ਸਿੱਖ ਪੱਤਰਕਾਰੀ ਦੀ ਸ਼ੁਰੂਆਤ

ਸੋਧੋ

ਸਿੱਖ ਪੱਤਰਕਾਰੀ ਤੋਂ ਭਾਵ ਹੈ ਕਿ ਉਹ ਪੱਤਰਕਾਰੀ ਜਿਸ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਹੱਕਾਂ ਦੀ ਰਾਖੀ ਦੀ ਲਈ ਹੰਭਲਾ ਮਾਰਿਆ।[1] ਦਸਿੱਖ ਪੱਤਰਕਾਰੀ ਦੀ ਸ਼ੁਰੂਆਤ ਸਵਾ ਕੁ ਸੌ ਸਾਲ ਪਹਿਲਾਂ 19ਵੀਂ ਸਦੀ ਦੇ ਅਖੀਰਲੇ ਪੜਾਅ ਤੋਂ ਸ਼ੁਰੂ ਹੋਈ ਦੱਸੀ ਜਾਂਦੀ ਹੈ। ਉਰੀਐਂਟਲ ਕਾਲਜ ਲਾਹੌਰ ਦੇ ਅਧਿਆਪਕ ਪ੍ਰੋਫੈਸਰ ਗੁਰਮੁਖ ਸਿੰਘ ਦੀ ਸੰਪਾਦਨਾ ਹੇਠ 10 ਨਵੰਬਰ 1880 ਨੂੰ ਲਾਹੌਰ ਤੋਂ 'ਗੁਰਮੁਖੀ ਅਖਬਾਰ' ਦੇ ਨਾਂ ਨਾਲ ਲਿਥੋ ਪ੍ਰੈਸ (ਪੱਥਰ ਦੇ ਛਾਪੇ) 'ਤੇ ਛਪਣਾ ਸ਼ੁਰੂ ਹੋਇਆ। ਇਹ ਪਰਚਾ ਸਿੰਘ ਸਭਾ ਲਹਿਰ ਦਾ ਸਮਰਥਕ ਸੀ। ਇਹ ਅਖਬਾਰ 1888 ਤੱਕ ਚੱਲਿਆ। ਇਸ ਤੋਂ ਬਾਅਦ ਪ੍ਰੋਫੈਸਰ ਗੁਰਮੁਖ ਸਿੰਘ ਨੇ 'ਖਾਲਸਾ ਪ੍ਰੈਸ' ਦੇ ਨਾਂ ਨਾਲ ਆਪਣਾ ਛਾਪਾਖਾਨਾ ਸ਼ੁਰੂ ਕੀਤਾ ਤੇ ਇਸ ਵਿੱਚ ਪੰਜਾਬੀ ਟਾਇਪ ਭਰਿਆ। 1893 ਤੋਂ ਪ੍ਰੋਫੈਸਰ ਗੁਰਮੁਖ ਸਿੰਘ ਨੇ ਆਪਣੀ ਪ੍ਰੈਸ ਤੋਂ 'ਗੁਰਮੁਖੀ ਅਖਬਾਰ' ਫੇਰ ਛਾਪਣਾ ਸ਼ੁਰੂ ਕਰ ਦਿੱਤਾ। ਇਹਨਾਂ ਨੇ 1881 ਵਿੱਚ 'ਵਿਦਿਆਰਕ' ਤੇ 1886 ਵਿੱਚ 'ਸੁਧਾਰਕ' ਦੋ ਮਾਸਕ ਪੱਤਰ ਵੀ ਸ਼ੁਰੂ ਕੀਤੇ ਸਨ। ਇਹਨਾਂ ਨੇ 1886 ਵਿੱਚ ਲਾਹੌਰ ਤੋਂ ਹੀ ਇਕ ਹੋਰ ਅਖਬਾਰ 'ਖਾਲਸਾ ਅਖਬਾਰ' ਵੀ ਕੱਢਿਆ ਸੀ ਪਰੰਤੂ ਇਹ ਅਖਬਾਰ ਬਹੁਤਾ ਸਮਾਂ ਨਾ ਚੱਲ ਸਕੇ। ਹੁਣ ਅਸੀਂ ਲਾਹੌਰ ਨੂੰ ਪੰਜਾਬੀ ਜਾਂ ਸਿੱਖ ਪੱਤਰਕਾਰੀ ਦਾ ਜਨਮ ਸਥਾਨ ਤੇ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਪੰਜਾਬੀ ਜਾਂ ਸਿੱਖ ਪੱਤਰਕਾਰੀ ਦਾ ਜਨਮ ਦਾਤਾ ਕਹਿ ਸਕਦੇ ਹਾਂ।

1906 ਵਿੱਚ ਤਰਨਤਾਰਨ ਤੋਂ 'ਦੁਖ ਨਿਵਾਰਨ' ਨਾਂ ਦਾ ਪਰਚਾ ਭਾਈ ਮੋਹਨ ਸਿੰਘ ਵੈਦ ਨੇ ਸ਼ੁਰੂ ਕੀਤਾ। ਆਪ 'ਦੁਖ ਨਿਵਾਰਨ' ਘਾਟਾ ਪਾ ਕੇ ਵੀ ਛਾਪਦੇ ਰਹੇ। ਇਸ ਤੋਂ ਬਾਅਦ ਇਹਨਾਂ ਦੇ ਸਪੁੱਤਰ ਗਿਆਨੀ ਸੁਖਬੀਰ ਸਿੰਘ ਵੈਦ ਨੇ ਪਰਚਾ ਚਾਲੂ ਰੱਖਿਆ। ਸਿੰਘ ਸਭਾ ਲਹਿਰ ਨੇ ਕਈ ਪੰਜਾਬੀ ਅਖਬਾਰਾਂ ਨੂੰ ਉਤਸ਼ਾਹਿਤ ਕੀਤਾ ਤੇ ਇਸ ਕਾਲ 1910-11 ਤੱਕ 12 ਪੰਜਾਬੀ ਦੇ ਪੱਤਰ ਛਪਣੇ ਸ਼ੁਰੂ ਹੋ ਗਏ ਸਨ ਪ੍ਰੰਤੂ ਇਹਨਾਂ ਵਿੱਚ ਰੋਜਾਨਾ ਅਖਬਾਰ ਕੋਈ ਵੀ ਨਹੀਂ ਸੀ। ਇਹਨਾਂ ਵਿੱਚ ਸਿੱਖ ਧਰਮ, ਇਸਤਰੀ ਦੀ ਵਿੱਦਿਆ ਤੇ ਵਹਿਮਾਂ-ਭਰਮਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਸੀ।

ਪੰਜਾਬੀ ਦਾ ਪਹਿਲਾ ਰੋਜਾਨਾਂ ਅਖਬਾਰ ਪ੍ਰਸਿੱਧ ਹਾਸਰਸ ਲੇਖਕ ਐਸ.ਐਸ.ਚਰਨ ਸਿੰਘ ਸ਼ਹੀਦ ਨੇ ਆਪਣੀ ਸੰਪਾਦਨਾ ਹੇਠ 4 ਦਸੰਬਰ 1914 ਨੂੰ ਸ਼ੁਰੂ ਕੀਤਾ। ਇਹ ਅਖਬਾਰ ਸਿਆਸੀ ਤੇ ਸਮਾਜੀ ਸਮੱਸਿਆਵਾਂ ਅਤੇ ਕੁਰੀਤੀਆਂ ਨੂੰ ਵੀ ਵਿਅੰਗਾਤਮਕ ਸ਼ੈਲੀ ਰਾਹੀਂ ਪੇਸ਼ ਕਰਦਾ ਸੀ। ਇਹ ਏਨਾ ਮਸ਼ਹੂਰ ਹੋਇਆ ਕਿ ਸੰਪਾਦਕ ਚਰਨ ਸਿੰਘ ਦਾ ਉੱਪਨਾਮ ਹੀ 'ਸ਼ਹੀਦ' ਹੋ ਗਿਆ। ਇਸ ਸਮੇਂ ਹਫਤਾਵਾਰੀ 'ਹਿੰਦੋਸਤਾਨ ਗਦਰ', 'ਪੰਥ ਸੇਵਕ', 'ਹੱਕ ਬੁਲੇਟਨ' ਤੇ ਮਾਸਕ 'ਫੁਲਵਾੜੀ', 'ਸੁਘੱੜ ਸਹੇਲੀ', 'ਚਕਿਤਸਾ ਦਰਸ਼ਨ' ਤੇ 'ਸੁੱਖਦਾਤਾ' ਛਪਣੇ ਸ਼ੁਰੂ ਹੋਏ। 1899 ਵਿੱਚ ਭਾਈ ਵੀਰ ਸਿੰਘ ਦੇ ਪਿਤਾ ਡਾ. ਚਰਨ ਸਿੰਘ ਨੇ ਅੰਮ੍ਰਿਤਸਰ ਤੋਂ 'ਖਾਲਸਾ ਸਮਾਚਾਰ' ਜਾਰੀ ਕੀਤਾ। ਅੰਮ੍ਰਿਤਸਰ ਤੋਂ ਵੀ ਕਈ ਪਰਚੇ ਸ਼ੁਰੂ ਹੋਏ ਤੇ ਜੇ ਕਰ ਅਸੀਂ ਲਾਹੌਰ ਨੂੰ ਪੰਜਾਬੀ ਜਾਂ ਸਿੱਖ ਪੱਤਰਕਾਰੀ ਦਾ ਜਨਮ ਅਸਥਾਨ ਮੰਨਦੇ ਹਾਂ ਪ੍ਰੰਤੂ ਅੰਮ੍ਰਿਤਸਰ ਵੀ ਪੰਜਾਬੀ ਜਾਂ ਸਿੱਖ ਪੱਤਰਕਾਰੀ ਦਾ ਇਕ ਮੋਢੀ ਕੇਂਦਰ ਰਿਹਾ। ਸਾਲ 1900 ਤੋਂ ਲੈ ਕੇ 1930 ਤੱਕ ਦੇ ਸਮੇਂ ਨੂੰ ਅਸੀਂ ਸਿੱਖ ਪੱਤਰਕਾਰੀ ਦੇ ਉਭਰਨ ਦਾ ਸਮਾਂ ਕਹਿ ਸਕਦੇ ਹਾਂ।ਇਸ ਸਮੇਂ 'ਰੋਲਟ ਐਕਟ' ਵਿਰੋਧੀ ਲਹਿਰ ਨੇ ਜਲਿਂਆਂ ਵਾਲੇ ਬਾਗ ਦੇ ਸਾਕੇ ਨੂੰ ਜਨਮ ਦਿੱਤਾ। ਅਕਾਲੀ ਲਹਿਰ ਕਾਰਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਸਥਾਪਨਾ ਹੋਈ ਤੇ ਰੂਸ ਦੇ ਪ੍ਰਭਾਵ ਥੱਲੇ ਸਮਾਜਵਾਦੀ ਲਹਿਰ ਵੀ ਉਭੱਰੀ। ਇਹਨਾਂ ਲਹਿਰਾਂ ਨੇ ਲੋਕਾਂ ਵਿੱਚ ਸਰਕਾਰ ਵਿਰੋਧੀ ਭਾਵਨਾਵਾਂ ਨੂੰ ਉਭਾਰਿਆ ਜਿਸ ਦੇ ਫਲਸਰੂਪ ਲੋਕਾਂ ਦੀ ਜਾਣਕਾਰੀ ਪ੍ਰਤੀ ਜਗਿਆਸਾ ਵਧੀ ਤੇ ਪਾਠਕਾਂ ਵਿੱਚ ਵਾਧਾ ਹੋਇਆ।

21 ਫਰਵਰੀ 1922 ਨੂੰ ਅੰਮ੍ਰਿਤਸਰ ਤੋਂ ਰੋਜਾਨਾ 'ਗੜਗੱਜ ਅਕਾਲੀ' ਛਪਣਾ ਸ਼ੁਰੂ ਹੋਇਆ। 17 ਅਗਸਤ 1922 ਨੂੰ ਹੀ 'ਕੂਕਾ' ਲਾਹੌਰ ਤੋਂ ਪ੍ਰਕਾਸ਼ਿਤ ਹੋਇਆ। ਇਸ ਸਮੇਂ ਦੌਰਾਨ ਹੋਰ ਕਈ ਪਰਚੇ ਪ੍ਰਕਾਸ਼ਿਤ ਹੋਏ ਪਰੰਤੂ 'ਪ੍ਰੀਤਲੜੀ' ਦਾ ਵਰਨਣ ਜਰੂਰੀ ਹੈ, ਜਿਹੜੀ 1933 ਵਿੱਚ ਗੁਰਬਖ਼ਸ਼ ਸਿੰਘ ਨੇ ਜਾਰੀ ਕੀਤਾ। ਇਹ ਖਾਸਾ ਹਰਮਨ ਪਿਆਰਾ ਪਰਚਾ ਹੋਇਆ ਤੇ 1939 'ਚ ਛਿੜੀ ਦੂਜੀ ਵੱਡੀ ਜੰਗ ਵੇਲੇ ਇਸ ਨੇ ਹਿਟਲਰ ਦੀਆਂ ਜਿੱਤਾਂ ਦੀ ਭਰਪੂਰ ਨਿਖੇਧੀ ਕੀਤੀ। [2]

ਅਜਾਦੀ ਤੋਂ ਬਾਅਦ

ਸੋਧੋ

ਅਜਾਦੀ ਤੋਂ ਬਾਅਦ ਸਿੱਖ ਜਾਂ ਪੰਜਾਬੀ ਪੱਤਰਕਾਰੀ ਵਿੱਚ ਅਜੀਤ ਦਾ ਇਕ ਆਪਣਾ ਰੁਤਬਾ ਰਿਹਾ ਹੈ। 1941 ਵਿੱਚ ਸਪਤਾਹਕ ਦੇ ਤੌਰ 'ਤੇ ਲਾਹੌਰ ਤੋਂ ਸ਼ੁਰੂ ਹੋਇਆ ਅਜੀਤ 1959 ਵਿੱਚ ਸਾਧੂ ਸਿੰਘ ਹਮਦਰਦ ਦੇ ਪ੍ਰਬੰਧ ਅਤੇ ਸੰਪਾਦਨਾ ਹੇਠ ਰੋਜਾਨਾ ਅਜੀਤ ਦੇ ਤੌਰ 'ਤੇ ਛਪਣ ਲੱਗਾ। ਇਸ ਅਖਬਾਰ ਰਾਹੀਂ ਪੰਜਾਬੀ ਪੱਤਰਕਾਰੀ ਨਵੇਂ ਰੰਗ ਰੂਪ ਵਿੱਚ ਲੋਕਾਂ ਸਾਹਮਣੇ ਆਈ। ਇਸ ਤੋਂ ਪਹਿਲਾ ਅਕਾਲੀ ਪੱਤ੍ਰਕਾ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਮਾਸਟਰ ਸੁੰਦਰ ਸਿੰਘ ਲਾਇਲਪੁਰੀ ਇਸ ਦੇ ਬਾਨੀ ਸਨ। ਅਮਰ ਸਿੰਘ ਦੁਸਾਂਝ ਤੇ ਗਿਆਨੀ ਸ਼ਾਦੀ ਸਿੰਘ ਨੇ ਇਸ ਨੂੰ ਬਹੁਤ ਪ੍ਰਭੁਲਤ ਕੀਤਾ ਤੇ ਆਪਣੇ ਸਮੇਂ ਵਿੱਚ ਇਹ ਪੰਜਾਬੀ ਦਾ ਇਕ ਸਿਰਕੱਢ ਅਖਬਾਰ ਰਿਹਾ ਹੈ।

ਅੱਜ ਪੰਜਾਬੀ ਅਖਬਾਰਾਂ ਨੇ ਅਤਿ ਆਧੁਨਿਕ ਤਕਨੀਕ ਨੂੰ ਅਪਣਾ ਲਿਆ ਹੈ ਤੇ ਉਹ ਧਾਰਮਿਕ ਤੇ ਸਮਾਜਿਕ ਪੱਖਾਂ ਨੂੰ ਪਿੱਛੇ ਛੱਡਦੇ ਹੋਏ ਵਪਾਰਕ ਵੀ ਹੋ ਗਏ ਹਨ। ਅੱਜ ਪੰਜਾਬੀ ਅਖਬਾਰ ਦੁਨੀਆਂ ਦੇ ਹਰ ਰੰਗ ਵਿੱਚ ਰੰਗੇ ਹੋਏ ਹਨ, ਵਪਾਰ, ਖੇਡਾਂ, ਮੰਨੋਰੰਜਨ, ਰਾਜਨੀਤੀ, ਧਰਮ ਸਮਾਜ ਦੇ ਹਰ ਰੰਗ ਨੂੰ ਪ੍ਰਮੁੱਖਤਾ ਨਾਲ ਛਾਪ ਕੇ ਹਰ ਵਰਗ ਦੀ ਪਸੰਦ ਨੂੰ ਪੂਰਾ ਕਰ ਰਹੇ ਹਨ। ਪ੍ਰੰਤੂ ਅੱਜ ਕੋਵਿਡ-19 ਨੇ ਇਹਨਾਂ ਦੀ ਪ੍ਰਫੁੱਲਤਾ 'ਤੇ ਇਕ ਵੱਡੀ ਸੱਟ ਮਾਰੀ ਹੈ ਤੇ ਕਈ ਅਖਬਾਰ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਪੰਜਾਬੀ ਪੱਤਰਕਾਰੀ ਨੇ ਆਪਣਾ ਮੁੱਖ ਸੋਸਲ ਮੀਡੀਆ ਵੱਲ ਮੋੜ ਲਿਆ ਹੈ।[2]

ਸਿੱਖ ਜਾਂ ਪੰਜਾਬੀ ਪੱਤਰਕਾਰੀ ਵਿੱਚ ਯੋਗਦਾਨ

ਸੋਧੋ

ਜਮੀਅਤ ਸਿੰਘ, ਅਭੈ ਸਿੰਘ, ਪ੍ਰੀਤਮ ਸਿੰਘ ਚਾਹਲ, ਸੰਤੋਖ ਸਿੰਘ ਧੀਰ, ਸਮਸ਼ੇਰ ਸਿੰਘ ਸਰੋਜ, ਹਰਕ੍ਰਿਸ਼ਨ ਸਿੰਘ, ਸੁਰਜੀਤ ਸਿੰਘ ਸੇਠੀ, ਕਰਤਾਰ ਸਿੰਘ ਸਮਸ਼ੇਰ ਤੇ ਮਾਸਟਰ ਤਾਰਾ ਸਿੰਘ ਦਾ ਭਾਰਤ ਦੀ ਅਜਾਦੀ ਤੋਂ ਪਹਿਲਾਂ ਤੱਕ ਪੰਜਾਬੀ ਪੱਤਰਕਾਰੀ ਨੂੰ ਵੱਡਾ ਯੋਗਦਾਨ ਰਿਹਾ ਹੈ। ਪਟਿਆਲਾ ਤੋਂ ਚੜਦੀਕਲਾ,ਨਵੀਂ ਸਵੇਰ, ਧੜੱਲੇਦਾਰ ਤੇ ਸੈਨਾਪਤੀ ਨੇ ਵੀ ਪੰਜਾਬੀ ਪੱਤਰਕਾਰੀ 'ਚ ਆਪਣਾ ਯੋਗਦਾਨ ਪਾਇਆ ਹੈ।[2]

ਹਵਾਲੇ

ਸੋਧੋ
  1. Singh, Ajit Kanwal. "Critical study of Sikh journalism before Independence".
  2. 2.0 2.1 2.2 "ਪੰਜਾਬੀ ਪੱਤਰਕਾਰੀ ਦਾ ਇਤਿਹਾਸ | Punjab Image". punjabimage.com. Retrieved 2023-08-16.