ਵਛਾਈ
ਵਛਾਈ ਜਾਣ ਵਾਲੀ ਵਸਤ ਨੂੰ ਵਛਾਈ ਕਹਿੰਦੇ ਹਨ। ਆਮ ਬੋਲੀ ਵਿਚ ਦਰੀ ਉਪਰ ਜੋ ਚਾਦਰ ਵਛਾਈ ਜਾਂਦੀ ਹੈ, ਉਸ ਚਾਦਰ ਨੂੰ ਵਛਾਈ ਕਹਿੰਦੇ ਹਨ। ਪਹਿਲਾਂ ਵਛਾਈਆਂ ਸਾਫ ਖੱਦਰ ਦੀਆਂ ਹੁੰਦੀਆਂ ਸਨ। ਕੱਢੀਆਂ ਹੋਈਆਂ ਨਹੀਂ ਹੁੰਦੀਆਂ ਸਨ। ਫੇਰ ਖੱਦਰ ਦੀਆਂ ਵਛਾਈਆਂ 'ਤੇ ਠੱਪਾ ਲਾ ਕੇ ਛਪਾਈ ਕੀਤੀ ਜਾਣ ਲੱਗੀ। ਉਸ ਤੋਂ ਪਿਛੋਂ ਕਸੀਦਾਕਾਰੀ ਕੀਤੀ ਜਾਣ ਲੱਗੀ। ਉਸ ਤੋਂ ਪਿਛੋਂ ਖੱਡੀ 'ਤੇ ਬਣੇ ਕੱਪੜੇ ਦੀਆਂ ਵਛਾਈਆਂ ਕੱਢੀਆਂ ਜਾਣ ਲੱਗੀਆਂ। ਫੇਰ ਦਸੂਤੀ ਦੇ ਕੱਪੜੇ ਤੇ ਮਿੱਲ ਦੇ ਬਣੇ ਕੱਪੜੇ ਦੀਆਂ ਵਛਾਈਆਂ ਤੇ ਕਸੀਦਾਕਾਰੀ ਕੀਤੀ ਜਾਣ ਲੱਗੀ। ਇਨ੍ਹਾਂ ਵਛਾਈਆਂ ਨੂੰ ਫੇਰ ਦਾਜ ਵਿਚ ਦਿੱਤਾ ਜਾਣ ਲੱਗਿਆ। ਦਾਜ ਵਿਚ ਪੱਕੇ ਬਿਸਤਰੇ ਅਤੇ ਕੱਚੇ ਬਿਸਤਰੇ ਦਿੱਤੇ ਜਾਂਦੇ ਹਨ। ਵਛਾਈਆਂ ਇਨ੍ਹਾਂ ਬਿਸਤਰਿਆਂ ਦਾ ਹਿੱਸਾ ਹਨ।
ਪਹਿਲਾਂ ਲੜਕੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ। ਪਰ ਕਢਾਈ, ਬੁਣਾਈ, ਸਿਲਾਈ ਤੇ ਘਰ ਦੇ ਕੰਮਾਂ ਵਿਚ ਮਾਹਰ ਕੀਤਾ ਜਾਂਦਾ ਸੀ। ਲੜਕੀਆਂ ਬਾਗ, ਫੁਲਕਾਰੀਆਂ, ਵਛਾਈਆਂ, ਸਰਾਣੇ, ਝੋਲੇ, ਰੁਮਾਲ ਆਦਿ ਕੱਢਦੀਆਂ ਸਨ। ਵਛਾਈਆਂ ਦੀ ਕਸੀਦਾਦਾਰੀ ਕਈ ਢੰਗਾਂ ਨਾਲ ਕੀਤੀ ਜਾਂਦੀ ਸੀ। ਵਛਾਈਆਂ 'ਤੇ ਵੇਲਾਂ ਪਾਈਆਂ ਜਾਂਦੀਆਂ ਸਨ। ਬੂਟੇ ਪਾਏ ਜਾਂਦੇ ਸਨ। ਭਿੰਨ ਭਿੰਨ ਕਿਸਮ ਦੀਆਂ ਬਣਤੀਆਂ ਪਾਈਆਂ ਜਾਂਦੀਆਂ ਸਨ।
ਹੁਣ ਬਹੁਤੀਆਂ ਲੜਕੀਆਂ ਪੜ੍ਹਦੀਆਂ ਹਨ। ਇਸ ਲਈ ਵਛਾਈਆਂ ਕੱਢਣ ਦਾ ਉਨ੍ਹਾਂ ਕੋਲ ਸਮਾਂ ਹੀ ਨਹੀਂ ਹੈ। ਹੁਣ ਵਛਾਈਆਂ ਕੱਢਣਾ ਪੈਂਦਾ ਵੀ ਮਹਿੰਗਾ ਹੈ। ਕਿਉਂ ਜੋ ਬਾਜ਼ਾਰ ਵਿਚੋਂ ਵਛਾਈਆਂ ਮਿਲਦੀਆਂ ਵੀ ਸਸਤੀਆਂ ਹਨ। ਮਿਲ ਵੀ ਭਾਂਤ ਭਾਂਤ ਦੀਆਂ ਜਾਂਦੀਆਂ ਹਨ। ਬਾਜ਼ਾਰ ਵਾਲੀਆਂ ਵਛਾਈਆਂ ਵੀ ਹੁਣ ਦਾਜ ਵਿਚ ਦਿੱਤੀਆਂ ਜਾਂਦੀਆਂ ਹਨ। ਹੱਥ ਨਾਲ ਕੱਢੀਆਂ ਹੋਈਆਂ ਵਛਾਈਆਂ ਹੁਣ ਕਿਸੇ ਪੁਰਾਣੀ ਬੜੀ ਕੋਲ ਸਾਂਭੀਆਂ ਹੋਈਆਂ ਹੀ ਮਿਲ ਸਕਦੀਆਂ ਹਨ। ਠੱਪੇ ਦੀਆਂ ਵਛਾਈਆਂ ਦਾ ਰਿਵਾਜ ਹੁਣ ਖਤਮ ਹੋ ਗਿਆ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.