ਲੋਕ ਨਾਟ ਸਾਂਗ (ਸਵਾਂਗ)
ਲੋਕ ਨਾਟ ਸਾਂਗ ਦੀ ਪਰਿਭਾਸ਼ਾ
ਸੋਧੋਲੋਕ-ਨਾਟ’ ਦਾ ਇੱਕ ਹੁਸੀਨ ਤੇ ਰੌਚਕ ਰੂਪ ‘ਸਾਂਗ’ ਹੈ। ਇਹ ਸ਼ਬਦ ‘ਸਵਾਂਗ’ ਦਾ ਤਦਰੂਪ ਹੈ। ਜਿਸ ਦਾ ਅਰਥ ਹੈ- ਰੂਪ ਜਾਂ ਭੇਖ ਧਾਰਨ ਕਰਨਾ। ਸਾਂਗ ਇੱਕ ਤਰ੍ਹਾਂ ਦਾ ਗੀਤ-ਨਾਟ ਹੈ, ਜਿਸ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੀਆਂ ਭਾਵਨਾਵਾਂ, ਮਾਨਤਾਵਾਂ ਤੇ ਕਲਪਨਾਵਾਂ ਦਾ ਨਾਟਕੀ ਅਭਿਵਿਅਕਤੀ ਅਜਿਹੇ ਢੰਗ ਨਾਲ ਹੁੰਦਾ ਹੈ। ਕਿ ਉਸ ਵਿਚੋਂ ਸਮਾਜਕ ਪ੍ਰਵਿਰਤੀਆਂ ਅਥਵਾ ਲੋਕ-ਜੀਵਨ ਸੰਜੀਵ ਹੋ ਉਠਦਾ ਹੈ। ਸਾਂਗ ਦਾ ਮੂਲ ਕਥਾਨਕ ਅਤੀਤ ਦੀ ਕਿਸੇ ਅਜਿਹੀ ਬੀਰ-ਗਾਥਾ ਜਾਂ ਧਰਮ-ਗਾਥਾ ਨਾਲ ਸਬੰਧਤ ਹੁੰਦਾ ਹੈ, ਜੋ ਸਮੇਂ ਨਾਲ ਜਨ ਸਮੂਹ ਦੀ ਹੀ ਆਤਮ-ਕਥਾ ਬਣ ਚੁੱਕੀ ਹੁੰਦੀ ਹੈ। ਇਸ ਲਈ ਇਸ ਦਾ ਮਨੋਰਥ ਮਨੋਰੰਜਨ ਤੋਂ ਇਲਾਵਾ ਜਾਤੀ ਦੇ ਅਤੀਤ ਦੀ ਪੁਨਰ ਸੁਰਜੀਤੀ ਹੈ। ਸਾਂਗ ਦਾ ਕਥਾਨਕ ਇਤਨਾਂ ਲੋਕ-ਪ੍ਰਿਯ ਹੁੰਦਾ ਹੈ ਕਿ ਦਰਸ਼ਕਾਂ ਨੂੰ ਇਸ ਦੀ ਹਰ ਘਟਨਾ ਦਾ ਪਹਿਲਾਂ ਤੋਂ ਹੀ ਬੋਧ ਹੁੰਦਾ ਹੈ। ਇਸ ਲਈ ਜੇ ਸਵਾਂਗ ਦਰਸ਼ਕਾਂ ਨੂੰ ਆਪਣੀ ਨਿੱਜੀ ਹੋਂਦ ਵਿਚੋਂ ਕੱਢ ਕੇ ਯੁਗ-ਚੇਤਨਾਂ ਦੇ ਪ੍ਰਵਾਹ ਵਿੱਚ ਲੀਨ ਨਹੀਂ ਕਰਦਾ ਤਾਂ ਉਹ ਸਾਂਗ ਸਫ਼ਲ ਨਹੀਂ ਕਿਹਾ ਜਾ ਸਕਦਾ।
ਸਾਂਗ ਦੀ ਪ੍ਰਵਿਰਤੀ
ਸੋਧੋਸਾਂਗ ਵਿੱਚ ਗੀਤ, ਨ੍ਰਿਤ ਤੇ ਸੰਗੀਤ ਦੀ ਤ੍ਰਿਵੈਣੀ ਇੱਕ ਰਸ ਹੋ ਕੇ ਪ੍ਰਵਾਰਿਤ ਹੁੰਦੀ ਹੈ। ਕਥਾ ਦਾ ਕੁਝ ਅੰਸ਼ ਅਭਿਨੈ ਦੁਆਰਾ, ਕੁਝ ਕਾਵਿ-ਸੰਬਾਦਾਂ ਦੁਆਰਾ ਅਤੇ ਕੁਝ ਨਾਚ-ਗਾਣੇ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਸੰਬਾਦ ਭਾਵੇਂ ਥੋੜ੍ਹੇ ਹੁੰਦੇ ਹਨ, ਪਰ ਜੋ ਹੁੰਦੇ ਹਨ, ਉਹ ਬੜੇ ਦਿਲਚਸਪ ਤੇ ਮਿਣੇ ਤੁਲੇ। ਕਹਾਣੀ ਕਈ ਖੰਡਾਂ ਵਿੱਚ ਬਿਖਰੀ ਹੁੰਦੀ ਹੈ। ਜਿਸ ਕਰ ਕੇ ਇਸ ਖੱਪਿਆਂ ਨੂੰ ਪੂਰਨ ਲਈ ਹਰ ਨਵੇਂ ਪਾਤਰ ਦੀ ਆਮਦ ਵੇਲੇ ਜਾਂ ਕਿਸੇ ਨਵੀਂ ਝਾਕੀ ਦੀ ਸਿਰਜਣਾ ਤੋਂ ਪਹਿਲਾਂ ‘ਰੰਗਾ’ ਕਹਾਣੀ ਨੂੰ ਵਾਰਤਕ ਦੁਆਰਾ ਉਸ ਨੁਕਤੇ ਤੱਕ ਪਹੁੰਚਦਾ ਹੈ। ਗੀਤਾਂ ਵਿੱਚ ਪਾਤਰਾਂ ਦੀਆਂ ਧੜਕਣਾ ਤੇ ਨ੍ਰਿਤ ਵਿੱਚ ਉਹਨਾਂ ਦੀਆਂ ਭਾਵਨਾਵਾਂ ਸਾਕਾਰ ਹੁੰਦੀਆਂ ਹਨ। ਸਾਰੰਗੀ, ਢੋਲਕੀ, ਮਜੀਰੇ, ਚਿਮਟੇ, ਗੜਵਾ, ਪੇਟੀ, ਆਦਿ ਕਈ ਸਾਜ਼ਾਂ ਦੁਆਰਾ ਕਹਾਣੀ ਵਿੱਚ ਰਸ ਘੋਲਿਆ ਜਾਂਦਾ ਹੈ। ਵੇਖਿਆ ਜਾਵੇ ਤਾਂ ਸਵਾਂਗ ਸੰਯੋਗਾਤਮਕ ਕਲਾ ਹੈ, ਜਿਸ ਵਿੱਚ ਗੀਤ, ਸੰਗੀਤ, ਸੰਵਾਦ, ਨ੍ਰਿਤ ਤੇ ਅਭਿਨੈਯ ਇੱਕ ਦੂਜੇ ਨਾਲ ਕਿਧਰੇ ਮੋਢਾ ਜੋੜਦੇ ਹੋਏ, ਕਿਧਰੇ ਇੱਕ ਦੂਜੇ ਵਿੱਚ ਲੀਨ ਹੋ ਕੇ ਅਦਭੁਤ ਰਸ ਪੈਦਾ ਕਰਦੇ ਹਨ। ਸਾਂਗ ਜਿਆਦਾਤਰ ਪਿੰਡਾਂ ਵਿੱਚ ਸਾਰੀ ਰਾਤ ਹੁੰਦਾ ਹੈ। ਪਿੰਡ ਦੇ ਲੋਕ ਸਾਂਗ ਸੁਣਨ ਲਈ ਬਹੁਤ ਵੱਡੀ ਭੀੜ ਵਿੱਚ ਜਾਂਦੇ ਹਨ। ਸਾਂਗ ਇੱਕ ਨਕਲਚੀ ਪਾਤਰ ਹੁੰਦਾ ਹੈ। ਜੋ ਲੋਕਾਂ ਨੂੰ ਸਮੇਂ ਸਮੇਂ ਉੱਤੇ ਛੋਟੀ-ਛੋਟੀ ਵਾਰਤਾ ਜਾਂ ਘਟਨਾਵਾਂ ਰਾਹੀਂ ਹਸਾਉਂਦਾ ਰਹਿੰਦਾ ਹੈ। ਸਾਂਗ ਵਿੱਚ ਦੋ-ਤਿਨ ਨਚਾਰ ਵੀ ਹੁੰਦੇ ਹਨ। ਮਰਦ ਤੀਵੀਂਆਂ ਵਾਲੇ ਕੱਪੜੇ ਪਾ ਕੇ, ਮੂੰਹ ਦਾ ਮੇਕ-ਅੱਪ ਕਰ ਕੇ, ਫਿਰ ਉਹ ਬਹੁਤ ਉੱਚੀ-ਉੱਚੀ ਛਲਾਂਗ ਮਾਰ-ਮਾਰ ਕੇ ਨੱਚਦੇ ਹਨ। ਪਿੰਡ ਵਿੱਚ ਜਿਹੜੇ ਸ਼ਰਾਬੀ ਅਤੇ ਛੜੇ ਹੁੰਦੇ ਹਨ। ਉਹ ਸਾਰੇ ਉਹਨਾਂ ਨਚਾਰਾਂ ਨੂੰ ਪੈਸੇ ਦੇ-ਦੇ ਕੇ ਉਹਨਾਂ ਨਾਲ ਮਨੋਰੰਜਨ ਕਰਦੇ ਹਨ। ਸਾਂਗ ਦੀ ਸਭ ਤੋਂ ਵੱਡੀ ਸਿਫ਼ਤ ਇਹ ਹੈ ਕਿ ਦਰਸ਼ਕਾਂ ਨੂੰ ਇੱਕ ਖਾਸ ਤਰ੍ਹਾ ਦੇ ਭਾਵਾਂ ਵਿੱਚ ਸਮੋ ਲੈਂਦਾ ਹੈ,ਅਤੇ ਇਸੇ ਵਿੱਚ ਇਸ ਦੀ ਕਲਾਤਮਕ ਵਡਿਆਈ ਹੈ।
ਸਾਂਗ ਦਾ ਸਥਾਨ
ਸੋਧੋ“ਸਵਾਂਗ ਲਈ ਕਿਸੇ ਉਚੇਚੇ ਰੰਗ-ਮੰਚ ਦੀ ਲੋੜ ਨਹੀਂ ਇਹ ਪਿੰਡ ਦੀ ਸੱਥ ਜਾਂ ਖੁਲ੍ਹੇ ਮੈਦਾਨ ਵਿੱਚ ਕਿਸੇ ਉੱਚੇ ਥੜੇ ਉੱਤੇ ਖੇਡਿਆ ਜਾਂਦਾ ਹੈ, ਸਾਂਗ ਉਂਝ ਤਾਂ ਕਿਸੇ ਮੰਗਲ ਉਤਸਵ ਉੱਤੇ ਖੇਡੇ ਖਿਡਾਏ ਜਾਂਦੇ ਹਨ, ਪਰ ਹੋਲੀ, ਬਸੰਤ, ਤੇ ਹੋਰ ਤਿਉਹਾਰਾਂ ਉੱਤੇ ਇਹ ਵਿਸ਼ੇਸ਼ ਰੂਪ ਵਿੱਚ ਮਨੋਰੰਜਨ ਦੇ ਸਾਧਨ ਹਨ।”
ਸਾਂਗ ਦੇ ਪਾਤਰ
ਸੋਧੋਸਵਾਂਗ ਨੂੰ ਖੇਡਣ ਵਾਲਿਆਂ ਨੂੰ ਸਾਂਗੀ ਆਖਦੇ ਹਨ। ਜੋ ਆਮ ਤੌਰ `ਤੇ ਭੰਡ, ਮਿਰਾਸੀ ਤੇ ਭਗਤੀਏ ਹੁੰਦੇ ਹਨ। ਜੋ ਆਪਣੇ ਨਿਕੇ-ਨਿਕੇ ਜੱਥੇ ਬਣਾ ਕੇ ਵਿਚਰਦੇ ਰਹਿੰਦੇ ਹਨ,ਪਰ ਹਰਿਆਣੇ ਵਿੱਚ ਉੱਚੀ ਜਾਤਾਂ ਦੇ ਜਿਵੇਂ--ਪੰਡਤ, ਜੱਟਾਂ ਆਦਿ ਜਾਤਾਂ ਦੇ ਵਿਅਕਤੀਆਂ ਨੇ ਸਾਂਗ ਕਲਾ ਖੇਤਰ ਵਿੱਚ ਬਹੁਤ ਨਾਮ ਖੱਟਿਆ ਹੈ। ਪੰਡਤ ਲਖਮੀਚੰਦ ਸਾਂਗੀ, ਜਿਸ ਨੂੰ ਸਾਂਗ ਸਮਰਾਟ ਦੀ ਉਪਾਧੀ ਦਿੱਤੀ ਗਈ ਹੈ।
ਸਾਂਗ ਦੇ ਪ੍ਰਸਿੱਧ ਸਾਂਗੀ
ਸੋਧੋ“ਸਾਂਗ ਖੇਡਣ ਦੀ ਰੀਤ ਜਿਆਦਾਤਰ ਹਰਿਆਣੇ ਪ੍ਰਦੇਸ਼ ਵਿੱਚ ਪਾਈ ਜਾਂਦੀ ਹੈ। ਹਰਿਆਣੇ ਵਿੱਚ ਬਹੁਤ ਮਸ਼ਹੂਰ ਤੋਂ ਮਸ਼ਹੂਰ ਸਾਂਗੀ ਹੋਏ ਹਨ ਜਿਵੇਂ ਕਿਸ਼ਨ ਲਾਲ, ਦੀਪ ਚੰਦ, ਬਾਜੇ ਭਗਤ, ਪੰ. ਲਖਮੀਚੰਦ, ਹਰਦੇਵਾ,ਪੰ.ਮਾਂਗੇਰਾਮ ਆਦਿ ਹਨ। ‘ਉਕਤ-ਅੱਲ੍ਹਾ ਤਰਜ਼ ਵਿੱਚ ਸੋਰਠ ਅਥਵਾ ਸਾਂਗੀਤ ਦਾ ਸਮਾਂ ਰਾਤ ਦਾ ਕਿਹਾ ਗਿਆ ਹੈ। ਰਾਤ-ਰਾਤ ਭਰ ਅਭਿਨੈਯ ਲੋਕ-ਨਾਟ ਦੀ ਨੌਟੰਕੀ ਅਤੇ ਕੀਰਤਨ ਵਾਲੀ ਸੰਗੀਤ-ਸ਼ੈਲੀ ਵੀ ਹਰਿਆਣਾ ਪ੍ਰਦੇਸ਼ ਦੇ ਲੋਕ-ਸਾਹਿਤ ਅਤੇ ਸਭਿਆਚਾਰ ਦੀ ਬਹੁਤ ਵੱਡੀ ਦੇਣ ਹੈ। ਰਾਜਸਥਾਨ ਅਤੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਲੋਕ-ਨਾਟਾਂ ਦੀ ਧੂਮ ਹਰਿਆਣਾ ਦੇ ਸਾਂਗੀਕਾਰਾਂ ਨੇ ਹੀ ਮਚਾਈ ਸੀ। ਜਿਸ ਪ੍ਰਕਾਰ ਕੁਝ ਵਿਦਵਾਨ’ ‘ਖੜ੍ਹੀ ਬੋਲੀ’ ਦੇ ਹਿੰਦੀ- ਉਰਦੂ ਰੂਪਾਂ ਦੇ ਮੂਲ ਵਿੱਚ ਹਰਿਆਣਵੀ ਅਥਵਾ ਕੌਰਵੀ ਨੂੰ ਜਨਨੀ ਦੀ ਗਰਿਮਾ ਪ੍ਰਦਾਨ ਕਰਦੇ ਹਨ। ਉਸੇ ਪ੍ਰਕਾਰ ‘ਡਾ. ਓਜਾ’ ਸਾਂਗ ਦਾ ਉਦਭਵ ਹਰਿਆਣਾ ਵਿਚੋਂ ਹੋਇਆ ਮੰਨਦੇ ਹਨ। ਉਹਨਾਂ ਦੇ ਅਨੁਸਾਰ “ਜਿਸ ਪ੍ਰਕਾਰ ਬਾਰ੍ਹਵੀ-ਤੇਰਵੀਂ ਸਤਾਬਦੀ ਵਿਚ” ‘ਅਬਦੁਲ ਰਹਿਮਾਨ’ ਨਾਮਕ ਕਵੀ ਨੇ ਅਪ੍ਰਭ੍ਰੰਸ਼ ਵਿੱਚ ‘ਸੰਦੇਸ਼ ਰਾਸਕ’ ਦੀ ਰਚਨਾ ਕੀਤੀ ਇਸ ਤਰ੍ਹਾਂ ‘ਸਾਅਦੁੱਲਾ’ ਨਾਮਕ ਕਵੀ (ਮੇਵਾਤੀ ਨਿਵਾਸੀ) ਨੇ ਅਨੇਕ ਲੋਕ-ਗੀਤਾਂ ਤੇ ਲੋਕ-ਨਾਟਕਾਂ ਦੀ ਰਚਨਾ ਕੀਤਾ। ਉਹਦੇ ਲੋਕ ਗੀਤਾਂ ਅਤੇ ਲੋਕ-ਨਾਟਕਾਂ ਦੀ ਪਰੰਪਰਾ ਅੱਗੇ ਦੀ ਅੱਗੇ ਵਿਕਸਿਤ ਹੁੰਦੀ ਗਈ। “ਰਾਮ ਨਾਰਾਇਦਣ ਅਗਰਵਾਲ ਨੇ ਵੀ ਗਿਆਰਵੀਂ ਸਦੀ ਵਿੱਚ ਪੰਜਾਬ (1966 ਈ. ਤੋਂ ਪੂਰਵ ਹਰਿਆਣਾ ਪੰਜਾਬ ਦਾ ਭਾਗ ਸੀ) ਦੀ ਗਾਉਣ-ਮੰਡਲੀ ਦੁਆਰਾ ਕਥਾਵਾਂ ਦੇ ਮੰਚ ਕਰਨ ਦੀ ਪਰੰਪਰਾ ਨੂੰ ਨੌਟੰਕੀ ਦੇ ਮੂਲ ਵਿੱਚ ਵਰਤਮਾਨ ਮੰਨਿਆ ਹੈ।” ਹਰਿਆਣਾ ਗੰਧਰਵ ਸਭਾ (1962 ਈ.) ਦੇ ਪੁਰੋਹਿਤ ਸਾਂਗੀ ਸਿਰੋਮਣੀ ਪੰਡਤ-ਮਾਂਗੇਰਾਮ ਪਾਣਚੀ ਨੇ ‘225’ ਸਾਲ ਪਹਿਲਾਂ ਦੇ ਜ਼ਮਨਾ-ਪਾਰ ਨਿਵਾਸੀ ‘ਕਿਸ਼ਨਲਾਲ ਭਾਟ’ ਨੂੰ ਹਰਿਆਣਾ ਦੀ ਵਰਤਮਾਨ ਸਾਂਗ ਪਰੰਪਰਾ ਦਾ ਜਨਕ ਘੋਸ਼ਿਤ ਕੀਤਾ ਹੈ। ਉਸ ਤੋਂ ਬਾਅਦ ‘ਪੰਡਤ ਦੀਪ ਚੰਦ’ ‘ਸੇਰੀ ਖਾਂਡਾ’ ਨਿਵਾਸੀ (ਜ਼ਿਲ੍ਹਾਂ ਰੋਹਤਕ) ਨੂੰ ਸਾਂਗ-ਕਲਾ ਦਾ ਸਰੂਪ ਨਿਦੇਸ਼ਕ ਪ੍ਰਤਿਭਾਸ਼ਾਲੀ ਕਲਾਕਾਰ ਦੱਸਿਆ ਗਿਆ ਹੈ।
ਸਾਂਗ ਦੀਆਂ ਸ਼ੈਲੀਆਂ ਅਤੇ ਰੂਪ
ਸੋਧੋਸਾਂਗ ਦੀਆਂ ਕਈ ਸ਼ੈਲੀਆਂ ਅਤੇ ਰੂਪ ਹਨ।ਵੱਡੇ ਸਾਂਗ ਜਿਹਨਾਂ ਵਿੱਚ ਕਿਸੇ ਲੋਕ-ਨਾਇਕ ਦੇ ਜੀਵਨ ਦੀਆਂ ਅਨੇਕਾਂ ਝਾਕੀਆਂ ਵਿਖਾਈਆਂ ਜਾਂਦੀਆਂ ਹਨ,ਕਈ ਵਰ ਸਾਰੀ ਸਾਰੀ ਰਾਤ ਚਲਦੇ ਰਹਿੰਦੇ ਸਨ |ਸਰ ਰਿਚਰਡ ਟੈਪਲ ਨੇ ‘ਲੈਜਿਡਜ਼ ਆਫ਼ ਦੀ ਪੰਜਾਬ’ਵਿੱਚ ਕਈ ਲੰਮੇਂ ਸਵਾਂਗ ਦਿਤਰ ਹਨ,ਜਿਵੇਂ ‘ਰਾਜੇ ਗੋਪੀ ਚੰਦ ਦਾ ਸਾਂਗ ਜੋ ਜਗਾਧਰੀ ਵਿੱਚ ਖੇਡਇਆ ਜਾਂਦਾ ਸੀ| ‘ਚੰਦਰ ਭਾਨ ਤੇ ਰਾਣੀ ਚੰਦ ਕਿਰਨ’ਦਾ ਸਾਂਗ,ਜੋ ਜਲੰਧਰ ਵਿੱਚ ਭਟ ਖੇਡਿਆ ਕਰਦੇ ਸਨ।ਇਸੇ ਤਰ੍ਹਾਂ ਦਾ ਇੱਕ ਹੋਰ ਲੰਬਾ ਸਵਾਂਗ ‘ਰਾਜਾ ਨਲ’ ਦਾ ਹੈ |
ਪੰਜਾਬ ਵਿੱਚ ਸਾਂਗ
ਸੋਧੋਪੰਜਾਬ ਵਿੱਚ ‘ਪੂਰਨ ਨਾਥ ਜੋਗੀ’, ‘ਗੋਪੀ ਚੰਦ’, ‘ਹਕੀਕਤ ਰਾਏ’, ‘ਸਤਿਵਾਦੀ ਹਰੀਸ਼ ਚੰਦਰ’ ਅਤੇ ‘ਰਾਜਾ ਨਲ’ ਆਦਿ ਦੇ ਸਾਂਗ ਵਿਸ਼ੇਸ਼ ਤੌਰ ਤੇ ਲੋਕ-ਪ੍ਰਿਆ ਰਹੇ ਹਨ।ਇਨ੍ਹਾ ਸਾਂਗਾਂ ਦੇ ਮਕਬੂਲ ਹੋਣ ਦਾ ਕਾਰਨ ਇਨ੍ਹਾ ਦੀਆਂ ਪਰੰਪਰਾਗਤ ਸਦਾਚਾਰਕ ਕੀਮਤਾਂ ਅਤੇ ਅਧਿਆਤਮਕ ਕਦਰਾਂ ਹਨ,ਜੋ ਇੰਨ੍ਹਾਂ ਸਾਂਗਾਂ ਵਿੱਚ ਸੁਰਜੀਤ ਰੱਖੀਆਂ ਗਈਆਂ ਹਨ। ਇਨ੍ਹਾਂ ਕਥਾਵਾਂ ਵਿੱਚ ਨਾਟਕੀ ਤੇ ਭਾਵੁਕ ਅੰਸ਼ ਚੋਖੀ ਮਾਤਰਾ ਵਿੱਚ ਉਪਲੱਬਧ ਹੈ, ਜੋ ਦਰਸ਼ਕਾਂ ਨੂੰ ਕਥਾਵਾਂ ਜਾਦੂ ਵਾਂਗ ਕੀਲ ਲੈਂਦੇ ਹਨ। ਸਾਂਗ ਪਰੰਪਰਾ ਬੜੀ ਪ੍ਰਾਚੀਨ ਹੋ ਅਤੇ ਇਸ ਦਾ ਪਿੱਛਾ ਹੜੱਪਾ ਸੰਸਕ੍ਰਿਤੀ ਨਾਲ ਜੋੜਿਆ ਜਾ ਸਕਦਾ ਹੈ। ਯੂਨਾਨੀਆਂ ਦੇ ਰਾਜ ਤੋਂ ਪਹਿਲਾਂ, ਪੰਜਾਬ ਤੇ ਇਸ ਦੇ ਆਸ-ਪਾਸ ਖੇਤਰਾਂ ਵਿੱਚ ਸਾਂਗ ਖੇਡਣ ਦੀ ਪ੍ਰਥਾ ਸੀ। ਪੰਜਾਬ ਵਿੱਚ ਰਾਜਾ ਰਸਾਲੂ, ਸੱਸੀ ਪੰਨੂੰ, ਟੁੰਡੇ ਅਸਰਾਜ ਆਦਿ ਦੇ ਸਵਾਂਗ ਢੇਰ ਪੁਰਾਣੇ ਸਮੇਂ ਤੋਂ ਖੇਡੇ ਜਾ ਰਹੇ ਹਨ, ਬਾਕੀ ਪ੍ਰੀਤ-ਕਥਾਵਾਂ ਵੀ ਪਹਿਲਾਂ ਸਵਾਂਗ ਦੁਆਰਾ ਹੀ ਲੋਕ ਪ੍ਰਿਆ ਹੋਈਆਂ। ਸੱਚ ਦਾ ਇਹ ਹੈ ਕਿ ਸਾਂਗੀਆਂ ਨੂੰ ਸਾਡੀਆਂ ਅਨੇਕਾਂ ਪ੍ਰੀਤ ਕਥਾਵਾਂ ਦੇ ਬੁਹਮੁੱਲੇ ਵਿਰਸੇ ਨੂੰ ਲੋਕ-ਪ੍ਰਿਅ ਬਣ ਕੇ, ਸਾਡੇ ਕਿੱਸਾਕਾਰਾਂ ਤੱਕ ਪਹੁੰਚਾਇਆ ਹੈ। ਲੂਣਾਂ ਤੇ ਸੁੰਦਰਾਂ ਦੋਵੇਂ ਪੂਰਨ ਉੱਤੇ ਮੋਹਿਤ ਹਨ,ਲੂਣਾਂ ਪੂਰਨ ਦੇ ਲਹੂ ਮਾਸ ਦਾ ਕੋਸਾ ਰਸ ਲੈਣਾ ਚਾਹੁੰਦੀ ਹੈ; ਪਰ ਸੁੰਦਰਾਂ ਵਿੱਚ ਆਤਮ-ਸਮਰਪਣ ਦੁਆਰਾ ਪੂਰਨ ਵਿੱਚ ਲੀਨ ਹੋਣ ਦੀ ਤ੍ਰਿਸ਼ਨਾ ਹੈ। ਇੱਛਰਾਂ ਪੂਰਨ ਦੀ ਮਮਤਾ ਦੇ ਦੈਵੀ ਅਨੰਦ ਦੁਆਰਾ ਸਹਿਜ ਅਵਸਥਾ ਉੱਤੇ ਜਾ ਪੁਜਦੀ ਹੈ,ਪਰ ਲੂਣਾਂ ਮਾਂ ਪੂਰਨ ਨੂੰ ਕਾਮ-ਤ੍ਰਿਪਤੀ ਦਾ ਸਾਧਨ ਬਨਾਉਣ ਦੀ ਲੋਚਾ ਕਾਰਨ ਪਤਿਤਾ ਹੋ ਨਿਬੜਦੀ ਹੈ।ਪੂਰਨ ਹਿਮਾਲਾ ਪਰਬਤ ਵਾਂਗੂ ਅਡੋਲ ਹੋ, ਤੂਫ਼ਾਨਾਂ ਹਨੇਰੀਆਂ ਤੋਂ ਬੇਪ੍ਰਵਾਹ ਹੁੰਦਾ ਹੈ। ਹੇਠਾਂ ਪੂਰਨ ਭਗਤ ਦੇ ਸਾਂਗ ਦਾ ਇੱਕ ਟੋਟਾ ਦਿੱਤਾ ਜਾਂਦਾ ਹੈ,ਜਿਸ ਵਿੱਚ ਲੂਣਾਂ ਦੀਆਂ ਵਾਸ਼ਨਈ ਤੇ ਪੂਰਨ ਦੀਆਂ ਮਾਤ੍ਰੀ ਭਾਵਨਾਵਾਂ ਦੀ ਬਲਵਾਨ ਟੱਕਰ ਹੈ:
- ਲੂਣਾਂ: ਵੇ ਮੈਂ ਬਾਗ ਲਵਾਇਆ ਸੋਹਣਾ
ਤੂੰ ਫੁੱਲਾਂ ਦੇ ਪੱਜ ਆ, ਮੇਰਿਆ ਸੋਹਣਿਆ,ਪੂਰਨਾ!
- ਪੂਰਨ: ਨੀ ਮੈਂ ਤੇਰੇ ਬਾਗ ਨਾ ਆਵਾਂ
ਤੂੰ ਤਾਂ ਲੱਗੇ ਧਰਮ ਦੀ ਮਾਂ, ਮੈਨੂੰ ਚਰਨ ਛੂਹਣ ਦੇ ਰਾਣੀਏ!
ਇਨ੍ਹਾਂ ਵੱਡੇ ਸਾਂਗਾਂ ਤੋ ਇਲਾਵਾ ਛੋਟੇ ਛੋਟੇ ਇਕਾਂਗੀ ਪੱਧਰ ਦੇ ਸਵਾਂਗ ਦਾ ਵੀ ਆਮ ਰਵਾਜ ਹੈ।
ਵਿਆਹ ਸਮੇਂ ਦੀ ਸਾਂਗ
ਸੋਧੋਵਿਆਹ ਦੇ ਦਿਨੀਂ ਰਾਤ ਵੇਲੇ ਸਵਾਣੀਆਂ ਢੋਲਕੀ ਦੇ ਗੀਤਾਂ ਦੇ ਨਾਲ ਸਵਾਂਗ ਵੀ ਭਰਦੀਆਂ ਹਨ। ਇਨ੍ਹਾਂ ਸਵਾਂਗਾਂ ਵਿੱਚ,ਕਲਾ ਦੇ ਹਲਕੇ ਜਿਹੇ ਛੁੱਟੇ ਨਾਲ,ਰਸ ਬਿਖੇਰਿਆ ਜਾਂਦਾ ਹੈ।ਕਿਸੇ ਕਥਾ-ਕਾਵਿ ਨੂੰ ਤਰੋੜ ਮਰੋੜ ਕੇ,ਨਾਟਕੀ ਸਾਂਚੇ ਵਿੱਚ ਢਾਲ ਲਿਆ ਜਾਂਦਾ ਹੈ ਅਤੇ ਸੰਵਾਦ, ਨਕਲ ਤੇ ਅਭਿਨੈ ਨਾਲ ਉਸ ਨੂੰ ਰੋਚਕ ਬਣਾ ਲਿਆ ਜਾਂਦਾ ਹੈ।ਇਸ ਤਰ੍ਹਾਂ ਦਾ ਇੱਕ ਪ੍ਰਸਿੱਧ ਸਵਾਂਗ ਖੂਹ ਉੱਤੇ ਘੜਾ ਭਰਦੀ ਇੱਕ ਮੁਟਿਆਰ ਦਾ ਹੈ ਜੋ ਬਾਲ ਅਵਸਥਾ ਵਿੱਚ ਵਿਆਹੀ ਹੋਣ ਕਰ ਕੇ ਆਪਣੇ ਢੋਲ ਸਿਪਾਹੀ ਨੂ ਪਛਾਣਦੀ ਨਹੀਂ|ਲਾਮਾਂ ਤੋਂ ਪਰਤ ਕੇ ਆਇਆ ਉਸ ਦਾ ਢੋਲ ਸਿਪਾਹੀ,ਉਸ ਤੋਂ ਪਾਣੀ ਦਾ ਘੁਟ ਮੰਗਦਾ ਹੈ। ਮੁਟਿਆਰ ਸਿਪਾਹੀ ਦੀ ਖੋਟੀ ਨੀਅਤ ਭਾਂਪ ਕੇ ਉਸ ਨਾਲ ਸਿਧੇ ਮੁੰਹ ਨਾਲ ਗੱਲ ਨਹੀਂ ਕਰਦੀ|ਦੋਹਾਂ ਵਿੱਚ ਕੁਜ ਤਕਰਾਰ ਹੁੰਦਾ ਹੈ ਤੇ ਆਖੀਰ ਸਿਪਾਹੀ ਘੋੜੇ ਤੇ ਸਵਾਰ ਹੋ ਕੇ ਉਥੋਂ ਆਪਣੇ ਸੋਹਰੇ ਘਰ ਚਲਾ ਜਾਂਦਾ ਹੈ | ਜਦੋਂ ਉਹ ਕੁੜੀ ਘਰ ਪਹੁੰਚਦੀ ਹੈ,ਤਾਂ ਮਾਂ ਤੋਂ ਇਹ ਜਾਣ ਕੇ ਕਿ ਇਹ ਸਿਪਾਹੀ ਤਾਂ ਉਸੇ ਦਾ ਆਪਣਾ ਪਤੀ ਸੀ,ਬੜੀ ਕੱਚੀ ਪੈਂਦੀ ਹੈ ਤੇ ਢੋਲ ਸਿਪਾਹੀ ਨੂੰ ਮਿਨਤਾਂ ਨਾਲ ਰਾਜ਼ੀ ਕਰਦੀ ਹੈ | ਘਟਨਾ ਨਾਟਕੀ ਹੋਣ ਕਰ ਕੇ ਬੜੀ ਰੋਚਕ ਹੈ।ਪੂਰੇ ਸਾਂਗ ਦੀਆਂ ਮੁਢਲੀਆਂ ਤੁਕਾ ਕੁਝ ਇਸ ਤਰ੍ਹਾਂ ਹਨ |
- ਸਿਪਾਹੀ: ਖੂਹ ਤੇ ਘੜਾ ਭਰੇਂਦੀਏ ਮੁਟਿਆਰੇ ਨੀ,
ਘੁਟ ਕੁ ਪਾਣੀ ਪਿਆ| ਅਸੀਂ ਮੁਸਾਫ਼ਰ ਰਾਹੀ ਨੀ ਅੜੀਏ, ਸਾਡਾ ਜੀਵੜਾ ਨਾ ਤਰਸਾ
- ਮੁਟਿਆਰ: ਪਾਣੀ ਤਾਂ ਪੀ ਮੁਸਾਫ਼ਰਾ ਵੇ,
ਬੀਬਾ,ਮਾਲੀ ਤੱਕ ਨਾ ਭੁਲ| ਜਿਸ ਕੌਂਤ ਦੀ ਮੈਂ ਵਹੁਟੜੀ, ਬੀਬਾ,ਉਸ ਦਿਆਂ ਪਾਂਧਾ ਦਾ ਤੂੰ ਮੁਲ |
ਇਸ ਤੋਂ ਇਲਾਵਾ ਬਹੁਰੂਪੀਏ ਵੀ ਸਵਾਂਗ ਭਰਨ ਦੀ ਕਲਾ ਵਿੱਚ ਬੜੇ ਸਮਰਿਧ ਹੁੰਦੇ ਹਨ ਅਤੇ ਉਹ ਵੇਲੇ ਕੁਵੇਲੇ ਆਪਣੀ ਕਲਾ ਦੁਆਰਾ ਲੋਕਾਂ ਦਾ ਮਨ ਪਰਚਾਵਾ ਕਰਦੇ ਰਹਿੰਦੇ ਹਨ।ਪਰ ਬਹੁਰੂਪੀਏ ਦੇ ਸਵਾਂਗ ਨਕਲ ਦੇ ਅੰਤਰਗਤ ਆਉਂਦੇ ਹਨ।ਸਵਾਂਗ ਵਿੱਚ ਹਰ ਪਾਤਰ ਦਾ ਅਭਿਨੈ,ਵੱਖੋ ਵੱਖਰਾ ਵਿਅਕਤੀ,ਅਨੁਕੂਲ ਵੇਸ ਨਾਲ ਪੇਸ਼ ਕਰਦਾ ਹੈ,ਪਰ ਨਕਲ ਵਿੱਚ ਇੱਕ ਜਾਂ ਦੋ ਭੰਡ ਹੀ ਕਈ ਪਾਤਰਾਂ ਦਾ ਅਭਿਨੈ ਕਰਦੇ ਹਨ।
ਹਵਾਲੇ ਤੇ ਟਿੱਪਣੀਆਂ
ਸੋਧੋ- ↑ 1. ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਤੀਜੀ ਦਿਲਦ), (ਲੇਖਕ) ਵਣਜਾਰਾ ਬੇਦੀ, ਪੰਨਾ- 595 2. ਹਰਿਆਣਾ ਲੋਕ ਸਾਹਿਤ: ਸਾਂਸਕ੍ਰਿਤਕ ਸੰਦਰਭ, (ਲੇਖਕ) ਡਾ. ਭੀਲ ਸਿੰਘ ਮਲਿਕ, ਹਰਿਆਣਾ ਸਾਹਿਤ ਅਕਾਦਮੀ, ਚੰਡੀਗੜ੍ਹ, 1990, ਪੰਨਾ- 82-83 3. ‘ਸਾਂਗ ਸਮਰਾਟ ਪੰਡਤ ਲਖਮੀਚੰਦ’ (ਲੇਖਕ), ਡਾ. ਰਾਜਿੰਦਰ ਸਵਰੂਪ ਵਤਸ, ਹਰਿਆਣਾ ਸਾਹਿਤ ਅਕਾਦਮੀ, ਚੰਡੀਗੜ੍ਹ- 1991- ਪੰਨਾ - 186 4. ਹਰਿਆਣਾ ਲੋਕ ਸਾਹਿਤ: ਸਾਂਸਕ੍ਰਿਤਕ ਸੰਦਰਭ, (ਲੇਖਕ)- ਡਾ. ਭੀਲ ਸਿੰਘ ਮਲਿਕ, ਹਰਿਆਣਾ ਸਾਹਿਤ ਅਕਾਦਮੀ, ਚੰਡੀਗੜ੍ਹ, 1990- ਪੰਨਾ- 84-85