ਵਧਾਵਾ ਰਾਮ
ਕਾਮਰੇਡ ਵਧਾਵਾ ਰਾਮ (15 ਅਗਸਤ 1917 - 29 ਮਈ 1989) ਜੀ ਭਾਰਤ ਦੇ ਆਜ਼ਾਦੀ ਸੰਗਰਾਮੀ ਅਤੇ ਪੰਜਾਬ ਦੀ ਮੁਜਾਰਾ ਲਹਿਰ ਦੇ ਉੱਘੇ ਆਗੂਆਂ ਵਿੱਚੋਂ ਇੱਕ ਸਨ। ਉਹ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਕਿਸਾਨ ਸਭਾ ਵੱਲੋਂ ਬਾਬਾ ਜਵਾਲਾ ਸਿੰਘ ਦੀ ਅਗਵਾਈ ਵਿੱਚ ਲੜੇ ਕਿਸਾਨ ਸੰਘਰਸ ਸਮੇਂ ਉਭਰ ਕੇ ਸਾਹਮਣੇ ਆਏ ਤੇ 1939 ਵਿੱਚ ਪਟਵਾਰ ਛੱਡ ਕੇ ਸੰਘਰਸ ਵਿੱਚ ਕੁਦ ਪਏ ਸਨ।[1]ਆਜ਼ਾਦੀ ਦੀ ਲਹਿਰ ਵਿਚ ਉਸਦਾ ਯੋਗਦਾਨ ਅੱਜ ਵੀ ਚੇਤੇ ਕੀਤਾ ਜਾਂਦਾ ਹੈ। ਫਾਜ਼ਿਲਕਾ ਦੇ ਲੋਕਾਂ ਨੇ ਉਸਨੂੰ ਉਦੋਂ ਵਧਾਇਕ ਚੁਣਿਆ ਸੀ ਜਦੋਂ ਉਹ ਜੇਲ੍ਹ ਵਿੱਚ ਸਨ।
ਜ਼ਿੰਦਗੀ
ਸੋਧੋਚੌਧਰੀ ਵਧਾਵਾ ਰਾਮ ਦਾ ਜਨਮ 15 ਅਗਸਤ 1917 ਨੂੰ ਬ੍ਰਿਟਿਸ਼ ਪੰਜਾਬ (ਹੁਣ ਪਾਕਿਸਤਾਨ) ਦੇ ਪਿੰਡ ਮੱਲ ਤਹਿਸੀਲ ਪਾਕਪਟਨ ਜ਼ਿਲ੍ਹਾ ਮਿੰਟਗੁਮਰੀ ਵਿੱਚ ਹੋਇਆ। ਵਧਾਵਾ ਰਾਮ ਜੀ ਇਕ ਗਰੀਬ ਕਿਸਾਨੀ ਪਰਿਵਾਰ ਤੋਂ ਸੀ। ਪਰਿਵਾਰਕ ਹਾਲਾਤਾਂ ਕਾਰਨ ਉਹ 10 ਵੀਂ ਜਮਾਤ ਤੋਂ ਵੱਧ ਦੀ ਪੜ੍ਹਾਈ ਨਹੀਂ ਕਰ ਸਕਿਆ ਸੀ। ਉਹ ਕੁਝ ਸਮੇਂ ਲਈ ਆਪਣੀ ਜ਼ਿੰਦਗੀ ਵਿਚ ਪਟਵਾਰੀ ਅਤੇ ਅਧਿਆਪਕ ਰਿਹਾ ਸੀ ਪਰ ਆਜ਼ਾਦੀ ਪ੍ਰਤੀ ਉਸ ਦੇ ਜਨੂੰਨ ਕਾਰਨ ਉਸ ਨੇ ਸਰਕਾਰੀ ਨੌਕਰੀ ਛੱਡ ਦਿੱਤੀ ਸੀ।
ਆਪਣੀ ਜ਼ਿੰਦਗੀ ਵਿਚ, ਵਧਾਵਾ ਰਾਮ ਨੂੰ ਆਜ਼ਾਦੀ ਅੰਦੋਲਨ ਵਿਚ ਸ਼ਾਮਲ ਹੋਣ ਕਾਰਨ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜੇਲ੍ਹ ਭੇਜਿਆ ਗਿਆ ਸੀ। ਸਭ ਤੋਂ ਪਹਿਲਾਂ, 1939 ਦੇ ਸਾਲ ਵਿਚ, ਉਸਨੂੰ "ਕਿਸਾਨ ਮੋਰਚਾ" ਆਯੋਜਿਤ ਕਰਕੇ 'ਗੜਬੜੀ ਫੈਲਾਉਣ' ਦੇ ਦੋਸ਼ ਵਿਚ ਨੌਂ ਮਹੀਨਿਆਂ ਲਈ ਕਸੂਰ ਜੇਲ੍ਹ ਭੇਜਿਆ ਗਿਆ ਸੀ। ਫਿਰ 1941 ਵਿਚ, ਉਸ ਨੂੰ ਇਕ ਵਾਰ ਫਿਰ ਵਿਦਰੋਹੀ ਗਤੀਵਿਧੀਆਂ ਗ੍ਰਿਫਤਾਰ ਕੀਤਾ ਗਿਆ ਅਤੇ ਤਿੰਨ ਵਾਰ ਨਜ਼ਰਬੰਦ ਕੀਤਾ ਗਿਆ। ਉਸ ਨੂੰ ਫਿਰ 1944 ਤੋਂ 1946 ਤੱਕ ਦੋ ਸਾਲ ਲਈ ਆਪਣੇ ਹੀ ਪਿੰਡ ਵਿੱਚ ਨਜ਼ਰਬੰਦੀ ਵਿੱਚ ਭੇਜ ਦਿੱਤਾ ਗਿਆ। ਇਸੇ ਦੌਰਾਨ ਦੇਸ਼ ਦੀ ਆਜ਼ਾਦੀ ਲਈ ਉਸ ਦੀਆਂ ਸਰਗਰਮੀਆਂ ਇਸ ਹੱਦ ਤੱਕ ਵਧ ਗਈਆਂ ਕਿ ਉਸ ਸਮੇਂ ਦੀ ਸਰਕਾਰ ਨੇ ਉਸਦੀ ਗ੍ਰਿਫਤਾਰੀ ਉੱਤੇ ਇੱਕ ਲੱਖ ਦੇ ਇਨਾਮ ਦਾ ਐਲਾਨ ਕੀਤਾ ਸੀ। ਫਿਰ ਉਸਨੂੰ 22 ਅਗਸਤ 1948 ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਕ ਮਹੀਨੇ ਅਤੇ ਕੁਝ ਦਿਨਾਂ ਬਾਅਦ ਅੱਧੀ ਰਾਤ ਨੂੰ ਸ੍ਰੀ ਵਧਾਵਾ ਰਾਮ ਜੀ ਜੇਲ੍ਹ ਤੋਂ ਸੁਰੰਗ ਪੁੱਟ ਕੇ ਫਰਾਰ ਹੋ ਗਿਆ। ਇੱਕ ਮਹੀਨੇ ਬਾਅਦ, 20 ਅਪ੍ਰੈਲ, 1950 ਨੂੰ ਉਸਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। ਉਸਨੇ ਭਾਰਤ ਦੀ ਆਜ਼ਾਦੀ ਲਈ ਦ੍ਰਿੜ ਸੰਘਰਸ਼ ਕਰਦਿਆਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ। 1952 ਦੀ ਚੋਣ ਵਿਚ ਉਸਨੇ ਜੇਲ੍ਹ ਵਿੱਚੋਂ ਹੀ ਹਿੱਸਾ ਲਿਆ ਅਤੇ ਚੋਣ ਜਿੱਤੀ। 4 ਅਪ੍ਰੈਲ, 1952 ਨੂੰ ਉਸਨੂੰ ਅਦਾਲਤ ਨੇ ਸਰਕਾਰ ਦੁਆਰਾ ਲਗਾਏ ਗਏ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਅਤੇ ਤੁਰੰਤ ਹੀ ਉਸਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। ਉਹ ਸੈਫੂਦੀਨ ਕਿਚਲੂ, ਤੇਜਾ ਸਿੰਘ ਸੁਤੰਤਰ, ਡਾ: ਸੱਤਿਆਪਾਲ ਅਤੇ ਬਾਬਾ ਜਵਾਲਾ ਸਿੰਘ ਆਦਿ ਵਰਗੇ ਭਾਰਤ ਦੇ ਮਹਾਨ ਨੇਤਾਵਾਂ ਨਾਲ ਜੁੜਿਆ ਹੋਇਆ ਸੀ।
ਉਹ ਸੀ ਪੀ ਆਈ ਦਾ ਆਗੂ ਰਿਹਾ ਅਤੇ ਸਾਰੀ ਉਮਰ ਆਪਣੇ ਇਲਾਕੇ ਫਾਜਲਿਕਾ, ਫਿਰੋਜ਼ਪੁਰ ਜ਼ਿਲ੍ਹਾ ਵਿੱਚ ਮਜ਼ਦੂਰਾਂ-ਕਿਸਾਨਾਂ ਦੇ ਆਗੂ ਵਜੋਂ ਸੰਘਰਸ਼ ਕਰਦਾ ਰਿਹਾ। 29 ਮਈ 1989 ਨੂੰ ਤਮਿਲਨਾਡੂ ਦੇ ਸ਼ਹਿਰ ਸੇਲਮ ਵਿੱਚ ਉਸਦੀ ਮੌਤ ਹੋ ਗਈ। ਵਧਾਵਾ ਰਾਮ ਨੇ 1989 ਵਿੱਚ ਬੁਢਾਪੇ ਦੀ ਭਾਰੀ ਕਮਜੋਰੀ ਦੇ ਬਾਵਜੂਦ ਵੱਡਾ ਜੋਖਮ ਲੈ ਕੇ ਕਾਮਰੇਡ ਮੋਹਿਤ ਸੇਨ, ਰਮੇਸ਼ ਸਿਨ੍ਹਾ, ਸੁਖਿੰਦਰ ਧਾਲੀਵਾਲ ਅਤੇ ਹੋਰ ਅਨੇਕ ਸਾਥੀਆਂ ਨਾਲ ਮਿਲ ਕੇ ਇੱਕ ਨਵੀਂ ਪਾਰਟੀ ਬਣਾਉਣ ਲਈ ਤਮਿਲਨਾਡੂ ਨੂੰ ਤੁਰ ਪਏ ਜਿੱਥੇ ਸੇਲਮ ਵਿਚ ਨਵੀਂ ਪਾਰਟੀ (ਯੂਸੀਪੀਆਈ) ਬਣਾਉਣ ਲਈ ਕਾਨਫਰੰਸ ਰੱਖੀ ਗਈ ਸੀ। ਆਪ ਨੂੰ ਕਾਨਫਰੰਸ ਦੇ ਪ੍ਰਧਾਨਗੀ ਮੰਡਲ ਵਿੱਚ ਬਿਠਾਇਆ ਗਿਆ ਅਤੇ ਜਿਆਦਾ ਥਕਾਵਟ ਕਾਰਨ ਦਿਲ ਦੇ ਦੌਰੇ ਨਾਲ ਕਾਨਫਰੰਸ ਦੇ ਆਖਰੀ ਦਿਨ ਉਸ ਦੀ ਮੌਤ ਹੋ ਗਈ ਅਤੇ ਸੇਲਮ ਵਿਚ ਹੀ ਉਸ ਦਾ ਅੰਤਿਮ ਸਸਕਾਰ ਕਰ ਦਿਤਾ ਗਿਆ ਸੀ।