ਗੁਰਤੇਜ ਕੋਹਾਰਵਾਲਾ
ਗੁਰਤੇਜ ਕੋਹਾਰਵਾਲ਼ਾ (ਜਨਮ 15 ਅਗਸਤ 1961) ਇੱਕ ਪੰਜਾਬੀ ਗ਼ਜ਼ਲਗੋ ਹੈ। ਉਹ ਸਮਕਾਲੀ ਪੰਜਾਬੀ ਗ਼ਜ਼ਲ ਦੇ ਪ੍ਰਮੁੱਖ ਹਸਤਾਖਰਾਂ ਵਿੱਚੋਂ ਇੱਕ ਹੈ। ਮੰਨਿਆਂ ਜਾਂਦਾ ਹੈ ਕਿ ਉਹ ਮੁੱਢ ਵਿੱਚ ਡਾ: ਜਗਤਾਰ ਅਤੇ ਸੁਰਜੀਤ ਪਾਤਰ ਦੀ ਕਾਵਿ ਰਚਨਾ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਰਿਹਾ ਹੈ ਪਰ ਹੁਣ ਉਸ ਨੇ ਆਪਣੀ ਵਿਸ਼ੇਸ਼ ਕਾਵਿ-ਭਾਸ਼ਾ ਅਤੇ ਸ਼ੈਲੀ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਸਾਲ 2021-22 ਦੌਰਾਨ ਵਿਜ਼ਿਟਿੰਗ ਫ਼ੈਲੋ ਵਜੋਂ ਵੀ ਕਾਰਜਸ਼ੀਲ ਰਿਹਾ। ਇਸ ਦੌਰਾਨ ਉਸ ਨੇ ਕਵਿਤਾ ਦੇ ਸਿਧਾਂਤਕ ਮਸਲਿਆਂ, ਆਪਣੀ ਕਾਵਿ-ਯਾਤਰਾ ਅਤੇ ਪੰਜਾਬੀ ਸ਼ਾਇਰੀ ਬਾਰੇ ਮੁੱਲਵਾਨ ਲੈਕਚਰ ਦਿੱਤੇ। ਉਸ ਦੇ ਇਹ ਲੈਕਚਰ ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਉੱਤੇ ਜਨਤਕ ਤੌਰ 'ਤੇ ਉਪਲਬਧ ਕਰਵਾਏ ਗਏ ਹਨ।
ਗੁਰਤੇਜ ਕੋਹਾਰਵਾਲ਼ਾ | |
---|---|
ਜਨਮ | ਕੋਹਾਰਵਾਲ਼ਾ, ਭਾਰਤੀ ਪੰਜਾਬ | 15 ਅਗਸਤ 1961
ਕਿੱਤਾ | ਗ਼ਜ਼ਲਕਾਰ, ਕਾਲਜ ਲੈਕਚਰਾਰ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ |
ਸ਼ੈਲੀ | ਗ਼ਜ਼ਲ |
ਜੀਵਨ ਵੇਰਵੇ
ਸੋਧੋਗੁਰਤੇਜ ਦਾ ਜਨਮ 15 ਅਗਸਤ 1961 ਨੂੰ ਪਿੰਡ ਕੋਹਾਰਵਾਲਾ, ਜ਼ਿਲ੍ਹਾ ਫ਼ਰੀਦਕੋਟ, ਪੰਜਾਬ ਵਿੱਚ ਹੋਇਆ। ਪਹਿਲਾਂ ਉਹ ਬਿਜਲੀ ਬੋਰਡ ਦਾ ਕਰਮਚਾਰੀ ਰਿਹਾ ਅਤੇ ਬਾਅਦ ਨੂੰ 1989-90 ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ-ਫਿਲ ਕੀਤੀ ਅਤੇ ਕਾਲਜ ਲੈਕਚਰਾਰ ਦਾ ਕਿੱਤਾ ਆਪਣਾ ਲਿਆ। ਉਸ ਨੇ ਸੰਨ 1995 ਵਿੱਚ ਫ਼ਿਰੋਜ਼ਪੁਰ ਦੇ ਆਰ.ਐੱਸ. ਡੀ. ਕਾਲਜ ਵਿੱਚ ਅਧਿਆਪਨ ਕਾਰਜ ਸ਼ੁਰੂ ਕੀਤਾ ਅਤੇ ਉੱਥੋਂ ਹੀ 2021 ਵਿੱਚ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਇਆ। ਉਹ ਬਹੁਤ ਮੱਧਮ ਰਫ਼ਤਾਰ ਨਾਲ ਗ਼ਜ਼ਲ ਲਿਖਣ ਵਾਲਾ ਸ਼ਾਇਰ ਹੈ ਅਤੇ ਅਜੇ ਤੱਕ ਉਸ ਦੀ ਇੱਕੋ-ਇੱਕ ਕਿਤਾਬ ਪਾਣੀ ਦਾ ਹਾਸ਼ੀਆ ਛਪੀ ਹੈ।
ਰਚਨਾਵਾਂ
ਸੋਧੋ- ਪਾਣੀ ਦਾ ਹਾਸ਼ੀਆ (ਗ਼ਜ਼ਲ-ਸੰਗ੍ਰਹਿ)
ਕਾਵਿ-ਨਮੂਨਾ
ਸੋਧੋ
ਔੜ ਏਦਾਂ ਹੀ ਜੇਕਰ ਇਹ ਜਾਰੀ ਰਹੀ,
ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ।
ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦੈ,
ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ।
ਇੱਥੇ ਕਾਲੇ ਦਰਖਤਾਂ ਦੀ ਛਾਂ ਹੈ ਅਜੇ,
ਸਾਡਾ ਸੂਰਜ ਵੀ ਗੈਰਾਂ ਦੇ ਨਾਂ ਹੈ ਅਜੇ,
ਐਸੀ ਥਾਵੇਂ ਕੀ ਬੀਜਾਂਗੇ ਸੂਰਜਮੁਖੀ,
ਜਿਹੜੇ ਬੀਜਾਂਗੇ ਆਥਣ ਨੂੰ ਸੁੱਕ ਜਾਣਗੇ।
ਇਹ ਪਰਿੰਦੇ ਤਾਂ ਇੱਥੇ ਹੀ ਰਹਿਣੇ ਸਦਾ,
ਏਥੋਂ ਉੱਡਣੇ ਤੇ ਇੱਥੇ ਹੀ ਬਹਿਣੇ ਸਦਾ,
ਤੇਰੇ ਜੰਗਲ ਚ ਜੇ ਨਾਂ ਇਜਾਜ਼ਤ ਮਿਲੀ,
ਮੇਰੇ ਖ਼ਾਬਾਂ ਦੇ ਰੁੱਖ ਹੇਠ ਜਾ ਬਹਿਣਗੇ।
ਅੱਗ ਅੰਨੀਂ ਹੈ, ਪਾਗਲ ਹੈ, ਮੂੰਹਜ਼ੋਰ ਹੈ,
ਇਹ ਨਾ ਸਮਝੀਂ ਕੇ ਸੜਦਾ ਕੋਈ ਹੋਰ ਹੈ,
ਲਾਬੂ ਇਧਰ ਦੀ ਲੰਘੇ ਜਦੋਂ ਟਹਿਲਦੇ,
ਖੌਰੇ ਕਿੰਨਾਂ ਬਰੂਹਾਂ ਤੇ ਰੁਕ ਜਾਣਗੇ।
************************
ਬੜਾ ਸੀ ਬੋਝ ਹਲਕੇ ਰਿਸ਼ਤਿਆਂ ਦਾ,
ਚੁਕਾ ਕੇ ਕਰਜ਼ ਹੌਲਾ ਹੋ ਗਿਆ ਹਾਂ।
ਮੁਸਾਫ਼ਰ ਤੁਰ ਗਏ ਮੇਰੇ ਚੋਂ ਮੇਰੇ,
ਮੈਂ ਪਹਿਲਾਂ ਵਾਂਗ ਰਸਤਾ ਹੋ ਗਿਆ ਹਾਂ।
**
ਬਚਾਈਂ ਝੋਕਰੋਂ ਮੈਨੂੰ ਹਮੇਸ਼ਾ
ਕਿਸੇ ਲਿਸ਼ਕੋਰ ਦੇ ਮੱਥੇ ਨਾ ਲਾਈਂ,
ਕਦੇ ਪਾਣੀ ਸਾਂ ਮੈਂ ਲਹਿਰਾਂ ’ਚ ਵਗਦਾ
ਕਿ ਹੁਣ ਪਥਰਾ ਕੇ ਸ਼ੀਸ਼ਾ ਹੋ ਗਿਆ ਹਾਂ।
**
ਹਨੇਰੇ ਦੀ ਫਸਲ ਨੂੰ ਕਟਦਿਆਂ ਮੈਂ,
ਦੁਮੇਲਾਂ ਤੀਕ ਮਰ ਕੇ ਪਹੁੰਚਿਆਂ ਸਾਂ,
ਹੁਣੇ ਸੂਰਜ ਨੇ ਮੈਨੂੰ ਵੇਖਣਾ ਸੀ
ਮੈਂ ਕਿੱਥੇ ਆ ਕੇ ਅੰਨ੍ਹਾ ਹੋ ਗਿਆ ਹਾਂ।
**
ਕਥਾ ਤਾਂ ਸਿਰਫ਼ ਓਨੀ ਸੀ ਜਦੋਂ ਤਕ
ਲਹੂ ਸੀ ਬੋਲਦਾ, ਹੰਝੂ ਸੀ ਸੱਚੇ,
ਕਿਸੇ ਨਾਟਕ ਦਾ ਹੁਣ ਤਾਂ ਅੰਤ ਹਾਂ ਮੈਂ
ਜੋ ਲੋੜੋਂ ਵਧ ਕੇ ਲੰਮਾ ਹੋ ਗਿਆ ਹਾਂ।
**
ਮੈਂ ਆਪਣੇ ਲਫਜ਼ ਡਿਗਦੇ ਵੇਖਦਾ ਹਾਂ
ਮੇਰੇ ਅਰਥਾਂ ’ਚ ਸੱਖਣ ਗੂੰਜਦੀ ਹੈ,
ਅਜੇ ਵੀ ਯਾਰ ਮੇਰੇ ਆਖਦੇ ਨੇ,
ਕਿ ਮੈਂ ਸ਼ਿਅਰਾਂ ’ਚ ਡੂੰਘਾ ਹੋ ਗਿਆ ਹਾਂ।