ਸੋਹਨ ਲਾਲ ਪਾਠਕ ਦਾ ਜਨਮ 7 ਜਨਵਰੀ 1883 ਨੂੰ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੰਡਤ ਚੰਦਾ ਰਾਮ ਦੇ ਘਰ ਹੋਇਆ।

ਜੀਵਨਸੋਧੋ

ਸੋਹਨ ਲਾਲ ਪਾਠਕ ਨੇ ਅੱਠਵੀਂ ਪਾਸ ਕਰ ਉਪਰੰਤ ਕਸਬਾ ਪੱਟੀ ਦੇ ਨੇੜੇ ਨਹਿਰੀ ਮਹਿਕਮੇ ਵਿੱਚ ਛੇ ਰੁਪਏ ਮਹੀਨੇ ਉੱਤੇ ਬੇਲਦਾਰ ਦੀ ਨੌਕਰੀ ਕੀਤੀ। ਬੇਲਦਾਰ ਦੀ ਨੌਕਰੀ ਨੂੰ ਛਡਣ ਤੋਂ ਬਾਅਦ ਉਹ ਪ੍ਰਾਇਮਰੀ ਸਕੂਲ ਚਵਿੰਡਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਉਪ ਅਧਿਆਪਕ ਲੱਗ ਗਿਆ। ਇੱਥੇ ਇੱਕ ਸਾਲ ਨੌਕਰੀ ਕਰਨ ਪਿੱਛੋਂ ਉਹ ਨਾਰਮਲ ਸਕੂਲ, ਲਾਹੌਰ ਵਿੱਚ ਦਾਖ਼ਲ ਕਰ ਲਏ ਗਏ। 1901 ਵਿੱਚ ਉਨ੍ਹਾਂ ਦਾ ਵਿਆਹ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਵਿੱਚ ਲਕਸ਼ਮੀ ਦੇਵੀ ਨਾਲ ਹੋਇਆ।

ਪ੍ਰਭਾਵਸੋਧੋ

ਲਾਲਾ ਲਾਜਪਤ ਰਾਏ ਦੇ ਭਾਸ਼ਣ ਦਾ ਸੋਹਨ ਲਾਲ ਉੱਤੇ ਖ਼ਾਸ ਪ੍ਰਭਾਵ ਪਿਆ। 1907 ਵਿੱਚ ਸੋਹਨ ਲਾਲ ਅਤੇ ਸਾਥੀ ਸਰਦਾਰ ਗਿਆਨ ਸਿੰਘ ਨੇ ਪ੍ਰਣ ਕੀਤਾ ਕਿ ਉਹ ਦੇਸ਼ ਖ਼ਾਤਰ ਜਾਨ ਕੁਰਬਾਨ ਕਰ ਦੇਣਗੇ। ਲਾਲਾ ਲਾਜਪਤ ਰਾਏ ਨੇ ਮੁਜ਼ੰਗ (ਲਾਹੌਰ ਦੇ ਇੱਕ ਹਿੱਸੇ ਦਾ ਨਾਂ) ’ਚ ਦਯਾਨੰਦ ਬ੍ਰਹਮਚਾਰੀ ਆਸ਼ਰਮ ਖੋਲ੍ਹਿਆ। ਸੋਹਨ ਲਾਲ ਨੂੰ ਆਸ਼ਰਮ ’ਚ ਮਾਸਟਰ ਰੱਖ ਲਿਆ। 1909 ’ਚ ਸਿਆਮ (ਹੁਣ ਥਾਈਲੈਂਡ) ਵਿੱਚ ਗਿਆਨ ਸਿੰਘ ਕੋਲ ਪਹੁੰਚ ਗਏ। ਸਰਦਾਰ ਗਿਆਨ ਸਿੰਘ ਨੇ ਦੇਸ਼ ’ਚ ਕ੍ਰਾਂਤੀ ਲਿਆਉਣ ਲਈ ਆਪਣੇ ਸਾਥੀਆਂ ਤੇ ਸੋਹਨ ਲਾਲ ਨਾਲ ਮਸ਼ਵਰਾ ਕੀਤਾ।

ਗਦਰ ਪਾਰਟੀ ਦਾ ਹਿੱਸਾਸੋਧੋ

1913 ਵਿੱਚ ਅਮਰੀਕਾ ਵਿੱਚ ਹਿੰਦੁਸਤਾਨੀ ਦੇਸ਼-ਭਗਤਾਂ ਨੇ ਗ਼ਦਰ ਪਾਰਟੀ ਦੀ ਨੀਂਹ ਰੱਖੀ। ਗ਼ਦਰ ਪਾਰਟੀ ਦੇ ਬੁਲਾਵੇ ’ਤੇ ਪੰਡਤ ਸੋਹਨ ਲਾਲ ਆਪਣੀ ਪੜ੍ਹਾਈ ਛੱਡ ਕੇ ਸਾਨਫਰਾਂਸਿਸਕੋ ਚਲੇ ਗਏ।[1]

ਦੇਸ਼ ਭਗਤੀ ਦਾ ਜਜ਼ਬਾਸੋਧੋ

ਅਗਸਤ 1914 ਵਿੱਚ ਯੂਰਪ ਵਿੱਚ ਜੰਗ ਛਿੜ ਗਈ। ਗ਼ਦਰੀਆਂ ਨੇ ਆਪਣੇ ਮੈਂਬਰਾਂ ਨੂੰ ਭਾਰਤ ਅਤੇ ਬਰਮਾ ਜਾ ਕੇ ਲੋਕਾਂ ਅਤੇ ਫ਼ੌਜਾਂ ਵਿੱਚ ਬਗ਼ਾਵਤ ਦੀ ਅੱਗ ਭੜਕਾਉਣ ਲਈ ਕਿਹਾ। ਇਸ ਪਾਰਟੀ ਦੇ ਲੀਡਰ ਸੋਹਨ ਲਾਲ ਸਨ। ਇਹ ਪਾਰਟੀ ਸਾਨ ਫਰਾਂਸਿਸਕੋ ਤੋਂ ਜਾਪਾਨ ਪਹੁੰਚੀ ਤੇ ਉੱਥੋਂ ਹਾਂਗਕਾਂਗ ਹੁੰਦਿਆਂ ਬੈਂਕਾਕ ਜਾ ਪਹੁੰਚੀ। ਉੱਥੋਂ ਪੈਦਲ ਟੁਰ ਕੇ ਬਰਮਾ ਪਹੁੰਚੀ। ਰਸਤੇ ’ਚ ਜਰਮਨੀ ਆਦਿ ਤੋਂ ਲਏ ਹਥਿਆਰ ਜ਼ਮੀਨ ਵਿੱਚ ਦੱਬ ਦਿੱਤੇ। ਸੋਹਨ ਲਾਲ ਨੂੰ ਗ੍ਰਿਫ਼ਤਾਰ ਕਰ ਕੇ ਮਾਂਡਲੇ ਦੇ ਕਿਲ੍ਹੇ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਜੇਲ੍ਹ ਦੇ ਕਾਨੂੰਨ ਅਨੁਸਾਰ ਹਰ ਕੈਦੀ ਨੂੰ ਜੇਲ੍ਹ ਦੇ ਅਫ਼ਸਰਾਂ ਦੇ ਆਉਣ ’ਤੇ ਉਨ੍ਹਾਂ ਨੂੰ ਇੱਜ਼ਤ-ਮਾਣ ਦੇਣ ਲਈ ਖੜ੍ਹਾ ਹੋਣਾ ਪੈਂਦਾ ਸੀ ਪਰ ਉਹ ਕਹਿੰਦੇ ਸਨ ਕਿ ‘‘ਜਦੋਂ ਮੈਂ ਅੰਗਰੇਜ਼ੀ ਸਰਕਾਰ ਨੂੰ ਮੰਨਦਾ ਹੀ ਨਹੀਂ ਤਾਂ ਉਸ ਦੇ ਕਾਨੂੰਨ ਨੂੰ ਕਿਉਂ ਮੰਨਾਂ?’’। ਗਵਰਨਰ ਨੇ ਕਿਹਾ, ‘‘ਜੇ ਤੁਸੀਂ ਮੁਆਫ਼ੀ ਮੰਗ ਲਓ ਤਾਂ ਮੈਂ ਤੁਹਾਡੀ ਫਾਂਸੀ ਦੀ ਸਜ਼ਾ ਰੱਦ ਕਰ ਸਕਦਾ ਹਾਂ।’’ ਇਸ ’ਤੇ ਪੰਡਤ ਜੀ ਨੇ ਜਵਾਬ ਦਿੱਤਾ, ‘‘ਮੁਆਫ਼ੀ ਤੁਸੀਂ ਮੰਗੋ, ਮੈਂ ਕਿਉਂ ਮੰਗਾਂ?’’ਗਵਰਨਰ ਨਿਰਾਸ਼ ਹੋ ਕੇ ਚਲਾ ਗਿਆ।

ਅੰਤਿਮ ਸਮਾਂ ਅਤੇ ਵਿਚਾਰਸੋਧੋ

10 ਫਰਵਰੀ 1916 ਦੀ ਸਵੇਰ ਨੂੰ ਛੇ ਵਜੇ ਫਾਂਸੀ ਦੇ ਦਿੱਤੀ ਗਈ।

ਹਵਾਲੇਸੋਧੋ

  1. ਮਲਵਿੰਦਰ ਜੀਤ ਸਿੰਘ ਵੜੈਚ (ਪ੍ਰੋ.) (09 ਫ਼ਰਵਰੀ 2016). "ਸੋਹਨ ਲਾਲ ਪਾਠਕ". ਪੰਜਾਬੀ ਟ੍ਰਿਬਿਊਨ. Retrieved 17 ਫ਼ਰਵਰੀ 2016.  Check date values in: |access-date=, |date= (help)