾ ਪੂਤ, ਸਾਹਿਬ ਦਾ ਰੂਪ,

ਦਾਈ ਨੂੰ ਦੰਦ ਖੰਡ ਚਿਹਾਣਾ, ਮੈਂ ਚੂੜਾ ਘੜਾਵਾਂ,

ਮੋਹਰਾਂ ਨਾਲ ਗੋਦ ਭਰਾਂ।

ਪੁੱਤਰ ਦੇ ਵਿਆਹ ਦੇ ਗੀਤ

ਸੋਧੋ

ਇਹਨਾਂ ਗੀਤਾਂ ਵਿਚ ਸਾਹੇ ਚਿੱਠੀ, ਚੱਕੀ ਧਰਨੀ, ਗਾਉਣ ਬਹਿਣਾ, ਢੋਲ ਧਰਨਾ, ਕੜਾਹਾ ਚੜਾਉਣਾ, ਘੋੜੀਆਂ, ਸਿਹਰੇ ਦੇ ਗੀਤ, ਭੈਣ ਦੇ ਗੀਤ, ਜੱਣ ਚੜਾਉਣੀ, ਡੋਲਾ ਉਤਾਰਨ, ਪਾਣੀ ਵਾਰਨ ਆਦਿ ਗੀਤ ਸ਼ਾਮਿਲ ਹਨ।ਘੋੜੀ ਦੀ ਇਕ ਉਦਾਹਰਨ ਇਸ ਤਰ੍ਹਾਂ ਹੈ:


ਇਕ ਤਾਂ ਘੋੜੀ ਰਾਵਲੀ ਗੰਗਾ ਜਮਨਾ ਤੋਂ ਆਈ,

ਮੈਂ ਵਾਰੀ ਸਈਓ, ਗੰਗਾ ਜਮਨਾ ਤੋਂ ਆਈ,

ਆਣ ਖੜ੍ਹੀ ਬਾਬਲ ਬਾਰ ਮੇਂ, ਦਾਦੀ ਮਿਲੇ ਨੀ ਵਧਾਈ,

ਮੈਂਵਾਰੀ ਸਈਓ,ਦਾਦੀ ਮਿਲੇ ਨੀ ਵਧਾਈ।

ਇਕ ਤਾਂ ਘੋੜੀ ਰਾਵਲੀ ਗੰਗਾ ਜਮਨਾ ਤੋਂ ਆਈ,

ਮੈਂ ਵਾਰੀ ਸਈਓ, ਗੰਗਾ ਜਮਨਾ ਤੋਂ ਆਈ।

ਆਣ ਖੜ੍ਹੀ ਮਾਮੇ ਬਾਰ ਮੇਂ, ਮਾਇ ਮਿਲੇ ਨੀ ਵਧਾਈ,

ਮੈਂ ਵਾਰੀ ਸਈਓ, ਮਾਇ ਮਿਲੇ ਨੀ ਵਧਾਈ।

ਇਕ ਤਾਂ ਘੋੜੀ ਰਾਵਲੀ ਗੰਗਾ ਜਮਨਾ ਤੋ ਆਈ,

ਮੈਂ ਵਾਰੀ ਸਈਓ, ਗੰਗਾ ਜਮਨਾ ਤੋ ਆਈ।

ਆਣ ਖੜ੍ਹੀ ਮਾਮੇ ਬਾਰ ਮੇਂ, ਮਾਮੀ ਮਿਲੇ ਨੀ ਵਧਾਈ,

ਮੈਂ ਵਾਰੀ ਸਈਓ, ਮਾਮੀ ਮਿਲੇ ਨੀ ਵਧਾਈ।


ਮਾਂ-ਬਾਪ ਦੇ ਗੀਤ

ਸੋਧੋ

ਇਹਨਾਂ ਗੀਤਾਂ ਨੂੰ ਅਸੀਂ ਬਚਪਨ ਦੇ ਗੀਤ ਵੀ ਕਹਿ ਸਕਦੇ ਹਾਂ। ਇਹਨਾਂ ਗੀਤਾਂ ਵਿਚ ਪੰਜਾਬਣ ਕਿਸੇ ਪਰੀ ਦੇਸ਼ ਦੀ ਰਾਜ ਕੁਮਾਰੀ ਜਾਪਦੀ ਹੈ। ਉਹਦੀ ਨਿੱਕੀ ਜਿਹੀ ਦੁਨੀਆਂ ਦੇ ਨਾਇਕ ਉਸਦੇ ਮਾਂ-ਬਾਪ ਤੇ ਭਰਾ-ਭਰਜਾਈ ਹਨ। ਇਹਨਾਂ ਵਿਚੋਂ ਇਕ ਗੀਤ ਦੀ ਉਦਾਹਰਨ ਇਸ ਤਰ੍ਹਾਂ ਹੈ:

ਪਹਿਲਾ ਥਾਲ ਹਸਪਤਾਲ, ਮਾਂ ਮੇਰੀ ਦੇ ਲੰਮੜੇ ਵਾਲ,

ਪਿਉ ਮੇਰਾ ਸਾਹੂਕਾਰ।

ਸ਼ਾਹੂਕਾਰ ਨੇ ਖੂਹ ਲੁਆਇਆ, ਵਿਚੋਂ ਨਿਕਲਿਆ ਪਾਣੀ, ਰੁੜੁ ਰੁੜੁ ਪਾਣੀਆਂ, ਸੁਰਮੇ ਦਾਣੀਆਂ,

ਸੁਰਮਾ ਪਾਵਾਂ, ਕੱਜਲ ਪਾਵਾਂ,

ਵੀਰੇ ਦੇ ਵਿਆਹ ਜਾਵਾਂ

ਆਲ-ਮਾਲ ਹੋਇਆ ਸਈਓ, ਪੂਰਾ ਥਾਲ।

ਸੁਹਾਗ

ਸੋਧੋ

ਕੁੜੀ ਦੇ ਵਿਆਹ ਵੇਲੇ ਗਾਏ ਜਾਣ ਵਾਲੇ ਗੀਤਾਂ ਨੂੰ ਸੁਹਾਗ ਕਿਹਾ ਜਾਂਦਾ ਹੈ। ਕੁੜੀ ਦੇ ਵਿਆਹ ਨਾਲ ਸੰਬੰਧਿਤ ਹਰ ਇਕ ਰਸਮ ਨਾਲ ਸਬੰਧਿਤ ਸੁਹਾਗ ਮਿਲਦੇ ਹਨ। ਸੁਹਾਗਾਂ ਵਿਚ ਪੰਜਾਬ ਦੀ ਧੀ ਨਾਇਕਾ ਦੀ ਤਰ੍ਹਾਂ ਉਭਾਰੀ ਗਈ ਹੈ। ਉਹ ਆਪਣੇ ਬਾਪ, ਦਾਦੇ ਅਤੇ ਭਰਾ ਨੂੰ ਚੰਗਾ ਵਰ ਲੱਭਣ ਦੀ ਅਰਜੋਈ ਕਰਦੀ ਹੈ। ਇਹਨਾਂ ਗੀਤਾਂ ਵਿਚਲੀ ਔਰਤ ਆਪਣੇ ਸਹੁਰੇ ਪਰਿਵਾਰ ਬਾਰੇ ਆਪਣੇ ਸੁਪਨੇ ਆਪਣੇ ਪਿਓ ਨੂੰ ਦੱਸਦੀ ਹੈ ਤੇ ਇਕ ਚੰਗਾ ਘਰ ਬਾਰ ਟੋਲਣ ਲਈ ਬੇਨਤੀ ਕਰਦੀ ਹੈ:

ਟੋਲੀ ਵੇ ਬਾਬਾ ਨਗਰ ਸੁ ਨਗਰ ਆ,

ਵੇ ਜਿੱਥੇ ਮੇਰਾ ਗੋਬਿੰਦ ਜਨਮਿਆ ਹਰੇ ਰਾਮਲੇ।

ਟੋਲਿਆ ਨੀ ਪੋਤੀਏ, ਦਿੱਲੀ ਦਾ ਕੋਟ ਆ,

ਨੀ ਸਣੇ ਦਰਵਾਜੇ ਕਿੰਗਰੇ, ਹਰੇ ਰਾਮਲੇ

ਸਿੱਠਣੀਆਂ

ਸੋਧੋ

ਸਿੱਠਣੀਆਂ ਪੰਜਾਬ ਦੇ ਲੋਕ ਗੀਤਾਂ ਦਾ ਸਭ ਤੋਂ ਹਲਕਾ ਫੁਲਕਾ ਤੇ ਜ਼ੁਲਬੁਲਾ ਅੰਗ ਹੈ। ਇਹਨਾਂ ਦਾ ਮਕਸਦ ਮਾਨਸਿਕ ਛੇੜਖਾਨੀ ਅਤੇ ਹਾਸ ਰਸ ਪੈਦਾ ਕਰਨਾ ਹੈ। ਇਸ ਦੀ ਵਿਸ਼ੇਸ਼ਤਾ ਹੈ ਕਿ ਸਿੱਠਣੀ ਦੇਣ ਵਾਲਾ ਤੇ ਲੈਣ ਵਾਲਾ ਦੋਨੋਂ ਹੀ ਬਰਾਬਰ ਅਨੰਦਿਤ ਮਹਿਸੂਸ ਕਰਦੇ ਹਨ। ਇਹ ਵਿਆਹ ਮੌਕੇ ਤੇ ਜਿਆਦਾਤਰ ਸੁਣਨ ਨੂੰ ਮਿਲਦੀਆਂ ਹਨ:

ਗੁਰਨਾਮ ਸਿਆਂਹ ਤੇਰੇ ਰੇਡੀਓ ਦੀ ਟੁੱਟ ਗਈ ਤਾਰ,

ਰੇਡੀਓ ਬੰਦ ਕਰ ਵੇ।

ਤੇਰੇ ਰੇਡੀਓ ਦੀ ਟੁੱਟ ਗਈ ਤਾਰ,

ਰੇਡੀਓ ਬੰਦ ਕਰ ਵੇ।

ਤੇਰੀ ਅੰਮਾ ਵਿਕੇ ਬਜਾਰ,

ਰੇਡੀਓ ਬੰਦ ਕਰ ਵੇ।

ਤੇਰੇ ਰੇਡੀਓ ਦੀ ਟੁੱਟ ਗਈ ਤਾਰ,

ਰੇਡੀਓ ਬੰਦ ਕਰ ਦਵੇ।

ਇਹਨਾਂ ਉਪਰੋਕਤ ਵਿਸ਼ਿਆਂ ਤੋਂ ਬਿਨਾਂ ਹੋਰ ਵੀ ਕਈ ਨਿੱਕੇ ਮੋਟੇ ਹਜਾਰਾਂ ਹੀ ਵਿਸ਼ੇ ਹਨ, ਜਿਹਨਾਂ ਤੇ ਪੰਜਾਬ ਦੀਆਂ ਸੁਹਾਣੀਆਂ ਨੇ ਗੀਤ ਉਲੀਕੇ ਹਨ ਜੋ ਕਿ ਮੂੰਹ ਜਬਾਨੀ ਸਾਡੇ ਤੱਕ ਉਪੜੇ ਹਨ।

ਗਿੱਧਾ

ਸੋਧੋ

ਭੰਗੜੇ ਦੀ ਤਰ੍ਹਾਂ ਗਿੱਧਾ ਵੀ ਪੰਜਾਬੀ ਔਰਤਾਂ ਦਾ ਇਕ ਬਹੁਤ ਹੀ ਮਸ਼ਹੂਰ ਨਾਚ ਹੈ। ਗਿੱਧਾ ਢੋਲ ਜਾਂ ਢੋਲਕੀ ਦੀ ਥਾਪ ਨਾਲ ਪਾਇਆ ਜਾਂਦਾ ਹੈ। ਔਰਤਾਂ ਥਾਪ ਨਾਲ ਹੱਥਾਂ ਨਾਲ ਤਾੜੀਆਂ ਵਜਾ ਕੇ ਨੱਚਦੀਆਂ ਹਨ। ਬੋਲੀਆਂ ਪਾ ਕੇ ਔਰਤਾਂ ਢੋਲਕੀ ਦੀ ਥਾਪ ਨਾਲ ਤਾੜੀਆਂ ਮਾਰ ਕੇ ਪੂਰੇ ਜੋਸ਼ ਨਾਲ ਨੱਚਦੀਆਂ ਹਨ। ਇਹ ਬੋਲੀਆਂ ਵੀ ਔਰਤ ਦੀ ਰੋਜ਼ ਦੀ ਜਿੰਦਗੀ ਨਾਲ ਹੀ ਸੰਬੰਧਿਤ ਹੁੰਦੀਆਂ ਹਨ। ਅੱਜ ਕੱਲ੍ਹ ਵੀ ਗਿੱਧਾ ਪੇਂਡੂ ਸਮਾਜ ਵਿਚ ਉਨਾਂ ਹੀ ਹਰਮਨ ਪਿਆਰਾ ਹੈ, ਜਿੰਨਾ ਪਹਿਲਾਂ ਹੋਇਆ ਕਰਦਾ ਸੀ। ਪੰਜਾਬੀ ਔਰਤ ਨੇ ਆਪਣੇ ਸਾਰੇ ਹਾਵ-ਭਾਵ ਜਜਬੇ ਇਸ ਲੋਕ ਨਾਚ ਵਿਚ ਸਮਾ ਦਿੱਤੇ ਹਨ। ਇਸ ਵਿਚ ਤਮਾਸੇ ਵੀ ਸ਼ਾਮਿਲ ਹੁੰਦੇ ਹਨ। ਗਿੱਧੇ ਵਿਚ ਦੇਸ਼ ਪਿਆਰ ਤੋਂ ਲੈ ਕੇ ਜਿਨਸੀ ਉਤੇਜਨਾ ਭਰਪੂਰ ਬੋਲੀਆਂ ਤੱਕ ਸਭ ਕੁਝ ਜਾਇਜ ਹੁੰਦਾ ਹੈ।

ਸੰਮੀ

ਸੋਧੋ

ਸੰਮੀ ਨਾਚ ਪੰਜਾਬੀਆਂ ਦੇ ਪੁਰਾਤਨ ਕਬੀਲਿਆਂ ਤੋਂ ਉਤਪੰਨ ਹੋਇਆ ਨਾਚ ਹੈ। ਇਸ ਨਾਚ ਦਾ ਨਾਂ ਇਕ ਕੁੜੀ ਸੰਮੀ ਦੇ ਨਾਂ ਉਤੇ ਪਿਆ ਦੱਸਿਆ ਜਾਂਦਾ ਹੈ। ਜਦੋਂ ਉਸਦਾ ਮਾਹੀ ਉਸਨੂੰ ਛੱਡ ਕੇ ਦੂਰ ਚਲਿਆ ਗਿਆ ਤਾਂ ਉਹ ਮਾਹੀ ਦੀ ਯਾਦ ਵਿਚ ਨੱਚਿਆ ਗਾਇਆ ਕਰਦੀ ਸੀ। ਚੱਕਰ, ਤਾੜੀ ਅਤੇ ਚੁਟਕੀ ਨਾਲ ਗਾਇਆ ਜਾਣ ਵਾਲਾ ਇਹ ਸਾਦਾ ਨਾਚ ਹੈ।

ਝੂਮਰ

ਸੋਧੋ

ਝੂਮਰ ਨਾਚ ਜਿਸ ਤਰ੍ਹਾਂ ਇਸਦੇ ਨਾਂ ਤੋਂ ਪਤਾ ਚੱਲਦਾ ਹੈ ਕਿ ਇਸ ਦੀਆਂ ਜੜ੍ਹਾਂ ਝੂਮਰ ਰਾਗ ਤੋਂ ਉਤਪੰਨ ਹੋਈਆਂ ਹਨ। ਇਸੇ ਤਰ੍ਹਾਂ ਦਾ ਹੀ ਨਾਚ ਰਾਜਸਥਾਨ ਵਿਚ ਵੀ ਪ੍ਰਸਿੱਧ ਹੈ, ਜਿਸ ਵਿਚ ਔਰਤਾਂ ਇਕ ਗੋਲ ਘੇਰੇ ਵਿਚ ਢੋਲ ਦੁਆਲੇ ਨੱਚਦੀਆਂ ਹਨ। ਪੰਜਾਬੀਆਂ ਦਾ ਇਹ ਲੋਕ ਨਾਚ ਸੰਦਰਬਾਰ ਤੋਂ ਉਤਪੰਨ ਹੋਇਆ ਜੋ ਕਿ ਇਕ ਛੋਟੀ ਜਿਹੀ ਜਗ੍ਹਾਂ ਹੈ, ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਇਹੀ ਥਾਂ ਤੋਂ ਇਹ ਨਾਚ ਕਰਨ ਵਾਲੇ ਪੂਰੇ ਪੰਜਾਬ ਵਿੱਚ ਫੈਲ ਗਏ।

ਜਾਗੋ

ਸੋਧੋ

ਜਾਗੋ ਦਾ ਸ਼ਾਬਦਿਕ ਅਰਥ ਹੈ ਜਗਾਉਣਾ, ਜਾਗੋ ਪੰਜਾਬ ਵਿੱਚ ਵਿਆਹ ਤੋਂ ਇੱਕ ਦਿਨ ਪਹਿਲਾਂ ਕੱਢੀ ਜਾਂਦੀ ਹੈ। ਇੱਕ ਗਾਗਰ ਨੂੰ ਦੀਵਿਆਂ ਨਾਲ ਸ਼ਿੰਗਾਰ ਕੇ ਸਿਰ ਤੇ ਚੁੱਕਿਆ ਜਾਂਦਾ ਹੈ। ਸਾਰੇ ਪਿੰਡ ਦੇ ਲੋਕਾਂ ਨੂੰ ਜਗਾਉਣ ਲਈ ਵਿਆਹ ਦੀਆਂ ਮੇਲਣਾਂ ਗੀਤ ਗਾਉਂਦੀਆਂ ਪਿੰਡ ਵਿੱਚ ਘੁੰਮਦੀਆਂ ਹਨ ਤੇ ਨਾਲ ਹੀ ਠੱਠਾ ਮਜ਼ਾਕ ਕਰਦੀਆਂ ਹਨ ਅਤੇ ਗੀਤ ਗਾਉਂਦੀਆਂ ਹਨ।

ਕਿੱਕਲੀ

ਸੋਧੋ

ਕਿੱਕਲੀ ਔਰਤਾਂ ਵੱਲੋਂ ਨੱਚਿਆਂ ਜਾਣ ਵਾਲਾ ਇੱਕ ਹੋਰ ਨਾਚ ਹੈ, ਜਿਸ ਵਿੱਚ ਬਾਹਵਾਂ ਦੀ ਕਾਟੀ ਬਣਾ ਕੇ,ਇੱਕ ਦੂਜੇ ਦੇ ਹੱਥ ਫੜ ਕੇ ਔਰਤਾਂ ਇੱਕ ਗੋਲ ਘੇਰੇ ਵਿੱਚ ਘੁੰਮਦੀਆਂ ਹਨ ਤੇ ਨਾਲ ਨਾਲ ਲੋਕ ਗੀਤ ਗਾਉਂਦੀਆਂ ਹਨ ਜਿਵੇਂ:

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,

ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ।

ਹੱਥ-ਕਲਾਵਾਂ

ਸੋਧੋ

ਪੰਜਾਬ ਦੇ ਲੋਕ ਇਤਿਹਾਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਲੋਕ-ਕਲਾਵਾਂ ਹਨ ਜੋ ਕਿ ਹੱਥ ਦੇ ਕਮਾਲ ਨਾਲ ਸੰਬੰਧਿਤ ਹਨ। ਸਾਨੂੰ ਬਹੁਤ ਮਾਣ ਹੈ ਕਿ ਪੰਜਾਬ ਦੀਆਂ ਔਰਤਾਂ ਨੇ ਇਹਨਾਂ ਕਲਾਵਾਂ ਵਿੱਚ ਬਹੁਤ ਯੋਗਦਾਨ ਪਾਇਆ ਹੈ। ਇਸੇ ਕਰਕੇ ਭਾਈ ਕਾਨ੍ਹ ਸਿੰਘ ਨਾਭਾ ਨੇ ਪੰਜਾਬ ਦੀ ਇਸਤਰੀ ਨੂੰ ਬੱਤੀ ਸੁਲੱਖਣੀ, ਭਾਵ 32 ਗੁਣਾਂ ਵਾਲੀ ਸੁਲੱਖਣੀ ਔਰਤ ਦੱਸਿਆ ਹੈ, ਜੇਕਰ ਅਸੀਂ ਇਹਨਾਂ ਸਾਰੀਆਂ ਕਲਾਵਾਂ ਬਾਰੇ ਗੱਲ ਕਰੀਏ ਤਾਂ ਇਹਨਾਂ ਦੀ ਗਿਣਤੀ ਕਰਨੀ ਸੌਖੀ ਨਹੀਂ। ਇਹਨਾਂ ਵਿੱਚੋਂ ਕੁਝ ਵਿਸ਼ੇਸ਼ ਕਲਾਵਾਂ ਦਾ ਹੀ ਅਸੀਂ ਵਰਣਨ ਕਰਾਂਗੇ।

ਟੋਕਰੀਆਂ, ਛਿੱਕੂ ਬਣਾਉਣੇ

ਸੋਧੋ

ਟੋਕਰੀਆਂ ਤੇ ਛਿੱਕੂ ਬਣਾਉਣ ਦਾ ਮਕਸਦ ਔਰਤਾਂ ਦੀ ਹਰ ਰੋਜ ਦੀ ਜਿੰਦਗੀ ਵਿੱਚ ਸੁਖਾਲ ਤਾਂ ਲਿਆਉਣਾ ਸੀ। ਇਹਨਾਂ ਦੀ ਸਹਾਇਤਾ ਨਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਬਾਹਰ ਤੋਂ ਲਿਆਉਣ ਤੇ ਘਰ ਵਿੱਚ ਸਾਂਭਣ ਦਾ ਕੰਮ ਲਿਆ ਜਾਂਦਾ ਸੀ। ਹੌਲੀ ਹੌਲੀ ਇਹਨਾਂ ਦੀ ਬਣਾਵਟ ਤੇ ਸਜਾਵਟ ਵੱਲ ਵੀ ਧਿਆਨ ਦਿੱਤਾ ਜਾਣ ਲੱਗਾ।

ਦਰੀਆਂ ਤੇ ਖੇਸ ਬੁਣਨਾ

ਸੋਧੋ

ਪੁਰਾਣੇ ਸਮਿਆਂ ਵਿੱਚ ਔਰਤਾਂ ਆਪਣਾ ਵਿਹਲਾ ਸਮਾਂ ਸੂਤ ਕੱਤ ਕੇ ਬਤੀਤ ਕਰਦੀਆਂ ਸਨ। ਉਹ ਆਪਣਾ ਸਾਰਾ ਦਾਜ ਕੱਤ ਕੇ ਤਿਆਰ ਕਰਦੀਆਂ ਸਨ। ਕੱਤਣ ਤੋਂ ਬਾਅਦ ਸੂਤ ਨੂੰ ਰੰਗ ਕੇ ਅਲੱਗ ਅਲੱਗ ਨਮੂਨਿਆਂ ਦੀਆਂ ਦਰੀਆਂ ਤੇ ਖੇਸ ਅੱਡਿਆਂ ਤੇ ਬੁਣੇ ਜਾਂਦੇ ਸੀ। ਕਹਿੰਦੇ ਹਨ ਕਿ ਇੱਕ ਕੁੜੀ ਸਿਰਫ ਤਾਂ ਨਹੀਂ ਵਿਆਹੀ ਗਈ ਸੀ, ਕਿਉਂਕਿ ਉਸਨੇ ਕਦੇ ਕੱਤਿਆ ਨਹੀਂ ਸੀ ਤੇ ਆਪਣਾ ਦਾਜ ਨਹੀਂ ਤਿਆਰ ਕੀਤਾ ਸੀ।

ਕਢਾਈ ਕਸੀਦਾ ਕੱਢਣਾ

ਸੋਧੋ

ਪੰਜਾਬ ਦੀਆਂ ਸੁਆਣੀਆਂ ਨੇ ਕਸੀਦਾ ਕਾਰੀ ਵਿੱਚ ਵੀ ਆਪਣੇ ਜੌਹਰ ਦਿਖਾਏ ਹਨ। ਇਥੋਂ ਦੀ ਫੁਲਕਾਰੀ ਦੀ ਕਢਾਈ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੈ। ਇਸ ਤੋਂ ਬਿਨਾਂ ਚਾਦਰਾਂ ਦੀ ਕਢਾਈ, ਮੇਜ਼ਪੋਸ ਦੀ ਕਢਾਈ, ਰੁਮਾਲਾਂ ਦੀ ਕਢਾਈ ਆਦਿ ਵੀ ਕੀਤੀ ਜਾਂਦੀ ਸੀ। ਇਹਨਾਂ ਕਢਾਈਆਂ ਦੀਆਂ ਕਿਸਮਾਂ ਵੀ ਅਲੱਗ-ਅਲੱਗ ਹੁੰਦੀਆਂ ਸਨ। ਇਹਨਾਂ ਨੂੰ ਔਰਤਾਂ ਰੰਗ-ਬਿਰੰਗੇ ਰੇਸ਼ਮੀ ਧਾਗਿਆਂ ਨਾਲ ਬੁਣਦੀਆਂ ਸਨ।

ਪੀੜ੍ਹੀਆਂ, ਮੰਜੇ ਬੁਣਨੇ

ਸੋਧੋ

ਸੂਤ ਨੂੰ ਰੰਗ ਕੇ ਤੇ ਵੱਟ ਕੇ ਬਣਾਏ ਗਏ ਬਾਣ ਨਾਲ ਅਲੱਗ-ਅਲੱਗ ਡਿਜ਼ਾਇਨਾਂ ਨਾਲ ਪੀੜ੍ਹੀਆਂ ਬੁਣੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਸੂਤ ਨਾਲ ਜਾਂ ਨਾਰੀਅਲ ਦੇ ਬਾਣ ਨਾਲ ਮੰਜੇ ਵੀ ਬੁਣੇ ਜਾਂਦੇ ਹਨ।

ਕੰਧ ਚਿੱਤਰਕਾਰੀ

ਸੋਧੋ

ਪੰਜਾਬ ਦੀਆਂ ਔਰਤਾਂ ਕੰਧ ਚਿੱਤਰਕਾਰੀ ਲਈ ਖਾਸ ਤੌਰ ਤੇ ਜਾਣੀਆਂ ਜਾਂਦੀਆਂ ਹਨ। ਇਹਨਾਂ ਚਿੱਤਰਾਂ ਨੂੰ ਕੰਧ ਲਿਪ ਕੇ ਉਸ ਉਪਰ ਰੰਗਾਂ ਨਾਲ ਬਣਾਇਆ ਜਾਂਦਾ ਸੀ। ਇਹਨਾਂ ਚਿੱਤਰਾਂ ਵਿੱਚ ਕੁਦਰਤ ਨੂੰ ਤੇ ਪਰਮਾਤਮਾ ਨੂੰ ਹੀ ਚਿਤਰਿਆ ਜਾਂਦਾ ਸੀ। ਇਹਨਾਂ ਚਿੱਤਰਾਂ ਵਿੱਚ ਤੋਤੇ, ਮੋਰ, ਕਬੂਤਰ, ਫੁੱਲ ਅਤੇ ਦੇਵੀ ਦੇਵਤਿਆਂ ਦੇ ਚਿੱਤਰ ਚਿਤਰੇ ਜਾਂਦੇ ਸੀ। ਅਸਲ ਵਿੱਚ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਉਲੀਕਣ ਦਾ ਮਕਸਦ ਬੁਰਾਈਆਂ ਨੂੰ ਆਪਣੇ ਘਰ ਤੋਂ ਦੂਰ ਰੱਖਣ ਦਾ ਤਰੀਕਾ ਸੀ। ਇਹਨਾਂ ਉਪਰੋਕਤ ਕਲਾਵਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਹੱਥ-ਕਲਾਵਾਂ ਪੰਜਾਬੀ ਔਰਤਾਂ ਦੇ ਹਿੱਸੇ ਆਉਂਦੀਆਂ ਹਨ, ਜਿਵੇਂ ਕਿ ਪਰਾਂਦਾ ਬਣਾਉਣਾ, ਚਿੱਤਰ ਬਣਾਉਣੇ, ਨਾਲੇ ਬੁਣਨਾ, ਮਿੱਟੀ ਦੇ ਚੁੱਲੇ, ਹਾਰੇ ਬਣਾਉਣੇ ਆਦਿ।

ਮੀਡੀਆ ਦਾ ਪ੍ਰਭਾਵ

ਸੋਧੋ

ਸਭਿਆਚਾਰ ਦੇ ਸੰਬੰਧ ਵਿੱਚ ਇੱਕ ਨਿਰਪੇਖ ਸੱਚਾਈ ਇਹ ਹੈ ਕਿ ਬਦਲਦਾ ਰਹਿੰਦਾ ਹੈ। ਲੋਕ ਕਲਾਵਾਂ ਵੀ ਸਭਿਆਚਾਰ ਦਾ ਹੀ ਇੱਕ ਅੰਗ ਹਨ, ਸੋ ਬਦਲਦੇ ਸਭਿਆਚਾਰ ਦਾ ਅਸਰ ਲੋਕ ਕਲਾਵਾਂ ਤੇ ਵੀ ਹੋਇਆ ਹੈ। ਸਮਾਜ ਵਿਗਿਆਨੀ ਅਤੇ ਮਾਨਵ ਵਿਗਿਆਨੀ ਸਭਿਆਚਾਰਕ ਪਰਿਵਰਤਨ ਦੇ ਕਾਰਨਾਂ ਨੂੰ ਤਿੰਨ ਮੁੱਖ ਹਿੱਸਿਆਂ ਵਿੱਚ ਵੰਡਦੇ ਹਨ:-•ਪ੍ਰਕਿਰਤਕ ਮਾਹੌਲ ਵਿੱਚ ਆਏ ਪਰਿਵਰਤਨ,

•ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨ ਅਤੇ

•ਸਮਾਜ ਤੋਂ ਬਾਹਰੋਂ ਆਏ ਕਾਰਨ।

ਪਿਛਲੇ ਕੁਝ ਸਮੇਂ ਵਿੱਚ ਸ਼ਬਦ ਵਿਸ਼ਵੀਕਰਨ ਜਾਂ ਗਲੋਬਲਾਈਜੇਸ਼ਨ ਵਿਸ਼ੇਸ਼ ਚਰਚਾ ਦਾ ਵਿਸ਼ਾ ਹੈ, ਕੰਪਿਊਟਰ, ਸੈਟੇਲਾਈਟ ਤੇ ਹੋਰ ਵਿਗਿਆਨਿਕ ਵਿਕਾਸ ਨੇ ਵਿਸ਼ਵ ਨੂੰ ਜੋੜ ਦਿੱਤਾ ਹੈ। ਇੰਟਰਨੈੱਟ ਦੀ ਵਰਤੋਂ ਨਾਲ ਕੋਈ ਵੀ ਜਾਣਕਾਰੀ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਨਵੀਂ ਟੈਕਨਾਲੋਜੀ ਦੇ ਵਿਕਾਸ ਨਾਲ ਸੋਸ਼ਲ ਮੀਡੀਆ ਨੇ ਸਾਡੇ ਜਿੰਦਗੀ ਦੇ ਹਰ ਇੱਕ ਪੱਖ ਤੇ ਪ੍ਰਭਾਵ ਪਾਇਆ ਹੈ। ਜੇਕਰ ਅਸੀਂ ਇਥੇ ਲੋਕ ਕਲਾਵਾਂ ਦੀ ਗੱਲ ਕਰੀਏ ਤਾਂ ਮੀਡੀਆ ਨੇ ਇਸ ਤੇ ਵੀ ਆਪਣਾ ਪ੍ਰਭਾਵ ਪਾਇਆ ਹੈ। ਇਸ ਪ੍ਰਭਾਵ ਨੂੰ ਅਸੀਂ ਦੋਨੋਂ ਪੱਖਾਂ ਤੋਂ ਦੇਖ ਸਕਦੇ ਹਾਂ -ਹਾਂ ਪੱਖੀ ਤੇ ਨਾਂਹ ਪੱਖੀ। ਇਸ ਵਿੱਚ ਜਿਆਦਾ ਨਾਂਹ ਪੱਖੀ ਪ੍ਰਭਾਵ ਬਲਵਾਨ ਹੈ।

ਮੀਡੀਆ ਨੇ ਲੋਕ ਕਲਾਵਾਂ ਤੇ ਨਾਂਹ ਪੱਖੀ ਪ੍ਰਭਾਵ ਜ਼ਿਆਦਾ ਪਾਇਆ ਹੈ। ਮੀਡੀਆ ਦੁਆਰਾ ਅੱਜ ਕੱਲ੍ਹ ਮਸ਼ੀਨੀ ਵਸਤੂਆਂ ਦੀ ਜ਼ਿਆਦਾ ਮਸ਼ਹੂਰੀ ਕੀਤੀ ਜਾਂਦੀ ਹੈ। ਜਿਸ ਕਰਕੇ ਹੱਥੀਂ ਤਿਆਰ ਕੀਤੀਆਂ ਵਸਤੂਆਂ ਦੀ ਹਰਮਨ ਪਿਆਰਤਾ ਕਾਫੀ ਘੱਟ ਗਈ ਹੈ। ਮੀਡੀਆ ਦੀ ਚਕਾਚੌਂਧ ਵਿੱਚ ਲੋਕ ਕਲਾਵਾਂ ਦੱਬ ਕੇ ਰਹਿ ਗਈਆਂ ਹਨ। ਪੁਰਾਣੇ ਲੋਕ-ਨਾਚ, ਲੋਕ ਸੰਗੀਤ ਨੂੰ ਨਵੇਂ ਜ਼ਮਾਨੇ ਦੇ ਅਨੁਸਾਰ ਮੀਡੀਆ ਦੁਆਰਾ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਲੋਕ ਇਹਨਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਅਖਬਾਰਾਂ ਟੈਲੀਵਿਜ਼ਨ, ਇੰਟਰਨੈਟ ਉਤੇ ਲੋਕਾਂ ਨੂੰ ਮਸ਼ੀਨੀ ਵਸਤੂਆਂ ਦੀ ਹੋਂਦ ਬਾਰੇ ਜਾਣੂ ਕਰਵਾ ਕੇ ਵਿਦੇਸ਼ੀ ਕੰਪਨੀਆਂ ਵੱਲੋਂ ਭਾਰਤੀ ਲੋਕਾਂ ਦੀ ਲੁੱਟ ਹੋ ਰਹੀ ਹੈ। ਜਿੱਥੇ ਮੀਡੀਆ ਨੇ ਲੋਕ-ਕਲਾਵਾਂ ਨੂੰ ਢਾਹ ਲਾਈ ਹੈ। ਉਥੇ ਇਸਦੇ ਕੁੱਝ ਹਾਂ-ਪੱਖੀ ਪੱਖ ਵੀ ਹਨ। ਕੁਝ ਚੰਗੀਆਂ ਨੀਤੀਆਂ ਅਧੀਨ ਕੁਝ ਅਖਬਾਰਾਂ, ਟੈਲੀਵਿਜ਼ਨ ਤੇ ਇੰਟਰਨੈਟ ਤੇ ਫਿਰ ਤੋਂ ਪੰਜਾਬੀ ਲੋਕ ਕਲਾਵਾਂ ਨੂੰ ਮਕਬੂਲ ਕਰਨ ਦੇ ਉਪਰਾਲੇ ਕੀਤੇ ਗਏ ਹਨ। ਨਵੀਂ ਪੀੜ੍ਹੀ ਜੋ ਕਿ ਪੁਰਾਣੀਆਂ ਲੋਕ-ਕਲਾਵਾਂ ਤੋਂ ਅਣਜਾਣ ਹੈ, ਉਹਨਾਂ ਲਈ ਕਈ ਇਸ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕੀਤੇ ਗਏ ਹਨ, ਜਿਸ ਦੀ ਮਦਦ ਨਾਲ ਉਹਨਾਂ ਨੂੰ ਸਾਡੀਆਂ ਗੌਰਵਸ਼ਾਲੀ ਲੋਕ-ਕਲਾਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਭਾਰਤੀ ਸਰਕਾਰ ਤੇ ਰਾਜ ਸਰਕਾਰ ਦੁਆਰਾ ਚਲਾਏ ਜਾ ਰਹੇ ਟੀ.ਵੀ ਚੈਨਲ ਜਿਵੇਂ ਕਿ ਡੀ.ਡੀ. ਪੰਜਾਬੀ ਅਤੇ ਡੀ.ਡੀ. ਨੈਸ਼ਨਲ ਕੁਝ ਅਜਿਹੇ ਹੀ ਉਪਰਾਲੇ ਹਨ।

ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲੋਕ,ਕਲਾਵਾਂ ਪੰਜਾਬੀ ਸਭਿਆਚਾਰ ਵਿੱਚੋਂ ਲਗਭਗ ਅਲੋਪ ਹੋ ਚੁੱਕੀਆਂ ਹਨ। ਜੋ ਥੋੜ੍ਹਾ ਬਹੁਤ ਬਾਕੀ ਹੈ, ਉਹ ਕਿੱਤਿਆਂ ਦੇ ਤੌਰ ਤੇ ਹੀ ਜੀਵਤ ਹਨ। ਪਰ ਕੁਝ ਪੰਜਾਬੀ ਕਲਾਵਾਂ ਹਨ ਜੋ ਕਿ ਪੂਰੇ ਸੰਸਾਰ ਵਿੱਚ ਅਮਰ ਹੋ ਗਈਆਂ ਹਨ, ਜਿਵੇਂ ਕਿ ਫੁਲਕਾਰੀ, ਪਰ ਇਹ ਵੀ ਪੈਸੇ ਕਮਾਉਣ ਦਾ ਸਾਧਨ ਹੀ ਬਣ ਕੇ ਰਹਿ ਗਈ ਹੈ।

ਸਹਾਇਕ ਪੁਸਤਕ ਸੂਚੀ

ਸੋਧੋ
  1. ਜੋਸ਼ੀ, ਜੀਤ ਸਿੰਘ, ਲੋਕਧਾਰਾ, ਸਿਧਾਂਤ ਤੇ ਵਿਸ਼ਲੇਸ਼ਣ, ਵਾਰਿਸ ਸ਼ਾਹ ਫਾਉਂਡੇਸ਼ਨ, 2009
  2. ਫਰੈਂਕ, ਗੁਰਬਖਸ਼ ਸਿੰਘ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ,2010
  3. ਜੋਸ਼ੀ, ਜੀਤ ਸਿੰਘ, ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਬੁੱਕ ਸ਼ਾਪ 2010
  4. www.indianscriptures.com
  5. www.mapsopindia.com

ਹਵਾਲੇ

ਸੋਧੋ

[1]

  1. ਡਾ. ਕਮਲਜੀਤ ਕੋਰ, ਜਸਵੀਰ ਕੌਰ, ਕੁਲਵੀਰ ਕੌਰ, ਇੰਦਰਬੀਰ ਕੌਰ, ਡਾ. ਰਜਿੰਦਰ ਕੌਰ, ਡਾ. ਮਹੀਪਿੰਦਰ ਕੌਰ (2016). ਲੋਕ ਕਲਾਵਾਂ ਅਤੇ ਮੀਡੀਆ ਬਦਲਦੇ ਸੰਦਰਭ. ਸ਼ਿਲਾਲੇਖ, 4/32, ਸੁਭਾਸ਼ ਗਲੀ, ਵਿਸ਼ਵਾਸ ਨਗਰ, ਸ਼ਾਹਦਰਾ, ਦਿੱਲੀ-110032: ਸ਼ਿਲਾਲੇਖ, ਦਿੱਲੀ. pp. ਪੰਨਾ ਨੰਬਰ 32 ਤੋਂ 38 ਤੱਕ. ISBN 978-81-7329-399-3. {{cite book}}: Unknown parameter |authors= ignored (help)CS1 maint: location (link) CS1 maint: multiple names: authors list (link)