ਵਿਕੀਪੀਡੀਆ:ਚੁਣਿਆ ਹੋਇਆ ਲੇਖ/21 ਜੁਲਾਈ
ਇਸਮਤ ਚੁਗ਼ਤਾਈ (21 ਜੁਲਾਈ 1915 - 24 ਅਕੂਬਰ 1991) ਉਰਦੂ ਦੀ ਕਹਾਣੀਕਾਰ ਅਤੇ ਨਾਵਲਕਾਰ ਅਤੇ ਲੇਖਿਕਾ ਸੀ। ਉਹ ਉਨ੍ਹਾਂ ਮੁਸਲਿਮ ਲੇਖਕਾਂ ਵਿੱਚੋਂ ਇੱਕ ਸੀ ਜਿਹਨਾਂ ਨੇ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਜਾਣ ਦੀ ਬਜਾਏ ਭਾਰਤ ਵਿੱਚ ਹੀ ਟਿਕੇ ਰਹਿਣ ਨੂੰ ਚੁਣਿਆ। ਉਰਦੂ ਸਾਹਿਤਕ ਜਗਤ ਦੇ ਚਾਰ ਥੰਮਾਂ (ਸਾਅਦਤ ਹਸਨ ਮੰਟੋ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ ਅਤੇ ਇਸਮਤ ਚੁਗ਼ਤਾਈ) ਵਿੱਚ ਉਸ ਦਾ ਨਾਮ ਸ਼ਾਮਲ ਹੈ।ਮੁਨਸ਼ੀ ਪ੍ਰੇਮ ਚੰਦ ਤੋਂ ਬਾਅਦ ਕੁਝ ਨਵੇਂ ਲਿਖਾਰੀਆਂ ਨੇ ਆਪਣੀਆਂ ਕਹਾਣੀਆਂ ਵਿੱਚ ਕਾਮ ਸਬੰਧਾਂ ਬਾਰੇ ਬੜੀ ਬੇਬਾਕੀ ਅਤੇ ਹੌਸਲੇ ਨਾਲ ਵਰਨਣ ਕਰਨਾ ਆਰੰਭਿਆ। ਇਸਮਤ ਚੁਗ਼ਤਾਈ ਅਤੇ ਮੰਟੋ ਨੇ ਵੀ ਕੁਝ ਅਜਿਹੀਆਂ ਕਹਾਣੀਆਂ ਲਿਖੀਆਂ ਜਿਹਨਾਂ ਨੇ ਪਾਠਕਾਂ ਨੂੰ ਚੌਂਕਾ ਦਿੱਤਾ। ਉਹ ਆਪਣੀਆਂ ਦਲੇਰ ਨਾਰੀਵਾਦੀ ਤੇ ਪ੍ਰਗਤੀਸ਼ੀਲ ਰਚਨਾਵਾਂ ਲਈ ਜਾਣੀ ਜਾਂਦੀ ਹੈ। ਰਸ਼ੀਦ ਜਹਾਨ, ਵਾਜਦਾ ਤਬੱਸੁਮ ਅਤੇ ਕੁੱਰਤੁਲਏਨ ਹੈਦਰ ਦੇ ਨਾਲ ਨਾਲ ਇਸਮਤ ਚੁਗ਼ਤਾਈ ਦੀ ਲੇਖਣੀ ਬੀਹਵੀਂ ਸਦੀ ਦੇ ਉਰਦੂ ਸਾਹਿਤ ਵਿੱਚ ਇਨਕਲਾਬੀ ਨਾਰੀਵਾਦੀ ਰਾਜਨੀਤੀ ਅਤੇ ਸੁਹਜ ਦ੍ਰਿਸ਼ਟੀ ਦੇ ਜਨਮ ਦੀ ਪ੍ਰਤੀਕ ਹੈ। ਉਸਨੇ ਨਾਰੀ ਕਾਮੁਕਤਾ, ਮਧਵਰਗੀ ਭੱਦਰਤਾ ਅਤੇ ਆਧੁਨਿਕ ਭਾਰਤ ਵਿੱਚ ਉਭਰ ਰਹੀਆਂ ਹੋਰ ਕਸ਼ਮਕਸ਼ਾਂ ਦੀ ਘੋਖ ਕੀਤੀ।