ਅਹਿਮਦ ਯਾਰ

(ਅਹਮਦ ਯਾਰ ਤੋਂ ਮੋੜਿਆ ਗਿਆ)

ਅਹਿਮਦਯਾਰ (1768-1848), ਪੰਜਾਬੀ ਜ਼ਬਾਨ ਦਾ ਮਸ਼ਹੂਰ ਸ਼ਾਇਰ, ਆਲੋਚਕ ਅਤੇ ਇਤਹਾਸਕਾਰ ਸੀ। ਉਸਨੇ 40 ਤੋਂ ਵਧ ਕਿਤਾਬਾਂ ਪੰਜਾਬੀ ਦੀ ਝੋਲੀ ਪਾਈਆਂ ਜਿਹਨਾਂ ਵਿੱਚੋਂ 35 ਕਿੱਸੇ ਹਨ। ਜਿੰਨੇ ਕਿੱਸੇ, ਕਿਤਾਬਾਂ ਇਸ ਕਵੀ ਨੇ ਲਿਖੇ ਹਨ, ਸ਼ਾਇਦ ਹੋਰ ਕਿਸੇ ਵੀ ਪੰਜਾਬੀ ਕਿੱਸਾਕਾਰ ਨੇ ਨਹੀਂ ਰਚੇ।[1] ਉਹ ਆਪ ਕਹਿੰਦਾ ਹੈ:-

ਜਿਤਨੇ ਕਿਸੇ ਅਤੇ ਕਿਤਾਬਾਂ,
ਉਮਰ ਸਾਰੀ ਮੈਂ ਜੋੜੇ,
ਗਿਣਨ ਲੱਗਾਂ ਤੇ ਯਾਦ ਨਾ ਆਵਾਂ,
ਜੋ ਦਸਾਂ ਸੋ ਥੋੜ੍ਹੇ।`

ਜਨਮ ਅਤੇ ਜੀਵਨ

ਸੋਧੋ

ਅਜਿਹੇ ਬਹੁ-ਵਿਸਥਾਰੀ ਕਿੱਸਾ ਕਵੀ ਦਾ ਜਨਮ ਪਿੰਡ ਮੁਰਾਲਾ ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਵਿਖੇ 1768 ਈ: ਵਿੱਚ ਹੋਇਆ। ਬੰਬੀਹਾ ਬੋਲ ਦੇ ਲੇਖਕ ਬਾਵਾ ਬੁੱਧ ਸਿੰਘ ਨੇ ਇਸ ਕਵੀ ਦੇ ਜਨਮ ਦਾ ਪਿੰਡ ਇਸਲਾਮ ਗੜ੍ਹ ਦੱਸਿਆ ਹੈ।[2] ਇਸ ਦੀ ਪੁਸ਼ਟੀ ਵਿੱਚ ਉਹ ਕਵੀ ਦੀਆਂ ਇਹ ਤੁਕਾਂ ਦਿੰਦਾ ਹੈ:-

ਸ਼ਹਿਰ ਜਲਾਲਪੁਰੇ ਦੇ ਦੱਖਣ,
ਕਿਲ੍ਹੇ ਵਿੱਚ ਟਿਕਾਣਾ।
ਉਸ ਜਗ੍ਹਾ ਕੋਈ ਰੋਜ਼ ਲੰਘਾ ਕੇ,
ਮੁੜ ਸੱਚੇ ਘਰ ਜਾਣਾ।
ਕਿਲ੍ਹਾ ‘ਸਲਾਮ ਗੜੇ` ਵਿੱਚ ਜਾ ਕੇ,
ਉਥੇ ਸੁਰਤ ਸੰਭਾਲੀ ਦਾ,
ਵਸੇ ਸ਼ਹਿਰ ਜਲਾਲਪੁਰੇ ਦਾ
ਖ਼ਲਕਤ ਰਹੇ ਸੁਖਾਲੀ।`

ਰਚਨਾਵਾਂ

ਸੋਧੋ

ਕਿੱਸੇ

ਸੋਧੋ

ਹੋਰ ਪੁਸਤਕਾਂ

ਸੋਧੋ

ਮਹਾਰਾਜਾ ਗੁਲਾਬ ਸਿੰਘ ਵਾਲਈ ਜੰਮੂ ਕਸ਼ਮੀਰ ਦੀ ਫ਼ਰਮਾਇਸ਼ ਤੇ ਸਿੱਖਾਂ ਦੀ ਤਾਰੀਖ਼ ਫ਼ਤੂਹਾਤ ਖ਼ਾਲਸਾ ਲਿਖੀ।

ਅਹਿਮਦਯਾਰ ਦੀ ਦੀਨੀ ਸ਼ਾਇਰੀ

ਸੋਧੋ

‘ਸ਼ਰ੍ਹਾ ਦੁਆ ਸਰਯਾਨੀ`, ‘ਹੁਲੀਯਾ ਰਸੂਲੇ ਮਕਬੂਲ`, ‘ਮਿਆਰਾਜਨਾਮਾ`, ‘ਵਫ਼ਾਤਨਾਮਾ`, ‘ਹੁਲੀਯਾ ਗ਼ੌਸ ਅਲਆਜ਼ਮ`, ‘ਜੱਸ ਸਖ਼ੀ ਸਰਵਰ ਮੁਲਤਾਨ`, ‘ਬਾਰਾਮਾਹ ਫ਼ਿਰਾਕ ਮੁਰਸ਼ਦ`, ‘ਕਸਬਨਾਮਾ ਦਰੂਦਗਰਾਂ`, ‘ਕਸਬਨਾਮਾ ਹਦਦਗਰਾਂ`, ‘ਕਸਬਨਾਮਾ ਕਸਾਈਆਂ` ਆਦਿ।

ਇਸਲਾਮੀ ਪੁਸਤਕਾਂ ਤੇ ਜੰਗਨਾਮੇ

ਸੋਧੋ

‘ਸ਼ਰ੍ਹਾ ਕਸੀਦਾ ਬਰਦਾ`, ‘ਸ਼ਰ੍ਹਾ ਕਸੀਦਾ ਗੌਸੀਆਂ`, ‘ਸ਼ਰ੍ਹਾ ਅਮਾਲੀ`, ‘ਮਿਅਰਾਜ ਦਾ ਚੌਥਾ ਰੁਕਨ`, ‘ਮਿਆਰਾਜ ਨਾਮਾ-ਇ-ਨਬੀ`, ‘ਬੇਸ਼ੁਮਾਰ ਰਸਾਲੇ`, ‘ਵਫ਼ਤਨਾਮੇ`, ‘ਜੰਗਨਾਮਾ ਅਲੀ`, ‘ਸ਼ਹਾਦਤ ਨਾਮਾ ਹਸਨ-ਹੁਸੈਨ`, ‘ਦੁਆਇ ਸਰਿਆਨੀ` ਆਦਿ।

ਫੁਟਕਲ ਲਿਖਤਾਂ

ਸੋਧੋ

‘ਤਿਬੇ ਅਹਿਮਦਯਾਰੀ`, ‘ਤਿਬੇ ਮੁਹੰਮਦੀ`, ‘ਅਹਿਵਾਲ ਜ਼ਮਾਨਾ`, ‘ਕਿੱਸਾ ਤਿੱਤਰ`, ‘ਸੀਹਰਫ਼ੀ ਮਰਸੀਆ ਪੁੱਤਰਾਂ`, ਸ਼ਾਹਨਾਮਾ ਰਣਜੀਤ ਸਿੰਘ`, (ਫ਼ਾਰਸੀ)।[4]

ਅਹਿਮਦਯਾਰ ਦੀ ਕਿੱਸਾਕਾਰੀ

ਸੋਧੋ

ਯੂਸਫ਼ ਜ਼ੁਲੈਖਾਂ

ਸੋਧੋ

ਅਹਿਮਦਯਾਰ ਦੇ ਯੂਸਫ਼ ਜ਼ੁਲੈਖਾਂ ਦੇ ਕਿੱਸੇ ਬਾਰੇ ਪਿਆਰ ਸਿੰਘ ਲਿਖਦੇ ਹਨ, “ਅਹਿਮਦਯਾਰ ਦਾ ਅਹਸਨੁਲ ਕਸਿਸ`, ਕਿੱਸੇ ਦਾ ਕਿੱਸਾ ਹੈ ਤੇ ਤਫ਼ਸੀਰ ਦੀ ਤਫ਼ਸੀਰ। ਉਹ ਦੋਵੇਂ ਪਾਸੇ ਨਿਭਾਅ ਸਕਿਆ ਹੈ।” ਅਹਿਮਦਯਾਰ ਦੇ ਯੂਸਫ਼-ਜ਼ੁਲੈਖਾਂ ਦੀ ਵਡਿਆਈ ਇਸ ਵਿੱਚ ਹੈ ਕਿ ਉਸਨੇ ਫ਼ਾਰਸੀ ਤੋਂ ਬਹੁਤ ਸਾਰੀਆਂ ਨਵੀਆਂ ਉਪਮਾਵਾਂ ਪੰਜਾਬੀ ਵਿੱਚ ਲਿਆਂਦੀਆਂ।[5]

ਸੱਸੀ ਪੁੰਨੂੰ

ਸੋਧੋ

‘ਸੱਸੀ ਪੁੰਨੂੰ` ਦੀ ਕਹਾਣੀ ਮੂਲ-ਰੂਪ ਵਿੱਚ ਸਿੰਧੀ ਸਾਹਿਤ ਦੀ ਕਹਾਣੀ ਹੈ। ਸਿੰਧੀ ਤੇ ਪੰਜਾਬੀ ਕਹਾਣੀ ਦਾ ਕੁਝ ਵੇਰਵਾ, ਨਾਇਕ ਤੇ ਨਾਇਕਾ ਦੇ ਨਾਂ ਤਾਂ ਮਿਲਦੇ ਹਨ ਪਰ ਕਹਾਣੀ ਦੀ ਬੁਨਿਆਦ ਵਿੱਚ ਵੱਡਾ ਫ਼ਰਕ ਹੈ। ਸਿੰਧੀ ਕਹਾਣੀ ਵਿੱਚ ਉਹ ਇੱਕ ਰਾਜੇ ਦੀ ਲੜਕੀ ਨਹੀਂ, ਬ੍ਰਾਹਮਣ ਦੀ ਲੜਕੀ ਹੈ, ਜਿਹੜੀ ਜਨਮ-ਪੱਤਰੀ ਤੋਂ ਇਹ ਪਤਾ ਲੱਗਣ ਤੇ ਕਿ ਉਹ ਕਿਸੇ ਮੁਸਲਮਾਨ ਨਾਲ ਸ਼ਾਦੀ ਕਰੇਗੀ, ਜੰਮਦਿਆਂ ਹੀ ਦਰਿਆ ਬੁਰਦ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਉਸ ਵਿੱਚ ਕਹਾਣੀ ਦੀ ਸਮੱਸਿਆ ਗ਼ੈਰ-ਧਰਮ ਵਿੱਚ ਸ਼ਾਦੀ ਦੀ ਅਪ੍ਰਵਾਨਗੀ ਹੈ। ਪੰਜਾਬੀ ਕਹਾਣੀ ਵਿੱਚ ਉਹ ਇੱਕ ਰਾਜੇ ਦੀ ਲੜਕੀ ਹੈ ਜੋ ਹਾਸ਼ਮ ਅਨੁਸਾਰ ਇਸ ਲਈ ਨਦੀ ਵਿੱਚ ਰੁੜ੍ਹਾ ਦਿੱਤੀ ਜਾਂਦੀ ਹੈ ਕਿ ਉਹ ਵੱਡੀ ਹੋ ਕੇ ਇਸ਼ਕ ਕਮਾਏਗੀ ਤੇ ਕੁਲ ਨੂੰ ਦਾਗ਼ ਲਾਏਗੀ। ਪਰੰਤੂ ਰਾਂਝਾ ਬਰਖ਼ੁਰਦਾਰ ਤੇ ਅਹਿਮਦਯਾਰ ਵਿੱਚ ਇਹ ਗੱਲ ਨਹੀਂ।[6]

ਸ਼ੀਰੀਂ ਫ਼ਰਹਾਦ

ਸੋਧੋ

ਕਿੱਸਾ ਸ਼ੀਰੀਂ ਫ਼ਰਹਾਦ ਦਾ ਜ਼ਿਕਰ ਅਹਿਮਦਯਾਰ ਨੇ ਆਪੂੰਂ ‘ਹਾਤਮਨਾਮਾ` ਵਿੱਚ ਕੀਤਾ ਏ। ਇਸ ਕਿੱਸੇ ਦੀ ਕਹਾਣੀ ਮਸ਼ਹੂਰ ਈਰਾਨੀ ਕਿੱਸਾ ‘ਸ਼ੀਰੀ ਫ਼ਰਹਾਦ` ਦੀ ਕਹਾਣੀ ਹੀ ਹੈ। ਕਿਰਦਾਰਾਂ ਦੇ ਨਾਂ ਵੀ ਘਟ ਵਧ ਉਹੋ ਨੇਂ। ਇਸ ਕਿੱਸੇ ਦਾ ਆਖ਼ਰੀ ਹਿੱਸਾ ਇਸ਼ਕ ਵਿੱਚ ਫੱਟੜ ਹੋਏ ਗ਼ਮਜ਼ਦਾ ਆਸ਼ਕਾਂ ਦੇ ਹਾੜਿਆਂ ਨਾਲ ਨਕੋ-ਨਕ ਭਰਿਆ ਹੋਇਆ ਏ, ਜਜ਼ਬੇ ਦਾ ਇੱਕ ਹੜ੍ਹ ਏ ਜਿਹੜਾ ਇਹਦੇ ਵਿੱਚ ਠਾਠਾ ਪਿਆ ਮਾਰਦਾ ਏ।[7]

ਅਹਿਮਦਯਾਰ ਤੇ ਹਾਸ਼ਮ

ਸੋਧੋ

ਹਾਸ਼ਮ ਦੀ ਸੱਸੀ ਅਣਖੀਲੀ ਹੈ। ਇਹ ਪਤਾ ਲੱਗਣ ਉੱਤੇ ਕਿ ਮਾਪਿਆਂ ਨੇ ਉਸਨੂੰ ਜੰਮਦਿਆਂ ਹੀ ਨਦੀ ਵਿੱਚ ਰੋੜ੍ਹ ਦਿੱਤਾ ਸੀ, ਉਹ ਉਹਨਾਂ ਦੀ ਮਿਲਣ ਲਈ ਕੀਤੀ ਬੇਨਤੀ ਠੁਕਰਾ ਦੇਂਦੀ। ਪਰ ਅਹਿਮਦਯਾਰ ਅਨੁਸਾਰ ਜਦੋਂ ਜੋਤਸ਼ੀ ਉਸਨੂੰ ਦਸਦੇ ਹਨ ਕਿ ਉਹ ਆਦਮਯਾਦ ਦੀ ਧੀ ਹੈ ਤਾਂ ਉਹ ਵਾਰ-ਵਾਰ ਚਿੱਠੀਆਂ ਲਿਖ ਕੇ ਮਿਲਣ ਦੀ ਬੇਨਤੀ ਕਰਦੀ ਹੈ ਪਰ ਮਾਪੇ ਪਰਵਾਨ ਨਹੀਂ ਕਰਦੇ। ਇਸ ਲਈ ਅਹਿਮਦਯਾਰ ਦਾ ਵੇਰਵਾ ਹਸ਼ਮ ਨਾਲੋਂ ਕੁਝ ਵਧੇਰੇ ਯਥਾਰਥਕ ਜਾਪਦਾ ਹੈ।

ਅਹਿਮਦਯਾਰ ਨੇ ਹਾਸ਼ਮ ਦਾ ਪ੍ਰਭਾਵ ਕਬੂਲਿਆਂ ਨਹੀਂ ਲਗਦਾ। ਵਧੇਰੇ ਕਰ ਕੇ ਵੇਰਵਾ ਹਾਫ਼ਿਜ਼ ਬਰਖ਼ੁਰਦਾਰ ਮੁਸਲਮਾਨੀ ਵਾਲੇ ਦੀ ਸੱਸੀ ਨਾਲ ਰਲਦਾ ਹੈ। ਹਾਸ਼ਮ ਦੇ ਪ੍ਰਭਾਵ ਦਾ ਨਾਂ ਹੋਣਾ ਇਸ ਗੱਲ ਦਾ ਸੰਕੇਤਕ ਹੋ ਸਕਦਾ ਹੈ ਕਿ ਅਹਿਮਦਯਾਰ ਨੇ ਸੱਸੀ ਦੀ ਰਚਨਾ ਸ਼ਾਇਦ ਤੋਂ ਪਹਿਲਾਂ ਕਰ ਲਈ ਹੋਵੇ। ਉਂਝ ਉਹ ਹਾਸ਼ਮ ਦੀ ਸੱਸੀ ਦੇ ਵਧੀਆ ਰਚਨਾ ਹੋਣ ਤੋਂ ਜ਼ਰੂਰ ਕਾਇਲ ਹੈ।[8]

ਹਾਸ਼ਮ ਸੱਸੀ ਸੋਹਣੀ ਜੋੜੀ, ਸਦ ਰਹਿਮਤ ਉਸਤਾਦੋਂ।

ਸਾਰਾਂਸ

ਸੋਧੋ

ਇਸ ਤੋਂ ਇਲਾਵਾ ਇਸ ਕਵੀ ਨੇ ਹੋਰ ਬਹੁਤ ਸਾਰੇ ਕਿੱਸੇ ਮਿਸਰੀ ਬਾਈ, ਕਾਮਰੂਪ, ਨਲ ਦਮਿਅੰਤੀ, ਰੋਡਾ ਜਲਾਲੀ ਆਦਿ ਲਿਖੇ। ਮੁੱਕਦੀ ਗੱਲ ਇਹ ਹੈ ਕਿ ਅਹਿਮਦਯਾਰ ਪੰਜਾਬੀ ਅਦਬ ਵਿੱਚ ਇੱਕ ਅਜਿਹਾ ਅਣਮੁੱਲਾ ਹੀਰਾ ਏ ਜੀਹਦੀ ਚਮਕ ਨੂੰ ਵੇਲੇ ਦੀ ਧੂੜ ਨੇ ਲੁਕਾਇਆ ਹੋਇਆ ਸੀ, ਹੁਣ ਜਦੋਂ ਇਹ ਘਟਾ-ਮਿੱਟੀ ਝੜ ਗਿਆ ਹੈ, ਏਸ ਹੀਰੇ ਤੇ ਮਾਣਕ-ਮੋਤੀ ਦੀ ਚਮਕ ਆਪ-ਮੁਹਾਰੇ ਪਈ ਖੀਵਾ ਕਰਦੀ ਏ। ਉਹਦੀਆਂ ਲਿਖਤਾਂ ਨੂੰ ਉੱਚਾਵੀਂ ਨਜ਼ਰ ਨਾਲ ਦੇਖਣ ਤੇ ਇਹ ਗੱਲ ਸਾਹਮਣੇ ਆ ਜਾਂਦੀ ਏ ਕਿ ਅਹਿਮਦਯਾਰ ਪੰਜਾਬ ਦਾ ਧੜਕਦਾ ਦਿਲ ਏ, ਅਹਿਮਦਯਾਰ ਪੰਜਾਬ ਦੀ ਜੀਭ ਏ, ਅਦਬੀ ਤੇ ਇਸਲਾਮੀ ਰਵਾਇਤ ਦਾ ਅਮੀਨ ਏ ਤੇ ਅਹਿਮਦਯਾਰ ਲੰਘਕੇ ਦੌਰ ਦੇ ਪੰਜਾਬੀ ਜੁਬਾਨ ਦੇ ਅਦਬ ਦਾ ਮਾਣ ਏ।[9]

ਹਵਾਲੇ

ਸੋਧੋ
  1. ਡਾ. ਜੀਤ ਸਿੰਘ ਸੀਤਲ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਪੈਪਸੂ ਬੁੱਕ ਡਿਪੂ, ਪਟਿਆਲਾ, 1979, ਪੰਨਾ-30.
  2. ਬਾਵਾ ਬੁੱਧ ਸਿੰਘ, ਬੰਬੀਹਾ ਬੋਲ, ਉਧਰਿਤ ਡਾ. ਜੀਤ ਸਿੰਘ ਸ਼ੀਤਲ, ਉਹੀ, ਪੰਨਾ-31.
  3. ਅਹਿਮਦ (1896). "ਸਭਾ ਸ਼ਿੰਗਾਰ" (PDF). pa.wikisource.org. Retrieved 4 Feb 2020.
  4. ਡਾ. ਗੋਬਿੰਦ ਸਿੰਘ ਲਾਂਬਾ, ਹੀਰ ਅਹਿਮਦਯਾਰ, ਅਮਰਜੀਤ ਸਾਹਿਤ ਪ੍ਰਕਾਸ਼ਨ, ਪਟਿਆਲਾ, 1982, ਪੰਨਾ-18.
  5. ਬਲਵੀਰ ਸਿੰਘ ਪੂਨੀ, ਪੰਜਾਬੀ ਕਿੱਸਾ-ਕਾਵਿ ਦਾ ਇਤਿਹਾਸ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, 2006, ਪੰਨਾ-35.
  6. ਡਾ. ਗੋਬਿੰਦ ਸਿੰਘ ਲਾਂਬਾ, ਹੀਰ ਅਹਿਮਦਯਾਰ, ਅਮਰਜੀਤ ਸਾਹਿਤ ਪ੍ਰਕਾਸ਼ਨ, ਪਟਿਆਲਾ, 1982, ਪੰਨਾ-29.
  7. ਡਾ. ਸਾਹਿਬਾਜ਼ ਮਲਿਕ ਲਿਪੀ ਅੰਤਰਣਕਾਰ ਤੇ ਸੰਪਾਦਨ ਡਾ. ਰਾਜਿੰਦਰ ਸਿੰਘ ਲਾਂਬਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999, ਪੰਨਾ-59
  8. ਡਾ. ਗੋਬਿੰਦ ਸਿੰਘ ਲਾਂਬਾ, ਹੀਰ ਅਹਿਮਦਯਾਰ, ਅਮਰਜੀਤ ਸਾਹਿਤ ਪ੍ਰਕਾਸ਼ਨ, ਪਟਿਆਲਾ, 1982, ਪੰਨਾ-30.
  9. ਡਾ. ਸਾਹਿਬਾਜ਼ ਮਲਿਕ ਲਿਪੀ ਅੰਤਰਣਕਾਰ ਤੇ ਸੰਪਾਦਕ ਡਾ. ਰਾਜਿੰਦਰ ਸਿੰਘ ਲਾਂਬਾ, ਮੌਲਵੀ ਅਹਿਮਦਯਾਰ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999, ਪੰਨਾ-246.