ਸੰਦੂਖ
ਲੱਕੜ ਦੀ ਬਣੀ ਹੋਈ ਚੋ-ਨੁਕਰੀ ਪੇਟੀ ਨੂੰ, ਜਿਸ ਵਿਚ ਲੜਕੀਆਂ ਆਮ ਤੌਰ ’ਤੇ ਆਪਣੇ ਵਿਆਹ ਦਾ ਦਾਜ ਪਾ ਕੇ, ਫਿਰ ਉਸ ਨੂੰ ਬੰਦ ਕਰ ਕੇ, ਜਿੰਦਾ ਲਾ ਕੇ ਆਪਣੇ ਸਹੁਰੇ ਘਰ ਲੈ ਕੇ ਜਾਂਦੀਆਂ ਸਨ, ਸੰਦੂਖ ਕਹਿੰਦੇ ਸਨ/ਹਨ। ਕਈ ਪਰਿਵਾਰ ਆਪਣੇ ਘਰ ਦੀਆਂ ਰਜਾਈਆਂ, ਗਦੈਲੇ, ਦਰੀਆਂ, ਖੇਸ ਆਦਿ ਅਤੇ ਹੋਰ ਕੱਪੜੇ ਰੱਖਣ ਲਈ ਵੀ ਸੰਦੂਖ ਘਰ ਰੱਖਦੇ ਹੁੰਦੇ ਸਨ। ਸੰਦੂਖ ਕਈ ਡਿਜ਼ਾਈਨਾਂ ਵਿਚ ਅਤੇ ਛੋਟੇ ਵੱਡੇ ਸਾਈਜ਼ਾਂ ਵਿਚ ਬਣਦੇ ਹੁੰਦੇ ਸਨ। ਕਈ ਸੰਦੂਖ ਛੱਜੇ ਵਾਲੇ ਹੁੰਦੇ ਸਨ। ਕਈ ਸੰਦੂਖ ਰੋਡੇ ਹੁੰਦੇ ਸਨ।
ਸੰਦੂਖ ਆਮ ਤੌਰ 'ਤੇ ਟਾਹਲੀ ਤੇ ਨਿੰਮ ਦੀ ਲੱਕੜ ਦੇ ਬਣਾਏ ਜਾਂਦੇ ਸਨ। ਸੰਦੂਖ ਦੀ ਉਚਾਈ ਪਾਵਿਆਂ ਸਮੇਤ 6 ਕੁ ਫੁੱਟ ਤੱਕ ਹੁੰਦੀ ਸੀ। ਲੰਬਾਈ 5/6 ਕੁ ਫੁੱਟ ਤੇ ਚੌੜਾਈ 3/4 ਕੁ ਫੁੱਟ ਹੁੰਦੀ ਸੀ। ਕਈ ਸੰਦੂਖਾਂ ਦੇ ਅਗਲੇ ਹਿੱਸੇ ਉੱਪਰ ਛੱਜਾ ਲੱਗਿਆ ਹੁੰਦਾ ਸੀ। ਸੰਦੂਖ ਦੇ ਸਾਹਮਣੇ ਵਾਲੇ ਹਿੱਸੇ ਵਿਚ 7/8 ਕੁ ਇੰਚ ਦੇ ਪਤਾਮਾ ਵਾਲੇ ਡੱਬੇ ਬਣੇ ਹੁੰਦੇ ਸਨ। ਇਨ੍ਹਾਂ ਡੱਬਿਆਂ ਨੂੰ ਮਜ਼ਬੂਤੀ ਦੇਣ ਲਈ ਇਨ੍ਹਾਂ ਉਪਰ ਪੱਤੀਆਂ ਵੀ ਲੱਗੀਆਂ ਹੁੰਦੀਆਂ ਸਨ। ਕਈ ਸੰਦੂਖਾਂ ਉਪਰ ਜਿਥੇ ਪੱਤੀਆਂ ਦਾ ਕਰਾਸ ਬਣਦਾ ਸੀ, ਉਥੇ ਪਿੱਤਲ ਦੇ ਕੋਕੇ ਵੀ ਲਾਏ ਹੁੰਦੇ ਸਨ। ਕਈ ਸੰਦੂਖ ਦੋ ਛੱਤੇ ਵੀ ਹੁੰਦੇ ਸਨ। ਦੋ ਛੱਤੇ ਬਣਾਉਣ ਲਈ ਸੰਦੂਖ ਦੇ ਅੰਦਰ ਫੱਟੇ ਰੱਖਣ ਲਈ ਜਗ੍ਹਾ ਬਣਾਈ ਹੁੰਦੀ ਸੀ। ਪਹਿਲਾਂ ਸੰਦੂਖ ਦੇ ਹੇਠਲੇ ਹਿੱਸੇ ਵਿਚ ਭਾਰੇ ਵਸਤਰ ਜਿਵੇਂ ਰਜਾਈਆਂ, ਗਦੈਲੇ, ਦਰੀਆਂ ਆਦਿ ਰੱਖੀਆਂ ਜਾਂਦੀਆਂ ਸਨ। ਫੇਰ ਫੱਟੇ ਰੱਖ ਦਿੱਤੇ ਜਾਂਦੇ ਸਨ। ਇਨ੍ਹਾਂ ਫੱਟਿਆਂ ਉਪਰ ਫੇਰ ਆਮ ਵਰਤੋਂ ਵਾਲੇ ਕੱਪੜੇ ਅਤੇ ਹੋਰ ਸਮਾਨ ਰੱਖਿਆ ਜਾਂਦਾ ਸੀ। ਸੰਦੂਖ ਦੇ ਅੰਦਰ ਸਾਹਮਣੇ ਕਰ ਕੇ ਇਕ ਟਾਂਡ ਵੀ ਬਣਾਈ ਹੁੰਦੀ ਸੀ ਜਿਥੇ ਨਿੱਤ ਵਰਤੋਂ ਦਾ ਨਿੱਕਾ ਮੋਟਾ ਸਾਮਾਨ ਰੱਖਿਆ ਹੁੰਦਾ ਸੀ। ਕਈ ਸੰਦੂਖਾਂ ਦੇ ਹੇਠਲੇ ਹਿੱਸੇ ਵਿਚ ਗਹਿਣੇ ਰੱਖਣ ਲਈ ਇਕ ਚੋਰ-ਖਾਨਾ ਵੀ ਬਣਾਇਆ ਹੁੰਦਾ ਸੀ। ਸੰਦੂਖ ਅੰਦਰ ਸਾਮਾਨ ਰੱਖਣ ਲਈ ਇਕ ਛੋਟੀ ਜਿਹੀ ਦਰਵਾਜ਼ੀ ਬਣਾਈ ਹੁੰਦੀ ਸੀ। ਸੰਦੂਖ ਨੂੰ ਕਈ ਰੰਗਾ ਦਾ ਰੰਗ ਕੀਤਾ ਹੁੰਦਾ ਸੀ। ਕਈ ਸੰਦੂਖ ਦੇ ਛੱਜਿਆਂ ਵਿਚ ਰੰਗ-ਬਰੰਗੇ ਸ਼ੀਸ਼ੇ ਲੱਗੇ ਹੁੰਦੇ ਸਨ।
ਅੱਜ ਦੀ ਪੀੜ੍ਹੀ ਨੇ ਆਪਣੀਆਂ ਦਾਦੀਆਂ, ਨਾਨੀਆਂ ਦੇ ਵਿਆਹ ਵਿਚ ਮਿਲੇ ਇਹ ਸੰਦੂਖ ਘਰਾਂ ਦੇ ਕਿਸੇ ਖੂੰਜੇ ਵਿਚ ਪਏ ਜ਼ਰੂਰ ਵੇਖੇ ਹੋਣਗੇ ? ਕਿਸੇ ਸਮੇਂ ਸੰਦੂਖ ਨਿੱਤ ਵਰਤੋਂ ਦੀ ਇਕ ਅਹਿਮ ਵਸਤ ਹੁੰਦੀ ਸੀ। ਹੁਣ ਸੰਦੂਖ ਅਲੋਪ ਹੋ ਗਿਆ ਹੈ। ਅਜਾਇਬ ਘਰਾਂ ਵਿਚ ਹੀ ਵੇਖਣ ਨੂੰ ਮਿਲਦਾ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.