ਵਿਕੀਪੀਡੀਆ:ਚੁਣਿਆ ਹੋਇਆ ਲੇਖ/1 ਨਵੰਬਰ
ਹਿੰਦੁਸਤਾਨ ਗ਼ਦਰ ਗ਼ਦਰ ਪਾਰਟੀ ਦਾ ਤਰਜਮਾਨ ਇੱਕ ਹਫਤਾਵਾਰ ਪ੍ਰਕਾਸ਼ਨ ਸੀ। ਹਿੰਦੁਸਤਾਨ ਗ਼ਦਰ ਦੇ ਉਰਦੂ ਅਡੀਸ਼ਨ ਦਾ ਪਹਿਲਾ ਅੰਕ 1 ਨਵੰਬਰ 1913 ਨੂੰ ਛਪਿਆ ਸੀ, ਅਤੇ ਇਸਦੇ ਜਲਦ ਬਾਅਦ 9 ਦਸੰਬਰ 1913 ਨੂੰ ਪੰਜਾਬੀ ਅਡੀਸ਼ਨ ਦਾ ਪਹਿਲਾ ਅੰਕ ਛਪਿਆ। ਇਸ ਨੂੰ ਅਮਰੀਕੀ ਸ਼ਹਿਰ ਸੈਨ ਫਰਾਂਸਿਸਕੋ ਵਿੱਚ ਯੁਗਾਂਤਰ ਆਸ਼ਰਮ ਤੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸਦਾ ਮਕਸਦ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਜੁਝਾਰਵਾਦੀ ਧੜੇ ਨੂੰ, ਖਾਸਕਰ ਬਰਤਾਨਵੀ ਭਾਰਤੀ ਸੈਨਾ ਵਿਚਲੇ ਭਾਰਤੀ ਦੇਸ਼ਭਗਤਾਂ ਨੂੰ ਤਕੜੇ ਕਰਨਾ ਸੀ। 1912–1913 ਵਿੱਚ ਪਰਵਾਸੀ ਭਾਟੀਆਂ ਨੇ ਪ੍ਰਸ਼ਾਂਤ ਤੱਟ ਦੀ ਹਿੰਦੀ ਐਸੋਸੀਏਸ਼ਨ ਬਣਾਈ ਸੀ। ਸੋਹਣ ਸਿੰਘ ਭਕਨਾ ਨੂੰ ਇਸਦਾ ਪ੍ਰਧਾਨ ਬਣਾਇਆ ਗਿਆ। ਇਹ ਐਸੋਸੀਏਸ਼ਨ ਹੀ ਬਾਅਦ ਵਿੱਚ ਗ਼ਦਰ ਪਾਰਟੀ ਕਹਾਈ। ਭਾਰਤੀ ਡਾਇਆਸਪੋਰਾ, ਖਾਸਕਰ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਦੇ ਭਾਰਤ ਵਿਦਿਆਰਥੀਆਂ ਦੇ ਉਗਰਾਹੇ ਫੰਡ ਨਾਲ ਪਾਰਟੀ ਨੇ 436 ਹਿਲ ਸਟਰੀਟ ਵਿੱਚ ਯੁਗਾਂਤਰ ਆਸ਼ਰਮ ਦੀ ਸਥਾਪਨਾ ਕੀਤੀ ਅਤੇ ਉਥੇ ਪ੍ਰਿੰਟਿੰਗ ਪ੍ਰੈੱਸ ਲਾ ਲਈ।