ਕੜਾ
ਕੜਾ (کڑا (ਸ਼ਾਹਮੁਖੀ) कड़ा (ਦੇਵਨਾਗਰੀ)) ਦਰਸਾਉਂਦਾ ਹੈ ਕਿ ਸਿੱਖ ਹੁਣ ਗੁਰੂ ਵਾਲਾ ਬਣ ਗਿਆ ਹੈ ਅਤੇ ਇਸ ਪ੍ਰਤਿਗਿਆ ਨੂੰ ਨਿਭਾਉਣ ਲਈ ਸਿੱਖ ਦੇ ਅੰਦਰ ਲੋਹੇ ਵਰਗੀ ਦ੍ਰਿੜਤਾ ਅਤੇ ਬਲ ਪੈਦਾ ਹੋਣਾ ਚਾਹੀਦਾ ਹੈ। ਕੜਾ ਸੁਚੇਤ ਕਰਦਾ ਹੈ ਕਿ ਉਹ ਗੁਰੂ ਦਾ ਸਿੱਖ ਹੈ ਅਤੇ ਹੁਣ ਉਸ ਨੇ ਗੁਰਮਤ ਦੇ ਨਿਯਮ ਪਾਲਣੇ ਹਨ ਅਤੇ ਕੋਈ ਕੁਕਰਮ ਨਹੀਂ ਕਰਨਾ।
ਹੱਥ ਵਿਚ ਪਾਉਣ ਵਾਲੇ ਸੋਨੇ ਦੇ ਇਕ ਗਹਿਣੇ ਨੂੰ ਕੜਾ ਕਹਿੰਦੇ ਹਨ। ਲੋਹੇ ਦੇ ਗੋਲ ਚੱਕਰ ਨੂੰ ਵੀ ਕੜਾ ਕਹਿੰਦੇ ਹਨ। ਗਾਗਰ ਦੇ ਥੱਲੇ ਲੱਗੇ ਚੱਕਰ ਨੂੰ, ਕੜਾਹੀ ਦੇ ਥੱਲੇ ਲੱਗੇ ਚੱਕਰ ਨੂੰ, ਸੰਗਲ ਦੇ ਸਿਰੇ ਤੇ ਲੱਗੇ ਕੁੰਡੇ ਆਦਿ ਨੂੰ ਵੀ ਕੜਾ ਕਹਿੰਦੇ ਹਨ। ਪਰ ਜਿਸ ਕਡ਼ੇ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ, ਇਹ ਲੋਹੇ ਦਾ ਬਣਿਆ ਹੋਇਆ ਕੜਾ ਹੁੰਦਾ ਹੈ ਜੋ ਸਿੱਖ ਆਪਣੇ ਸੱਜੇ ਹੱਥ ਵਿਚ ਪਾਉਂਦੇ ਹਨ। ਸਿੱਖਾਂ ਦੀ ਰਹਿਤ ਮਰਿਆਦਾ ਦੇ ਪੰਜ ਕੱਕਾਰਾਂ ਵਿਚੋਂ ਕੜਾ ਇਕ ਕੱਕਾਰ ਹੈ। ਬਾਕੀ ਦੇ ਚਾਰ ਕੱਕਾਰ ਕੰਘਾ, ਕੱਛਾ, ਕਿਰਪਾਨ ਤੇ ਕੇਸ ਹਨ। ਪਹਿਨਿਆ ਹੋਇਆ ਕੜਾ ਸਿੱਖਾਂ ਨੂੰ ਆਪਣੇ ਗੁਰੂ ਦੀ ਯਾਦ ਦਵਾਉਂਦਾ ਰਹਿੰਦਾ ਹੈ।
ਕੜੇ ਉੱਪਰ ਧਾਰੀਆਂ ਹੁੰਦੀਆਂ ਹਨ। ਕੜੇ ਦਾ ਵਿਚਕਾਰਲਾ ਹਿੱਸਾ ਉਭਰਿਆ ਹੁੰਦਾ ਹੈ। ਕੜੇ ਦਾ ਇਹ ਉਭਾਰ ਚੰਗਿਆਈ ਦਾ ਗੁਣ ਹੈ ਜਿਸ ਨੂੰ ਸਤੋਗੁਣ ਕਹਿੰਦੇ ਹਨ। ਕੜੇ ਦੇ ਇਕ ਪਾਸੇ ਵਾਲੀ ਢਲਵਾਨ ਕਾਮ, ਕ੍ਰੋਧ, ਲੋਭ ਪੈਦਾ ਕਰਨ ਦੀ ਸੂਚਕ ਹੈ। ਇਸ ਨੂੰ ਰਜੋਗੁਣ ਕਹਿੰਦੇ ਹਨ। ਕੜੇ ਦੇ ਦੂਜੇ ਪਾਸੇ ਵਾਲੀ ਢਲਵਾਣ ਮੰਦ ਭਾਵਨਾ, ਆਲਸ, ਅਗਿਆਨ ਪੈਦਾ ਕਰਨ ਦੀ ਸੂਚਕ ਹੈ। ਇਸ ਨੂੰ ਤਮੋਗੁਣ ਕਹਿੰਦੇ ਹਨ। ਪਰ ਰਜੋਗੁਣ ਤੇ ਤਮੋਗੁਣ ਦੋਵੇਂ ਸਤੋਗੁਣ ਦੇ ਅਧੀਨ ਰਹਿੰਦੀਆਂ ਹਨ। ਇਸ ਤਰ੍ਹਾਂ ਸਿੱਖਾਂ ਦੇ ਪਹਿਨਿਆ ਹੋਇਆ ਕੜਾ ਸਿੱਖਾਂ ਨੂੰ ਹਮੇਸ਼ਾ ਚੰਗੇ ਕੰਮ ਕਰਨ ਲਈ ਪ੍ਰੇਰਨਾ ਦਿੰਦਾ ਰਹਿੰਦਾ ਹੈ।
ਇਕ ਲੋਕ ਵਿਸ਼ਵਾਸ ਹੈ ਕਿ ਲੋਹ ਦੀ ਬਣੀ ਚੀਜ਼ ਜਿਵੇਂ ਕੜਾ, ਛਾਪ ਜੇਕਰ ਪਹਿਨੀ ਹੋਵੇ ਤਾਂ ਭੂਤ-ਪ੍ਰੇਤ, ਬਦਰੂਹਾਂ ਉਸ ਬੰਦੇ ਦੇ ਨੇੜੇ ਨਹੀਂ ਆਉਂਦੀਆਂ। ਬੰਦੇ ਨੂੰ ਕੋਈ ਡਰ ਭਉ ਨਹੀਂ ਰਹਿੰਦਾ। ਬੰਦਾ ਬਹਾਦਰ ਬਣ ਜਾਂਦਾ ਹੈ। ਕੜਾ ਪਾਉਣ ਨਾਲ ਨਜ਼ਰ ਨਹੀਂ ਲੱਗਦੀ।
ਸਿੱਖਾਂ ਦੇ ਨਾਲ-ਨਾਲ ਹੁਣ ਆਮ ਇਸਤਰੀ, ਪੁਰਸ਼, ਬੱਚੇ, ਮੁਟਿਆਰਾਂ ਤੇ ਗੱਭਰੂ ਵੀ ਲੋਹੇ ਦੇ ਕੜੇ ਪਹਿਨੀ ਫਿਰਦੇ ਹਨ।[1]
ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.