ਗੁੜ੍ਹਤੀ

(ਗੁੜਤੀ ਤੋਂ ਮੋੜਿਆ ਗਿਆ)

ਨਵੇਂ ਜੰਮੇਂ ਬੱਚੇ ਨੂੰ ਮਾਂ ਦਾ ਦੁੱਧ ਚੁੰਘਾਉਣ ਤੋਂ ਪਹਿਲਾਂ ਗੁੜ੍ਹਤੀ ਦਿੱਤੀ ਜਾਂਦੀ ਹੈ। ਇਹ ਸਭ ਤੋਂ ਪਹਿਲਾਂ ਪਦਾਰਥ ਹੁੰਦਾ ਹੈ। ਪਹਿਲਿਆਂ ਵਿੱਚ ਨਵੇਂ ਜੰਮੇ ਬੱਚੇ ਨੂੰ, ਆਂਦਰਾਂ ਦੀ ਸਫ਼ਾਈ ਲਈ ਗੁੜ ਵਿੱਚ ਸੌਂਫ਼ ਆਦਿ ਦੀ ਬਣੀ ਘੁੱਟੀ ਮਿਲਾ ਕੇ ਦਿੱਤੀ ਜਾਂਦੀ ਸੀ ਜਿਸਨੂੰ ਗੁੜ-ਘੁੱਟੀ ਕਹਿੰਦੇ ਹਨ।[1] ਇਹੋ ਸ਼ਬਦ ਸੰਯੁਕਤ ਰੂਪ ਵਿੱਚ ਗੁੜ੍ਹਤੀ ਪ੍ਰਚਲਿਤ ਹੋ ਗਿਆ। ਗੁੜ੍ਹਤੀ ਪਹਿਲੀ ਖੁਰਾਕ ਹੁੰਦੀ ਹੈ। ਜੋ ਜੰਮਣ ਮਗਰੋਂ ਬੱਚਾ ਪਹਿਲੀ ਵਾਰ ਰਸਮੀ ਢੰਗ ਨਾਲ ਮੂੰਹ ਲਗਾਉਂਦਾ ਹੈ। ਕਿਉਂ ਜੋ ਲੋਕਾਂ ਦਾ ਵਿਸ਼ਵਾਸ ਹੈ, ਕਿ ਬੱਚੇ ਦਾ ਸੁਭਾਅ ਗੁੜਤੀ ਦੇਣ ਵਾਲੇ ਦ ਸੁਭਾਵ ਉੱਤੇ ਹੀ ਢਲਦਾ ਹੈ। ਕਿਸੇ ਕੋਰੇ ਭਾਂਡੇ ਜਾਂ ਚੱਪਣੀ ਵਿੱਚ ਬੱਕਰੀ ਦੇ ਦੁੱਧ ਦੀਆਂ ਕੁਝ ਧਾਰਾ ਜਾਂ ਮਾਖਿਓ ਦਾਂ ਬੂੰਦਾਂ ਪਾ ਕੇ ਉਸਨੂੰ ਰੂੰ ਦੀ ਪੱਤਲੀ ਬੱਤੀ ਜਾਂ ਦਰਭ ਘਾਹ ਦਾਂ ਪੱਤੀਆਂ ਨਾਲ ਬੱਚੇ ਦੇ ਮੂੰਹ ਵਿੱਚ ਚੋਇਆ ਜਾਂਦਾ ਹੈ। ਕਈ ਲੋਕ ਸੌਂਫ ਤੇ ਖੰਡ ਪੀਹ ਕੇ ਬੱਚੇ ਦੇ ਮੂੰਹ ਲਗਾਂਦੇ ਹਨ। ਰਾਜਪੂਤਾਂ ਵਿੱਚ ਕਿਰਪਾਨ ਦੀ ਨੋਕ ਨਾਲ ਸ਼ਹਿਦ ਲਗਾ ਕੇ ਬੱਚੇ ਦੀ ਜੀਭ ਉੱਤੇ ਲਗਾਇਆ ਜਾਂਦਾ ਹੈ। ਇਸ ਰੀਤ ਸਮੇਂ ਮਰਾਸੀ ਜਾਂ ਕਿਸੇ ਹੋਰ ਕੰਮੀ ਕਮੀਣ ਨੂੰ ਕੁਝ ਸਿੱਕੇ ਜਾਂ ਦਾਣਿਆ ਦਾ ਛੱਜ ਭਰ ਕੇ ਦਾਣ ਕੀਤਾ ਜਾਂਦਾ ਹੈ।[2]

ਗੁੜ੍ਹਤੀ ਦੇਣੀ ਇਕ ਵਿਸ਼ੇਸ਼ ਰਸਮ ਹੈ। ਇਹ ਨਵੇਂ ਜੰਮੇ ਬੱਚੇ ਨੂੰ ਦਿੱਤੀ ਜਾਂਦੀ ਹੈ।ਗੁੜ੍ਹਤੀ ਦੇਣ ਤੋਂ ਪਿੱਛੋਂ ਹੀ ਮਾਂ ਆਪਣਾ ਦੁੱਧ ਬੱਚੇ ਨੂੰ ਚੁੰਘਾਉਂਦੀ ਹੈ।ਗੁੜ੍ਹਤੀ ਆਮ ਤੌਰ ਤੇ ਬੱਚੇ ਦੀ ਭੂਆ ਵੱਲੋਂ ਦਿੱਤੀ ਜਾਂਦੀ ਹੈ। ਹੋਰ ਗੁਣਵੰਤੀ ਅਤੇ ਸੁਚੱਜੀ ਇਸਤਰੀ ਤੋਂ ਵੀ ਗੁੜ੍ਹਤੀ ਦਵਾਈ ਜਾਂਦੀ ਹੈ। ਗੁੜ੍ਹਤੀ ਨਾਲ ਇਕ ਧਾਰਨਾ ਵੀ ਜੁੜੀ ਹੋਈ ਹੈ। ਜਿਹੋ ਜਿਹੇ ਸੁਭਾਉ ਵਾਲਾ ਵਿਅਕਤੀ ਗੁੜ੍ਹਤੀ ਦੇਵੇਗਾ, ਉਹੋ ਜਿਹਾ ਸੁਭਾਅ ਉਸ ਬੱਚੇ ਦਾ ਬਣੇਗਾ। ਗੁੜ੍ਹਤੀ ਲਈ ਇਕ ਕੋਰੀ ਠੂਠੀ ਲਈ ਜਾਂਦੀ ਸੀ। ਉਸ ਵਿਚ ਬੱਕਰੀ ਦਾ ਦੁੱਧ ਚੋ ਕੇ ਪਾਇਆ ਜਾਂਦਾ ਸੀ। ਪਹਿਲੇ ਸਮਿਆਂ ਵਿਚ ਹਰ ਘਰ ਘੱਟੋ-ਘੱਟ ਇਕ ਬੱਕਰੀ ਜਰੂਰ ਰੱਖੀ ਹੁੰਦੀ ਸੀ। ਰੂੰ ਦੀ ਇਕ ਬੱਤੀ ਬਣਾਈ ਜਾਂਦੀ ਦੀ ਸੀ। ਬੱਤੀ ਨੂੰ ਠੂਠੀ ਦੇ ਦੁੱਧ ਵਿਚ ਡੋਬ ਕੇ ਬੱਚੇ ਦੇ ਮੂੰਹ ਵਿਚ ਦੁੱਧ ਪਾਇਆ ਜਾਂਦਾ ਸੀ। ਇਹ ਸੀ ਗੁੜ੍ਹਤੀ ਦੀ ਰਸਮ

ਹੁਣ ਬੱਕਰੀ ਦੇ ਦੁੱਧ ਦੀ ਥਾਂ ਸ਼ਹਿਦ ਨੂੰ ਉਂਗਲੀ ਨਾਲ ਲਾ ਕੇ ਬੱਚੇ ਨੂੰ ਚਟਾ ਦਿੱਤਾ ਜਾਂਦਾ ਹੈ। ਹੁਣ ਗੁੜ੍ਹਤੀ ਦੇਣ ਦਾ ਇਹ ਰਿਵਾਜ ਹੈ।[3]

ਹਵਾਲੇ

ਸੋਧੋ
  1. ਪੰਜਾਬੀ ਲੋਕਧਾਰ ਵਿਸ਼ਵ ਕੋਸ਼, ਸੋਹਿਦੰਰ ਸਿੰਘ ਵਣਜਾਰਾ ਬੇਦੀ, ਨੈਸ਼ਨਲ ਬੁੱਕ ਸ਼ਾਪ,ਦਿੱਲੀ
  2. ਪੰਜਾਬੀ ਦੀ ਲੋਕ-ਧਾਰਾ ਅੰਤਰ-ਭਾਰਤੀ ਪੁਸਤਕ ਮਾਲਾ, ਸੋਹਿੰਦਰ ਸਿੰਘ ਬੇਦੀ,ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ
  3. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.