ਗ਼ਜ਼ਲ (ਅਰਬੀ/ਫ਼ਾਰਸੀ/ਉਰਦੂ : غزل‎) ਮੂਲ ਤੌਰ 'ਤੇ ਅਰਬੀ ਸ਼ਾਇਰੀ ਦੀ ਇੱਕ ਵਿਧਾ ਹੈ। ਬਾਅਦ ਵਿੱਚ ਇਹ ਇਰਾਨ ਤੋਂ ਹੁੰਦੀ ਹੋਈ ਭਾਰਤ ਪਹੁੰਚੀ ਅਤੇ ਫ਼ਾਰਸੀ ਅਤੇ ਉਰਦੂ ਸ਼ਾਇਰੀ ਵਿੱਚ ਰਚਮਿਚ ਗਈ। ਇਸ ਕਾਵਿ-ਵਿਧਾ ਵਿੱਚ ‘ਅਰੂਜ਼’ ਦੇ ਨਿਯਮਾਂ ਦੀ ਬੰਦਸ਼ ਨੇ ਇਸ ਨੂੰ ਸੰਗੀਤ ਨਾਲ ਇੱਕਸੁਰ ਕਰ ਦਿੱਤਾ। ਇਸ ਲਈ ਇਹ ਗਾਇਕੀ ਦੇ ਖੇਤਰ ਵਿੱਚ ਸੁਹਜਾਤਮਕ ਬੁਲੰਦੀਆਂ ਛੂਹ ਗਈ। ਚੌਧਵੀਂ ਸਦੀ ਦੇ ਫ਼ਾਰਸੀ ਸ਼ਾਇਰ ਹਾਫਿਜ਼ ਸ਼ਿਰਾਜ਼ੀ ਦੀ ਕਾਵਿਕ ਜਾਦੂਗਰੀ ਨੇ ਯੂਰਪ ਵਿੱਚ ਮਹਾਨ ਜਰਮਨ ਕਵੀ ਗੇਟੇ[1] ਅਤੇ ਸਪੇਨੀ ਕਵੀ ਲੋਰਕਾ ਤੱਕ ਨੂੰ ਇਸ ਵਿਧਾ ਵਿੱਚ ਸ਼ਾਇਰੀ ਕਰਨ ਲਈ ਪ੍ਰੇਰ ਲਿਆ।

ਨਿਰੁਕਤੀ ਅਤੇ ਉਚਾਰਨਸੋਧੋ

ਸ਼ਬਦ ਗ਼ਜ਼ਲ ਅਰਬੀ غزل (ġazal) ਸ਼ਬਦ ਤੋਂ ਆਇਆ ਹੈ। ਮੂਲ ਹਿੱਜੇ ਗ਼-ਜ਼-ਲ ਹਨ। ਇਸਦੇ ਅਰਬੀ ਵਿਚ ਤਿੰਨ ਸੰਭਵ ਅਰਥ ਹਨ:[2]

  1. غَزَل (ਗ਼ਜ਼ਲ) ਜਾਂ غَزِلَ‎ (ਗ਼ਜ਼ਿਲਾ) - ਮਿੱਠੀਆਂ ਗੱਲਾਂ ਕਰਨਾ, ਵਰਗਲਾਉਣਾ, ਕਾਮੁਕ ਨਖ਼ਰੇ ਕਰਨਾ[3]
  2. غزال (ਗ਼ਜ਼ਾਲ) - ਹਿਰਨੋਟੀ[4] (ਇਹ ਅੰਗਰੇਜ਼ੀ ਸ਼ਬਦ gazelle) ਦਾ ਮੂਲ ਹੈ।
  3. غَزَلَ (ਗ਼ਜ਼ਲਅ) - ਸੂਤ ਕੱਤਣਾ। [3]

ਕਾਵਿ-ਰੂਪ ਆਪਣਾ ਨਾਮ ਪਹਿਲੇ ਅਤੇ ਦੂਸਰੇ ਨਿਰੁਕਤੀ ਮੂਲਾਂ ਤੋਂ ਬਣਿਆ ਹੈ, ਇਕ ਖ਼ਾਸ ਅਨੁਵਾਦ ਗ਼ਜ਼ਲ ਦਾ ਅਰਥ ਦਰਸਾਉਂਦਾ ਹੈ:'ਜ਼ਖ਼ਮੀ ਹਿਰਨ ਦੀ ਚੀਕ-ਪੁਕਾਰ',[5] ਜੋ ਕਿ ਬਹੁਤ ਸਾਰੀਆਂ ਗ਼ਜ਼ਲਾਂ ਲਈ ਸਾਂਝੇ ਨਾਕਾਮ ਪਿਆਰ ਦੇ ਥੀਮ ਨੂੰ ਬਹੁਤ ਪ੍ਰਸੰਗ ਪ੍ਰਦਾਨ ਕਰਦਾ ਹੈ।

ਅਰਬੀ ਸ਼ਬਦ غزل ਗ਼ਜ਼ਲ ਦਾ ਉਚਾਰਨ [ˈɣazal], ਮੋਟੇ ਤੌਰ ਤੇ ਅੰਗਰੇਜ਼ੀ ਸ਼ਬਦ guzzle ਵਾਂਗ ਹੈ, ਪਰ ġ ਦਾ ਉਚਾਰਨ ਜੀਭ ਅਤੇ ਨਰਮ ਤਾਲੂ ਵਿਚਕਾਰ ਪੂਰਨ ਰੁਕਾਵਟ ਦੇ ਬਗੈਰ ਹੁੰਦਾ ਹੈ। ਅੰਗਰੇਜ਼ੀ ਵਿੱਚ ਉਚਾਰਨ /ˈɡʌzəl/ ਹੈ।[6] or /ˈɡæzæl/.[7]


ਗ਼ਜ਼ਲ ਦਾ ਇੱਕ 'ਮਤਲਾ' ਹੁੰਦਾ ਹੈ ਜਿਸਦੇ ਦੋਨੋਂ ਮਿਸਰੇ ਹਮਕਾਫ਼ੀਆ ਅਤੇ ਹਮਰਦੀਫ਼ ਹੁੰਦੇ ਹਨ। ਇਸਦੇ ਬਾਅਦ ਗ਼ਜ਼ਲ ਦੇ ਹਰ ਸ਼ਿਅਰ ਦਾ ਦੂਜਾ ਮਿਸਰਾ ਮਤਲੇ ਦੇ ਕਾਫ਼ੀਏ ਅਤੇ ਰਦੀਫ਼ ਨਾਲ ਮੇਲ ਖਾਂਦਾ ਹੁੰਦਾ ਹੈ। ਇਸ ਤਰ੍ਹਾਂ ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਅਤੇ ਫਿਰ ਅੰਤਮ ਸ਼ਿਅਰ ਵਿੱਚ ਕਵੀ ਆਪਣਾ ਤਖੱਲਸ ਇਸਤੇਮਾਲ ਕਰਦਾ ਹੈ ਅਤੇ ਉਸਨੂੰ ਮਕਤਾ ਕਿਹਾ ਜਾਂਦਾ ਹੈ। ਅਮਰਜੀਤ ਸੰਧੂ ਅਨੁਸਾਰ: ‘ਮਕਤੇ’ ਨਾਲ ਹੀ ਲਿਖੀ ਜਾ ਰਹੀ ਗ਼ਜ਼ਲ ਦਾ ਸਿਲਸਿਲਾ ਖ਼ਤਮ ਕਰ ਦਿੱਤਾ ਜਾਂਦਾ ਹੈ। ਜੇ ਆਖ਼ਿਰੀ ਸ਼ਿਅਰ ਵਿੱਚ ਸ਼ਾਇਰ ਦਾ ਉਪਨਾਮ ਨਾ ਆਉਂਦਾ ਹੋਵੇ ਤਾਂ ਇਸ ਨੂੰ ‘ਮਕਤਾ’ ਕਹਿਣ ਦੀ ਥਾਂ ਕੇਵਲ ‘ਆਖ਼ਿਰੀ-ਸ਼ਿਅਰ’ ਹੀ ਕਿਹਾ ਜਾਂਦਾ ਹੈ। ਗ਼ਜ਼ਲ ਦੇ ਪਹਿਲੇ ਚੰਗੇ ਪ੍ਰਭਾਵ ਵਾਸਤੇ ਜੇ ‘ਮਤਲਾ’ ਜ਼ੋਰਦਾਰ ਹੋਣਾ ਚਾਹੀਦਾ ਹੈ ਤਾਂ ਗ਼ਜ਼ਲ ਦੇ ਅੰਤਮ ਅਤੇ ਦੇਰ-ਪਾ ਪ੍ਰਭਾਵ ਵਾਸਤੇ ‘ਮਕਤਾ’ ਵੀ ਬਹੁਤ ਜ਼ੋਰਦਾਰ ਹੋਣਾ ਚਾਹੀਦਾ ਹੈ। ਗ਼ਜ਼ਲ ਦੀ ਕਾਮਯਾਬੀ ਵਿੱਚ ਇਸ ਨੁਕਤੇ ਦਾ ਵੀ ਇੱਕ ਵਿਸ਼ੇਸ਼ ਰੋਲ ਰਹਿੰਦਾ ਹੈ।[8] ਜੇਕਰ ਗਜ਼ਲ ਦੇ ਸਾਰੇ ਸ਼ੇਅਰਾਂ ਵਿੱਚ ਇੱੱਕੋ ਵਿਸ਼ਾ ਲਿਆ ਜਾਵੇ ਤਾਂਂ ਇਸ ਪ੍ਰਕਾਰ ਦੀ ਗਜ਼ਲ ਨੂੰ ਮੁਸਲਸਲ ਗਜ਼ਲ ਕਿਹਾ ਜਾਂਦਾ ਹੈ। ਜੇੇਕਰ ਗਜ਼ਲ ਦੇ ਹਰ ਇੱਕ ਸ਼ੇੇੇਅਰ ਵਿੱਚ ਅੱਡ-ਅੱਡ ਵਿਸ਼ਾ ਨਿਭਾਇਆ ਜਾਵੇ ਤਾਂ ਇਸ ਨੂੰ ਗੈਰ-ਮੁਸਲਸਲ ਗਜ਼ਲ ਕਿਹਾ ਜਾਂਦਾ ਹੈ | 12 ਵੀਂਂ ਸਦੀ ਵਿੱਚ ਗਜ਼ਲ ਨਵੇਂ ਇਸਲਾਮੀ ਸਲਤਨਤ ਦਰਬਾਰਾਂ ਅਤੇ ਸੂਫੀ ਫਕੀਰਾਂ ਦੇ ਪ੍ਰਭਾਵ ਹੇਠ ਦੱਖਣ ਏਸ਼ੀਆ ਵਿੱਚ ਫੈਲ ਗਈ। ਹਾਲਾਂਕਿ ਗ਼ਜ਼ਲ ਸਭ ਤੋਂ ਉਭਰਵੇਂ ਤੌਰ 'ਤੇ ਦਾਰੀ ਅਤੇ ਉਰਦੂ ਕਵਿਤਾ ਹੈ, ਅੱਜ ਇਹ ਹਿੰਦ ਉਪ ਮਹਾਂਦੀਪ ਦੀਆਂ ਕਈ ਭਾਸ਼ਾਵਾਂ ਦੀ ਕਵਿਤਾ ਵਿੱਚ ਆਮ ਮਿਲਦਾ ਇੱਕ ਰੂਪ ਹੈ।

ਜਲਾਲ ਉਲ ਦੀਨ ਮੋਹੰਮਦ ਰੂਮੀ (13 ਵੀਂ ਸਦੀ) ਅਤੇ ਹਾਫ਼ਿਜ਼ (14 ਵੀਂ ਸਦੀ), ਅਜੇਰੀ ਕਵੀ ਫੁਜੁਲੀ (16ਵੀਂ ਸਦੀ) ਜਿਹੇ ਉਘੇ ਫਾਰਸੀ ਫਕੀਰਾਂ ਅਤੇ ਕਵੀਆਂ ਨੇ ਗ਼ਜ਼ਲ ਨੂੰ ਆਪਣੇ ਰਹੱਸਵਾਦ ਦਾ ਜ਼ਰੀਆ ਬਣਾਇਆ, ਅਤੇ ਨਾਲ ਹੀ ਮਿਰਜ਼ਾ ਗਾਲਿਬ (1797 - 1869) ਅਤੇ ਮੁਹੰਮਦ ਇਕਬਾਲ (1877 -1938),ਜਿਹਨਾਂ ਦੋਨਾਂ ਨੇ ਫਾਰਸੀ ਅਤੇ ਉਰਦੂ ਵਿੱਚ ਗ਼ਜ਼ਲ ਲਿਖੀ ਅਤੇ ਬੰਗਾਲੀ ਕਵੀ ਕਾਜ਼ੀ ਨਜਰੁਲ ਇਸਲਾਮ (1899-1976)। ਜੋਹਾਨ ਵੋਲਫਗੈਂਗ ਵਾਨ ਗੇਟੇ (1749 - 1832) ਦੇ ਪ੍ਰਭਾਵ ਦੇ ਰਾਹੀਂ, ਗ਼ਜ਼ਲ ਜਰਮਨੀ ਵਿੱਚ ਬਹੁਤ ਹਰਮਨ ਪਿਆਰੀ ਹੋਈ।

ਉਰਦੂ ਗ਼ਜ਼ਲ ਦੇ ਖਾਸ ਸ਼ਾਇਰਸੋਧੋ

ਉਰਦੂ ਵਿੱਚ, ਕੁਝ ਮਹੱਤਵਪੂਰਨ ਅਤੇ ਮਾਣਯੋਗ ਗ਼ਜ਼ਲ ਸ਼ਾਇਰ ਹਨ: ਮਿਰਜ਼ਾ ਗਾਲਿਬ, ਮੀਰ ਤਕੀ ਮੀਰ, ਮੋਮਿਨ ਖਾਨ ਮੋਮਿਨ, ਦਾਗ ਦੇਹਲਵੀ, ਖਵਾਜਾ ਹੈਦਰ ਅਲੀ ਆਤਿਸ਼, ਜਾਨ ਨਿਸਾਰ ਅਖਤਰ, ਖਵਾਜਾ ਮੀਰ ਦਰਦ, ਹਫੀਜ਼ ਹੋਸ਼ਿਆਰਪੁਰੀ, ਫੈਜ਼ ਅਹਿਮਦ ਫੈਜ਼, ਅਹਿਮਦ ਫਰਾਜ਼, ਫ਼ਿਰਾਕ ਗੋਰਖਪੁਰੀ, ਮੁਹੰਮਦ ਇਕਬਾਲ, ਕਮਰ ਜਲਾਲਾਬਾਦੀ, ਸ਼ਾਕੇਬ ਜਾਲਾਲੀ, ਨਾਸਿਰ ਕਾਜ਼ਮੀ, ਸਾਹਿਰ ਲੁਧਿਆਣਵੀ, ਹਸਰਤ ਮੋਹਾਨੀ, ਮਖ਼ਦੂਮ ਮੋਹਿਓਦੀਨ, ਜਿਗਰ ਮੋਰਾਦਾਬਾਦੀ, ਮੁਨੀਰ ਨਿਆਜ਼ੀ, ਮਿਰਜ਼ਾ ਰਫ਼ੀ ਸੌਦਾ, ਕਤੀਲ ਸਿਫ਼ਾਈ, ਮਜਰੂਹ ਸੁਲਤਾਨਪੁਰੀ, ਵਲੀ ਮੁਹੰਮਦ ਵਲੀ, ਮੁਹੰਮਦ ਇਬਰਾਹਿਮ ਜ਼ੌਕ,ਨਿਦਾ ਫ਼ਾਜ਼ਲੀ,ਰਾਹਤ ਇੰਦੋਰੀ, ਮੁਨੱਵਰ ਰਾਣਾ,ਵਸੀਮ ਬਰੇਲਵੀ

ਹਵਾਲੇਸੋਧੋ