‘ਰੀਨਿਊਏਬਲ ਏਨਰਜ਼ੀ ਇੰਡੀਆ ਐਕਸਪੋ’ ਨਵੀਂ ਦਿੱਲੀ: ਨਿਊਜ਼ੀਲੈਂਡ ਦੀ ਕਮਿਊਨੀਕੇਸ਼ਨ ਮੰਤਰੀ ਤੇ ਉਚ ਪੱਧਰੀ ਦਲ ਇੰਡੀਆ ਪਹੁੰਚਿਆ ਨਿਊਜ਼ੀਲੈਂਡ ਦੀ ਜਸਟਿਸ, ਕੋਰਟ, ਬ੍ਰਾਡਬੈਂਡ ਅਤੇ ਕਮਿਊਨੀਕੇਸ਼ਨ ਮੰਤਰੀ ਸ੍ਰੀਮਤੀ ਐਮੀ ਐਡਮ ਆਪਣੇ ਉਚ ਪੱਧਰੀ ਦੱਲ ਦੇ ਨਾਲ ਕੱਲ੍ਹ ਇੰਡੀਆ ਵਾਸਤੇ ਰਵਾਨਾ ਹੋਈ। ਇਹ ਦਲ 23 ਸਤੰਬਰ ਤੋਂ 25 ਸਤੰਬਰ ਤੱਕ ਨਵੀਂ ਦਿੱਲੀ ਵਿਖੇ ਗ੍ਰੇਟਰ ਨੋਇਡਾ ਵਿਚ ਲੱਗ ਰਹੀ 9ਵੀਂ ‘ਰੀਨਿਊਏਬਲ ਏਨਰਜ਼ੀ ਇੰਡੀਆ ਐਕਸਪੋ’ ਦੇ ਵਿਚ ਸ਼ਿਰਕਤ ਕਰੇਗਾ। ਇਸ ਉਚ ਪੱਧਰੀ ਦਲ ਨੂੰ ‘ਨਿਊਜ਼ੀਲੈਂਡ ਕਲੀਨ-ਟੈਕ ਬਿਜ਼ਨਸ ਡੈਲੀਗੇਸ਼ਨ’ ਦਾ ਨਾਂਅ ਦਿੱਤਾ ਗਿਆ ਹੈ। ਮੰਤਰੀ ਸਾਹਿਬਾ ਬੰਗਲੌਰ ਵਿਖੇ ਬਿਜ਼ਨਸ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ। ਨਵੀਂ ਦਿੱਲੀ ਵਿਖੇ ਵੀ ਉਹ ਮੰਤਰੀਆਂ ਦੇ ਨਾਲ ਗੱਲਬਾਤ ਕਰਨਗੇ। ਇਹ ਦੌਰਾ ਦੋਵਾਂ ਦੇਸ਼ਾਂ ਦੇ ਵਿਚ ਤਕਨੀਕੀ ਵਪਾਰ ਦੇ ਰਿਸ਼ਤਿਆਂ ਨੂੰ ਹੋਰ ਗੂੜਾ ਕਰਨ ਦੇ ਲਈ ਉਲੀਕਿਆ ਗਿਆ ਹੈ। ਸੋਧੋ

ਨਿਊਜ਼ੀਲੈਂਡ ਦੇ ਲਈ ਇੰਡੀਆ ਦੁਨੀਆ ਦਾ 10ਵਾਂ ਉਹ ਦੇਸ਼ ਹੈ ਜਿੱਥੇ ਸਭ ਤੋਂ ਜਿਆਦਾ ਸਾਮਾਨ ਦੁਪਾਸੀ ਪ੍ਰਣਾਲੀ ਅਧੀਨ ਨਿਰਯਾਤ ਕੀਤਾ ਜਾਂਦਾ ਹੈ। ਮਾਰਚ 2015 ਨੂੰ ਖਤਮ ਹੋਏ ਵਿੱਤੀ ਸਾਲ ਦੇ ਵਿਚ ਇੰਡੀਆ ਨੂੰ 1.9 ਬਿਲੀਅਨ ਡਾਲਰ ਦਾ ਸਮਾਨ ਨਿਰਯਾਤ ਕੀਤਾ ਗਿਆ। ਇਸ ਤੋਂ ਇਲਾਵਾ ਇੰਡੀਆ ਛੇਵੇਂ ਨੰਬਰ ਉਤੇ ਆਉਂਦਾ ਹੈ ਜਿਥੇ ਨਿਊਜ਼ੀਲੈਂਡ ਦੇਸ਼ ਸਭ ਤੋਂ ਜਿਆਦਾ ਨਿਰਯਾਤ ਸੇਵਾਵਾਂ ਪ੍ਰਦਾਨ ਕਰਦਾ ਹੈ ਅਤੇ ਨਵੀਂ ਤਕਨਾਲੋਜੀ ਦੇ ਵਪਾਰੀਕਰਣ ਵਿਚ ਹੋਰ ਜਿਆਦਾ ਮੌਕੇ ਪੈਦਾ ਹੋ ਰਹੇ ਹਨ। ਇਸ ਉਚਪੱਧਰੀ ਦਲ ਦੇ ਵਿਚ ਜਿਨ੍ਹਾਂ ਕੰਪਨੀਆਂ ਦੇ ਅਧਿਕਾਰੀ ਸ਼ਾਮਿਲ ਹਨ ਉਨ੍ਹਾਂ ਵਿਚ ਹਨ  ਐਸਟ੍ਰੋਲੈਬ, ਕਾਰਬਨ ਸਪੇਸ, ਸੋਲਰ ਬ੍ਰਾਈਟ, ਪੈਸੇਫਿਕ ਰਬੜ ਰੀਸਾਈਕਲਿੰਗ, ਇਨਵਾਇਰਮੈਂਟ ਮੈਨੇਜਮੈਂਟ ਸਰਵਿਸ, ਈ. ਐਸ. ਜੀ. ਏਸੀਆ ਪੈਸੇਫਿਕ, ਵਿੰਡਫਲੋ ਟੈਕਨੋਲੋਜੀ, ਗਾਲਾਗਰ ਫਿਊਲ ਸਿਸਟਮ, ਗ੍ਰੀਨਹਾਊਸ ਕੈਪੀਟਲ, ਆਕਲੈਂਡ ਟੂਰਿਜ਼ਮ, ਈਵੈਂਟ ਅਤੇ ਇਕੋਨੋਮਿਕ ਡਿਵੈਲਪਮੈਂਟ ਅਤੇ ਕਾਲਾਗਨ ਇਨੋਵੇਸ਼ਨ। ਇਹ ਦਲ 25 ਸਤੰਬਰ ਤੱਕ ਇੰਡੀਆ ਰਹੇਗਾ।

ਪੰਜਾਬੀ ਖਬਰਾਂ