ਸਾਰਾਗੜ੍ਹੀ ਦੀ ਲੜਾਈ

ਸਾਰਾਗੜ੍ਹੀ ਦੀ ਲੜਾਈ ਦੀ ਸੰਸਾਰ ਭਰ ਵਿੱਚ ਬੀਰਤਾ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਦਰਸਾਉਂਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫਗਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ 12 ਸਤੰਬਰ, 1897 ਨੂੰ ਲੜੀ ਗਈ ਸੀ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ 36 ਸਿੱਖ ਰੈਜਮੈਂਟ ਜੋ ਹੁਣ 4 ਸਿੱਖ ਰੈਜਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਸਿੱਖ ਜਵਾਨਾਂ ਤੇ ਅਫਗਾਨੀ ਪਠਾਣਾਂ ਤੇ ਅਫਰੀਦੀ ਕਬਾਇਲੀਆਂ ਵਿਚਕਾਰ ਗਹਿਗੱਚ ਮੁਕਾਬਲੇ ਨਾਲ ਲੜੀ ਗਈ। 27 ਅਗਸਤ ਤੋਂ 8 ਸਤੰਬਰ, 1897 ਦੇ ਸਮੇਂ ਵਿਚਕਾਰ (ਉੜੈਕਜਿਜ਼) ਕਬਾਇਲੀਆਂ ਨੇ ਲੈਫਟ ਵਿੰਗ ਦੀ ਸੁਰੱਖਿਆ ਪੰਕਤੀ ‘ਤੇ ਬੜਾ ਭਿਆਨਕ ਹਮਲਾ ਬੋਲ ਦਿੱਤਾ ਪਰ ਇਨ੍ਹਾਂ ਕਬਾਇਲੀਆਂ ਨੂੰ ਖਦੇੜ ਕੇ 10 ਸਤੰਬਰ ਨੂੰ ਖਣਕੀ ਘਾਟੀ ਵੱਲ ਪਿੱਛੇ ਧੱਕ ਦਿੱਤਾ ਗਿਆ, 600 ਦੇ ਕਰੀਬ ਕਬਾਇਲੀ ਤੇ ਗੜ੍ਹੀ ਦੇ ਅੰਦਰ 20 ਸਿੱਖ ਫੌਜੀ ਵੀ ਸ਼ਹੀਦ ਹੋ ਗਏ ਸਨ। ਸਾਰਾਗੜ੍ਹੀ ਦੇ ਯੋਧਿਆਂ ਦੀ ਇਹ ਖਬਰ ਜਦੋਂ ਲੰਦਨ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਮੈਂਬਰਾਂ ਨੇ ਖੜ੍ਹੇ ਹੋ ਕੇ ਸਨਮਾਨ ਦੇ ਤੌਰ ‘ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਬਰਤਾਨੀਆ ਰਾਜ ਦੀ ਸਰਕਾਰ ਨੇ ਸਨਮਾਨ ਦੇ ਤੌਰ ‘ਤੇ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਡਰ ਆਫ ਮੈਰਿਟ ਹਰ ਇੱਕ ਸ਼ਹੀਦ ਨੂੰ ਮਰਨ ਉਪਰੰਤ ਭੇਟ ਕਰਕੇ ਉਸ ਨੂੰ ਸਨਮਾਨਿਤ ਕੀਤਾ। ਯੂਨੈਸਕੋ ਨੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ ਵਿੱਚ ਸ਼ਾਮਿਲ ਕੀਤਾ ਹੈ।