ਪਰਗਟ ਸਿੰਘ[1] ਦਾ ਜਨਮ ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਮਿੱਠਾਪੁਰ ਵਿਖੇ 5 ਮਾਰਚ 1965 ਨੂੰ ਮਾਤਾ ਨਸੀਬ ਕੌਰ ਦੀ ਕੁੱਖੋਂ ਅਤੇ ਪਿਤਾ ਗੁਰਦੇਵ ਸਿੰਘ ਦੇ ਘਰ ਹੋਇਆ

ਮੁਢਲੀ ਸਿੱਖਿਆ

ਸੋਧੋ

ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ ਅਤੇ ਨਾਲ-ਨਾਲ ਹਾਕੀ ਦੀ ਸਿੱਖਿਆ ਵੀ ਇੱਥੋਂ ਹੀ ਪ੍ਰਾਪਤ ਕਰਨੀ ਸ਼ੁਰੂ ਕੀਤੀ। ਸਾਲ 1982 ਵਿੱਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਦਾਖਲਾ ਲਿਆ ਅਤੇ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ।

ਹਾਕੀ ਦੀ ਅਸਲੀ ਜੱਦੋ-ਜਹਿਦ

ਸੋਧੋ

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਹਾਕੀ ਦੀ ਅਸਲੀ ਜੱਦੋ-ਜਹਿਦ ਸ਼ੁਰੂ ਹੋਈ। ਕਾਲਜ ਵਿੱਚ ਪੜ੍ਹਦਿਆਂ ਇੰਟਰ ਯੂਨੀਵਰਸਿਟੀ ਤੋਂ ਕੰਬਾਈਨ ਯੂਨੀਵਰਸਿਟੀ ਅਤੇ ਨਾਲ ਹੀ ਜੂਨੀਅਰ ਏਸ਼ੀਆ ਕੱਪ ਜਿਹੜਾ ਮਲੇਸ਼ੀਆ ਵਿਖੇ ਹੋਇਆ ਵਿੱਚ ਭਾਰਤ ਦੀ ਟੀਮ ਦੀ ਨੁਮਾਇੰਦਗੀ ਕੀਤੀ। ਪਰਗਟ ਨੇ ਕਾਲਜ ਦੀ ਹਾਕੀ ਟੀਮ ਦੀ 1982-1984 ਤਕ ਨੁਮਾਇੰਦਗੀ ਅਤੇ ਕੰਬਾਈਨ ਯੂਨੀਵਰਸਿਟੀ ਵੱਲੋਂ ਖੇਡਦਿਆਂ ਕਪਤਾਨੀ ਵੀ ਕੀਤੀ ਅਤੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਆਪਣੀ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਾਇਆ। ਉਦੋਂ ਕੰਬਾਈਨ ਯੂਨੀਵਰਸਿਟੀ ਵਿੱਚ ਆਉਣਾ ਭਾਰਤ ਦੀ ਟੀਮ ਦੀ ਨੁਮਾਇੰਦਗੀ ਕਰਨ ਦੇ ਬਰਾਬਰ ਸਮਝਿਆ ਜਾਂਦਾ ਸੀ ਅਤੇ ਬਹੁਤੀ ਵਾਰ ਇਹ ਟੀਮ ਨੈਸ਼ਨਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਖੇਡਿਆ ਕਰਦੀ ਸੀ।

ਹੀਰੋ

ਸੋਧੋ

ਜਦੋਂ ਪਰਗਟ ਸਿੰਘ ਭਾਰਤ ਵੱਲੋਂ ਹਾਕੀ ਖੇਡਿਆ ਤਾਂ ਉਸ ਵਕਤ ਭਾਰਤ ਦੀ ਕਾਰਗੁਜ਼ਾਰੀ ਥੱਲੇ ਜਾ ਰਹੀ ਸੀ ਪਰ ਇਸ ਦੇ ਬਾਵਜੂਦ ਪਰਗਟ ਸਿੰਘ ਨੇ ਬਹੁਤ ਵਾਰ ਟੀਮ ਨੂੰ ਮੁਸ਼ਕਲ ਵਿੱਚੋਂ ਕੱਢਿਆ। ਪਰਥ (ਆਸਟਰੇਲੀਆ)[2] ਵਿਖੇ 1985 ਵਿੱਚ ਚੈਂਪੀਅਨ ਟਰਾਫ਼ੀ ਸਮੇਂ ਜਰਮਨੀ ਦੇ ਮੈਚ ਦੌਰਾਨ ਭਾਰਤ ਦੀ ਟੀਮ 1-5 ਨਾਲ ਪਿੱਛੇ ਜਾ ਰਹੀ ਸੀ ਅਤੇ ਸਿਰਫ਼ 6 ਮਿੰਟ ਬਚੇ ਸਨ ਤਾਂ ਪਰਗਟ ਨੇ ਅੱਗੇ ਆ ਕੇ 4 ਗੋਲ ਕਰ ਕੇ ਮੈਚ ਬਰਾਬਰੀ ’ਤੇ ਲਿਆ ਖੜ੍ਹਾ ਕੀਤਾ। ਇਸ ਮੈਚ ਨੇ ਪਰਗਟ ਸਿੰਘ ਨੂੰ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਵਿੱਚ ਹੀਰੋ ਬਣਾ ਦਿੱਤਾ। ਅਖੀਰਲੇ ਗੋਲ ਦੀ ਦਾਸਤਾਨ ਵਰਣਨਯੋਗ ਹੈ ਜਿਸ ਵਿੱਚ ਪਰਗਟ ਸਿੰਘ ਨੇ ਆਪਣੀ ਡੀ ਤੋਂ ਬਾਲ ਲੈ ਕੇ ਜਰਮਨ ਦੀ ਡੀ ਤਕ ਜਾ ਕੇ ਇਕੱਲੇ ਨੇ ਹੀ ਗੋਲ ਕੀਤਾ। ਇੱਥੇ ਹੀ ਨਹੀਂ ਬਲਕਿ ਅਗਲੀ ਚੈਂਪੀਅਨ ਟਰਾਫ਼ੀ ਜਿਹੜੀ ਕਰਾਚੀ ਵਿੱਚ 1986 ਨੂੰ ਖੇਡੀ ਗਈ, ਉਸ ਵਿੱਚ ਵੀ ਪਰਗਟ ਨੇ ਹਾਲੈਂਡ ਦੇ ਨਾਲ ਮੈਚ ਵਿੱਚ ਇਹੋ ਜਿਹੇ ਪ੍ਰਦਰਸ਼ਨ ਨਾਲ ਦਰਸ਼ਕਾਂ ਅਤੇ ਹਾਕੀ ਪ੍ਰੇਮੀਆਂ ਦਾ ਮਨ ਮੋਹ ਲਿਆ। ਇੱਥੇ ਉਸ ਨੇ ਟੀਮ ਨੂੰ 3-2 ਦੇ ਫ਼ਰਕ ਨਾਲ ਆਪਣੀ ਸੋਲੋ ਟਰਾਈ ਨਾਲ ਜਿੱਤ ਹਾਸਲ ਕਰਵਾਈ। ਡੀਪ ਡਿਫੈਂਡਰ ਖੇਡਦਿਆਂ ਫਾਰਵਰਡ ਲਾਈਨ ਵਿੱਚ ਜਾ ਕੇ ਗੋਲ ਕਰਨਾ ਖਿਡਾਰੀ ਦੀ ਹਾਕੀ ਵਿੱਚ ਮੁਹਾਰਤ ਦਰਸਾਉਂਦੀ ਹੈ ਜਿਹੜੀ ਉਸ ਵਕਤ ਦੇ ਖਿਡਾਰੀਆਂ ਵਿੱਚ ਨਹੀਂ ਸੀ ਬਲਕਿ ਅੱਜ-ਕੱਲ੍ਹ ਵੀ ਇਹੋ ਜਿਹੇ ਖਿਡਾਰੀ ਭਾਰਤ ਵਿੱਚ ਨਹੀਂ ਲੱਭਦੇ।

ਉਲੰਪਿਕ

ਸੋਧੋ

ਪਰਗਟ ਸਿੰਘ ਨੇ ਤਿੰਨ ਓਲੰਪਿਕਾਂ ਵਿੱਚ ਭਾਗ ਲਿਆ ਜਿਹੜੀਆਂ ਸਿਉਲ ਵਿਖੇ 1988 (ਸਾਊਥ ਕੋਰੀਆ), ਬਾਰਸੀਲੋਨਾ 1992 (ਸਪੇਨ) ਅਤੇ ਐਟਲਾਂਟਾ 1996 (ਯੂ.ਐਸ.ਏ.) ਵਿੱਚ ਖੇਡੀਆਂ ਗਈਆਂ। ਇਨ੍ਹਾਂ ਵਿੱਚੋਂ ਪਿਛਲੀਆਂ ਦੋ ਓਲੰਪਿਕਾਂ ਵਿੱਚ ਟੀਮ ਦਾ ਕਪਤਾਨ ਵੀ ਰਿਹਾ ਜਿਹੜਾ ਇੱਕ ਰਿਕਾਰਡ ਹੈ। ਐਟਲਾਂਟਾ ਦੀਆਂ1996 ਦੀਆਂ ਓਲੰਪਿਕ ਖੇਡਾਂ ਵਿੱਚ ਪਰਗਟ ਨੂੰ ਭਾਰਤ ਖੇਡ ਦਲ ਦਾ ਝੰਡਾ ਬਰਦਾਰ ਹੋਣ ਦਾ ਵੀ ਮਾਣ ਹਾਸਲ ਹੈ। ਲੰਮਾ ਸਮਾਂ ਖੇਡ ਦੇ ਉੱਚ ਪੱਧਰ ਨੂੰ ਕਾਇਮ ਰੱਖਣਾ ਸੌਖੀ ਗੱਲ ਨਹੀਂ ਹੁੰਦੀ। ਇਸ ਵਾਸਤੇ ਖਿਡਾਰੀ ਨੂੰ ਅਨੁਸ਼ਾਸਨ ਵਿੱਚ ਰਹਿਣਾ ਹੁੰਦਾ ਹੈ ਤੇ ਪਰਗਟ ਅਜਿਹੇ ਅਨੁਸ਼ਾਸਨ ਦਾ ਹਮੇਸ਼ਾ ਧਾਰਨੀ ਰਿਹਾ ਹੈ। ਪਰਗਟ ਦਾ ਪੱਧਰ ਦਾ ਖੇਡ ਜੀਵਨ 1983 ਵਿੱਚ ਸਿਲਵਰ ਜੁਬਲੀ 10 ਨੇਸ਼ਨ ਕੱਪ, ਹਾਂਗਕਾਂਗ ਤੋਂ ਸ਼ੁਰੂ ਹੋਇਆ ਅਤੇ 1996 ਚੈਂਪੀਅਨ ਟਰਾਫ਼ੀ ਚੇਨੱਈ ਤਕ ਚੱਲਿਆ। ਇਨ੍ਹਾਂ ਚੌਦਾਂ ਸਾਲਾਂ ਵਿੱਚ ਹਿੰਦੁਸਤਾਨ ਹੀ ਨਹੀਂ ਬਲਕਿ ਸੰਸਾਰ ਹਾਕੀ ਵਿੱਚ ਪਰਗਟ ਦੀ ਝੰਡੀ ਰਹੀ। ਪਰਗਟ ਸਿੰਘ ਲਗਪਗ ਦੋ ਦਹਾਕੇ ਹਿੰਦੁਸਤਾਨ ਦੀ ਹਾਕੀ ਵਿੱਚ ਛਾਇਆ ਰਿਹਾ ਅਤੇ ਉਸ ਨੇ 313 ਅੰਤਰਰਾਸ਼ਟਰੀ ਮੈਚ ਖੇਡੇ ਜਿਹੜਾ ਕਿ ਉਸ ਵਕਤ ਦਾ ਇੱਕ ਵਿਸ਼ਵ ਰਿਕਾਰਡ ਸੀ।

ਸੇਵਾ

ਸੋਧੋ

ਪਰਗਟ ਸਿੰਘ ਨੂੰ ਪੰਜਾਬੀ ਪੁਲੀਸ ਨੇ ਭਰਤੀ ਕੀਤਾ ਤੇ ਉਸ ਨੇ ਬਤੌਰ ਐਸ. ਪੀ. ਸੇਵਾ ਨਿਭਾਈ। ਕਈ ਵਾਰ ਪੰਜਾਬ ਪੁਲੀਸ ਦੀ ਹਾਕੀ ਟੀਮ ਨੂੰ ਪੁਲੀਸ ਖੇਡਾਂ ਵਿੱਚ ਜਿੱਤਾਂ ਹਾਸਲ ਕਰਵਾਈਆਂ। ਆਪਣੇ ਖੇਡ ਕਰੀਅਰ ਵਿੱਚ ਉਹ ਬਹੁਤ ਵਾਰ ਭਾਰਤ ਦੀ ਟੀਮ ਦਾ ਕਪਤਾਨ ਰਿਹਾ ਅਤੇ ਇਸ ਦੌਰਾਨ ਤਿੰਨ ਵਾਰ ਚਾਰ ਦੇਸੀ ਟੂਰਨਾਮੈਂਟ, ਇੱਕ ਵਾਰੀ ਸੈਫ਼ ਖੇਡਾਂ, ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਅਤੇ ਇੰਦਰਾ ਗਾਂਧੀ ਗੋਲਡ ਕੱਪ ਵਿੱਚ ਆਪਣੀ ਟੀਮ ਨੂੰ ਜਿਤਾਇਆ। ਇਸ ਤੋਂ ਇਲਾਵਾ ਇਸ ਨੇ ਟੀਮ ਨੂੰ ਚਾਂਦੀ ਦੇ ਤਗਮੇ ਵੀ ਜਿੱਤ ਕੇ ਦਿੱਤੇ ਅਤੇ ਸੁਲਤਾਨ ਸ਼ਾਹ ਹਾਕੀ ਕੱਪ ਵਿੱਚ ਸਰਵੋਤਮ ਖਿਡਾਰੀ ਦਾ ਖਿਤਾਬ ਵੀ ਹਾਸਲ ਕੀਤਾ ਕਿਉਂਕਿ ਪਰਗਟ ਸਿੰਘ ਦੁਨੀਆ ਦੇ ਚੰਗੇ ਖਿਡਾਰੀਆਂ ਦੀ ਪੰਗਤੀ ਵਿੱਚ ਖੜ੍ਹਾ ਸੀ, ਇਸ ਨੂੰ ਏਸ਼ੀਆ ਆਲ ਸਟਾਰ ਇਲੈਵਨ ਚੁਣਿਆ ਗਿਆ ਅਤੇ ਇਸ ਵਿੱਚ ਬਤੌਰ ਖਿਡਾਰੀ ਹਿੱਸਾ ਲਿਆ। ਦੂਜੀ ਵਾਰ 1991 ਵਿੱਚ ਇਸ ਟੀਮ ਦੀ ਕਪਤਾਨੀ ਦਾ ਮਾਣ ਪਰਗਟ ਸਿੰਘ ਨੂੰ ਹਾਸਲ ਹੈ ਅਤੇ ਇਸੇ ਅੰਤਰ ਮਹਾਂਦੀਪ ਸੰਸਾਰ ਕੱਪ ਵਿੱਚ ਵੀ ਟੀਮ ਨੇ ਜਿੱਤ ਹਾਸਲ ਕੀਤੀ।

ਡਾਇਰੈਕਟਰ ਖੇਡਾਂ ਪੰਜਾਬ

ਸੋਧੋ

ਕੁਦਰਤ ਨੇ ਉਸ ਨੂੰ ਇੱਕ ਮੌਕਾ ਦਿੱਤਾ ਜਦੋਂ ਪੰਜਾਬ ਸਰਕਾਰ ਨੇ ਪਰਗਟ ਸਿੰਘ ਨੂੰ ਡਾਇਰੈਕਟਰ ਖੇਡਾਂ ਪੰਜਾਬ ਬਣਾ ਦਿੱਤਾ। ਇੱਥੇ ਹਾਕੀ ਨੂੰ ਸੰਭਾਲਣ ਅਤੇ ਇਸ ਦੀ ਤਰੱਕੀ ਲਈ ਭਰਪੂਰ ਕਦਮ ਚੁੱਕੇ ਗਏ। ਸਕੂਲਾਂ ਅਤੇ ਕਾਲਜਾਂ ਵਿੱਚ ਹਾਕੀ ਦੇ ਵਿੰਗ ਖੋਲ੍ਹੇ ਗਏ, ਖਿਡਾਰੀਆਂ ਨੂੰ ਫ੍ਰੀ ਕਿੱਟਾਂ, ਹਾਕੀਆਂ ਅਤੇ ਹੋਰ ਖਾਣ ਤੇ ਰਹਿਣ ਦੇ ਪ੍ਰਬੰਧ ਤੋਂ ਇਲਾਵਾ ਉਹਨਾਂ ਦੀ ਪੜ੍ਹਾਈ ਦਾ ਵੀ ਪ੍ਰਬੰਧ ਕੀਤਾ। ਪੰਜਾਬ ਵਿੱਚ ਸਿੰਥੈਟਿਕ ਟਰਫਾਂ ਆਈਆਂ ਅਤੇ ਉਹਨਾਂ ’ਤੇ ਅੰਤਰਰਾਸ਼ਟਰੀ ਮੈਚ ਵੀ ਕਰਵਾਏ। ਇਸ ਸਮੇਂ ਦੌਰਾਨ ਹਾਕੀ ਦੀਆਂ ਬੇਸ਼ੁਮਾਰ ਅਕੈਡਮੀਆਂ ਖੁੱਲ੍ਹੀਆਂ। ਪਰਗਟ ਸਿੰਘ ਦੀ ਲਗਾਤਾਰ ਮਿਹਨਤ ਸਦਕਾ ਜੂਨੀਅਰ ਅਤੇ ਸੀਨੀਅਰ ਖਿਡਾਰੀ ਭਾਰਤੀ ਹਾਕੀ ਕੈਂਪਾਂ ਵਿੱਚ ਜਾਣ ਲੱਗੇ ਹਨ। ਹੁਣ ਉਹ ਜਲੰਧਰ ਕੈਂਟ ਹਲਕੇ ਤੋਂ ਐਮ.ਐਲ.ਏ. ਹੈ। ਹਰ ਪੰਜਾਬੀ ਨੂੰ ਪਰਗਟ ਤੋਂ ਆਸ ਹੈ ਕਿ ਉਹ ਸਰਕਾਰ ਵਿੱਚ ਹੋਣ ’ਤੇ ਹਾਕੀ ਅਤੇ ਸਮੁੱਚੀ ਖੇਡ ਨੂੰ ਪ੍ਰਫੁਲਤ ਕਰਨ ਵਿੱਚ ਭਰਵਾਂ ਯੋਗਦਾਨ ਪਾਏਗਾ ਅਤੇ ਸਰਕਾਰ ਇਸ ਅਭਿਆਸੀ ਖਿਡਾਰੀ, ਖੇਡ ਪ੍ਰਬੰਧਕ ਤੋਂ ਪੂਰਾ-ਪੂਰਾ ਲਾਭ ਉਠਾਉਂਦੇ ਹੋਏ ਪੰਜਾਬ ਨੂੰ ਫਿਰ ਭਾਰਤ ਵਿੱਚ ਇੱਕ ਨੰਬਰ ’ਤੇ ਲੈ ਕੇ ਆਏਗੀ।

ਇਨਾਮ

ਸੋਧੋ

ਪਰਗਟ ਸਿੰਘ ਨੇ ਹਿੰਦੁਸਤਾਨ ਦੇ ਸਾਰੇ ਖੇਡਾਂ ਨਾਲ ਸਬੰਧਤ ਇਨਾਮ ਹਾਸਲ ਕੀਤੇ, ਜਿਵੇਂ ਅਰਜੁਨਾ ਪੁਰਸਕਾਰ ਅਤੇ ਪਦਮ ਸ਼੍ਰੀ ਪੁਰਸਕਾਰ 1998 ਵਿੱਚ ਹਾਸਲ ਕੀਤਾ।

ਹਵਾਲੇ

ਸੋਧੋ