ਹਰਚੰਦ ਸਿੰਘ ਲੌਂਗੋਵਾਲ
'ਸੰਤ ਹਰਚੰਦ ਸਿੰਘ ਲੌਂਗੋਵਾਲ'(2 ਜਨਵਰੀ 1932-20 ਅਗਸਤ 1985) ਦਾ ਜਨਮ ਪਿੰਡ ਗਿਦੜਿਆਣੀ, ਰਿਆਸਤ ਪਟਿਆਲਾ (ਹੁਣ ਜ਼ਿਲ੍ਹਾ ਸੰਗਰੂਰ) ਵਿਖੇ ਪਿਤਾ ਮਨਸ਼ਾ ਸਿੰਘ ਘਰ ਮਾਤਾ ਮਾਨ ਕੌਰ ਦੀ ਕੁੱਖੋਂ ਹੋਇਆ ਸੀ। ਪੰਜ ਸਾਲ ਦੀ ਉਮਰ ਵਿੱਚ ਆਪ ਦੇ ਪਿਤਾ ਇਨ੍ਹਾਂ ਨੂੰ ਸੰਤ ਜੋਧ ਸਿੰਘ ਮੋਜੋ ਮੱਤੀ, ਜ਼ਿਲ੍ਹਾ ਬਠਿੰਡਾ ਪਾਸ ਗੁਰਮਤਿ ਵਿਦਿਆਲੇ ਵਿੱਚ ਪੜ੍ਹਨ ਲਈ ਛੱਡ ਆਏ ਸਨ। ਇਨ੍ਹਾਂ ਦੀ ਲਗਨ ਵੇਖ ਕੇ ਸੰਤ ਜੋਧ ਸਿੰਘ ਨੇ ਇਨ੍ਹਾਂ ਵੱਲ ਖ਼ਾਸ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਹਰਚੰਦ ਸਿੰਘ ਨੂੰ ਗੁਰਬਾਣੀ ਦੇ ਸ਼ੁੱਧ ਪਾਠ, ਗੁਰ-ਇਤਿਹਾਸ ਦੀ ਵਿਆਖਿਆ, ਗੁਰਬਾਣੀ ਦੇ ਮਨੋਹਰ ਕੀਰਤਨ ਦੀ ਦਾਤ ਅਤੇ ਜੀਵਨ ਜਾਚ ਵਿੱਚ ਪਰਪੱਕ ਕਰ ਦਿੱਤਾ ਸੀ। ਆਪ ਨੇ 10 ਸਾਲ ਬਾਅਦ ਸੰਤ ਜੋਧ ਸਿੰਘ ਤੋਂ ਪੰਥਕ ਸੇਵਾ ਕਰਨ ਦੀ ਆਗਿਆ ਮੰਗੀ ਤਾਂ ਉਨ੍ਹਾਂ ਬੜੇ ਪਿਆਰ ਨਾਲ ਆਪ ਨੂੰ ਆਪਣਾ ਅਸ਼ੀਰਵਾਦ ਦਿੱਤਾ ਤੇ ਗੁਰਸਿੱਖੀ ਜੀਵਨ ਵਿੱਚ ਪਰਪੱਕ ਰਹਿ ਕੇ ਗੁਰਬਾਣੀ ਕੀਰਤਨ ਰਾਹੀਂ ਪੰਥ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਆਪ ਮਿੱਠ-ਬੋਲੜੇ, ਸ਼ਾਂਤ ਸੁਭਾਅ, ਅਮਨ ਦੇ ਮਸੀਹਾ ਅਤੇ ਪੰਥ ਨੂੰ ਸਮਰਪਿਤ ਸ਼ਖ਼ਸੀਅਤ ਸਨ। ਉਹ ਸਰਗਰਮ ਅਤੇ ਕੁਟਿਲ ਰਾਜਨੀਤੀ ਤੋਂ ਦੂਰ ਰਹਿਣਾ ਚਾਹੁੰਦੇ ਸਨ।
ਹਰਚੰਦ ਸਿੰਘ ਲੌਂਗੋਵਾਲ | |
---|---|
ਕੀਰਤਨੀਏ
ਸੋਧੋਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਮਨੋਹਰ ਕੀਰਤਨ ਦੀਆਂ ਧੁੰਮਾਂ ਨੇੜਲੇ ਪਿੰਡਾਂ ਤੋਂ ਦੂਰ-ਦੂਰ ਤਕ ਪੈ ਗਈਆਂ ਸਨ। ਛੋਟੀ ਉਮਰ ਵਿੱਚ ਹੀ ਸੰਗਤਾਂ ਉਨ੍ਹਾਂ ਨੂੰ ਸੰਤ ਕਹਿਣ ਲੱਗ ਪਈਆਂ ਸਨ। ਕੀਰਤਨ ਦੀ ਕਦਰ ਕਰਨ ਵਾਲੇ ਗੁਰਬਾਣੀ ਦੇ ਵਿਆਖਿਆਕਾਰ ਗਿਆਨੀ ਹਰਨਾਮ ਸਿੰਘ ਹੀਰੋ ਕਲਾਂ ਵਾਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸੰਤ ਬਾਬਾ ਬੱਗਾ ਸਿੰਘ ਤਪੱਸਵੀ ਦੇ ਗੁਰਦੁਆਰਾ ਸਾਹਿਬ ਵਿਖੇ ਸੰਨ 1948 ਵਿੱਚ ਲੈ ਆਏ। ਉਹ ਆਪਣਾ ਜਥਾ ਬਣਾ ਕੇ ਪਿੰਡਾਂ ਵਿੱਚ ਦੂਰ-ਦੂਰ ਤਕ ਕੀਰਤਨ ਕਰਨ ਲਈ ਜਾਂਦੇ ਅਤੇ ਗੁਰਮਤਿ ਦਾ ਪ੍ਰਚਾਰ ਕਰਦੇ। ਉਸ ਸਮੇਂ ਗਿਆਨ ਸਿੰਘ ਰਾੜੇਵਾਲਿਆਂ ਦੀ ਅਗਵਾਈ ਵਿੱਚ ਬਣੀ ਪੈਪਸੂ ਸਰਕਾਰ ਨੂੰ ਕੇਂਦਰ ਵੱਲੋਂ ਤੋੜ ਦਿੱਤਾ ਗਿਆ ਸੀ ਅਤੇ ਮਾਸਟਰ ਤਾਰਾ ਸਿੰਘ ਨੇ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ ਸੀ। ਆਪ ਨੇ ਪਹਿਲੀ ਵਾਰ ਹੀਰੋ ਕਲਾਂ ਤੋਂ ਭਾਰੀ ਜਥਾ ਲੈ ਕੇ ਗ੍ਰਿਫ਼ਤਾਰੀ ਦਿੱਤੀ। ਉਹ ਤਿੰਨ ਮਹੀਨੇ ਫ਼ਰੀਦਕੋਟ ਜੇਲ੍ਹ ਵਿੱਚ ਵੀ ਰਹੇ। ਇਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਮੈਂਬਰਾਂ ਵਿੱਚ ਗਿਣਿਆ ਜਾਣ ਲੱਗ ਪਿਆ ਸੀ। ਉਨ੍ਹਾਂ ਦੇ ਕੀਰਤਨ, ਸੇਵਾ ਭਾਵ ਅਤੇ ਵਡਿਆਈ ਦੇਖ ਕੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਯਾਦ ਵਿੱਚ ਨਵਾਂ ਗੁਰਦੁਆਰਾ ਬਣਾਉਣ ਵਾਸਤੇ ਹੀਰੋਂ ਕਲਾਂ ਤੋਂ ਸੰਗਤ ਸੰਨ 1953 ਵਿੱਚ ਆਪ ਨੂੰ ਲੌਂਗੋਵਾਲ ਲੈ ਆਈ ਅਤੇ ਆਪ ਇੱਥੇ ਹੀ ਰਹਿ ਗਏ।
ਪੰਜਾਬੀ ਸੂਬੇ ਦਾ ਮੋਰਚਾ
ਸੋਧੋਸੰਨ 1955 ਵਿੱਚ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਜਿਸ ਵਿੱਚ ਜਥਾ ਲੈ ਕੇ ਆਪ ਨੇ ਸੰਗਰੂਰ ਵਿਖੇ ਗ੍ਰਿਫ਼ਤਾਰੀ ਦਿੱਤੀ ਅਤੇ ਦੋ ਮਹੀਨੇ ਹਿਸਾਰ ਜੇਲ੍ਹ ’ਚ ਰਹੇ। ਸੰਨ 1957 ਵਿੱਚ ਕਮਿਊਨਿਸਟ ਪਾਰਟੀ ਵੱਲੋਂ ਖ਼ੁਸ਼ ਹੈਸੀਅਤ ਟੈਕਸਾਂ ਖ਼ਿਲਾਫ਼ ਮੋਰਚਾ ਲਗਾਇਆ ਗਿਆ। ਉਦੋਂ ਵੀ ਇਨ੍ਹਾਂ ਤਤਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਤੋਂ ਆਗਿਆ ਲੈ ਕੇ 500 ਅਕਾਲੀ ਵਰਕਰਾਂ ਦਾ ਜਥਾ ਲੈ ਕੇ ਸੰਗਰੂਰ ਵਿੱਚ ਗ੍ਰਿਫ਼ਤਾਰੀ ਦਿੱਤੀ। ਇਨ੍ਹਾਂ ਸੰਨ 1960 ਵਿੱਚ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਬਣ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤੀਆਂ।
ਜਥੇਦਾਰ
ਸੋਧੋਸੰਨ 1962 ਵਿੱਚ ਆਪ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਥਾਪਿਆ ਗਿਆ। ਸੰਨ 1964 ਵਿੱਚ ਆਪ ਪਾਉਂਟਾ ਸਾਹਿਬ ਨੂੰ ਸਰਕਾਰੀ ਕਬਜ਼ੇ ਵਿੱਚੋਂ ਆਜ਼ਾਦ ਕਰਵਾਉਣ ਲਈ ਅਕਾਲੀ ਦਲ ਵੱਲੋਂ ਜਥਾ ਲੈ ਕੇ ਗਏ ਅਤੇ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫ਼ਾ ਦੇ ਦਿੱਤਾ। ਸੰਨ 1969-70 ਵਿੱਚ ਹਲਕਾ ਲਹਿਰਾਗਾਗਾ ਤੋਂ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਦਾ ਹੁਕਮ ਮੰਨ ਕੇ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬਿਰਸ਼ ਭਾਨ ਦੇ ਮੁਕਾਬਲੇ ਵਿਧਾਨ ਸਭਾ ਦੀ ਚੋਣ ਲੜੀ ਅਤੇ ਦੋ ਵਾਰ ਉਨ੍ਹਾਂ ਨੂੰ ਭਾਰੀ ਗਿਣਤੀ ਨਾਲ ਹਰਾਇਆ। ਆਪ ਨੇ ਸੰਨ 1975-77 ਤਕ ਪ੍ਰਧਾਨ ਵਜੋਂ ਐਮਰਜੈਂਸੀ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਇਆ ਮੋਰਚਾ ਸਫ਼ਲਤਾ ਨਾਲ ਚਲਾਇਆ। ਐਮਰਜੈਂਸੀ ਖ਼ਤਮ ਹੋਣ ’ਤੇ ਹੀ ਮੋਰਚਾ ਵਾਪਸ ਲਿਆਂਦਾ ਗਿਆ। ਐਮਰਜੈਂਸੀ ਤੋਂ ਬਾਅਦ ਕੇਂਦਰ ਵਿੱਚ ਜਨਤਾ ਪਾਰਟੀ ਅਤੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ।
ਧਰਮ ਯੁੱਧ ਮੋਰਚਾ
ਸੋਧੋਸੰਨ 1980 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮ ਯੁੱਧ ਮੋਰਚਾ ਆਰੰਭ ਕੀਤਾ ਗਿਆ ਜੋ ਸਾਕਾ ਨੀਲਾ ਤਾਰਾ ਹੋਣ ਤਕ ਚੱਲਦਾ ਰਿਹਾ। 24 ਜੁਲਾਈ 1985 ਨੂੰ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ ਜਿਸਨੂੰ ਸੰਸਦ ਨੇ ਪ੍ਰਵਾਨਗੀ ਦੇ ਦਿੱਤੀ ਸੀ। ਸੰਤ ਹਰਚੰਦ ਸਿੰਘ ਨੇ ਅਕਾਲੀ ਦਲ ਦਾ ਜਨਰਲ ਇਜਲਾਸ ਬੁਲਾ ਕੇ ਸਰਬਸੰਮਤੀ ਨਾਲ ਪ੍ਰਵਾਨਗੀ ਲਈ। 20 ਅਗਸਤ 1985 ਨੂੰ ਸ਼ੇਰਪੁਰ ਦੇ ਗੁਰਦੁਆਰੇ ਅੰਦਰ ਭਰੇ ਇਕੱਠ ਵਿੱਚ ਆਪ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।