ਸ੍ਰੀ ਗੁਰੂ ਅੰਗਦ ਦੇਵ ਜੀ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼

ਖਡੂਰ ਸਾਹਿਬ ਵਿਖੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦਾ ਲਗਭਗ 13 ਸਾਲ ਦਾ ਅਰਸਾ ਬਤੀਤ ਕਰਦਿਆਂ ਮਹਾਨ ਬਖ਼ਸ਼ਿਸ਼ਾਂ ਕੀਤੀਆਂ। 18 ਅਪ੍ਰੈਲ 2004 ਨੂੰ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਗੁਰਪੁਰਬ ਸੰਸਾਰ ਪੱਧਰ ਤੇ ਮਨਾਇਆ ਗਿਆ। ਸ਼ਤਾਬਦੀ ਸਮਾਗਮਾ ਦੌਰਾਨ ਅਧਿਆਤਮਕ ਵਿੱਦਿਅਕ, ਖੇਡਾਂ ਅਤੇ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ। ਯੋਜਨਾਵਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਹੇਠ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ, ਖਡੂਰ ਸਾਹਿਬ ਦੀ ਸਥਾਪਨਾ ਕੀਤੀ। ਬਣਾਏ ਗਏ ਇਸ ਟਰੱਸਟ ਵਿੱਚ ਸ੍ਰ. ਅਵਤਾਰ ਸਿੰਘ ਜੀ ‘ਬਾਜਵਾ’ ਸਕੱਤਰ ਦੀ ਭੂਮਿਕਾ ਨਿਭਾ ਰਹੇ ਹਨ। ਇਸ ਅੱਠ ਮੰਜ਼ਿਲਾ ਪੰਜ-ਭੁਜ ਅਕਾਰ ਵਾਲੀ ਇਸ ਆਲੀਸ਼ਾਨ ਇਮਾਰਤ ਵਿੱਚ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਚਲ ਰਹੀ ਵਿੱਦਿਅਕ ਸੰਸਥਾ ਨਿਸ਼ਾਨ-ਏ-ਸਿੱਖੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਗੁਰਮਤਿ ਅਧਿਐਨ, ਸਿੱਖੀ ਦੇ ਪ੍ਰਚਾਰ, ਪਾਸਾਰ ਅਤੇ ਅਕਾਦਮਿਕ ਖੋਜ ਖੇਤਰ ਵਿੱਚ ਆਪਣੀ ਮਾਣਮੱਤੀ ਪਛਾਣ ਬਣਾ ਚੁੱਕੀ ਹੈ। ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਨਾਮਣਾ ਖੱਟ ਚੁੱਕੇ ਹਨ ਅਤੇ ਅੱਜ ਵੀ ਕਾਰਜਸ਼ੀਲ ਹਨ।

ਇਹ ਸੰਸਥਾ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਅਤੇ ਕਾਰ ਸੇਵਾ, ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਦੇ ਸੁਪਨੇ ਦਾ ਸਾਕਾਰ ਰੂਪ ਹੈ। ਉਨਾਂ੍ਹ ਦੀ ਵੱਡੀ ਸੋਚ ਹੈ ਕਿ ਸਿੱਖ ਪ੍ਰਚਾਰਕ ਵੱਡੇ ਵਿਦਵਾਨ ਹੋਣ ਦੇ ਨਾਲ-ਨਾਲ ਸੁਚੱਜੀ ਗੁਰਮਤਿ ਰਹਿਣੀ ਅਤੇ ਆਤਮਿਕ ਅਨੁਭਵ ਵਾਲੇ ਵਿਅਕਤੀ ਹੋਣ। ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਵਿੱਚ ਵਿਦਿਆਰਥੀਆਂ ਦੀ ਨਿੱਤ ਦੀ ਕਰਮ ਕਿਰਿਆ/ ਸਿਲੇਬਸ ਅਜਿਹਾ ਨਿਰਧਾਰਤ ਕੀਤਾ ਗਿਆ ਹੈ ਤਾਂ ਜੋ ਅਜਿਹੇ ਸੁਮੇਲ ਨੂੰ ਵਿਦਿਆਰਥੀਆਂ ਵਿੱਚ ਮੂਰਤੀਮਾਨ ਕੀਤਾ ਜਾ ਸਕੇ। ਇਹ ਸੰਸਥਾ ਅੰਮ੍ਰਿਤ ਵੇਲੇ ਤੋਂ ਕਿਰਿਆਸ਼ੀਲ ਹੋ ਕੇ ਰਹਰਾਸਿ ਸਾਹਿਬ/ਸੋਹਿਲਾ ਸਾਹਿਬ ਦੇ ਪਾਠ ਦੀ ਸਮਾਪਤੀ ਨਾਲ ਸੰਪੂਰਨ ਹੁੰਦੀ ਹੈ। ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਖਡੂਰ ਸਾਹਿਬ ਵਿੱਚ ਵਿਦਿਆਰਥੀਆਂ ਨੂੰ ਸੇਵਾ ਅਤੇ ਸਿਮਰਨ ਦੇ ਨਾਲ-ਨਾਲ ਜਪੁ, ਤਪੁ, ਸੰਜਮ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਵੀ ਜੋੜਿਆ ਜਾਂਦਾ ਹੈ। ਖਡੂਰ ਸਾਹਿਬ ਵਿੱਚ ਅੱਠ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੋਣ ਦੇ ਨਾਲ ਨਾਲ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਸੰਤ ਬਾਬਾ ਗੁਰਮੁੱਖ ਸਿੰਘ ਜੀ, ਸੰਤ ਬਾਬਾ ਸਾਧੂ ਸਿੰਘ ਜੀ, ਸੰਤ ਬਾਬਾ ਝੰਡਾ ਸਿੰਘ ਜੀ, ਸੰਤ ਬਾਬਾ ਉੱਤਮ ਸਿੰਘ ਜੀ ਵਰਗੇ ਜਪੀਆਂ, ਤਪੀਆਂ ਦੀ  ਪਾਵਨ ਛੋਹ ਪ੍ਰਾਪਤ ਹੈ। ਸਾਰੇ ਸੰਸਾਰ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪਵਿੱਤਰ ਨਗਰੀ, ਖਡੂਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਖਡੂਰ ਸਾਹਿਬ ਬਾਰੇ ਵਿਸ਼ੇਸ਼ ਜ਼ਿਕਰ ਆਇਆ ਹੈ।     

          ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥

                          ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ॥

                                                ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 967

ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿੱਪੀ ਦੀ ਸੁਧਾਈ ਕਰਕੇ ਮੌਜੂਦਾ ਪੈਂਤੀ ਅੱਖਰੀ ਰੂਪ ਦਿੱਤਾ। ਇਥੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦਾ ਪਹਿਲਾ ਬਾਲ ਬੋਧ ਤਿਆਰ ਕਰਵਾਇਆ। ਗੁਰਮੁਖੀ ਲਿੱਪੀ ਦੇ ਪ੍ਰਚਾਰ ਅਤੇ ਪਾਸਾਰ ਲਈ ਗੁਰਮੁਖੀ ਦੀ ਪਹਿਲੀ ਪਾਠਸ਼ਾਲਾ ਸਥਾਪਿਤ ਕੀਤੀ। ਇਸ ਲਈ ਗੁਰੂ ਅੰਗਦ ਦੇਵ ਜੀ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਕਾਰ ਸੇਵਾ, ਖਡੂਰ ਸਾਹਿਬ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਦੀ ਸਥਾਪਨਾ ਕੀਤੀ ਗਈ ਹੈ। ਇਸ ਸੰਸਥਾ ਨੂੰ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਸੂਝਵਾਨ ਵਿਦਵਾਨ ਅਤੇ ਪੰਥ ਪ੍ਰਸਿੱਧ ਸਖਸ਼ੀਅਤਾਂ ਦੀ ਕਮੇਟੀ ਗਠਿਤ ਕੀਤੀ ਗਈ ਹੈ। ਸੰਗਠਿਤ ਕੀਤੀ ਗਈ ਸਿੱਖ ਸਟੱਡੀ ਬੋਰਡ ਦੇ ਮੈਂਬਰ ਜੋ ਨਿਰੰਤਰ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਵਿੱਚ ਬਾਬਾ ਸੇਵਾ ਸਿੰਘ ਜੀ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ (ਸਾਬਕਾ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ), ਪ੍ਰੋ. ਬਲਵੰਤ ਸਿੰਘ ਜੀ ਢਿੱਲੋਂ (ਫਾਊਂਡਰ ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਅੰਮ੍ਰਿਤਸਰ), ਪ੍ਰਿੰਸੀਪਲ ਬ੍ਰਿਜਪਾਲ ਸਿੰਘ (ਅੰਮ੍ਰਿਤਸਰ), ਡਾ. ਇੰਦਰਜੀਤ ਸਿੰਘ ਗੋਗੋਆਣੀ (ਖਾਲਸਾ ਕਾਲਜ, ਅੰਮ੍ਰਿਤਸਰ), ਡਾ. ਅਮਰਜੀਤ ਸਿੰਘ (ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਅੰਮ੍ਰਿਤਸਰ), ਭਾਈ ਵਰਿਆਮ ਸਿੰਘ (ਸਾਬਕਾ ਸਕੱਤਰ, ਧਰਮ ਪ੍ਰਚਾਰ ਕਮੇਟੀ, ਅੰਮ੍ਰਿਤਸਰ) ਆਦਿ ਹਨ। ਪੰਜ ਸਾਲਾ ਪੋਸਟ ਗ੍ਰੈਜੂਏਟ ਗੁਰਮਤਿ ਡਿਪਲੋਮਾ ਦੇ ਨਾਲ ਬੀ.ਏ. ਅਤੇ ਐੱਮ.ਏ. ਦੀ ਅਕਾਦਮਿਕ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਬਿਨ੍ਹਾਂ ਕਿਸੇ ਖਰਚੇ ਦੇ ਕਰਵਾਈ ਜਾਂਦੀ ਹੈ। ਇਸ ਦਾ ਮਕਸਦ ਗੁਰਮਤਿ ਦਾ ਵਿਦਵਾਨ, ਪ੍ਰਚਾਰਕ, ਵਿਆਖਿਆਕਾਰ, ਰਾਗੀ ਅਤੇ ਉਚੇਰੀ ਸ਼ਖ਼ਸੀਅਤ ਪੈਂਦਾ ਕਰਨਾ ਹੈ।ਵਿਦਿਆਰਥੀਆਂ ਦੀ ਪੜ੍ਹਾਈ, ਰਿਹਾਇਸ਼ ਅਤੇ ਖਾਣੇ ਦਾ ਸਮੁੱਚਾ ਪ੍ਰਬੰਧ ਸੰਸਥਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਚੋਣਵੀਆਂ ਬਾਣੀਆਂ ਦੇ ਨਾਲ-ਨਾਲ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀਆਂ ਚੋਣਵੀਆਂ ਰਚਨਾਵਾਂ ਦਾ ਅਧਿਐਨ ਵੀ ਕਰਵਾਇਆ ਜਾਂਦਾ ਹੈ। ਧਰਮ ਅਧਿਐਨ, ਧਰਮ-ਦਰਸ਼ਨ ਅਤੇ ਗੁਰਮਤਿ ਦਰਸ਼ਨ, ਸਿੱਖ ਫਲਸਫੇ, ਸੰਸਾਰ ਦੇ ਮੁੱਖ ਧਰਮਾਂ ਦਾ ਅਧਿਐਨ, ਅੰਗਰੇਜ਼ੀ ਬੋਲਣ ਅਤੇ ਕੰਪਿਊਟਰ ਦੀ ਸਿਖਲਾਈ ਆਦਿ ਦਾ ਅਧਿਐਨ ਵੀ ਕਰਵਾਇਆ ਜਾਂਦਾ ਹੈ। ਵਿਦਿਆਰਥੀਆਂ ਨੂੰ ਲੜੀਵਾਰ ਸਰੂਪ ਤੋਂ ਗੁਰਬਾਣੀ ਦੀ ਸੰਥਿਆ ਵਿਆਕਰਣ ਦੇ ਮਾਹਿਰਾਂ ਗਿਆਨੀ ਭਰਪੂਰ ਸਿੰਘ ਜੀ ਦੁਆਰਾ ਕਰਵਾਈ ਜਾਂਦੀ ਹੈ।ਗੁਰਮਤਿ ਪ੍ਰੰਪਰਾ ਅਨੁਸਾਰ ਕਥਾ/ਲੈਕਚਰ ਅਤੇ ਗੁਰਮਤਿ ਸੰਗੀਤ ਸਿਖਾਇਆ ਜਾਂਦਾ ਹੈ। 2009 ਤੋਂ ਹੁਣ ਤੱਕ ਅਨੇਕਾਂ ਵਿਦਿਆਰਥੀ ਇਸ ਸੰਸਥਾ ਰਾਹੀਂ ਪੰਜ ਸਾਲਾ ਪੋਸਟ ਗ੍ਰੈਜੂਏਟ ਗੁਰਮਤਿ ਡਿਪਲੋਮਾ ਦੇ ਨਾਲ ਨਾਲ ਬੀ.ਏ. ਅਤੇ ਐੱਮ.ਏ. ਦੀ ਡਿਗਰੀ ਪ੍ਰਾਪਤ ਕਰ ਚੁੱਕੇ ਹਨ। ਬਹੁਤ ਸਾਰੇ ਵਿਦਿਆਰਥੀ ਐੱਮ. ਫਿੱਲ. ਕਰ ਚੁੱਕੇ ਹਨ, ਕੁਝ ਵਿਦਿਆਰਥੀ ਯੂਨੀਵਰਸਿਟੀ ਗਰਾਂਟ ਕਮੀਸ਼ਨ ਵਲੋਂ ਵਜੀਫਾ ਪ੍ਰਾਪਤ ਕਰ ਕੇ ਅਤੇ ਂਓਠ ਦਾ ਇਮਤਿਹਾਨ ਪਾਸ ਕਰਨ ਉਪਰੰਤ ਐੱਮ. ਫਿੱਲ. ਅਤੇ ਪੀਐੱਚ. ਡੀ. ਕਰ ਰਹੇ ਹਨ। ਕੁਝ ਵਿਦਿਆਰਥੀ ਦੇਸ਼ ਅਤੇ ਵਿਦੇਸ਼ ਵਿੱਚ ਪੰਥ ਪ੍ਰਸਿੱਧ ਸੰਸਥਾਵਾਂ ਵਿੱਚ ਗ੍ਰੰਥੀ ਸਿੰਘ, ਲੈਕਚਰਾਰ ਵਜੋਂ ਅਤੇ ਕੀਰਤਨ ਦੀ ਸੇਵਾ ਨਿਭਾ ਰਹੇ ਹਨ। ਪੰਜਾਬ ਦੇ ਬਹੁਤੇ ਕਾਲਜਾਂ ਵਿੱਚ ਧਰਮ ਅਧਿਐਨ ਵਿਸ਼ਾ ਵੀ ਪੜਾਇਆ ਜਾਂਦਾ ਹੈ। ਸੰਨ 2009 ਤੋਂ ‘ਧਰਮ ਅਧਿਐਨ’ ਵਿਸ਼ੇ ਨੂੰ ਬੀ.ਐੱਡ. ਵਿੱਚ ਮਾਨਤਾ ਵੀ ਦਿੱਤੀ ਜਾ ਚੁੱਕੀ ਹੈ।ਇਸ ਵਿਸ਼ੇ ਵਿੱਚ ਬੀ. ਏ. ਕਰਨ ਵਾਲਾ ਵਿਦਿਆਰਥੀ ਬੀ. ਐੱਡ. ਕਰਨ ਦੇ ਯੋਗ ਮੰਨਿਆ ਜਾਂਦਾ ਹੈ। ਸੰਸਥਾ ਵੱਲੋਂ ਪੰਜ ਸਾਲਾ ਡਿਪਲੋਮੇ ਲਈ ਸਿਲੇਬਸ ਨਿਰਧਾਰਤ ਕੀਤਾ ਗਿਆ ਹੈ। ਦਾਖ਼ਲਾ ਹਰ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦਾ ਹੈ। ਵਿਦਿਆਰਥੀਆਂ ਦੇ ਵਿਅਕਤੀਤਵ ਅਤੇ ਧਾਰਮਿਕ ਪੱਖ ਨੂੰ ਵਿਕਸਤ ਕਰਨ ਲਈ ਬਹੁਤ ਸਾਰੀਆਂ ਸਰਗਰਮੀਆਂ ਕਰਵਾਈਆਂ ਜਾਂਦੀਆਂ ਹਨ। ਸੰਸਥਾ ਵਿੱਚ ਵੱਖ-ਵੱਖ ਵਿਸ਼ਿਆ ਉੱਤੇ ਟਾਇਮ ਟੇਬਲ ਅਨੁਸਾਰ ਪੀਰੀਅਡ ਦੌਰਾਨ ਚਰਚਾ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚਾ ਚੁੱਕਿਆ ਜਾ ਸਕੇ। ਸਿਲੇਬਸ ਅਤੇ ਹੋਰ ਸੰਬੰਧਿਤ ਵਿਸ਼ਿਆਂ ਤੇ ਸਤਿਕਾਰਤ ਵਿਦਵਾਨਾਂ ਦੇ ਐਕਸਟੈਂਸ਼ਨ ਲੈਕਚਰ ਵੀ ਕਰਵਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਸੰਸਥਾਵਾਂ ਵਿੱਚ ਧਾਰਮਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਤਿਆਰ ਕਰਕੇ ਵੀ ਭੇਜਿਆ ਜਾਂਦਾ ਹੈ। ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਖਡੂਰ ਸਾਹਿਬ ਧਾਰਮਿਕ ਵਿੱਦਿਅਕ ਸੰਸਥਾਵਾਂ ਵਿੱਚ ਮੋਹਰੀ ਸਥਾਨ’ਤੇ ਆਉਣ ਵਾਲੀਆਂ ਸੰਸਥਾਵਾਂ ਵਿੱਚ ਸ਼ੁਮਾਰ ਹੈ। ਇਥੇ ਵਿਦਿਆਰਥੀਆਂ ਨੂੰ ਧਾਰਮਿਕ ਸਿੱਖਿਆ ਦੇ ਨਾਲ-ਨਾਲ ਅਜਿਹੀ ਸਿੱਖਿਆ ਵੀ ਪ੍ਰਦਾਨ ਕੀਤੀ ਜਾਂਦੀ ਹੈ ਜੋ ਉਨ੍ਹਾਂ ਦੀ ਸਰਬਪੱਖੀ ਸਖਸ਼ੀਅਤ ਦੀ ਉਸਾਰੀ ਲਈ ਬਹੁਮੁੱਲਾ ਯੋਗਦਾਨ ਦਿੰਦੀ ਹੈ। ਇਹ ਸੰਸਥਾ ਵਿਦਿਆਰਥੀਆਂ ਦੇ ਸਿਰਜਨਾਤਮਕ ਤੇ ਅਕਾਦਮਿਕ ਹੁਨਰ ਨੂੰ ਤਲਾਸ਼ਣ ਤੇ ਤਰਾਸ਼ਣ ਦੇ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ। ਸੰਸਥਾ ਗਿਆਨ ਦੇ ਨਵੇਂ ਪਰਪੇਖਾਂ ਨੂੰ ਉਭਾਰਨ ਲਈ ਧਾਰਮਿਕ ਕੋਰਸ ਕਰਵਾ ਰਹੀ ਹੈ ਜੋ ਵਿਦਿਆਰਥੀਆਂ ਦੇ ਅੰਦਰ ਅਕਾਦਮਿਕ ਹੀ ਨਹੀਂ ਸਗੋਂ ਨੈਤਿਕ, ਸੱਭਿਆਚਾਰਕ, ਸਦਾਚਾਰ ਕਦਰਾਂ-ਕੀਮਤਾਂ ਵੀ ਭਰਦੀ ਹੈ। ਕਾਰ ਸੇਵਾ ਖਡੂਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਧਾਰਮਿਕ ਸੰਸਥਾ ਦਾ ਵਿਕਾਸ ਦਿਨੋ-ਦਿਨ ਸਿਖਰਾਂ ਨੂੰ ਛੂਹ ਰਿਹਾ ਹੈ। ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਖਡੂਰ ਸਾਹਿਬ ਦੀ ਪਾਵਨ ਪਵਿੱਤਰ ਸ਼ਾਂਤਮਈ ਧਰਤੀ ਤੇ ਰਮਣੀਕ ਚੌਗਿਰਦੇ ਵਿੱਚ ਬਣਿਆ ਹੋਇਆ ਹੈ। ਇਸ ਸਮੇਂ ਸੰਸਥਾ ਵਿੱਚ ਬਹੁਤ ਸਾਰੇ ਵਿਦਿਆਰਥੀ ਧਾਰਮਿਕ ਵਿੱਦਿਆ ਪ੍ਰਾਪਤ ਕਰ ਰਹੇ ਹਨ। ਵਿਦਿਆਰਥੀਆਂ ਦੀ ਰਹਿਨੁਮਾਈ ਲਈ ਮਿਹਨਤੀ ਅਤੇ ਸਿਰੜੀ ਸਟਾਫ਼ ਮੈਂਬਰਾਂ ਦੀ ਟੀਮ ਕਾਰਜਸ਼ੀਲ ਹੈ। ਸੰਸਥਾ ਦੀਆਂ ਆਪਣੀਆਂ ਅਤਿ ਆਧੁਨਿਕ ਸਹੂਲਤਾਂ ਜਿਵੇਂ, ਏਅਰ-ਕੰਡੀਸ਼ਨਰ ਲਾਇਬ੍ਰੇਰੀ, ਏਅਰ-ਕੰਡੀਸ਼ਨਰ ਕਲਾਸ ਰੂਮ, ਏਅਰ-ਕੰਡੀਸ਼ਨਰ ਕੰਪਿਊਟਰ ਲੈਬ ਅਤੇ ਵਾਈ-ਫਾਈ ਦੀ ਸੁਵਿਧਾ ਕਰਕੇ ਆਪਣੀ ਵਿਸ਼ੇਸ਼ ਪਹਿਚਾਣ ਰੱਖਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ‘ਗੁਰ ਕੀ ਸੇਵਾ ਸਬਦੁ ਵੀਚਾਰੁ’ ਨੂੰ ਮੁੱਖ ਰੱਖਦਿਆਂ ਇਸ ਸੰਸਥਾ ਦੀ ਸਥਾਪਨਾ ਕੀਤੀ ਗਈ। ਧਾਰਮਿਕ ਸੰਸਥਾ ਦੇ ਪ੍ਰਿੰਸੀਪਲ ਭਾਈ ਵਰਿਆਮ ਸਿੰਘ ਜੀ ਹਨ ਜੋ ਧਰਮ ਪ੍ਰਚਾਰ ਕਮੇਟੀ, ਅੰਮ੍ਰਿਤਸਰ ਦੇ ਸਾਬਕਾ ਸਕੱਤਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਸੰਸਥਾ ਦਾ ਮਨੋਰਥ ਸ਼ਰਧਾ ਭਾਵਨਾ ਵਾਲੇ ਉੱਚ ਕੋਟੀ ਦੇ ਪ੍ਰਚਾਰਕ, ਗ੍ਰੰਥੀ ਸਿੰਘ, ਵਿਦਵਾਨ, ਖੋਜਕਾਰ ਅਤੇ ਅਧਿਆਪਕ ਆਦਿ ਤਿਆਰ ਕਰਨਾ ਹੈ। ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਖਡੂਰ ਸਾਹਿਬ ਵਿੱਚ ਵਿਦਿਆਰਥੀਆਂ ਨੂੰ ਬਿਲਕੁਲ ਮੁਫ਼ਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਹ ਅਧਿਅਤਮਿਕ ਵਿੱਦਿਆ ਦਾ ਚਾਨਣ ਮੁਨਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਹੇਠ ਚੱਲ ਰਿਹਾ ਹੈ।[1]

  1. Kar Sewa khadur Sahib