ਸੰਧਾਰਾ
ਸਹੁਰਿਆਂ ਜਾਂ ਪੇਕਿਆਂ ਵੱਲੋਂ ਇਸਤਰੀਆਂ ਨੂੰ ਤਿਉਹਾਰਾਂ ਸਮੇਂ ਜੋ ਕਪੜੇ, ਗਹਿਣੇ, ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਘਰ ਵਰਤੋਂ ਵਾਲੀਆਂ ਵਸਤਾਂ ਆਦਿ ਸੁਗਾਤਾਂ ਭੇਜੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਸੰਧਾਰਾ ਕਿਹਾ ਜਾਂਦਾ ਹੈ। ਸਾਡਾ ਪੁਰਸ਼ ਪ੍ਰਧਾਨ ਸਮਾਜ ਹੈ। ਤਿਉਹਾਰਾਂ ਸਮੇਂ ਬਹੁਤੇ ਸੰਧਾਰੇ ਲੜਕੀਆਂ ਦੇ ਮਾਂ- ਬਾਪ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦੇ ਸਹੁਰਿਆਂ ਦੇ ਪਰਿਵਾਰਾਂ ਨੂੰ, ਉਨ੍ਹਾਂ ਦੇ ਜੁਆਈਆਂ ਨੂੰ ਭੇਜੇ ਜਾਂਦੇ ਹਨ। ਸਾਡੇ ਸਮਾਜ ਦੀ ਜਾਤੀ ਵੰਡ ਸਮੇਂ ਵਿੱਦਿਆ ਪੜ੍ਹਣਾ ਤੇ ਪੜ੍ਹਾਉਣਾ ਬ੍ਰਾਹਮਣਾਂ ਦਾ ਏਕਾਧਿਕਾਰ ਰਿਹਾ ਹੈ। ਬ੍ਰਾਹਮਣਾਂ ਨੇ ਆਪਣੇ ਏਸ ਅਧਿਕਾਰ ਦੀ ਵਰਤੋਂ ਕਰਦਿਆਂ ਸਾਡੇ ਸਮਾਜ ਵਿਚ ਬਹੁਤ ਸਾਰੇ ਵਰਤ, ਵਹਿਮ, ਭਰਮ, ਤਿਉਹਾਰ ਬਣਾਏ ਹੋਏ ਹਨ। ਇਨ੍ਹਾਂ ਬਹੁਤੇ ਤਿਉਹਾਰਾਂ ਵਿਚ ਬ੍ਰਾਹਮਣਾਂ ਨੂੰ ਹੀ ਰੁਪੈ, ਕੱਪੜੇ ਅਤੇ ਜਿਨਸ ਦੇ ਰੂਪ ਵਿਚ ਕੁਝ ਨਾ ਕੁਝ ਮਿਲਦਾ ਹੀ ਰਹਿੰਦਾ ਹੈ।
ਪਰ ਹੁਣ ਲੋਕ ਪੜ੍ਹ ਲਿਖ ਗਏ ਹਨ। ਤਰਕਸ਼ੀਲ ਹੋ ਗਏ ਹਨ। ਹੁਣ ਬਹੁਤ ਸਾਰੇ ਫਜ਼ੂਲ ਜਿਹੇ ਵਰਤ, ਤਿਉਹਾਰ ਮਨਾਉਣੋਂ ਲੋਕ ਹੱਟ ਗਏ ਹਨ।ਏਸ ਦੇ ਨਾਲ ਸੰਧਾਰੇ ਦੇਣੇ ਵੀ ਘੱਟ ਹੋ ਗਏ ਹਨ।[1]
ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਅਜਿਹੇ ‘ਚ ਔਰਤਾਂ ਦੇ ਤਿਉਹਾਰ ਸੰਧਾਰੇ ਦੀ ਗੱਲ ਨਾਂ ਕੀਤੀ ਜਾਵੇ ਤਾਂ ਅਜਿਹਾ ਕਿਵੇਂ ਹੋ ਸਕਦਾ ਹੈ । ਅੱਜ ਕੱਲ੍ਹ ਇਨ੍ਹਾਂ ਰਹੁ ਰੀਤਾਂ ਨੂੰ ਨਵੀਂ ਪੀੜ੍ਹੀ ਵਿਸਾਰਦੀ ਜਾ ਰਹੀ ਹੈ ।ਪਰ ਹਾਲੇ ਵੀ ਕਈ ਲੋਕਾਂ ਵੱਲੋਂ ਇਹ ਰਸਮਾਂ ਨਿਭਾਈਆਂ ਜਾ ਰਹੀਆਂ ਹਨ ।‘ਸੰਧਾਰਾ’ ਜਿਸ ਨੂੰ ਕਿ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ । ਸਾਉਣ ਮਹੀਨੇ ‘ਚ ਧੀਆਂ ਨੂੰ ਇਹ ਦਿੱਤਾ ਜਾਂਦਾ ਹੈ ।ਇਸ ਤਿਉਹਾਰ ਦੇ ਮੌਕੇ ‘ਤੇ ਨਵੀਆਂ ਵਿਆਂਦੜ ਕੁੜੀਆਂ ਆਪਣੇ ਪੇਕੇ ਆਉਂਦੀਆਂ ਨੇ ਅਤੇ ਕਈ-ਕਈ ਦਿਨ ਪੇਕੇ ਘਰ ਰਹਿੰਦੀਆਂ ਨੇ ।
ਤੀਆਂ ਦਾ ਤਿਉਹਾਰ ਮਨਾਉਣ ਮਗਰੋਂ ਜਦੋਂ ਉਹ ਘਰੋਂ ਆਪਣੇ ਸਹੁਰੇ ਘਰ ਜਾਂਦੀਆਂ ਨੇ ਤਾਂ ਉਨ੍ਹਾਂ ਨੂੰ ਸੰਧਾਰਾ ਦਿੱਤਾ ਜਾਂਦਾ ਹੈ ।ਇਸ ‘ਚ ਮਹਿੰਦੀ,ਕੱਪੜੇ ਲੱਤੇ,ਚੂੜੀਆਂ ਅਤੇ ਖਾਣ ਲਈ ਸਮਾਨ ਦਿੱਤਾ ਜਾਂਦਾ ਹੈ ਅਤੇ ਕੋਈ-ਕੋਈ ਪੁੱਗਦਾ ਪਰਿਵਾਰ ਗਹਿਣਾ ਗੱਟਾ ਵੀ ਤੁਰਨ ਲੱਗਿਆਂ ਆਪਣੀ ਧੀ ਨੂੰ ਦਿੰਦਾ ਹੈ ਅਤੇ ਜੋ ਧੀਆਂ ਆਪਣੇ ਪੇਕੇ ਨਹੀਂ ਆਉਂਦੀਆਂ ਉਨ੍ਹਾਂ ਨੂੰ ਪੇਕਿਆਂ ਵੱਲੋਂ ਸੰਧਾਰਾ ਦਿੱਤਾ ਜਾਂਦਾ ਹੈ ।ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ ।
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.