ਪਵਿੱਤਰ ਪਾਪੀ (ਨਾਵਲ)
ਪਵਿੱਤਰ ਪਾਪੀ ਨਾਨਕ ਸਿੰਘ ਦਾ ਨਾਵਲ ਹੈ।[1] ਪਵਿੱਤਰ ਪਾਪੀ ਮਨੋਵਿਗਿਆਨਕ ਛੂਹਾਂ ਦੇ ਨਾਲ ਨਾਲ ਮੱਧਵਰਗੀ ਪਰਿਵਾਰ ਦੀ ਹਾਲਤ ਦਾ ਇੱਕ ਤ੍ਰਾਸਦਿਕ ਚਿੱਤਰ ਪੇਸ਼ ਕਰਦਾ ਹੈ। ਸਾਲ 1970 ਦੇ ਵਿੱਚ ਪਵਿੱਤਰ ਪਾਪੀ ਨਾਂ ਦੀ ਇੱਕ ਹਿੰਦੀ ਫਿਲਮ ਵੀ ਬਣੀ ਸੀ ਜੋ ਮੂਲ ਰੂਪ ਤੋਂ ਇਸੇ ਕਹਾਣੀ ਤੇ ਅਧਾਰਤ ਹੈ।
ਲੇਖਕ | ਨਾਨਕ ਸਿੰਘ |
---|---|
ਮੂਲ ਸਿਰਲੇਖ | ਪਵਿੱਤਰ ਪਾਪੀ |
ਦੇਸ਼ | ਪੰਜਾਬ, ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਪ੍ਰਕਾਸ਼ਕ | ਕੁਲਵੰਤ ਸਿੰਘ ਸੂਰੀ ਲੋਕਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 167 |
ਕਹਾਣੀ
ਸੋਧੋਇਸ ਨਾਵਲ ਦੀ ਸ਼ੁਰੁਆਤ ਵਿੱਚ ਲੇਖਕ ਪਾਠਕਾਂ ਨੂੰ ਇੱਕ ਅਸਲ ਜਿੰਦਗੀ ਦੇ ਇਨਸਾਨ ਨਾਲ ਜਾਣੁ ਕਰਵਾਉਂਦਾ ਹੈ ਜਿਸ ਦੀ ਜਿੰਦਗੀ ਦੀ ਕਹਾਣੀ ਤੋ ਪ੍ਰਭਾਵਿਤ ਹੋ ਕੇ ਲੇਖਕ ਨੇ ਇਹ ਨਾਵਲ ਲਿਖਿਆ ਹੈ I ਲੇਖਕ ਦੇ ਅਨੁਸਾਰ, ਉਹ ਇਨਸਾਨ ਇੱਕ ਘੜੀਸਾਜ ਸੀ ਜੋ ਮਿਸਟਰ ਕਮਾਲ ਦੇ ਨਾਂ ਤੋਂ ਪੂਰੇ ਅੰਮ੍ਰਿਤਸਰ ਵਿੱਚ ਆਪਣੇ ਘੜੀਆਂ ਠੀਕ ਕਰਣ ਦੇ ਹੁਨਰ ਸਦਕਾ ਬਹੁਤ ਮਸ਼ਹੂਰ ਸੀ I ਨਾਵਲ ਦੇ ਸ਼ੁਰੂ ਵਿੱਚ ਲੇਖਕ ਉਸਦੀ ਮਾੜੀ ਹਾਲਤ ਵਾਲੀ ਕੋਠੜੀ ਅਤੇ ਉਸਦੀ ਮਾੜੀ ਸੇਹਤ ਬਾਰੇ ਚਾਨਣਾ ਪਾਉਂਦਾ ਹੈ I ਲੇਖਕ ਖੁਦ ਵੀ ਉਸਦੀ ਜਿੰਦਗੀ ਬਾਰੇ ਜਾਨਣਾ ਚਾਹੁੰਦਾ ਹੈ I ਉਹ ਘੜੀ ਸਾਜ ਲੇਖਕ ਨੂੰ ਇੱਕ ਜਰੂਰੀ ਤਾਰ ਦੇਣ ਵਾਸਤੇ ਭੇਜਦਾ ਹੈ I ਉਸਤੋਂ ਬਾਅਦ ਰਾਤ ਨੂੰ ਓਹ ਘੜੀ ਸਾਜ ਆਪਣੀ ਕਹਾਣੀ ਲੇਖਕ ਨੂੰ ਸੁਣਾਉਂਦਾ ਹੈ ਅਤੇ ਬਾਅਦ ਵਿੱਚ ਲੇਖਕ ਨੂੰ ਉਥੋਂ ਭੇਜ ਦਿੰਦਾ ਹੈ I ਹਾਲਾਂਕਿ ਲੇਖਕ ਦਾ ਜੀ ਨਹੀਂ ਸੀ ਕਰਦਾ ਕਿ ਓਹ ਉਸਨੂੰ ਇਸ ਮਾੜੀ ਹਾਲਤ ਵਿੱਚ ਕੱਲਾ ਛੱਡ ਕੇ ਜਾਵੇ I ਸਵੇਰ ਨੂੰ ਉਸ ਘੜੀ ਸਾਜ ਦੀ ਮੋਤ ਹੋ ਜਾਂਦੀ ਹੈ I ਇਸ ਘਟਨਾ ਦੇ ਦਸ ਬਾਰਾਂ ਸਾਲਾਂ ਬਾਅਦ ਸਨ 1942 ਵਿੱਚ ਲੇਖਕ ਆਪਨੇ ਇੱਕ ਦੋਸਤ ਕੋਲੇ ਅੰਮ੍ਰਿਤਸਰ ਵਿੱਚ ਰਾਤ ਨੂੰ ਠਹਿਰਦਾ ਹੈ ਅਤੇ ਉਸਨੂੰ ਓਹ ਘੜੀ ਸਾਜ ਨਾਲ ਜੁੜੀਆਂ ਸਾਰੀਆਂ ਗੱਲਾਂ ਯਾਦ ਆਉਂਦੀਆਂ ਹਨ ਤੇ ਓਹ ਉਸਦੀ ਕਹਾਣੀ ਨੂੰ ਇੱਕ ਨਾਵਲ ਦੇ ਰੂਪ ਵਿਚ ਪਾਠਕਾਂ ਅੱਗੇ ਪੇਸ਼ ਕਰਦਾ ਹੈ
ਰਾਵਲਪਿੰਡੀ ਦਾ ਰਹਿਣ ਵਾਲਾ ਪੰਨਾ ਲਾਲ ਇੱਕ ਮੱਧਵਰਗੀ ਪਰ ਗਰੀਬ ਪਰਿਵਾਰ ਨਾਲ ਸੰਬਧ ਰੱਖਦਾ ਹੈ I ਕੋਈ ਓਹ ਵੀ ਸਮਾਂ ਸੀ ਜਦੋ ਉਸਦਾ ਖੁਦ ਦਾ ਕਾਰੋਬਾਰ ਸੀ I ਪਰ ਉਸਦੀ ਮਾੜੀ ਕਿਸਮਤ, ਵਪਾਰ ਵਿੱਚ ਅਜਿਹਾ ਘਾਟਾ ਹੋਇਆ ਕਿ ਹੁਣ ਓਹ 35 ਰੂਪਏ ਮਹੀਨੇ ਦੀ ਤਨਖਾਹ ਤੇ ਸਰਦਾਰ ਅਤਰ ਸਿੰਘ ਦੀ ਘੜੀ ਸਾਜੀ ਦੀ ਦੁਕਾਨ ਤੇ ਕੰਮ ਕਰ ਰਿਹਾ ਸੀ I ਓਹ ਹਿਸਾਬ ਕਿਤਾਬ ਅਤੇ ਦੂਜੇ ਕੰਮਾ ਦੇ ਨਾਲ ਨਾਲ ਥੋੜਾ ਬਹੁਤਾ ਘੜੀਆਂ ਦਾ ਕੰਮ ਵੀ ਕਰ ਲੈਂਦਾ ਸੀ I ਪਰ ਘੜੀਆਂ ਦਾ ਕੰਮ ਓਹ ਚੰਗੀ ਤਰਾਂ ਨਹੀਂ ਸੀ ਜਾਣਦਾ ਅਤੇ ਅਤਰ ਸਿੰਘ ਵੀ ਉਸਦੇ ਕੰਮ ਤੋ ਕੋਈ ਖੁਸ਼ ਨਹੀ ਸੀ I ਉਸਦੇ ਪਰਵਾਰ ਵਿੱਚ ਉਸਦੀ ਘਰਵਾਲੀ ਮਾਇਆ, ਦੋ ਧੀਆਂ ਵੀਣਾ ਅਤੇ ਵਿਦਿਆ, ਦੋ ਪੁੱਤਰ ਬਸੰਤ ਅਤੇ ਇੰਦਰ I ਘੱਟ ਆਮਦਨ ਵਿੱਚ ਪਰਿਵਾਰ ਦਾ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਸੀ ਤੇ ਉੱਪਰੋ ਉਸ ਉੱਪਰ ਆਪਣੀ ਧੀ ਵੀਣਾ ਦੇ ਵਿਆਹ ਦਾ ਵੀ ਫਿਕਰ ਸੀ। ਵੀਣਾ ਨੌਵੀੰ ਜਮਾਤ ਵਿੱਚ ਪੜਦੀ ਸੀ ਅਤੇ ਗੁਜਰਖਾਨ ਸ਼ਹਿਰ ਦੇ ਵਿੱਚ ਇੱਕ ਚੰਗੇ ਖਾਨਦਾਨ ਵਿੱਚ ਮੰਗੀ ਹੋਈ ਸੀ I ਵੀਣਾ ਦੇ ਸਹੁਰੇ ਵਾਲਿਆਂ ਨੇ ਚਿੱਠੀ ਲਿਖ ਕੇ ਵੀਣਾ ਦਾ ਸਾਕ ਲੈਣ ਤੋਂ ਮਨਾ ਕਰ ਦਿੱਤਾ I ਮਾਇਆ ਤੇ ਪੰਨਾ ਲਾਲ ਸਮਝ ਗਏ ਕਿ ਵੀਣਾ ਦੇ ਸਹੁਰੇ ਵਾਲੇ ਬਹੁਤਾ ਦਾਜ ਚਾਹੁੰਦੇ ਨੇ ਅਤੇ ਪੰਨਾ ਲਾਲ ਦੀ ਮਾੜੀ ਹਾਲਤ ਕਿਸੇ ਕੋਲੋਂ ਲੁਕੀ ਨਹੀਂ ਹੋਈ ਸੀ I ਮਾਇਆ ਦੇ ਕਹਿਣ ਤੇ ਪੰਨਾ ਲਾਲ ਨੇ ਸਲਾਹ ਕੀਤੀ ਕਿ ਓਹ ਦੁਕਾਨ ਮਾਲਕ ਅਤਰ ਸਿੰਘ ਕੋਲੋਂ ਵੀਣਾ ਦੇ ਵਿਆਹ ਵਾਸਤੇ ਪੈਸੇ ਦੀ ਮਦਦ ਮੰਗੇਗਾ I
ਪਰ ਜਦ ਓਹ ਦੁਕਾਨ ਤੇ ਪਹੁੰਚਦਾ ਹੈ ਤਾਂ ਉਸਨੂੰ ਪਤਾ ਲਗਦਾ ਹੈ ਕਿ ਦੁਕਾਨ ਮਾਲਕ ਨੇ ਉਸਦੀ ਥਾਂ ਤੇ ਕਿਦਾਰ ਨਾਂ ਦੇ ਇੱਕ ਨਵੇਂ ਘੜੀਸਾਜ ਨੂੰ ਰੱਖ ਲਿਆ ਹੈ I ਪੰਨਾ ਲਾਲ ਬਹੁਤ ਨਿਰਾਸ਼ ਹੁੰਦਾ ਹੈ I ਪੈਸੇ ਦੀ ਹੋਰ ਮਦਦ ਤਾਂ ਦੂਰ, ਉਸਦਾ ਰਿਹਾ ਸਿਹਾ ਰੁਜਗਾਰ ਵੀ ਹਥੋਂ ਚਲਾ ਜਾਂਦਾ I ਪੰਨਾ ਲਾਲ ਦਾ ਹਿਸਾਬ ਨਬੇੜ ਕੇ ਅਤਰ ਸਿੰਘ ਨੇ ਪੰਨਾ ਲਾਲ ਦਾ ਸਾਰਾ ਕੰਮ ਕਿਦਾਰ ਨੂੰ ਸੰਭਲਾ ਦਿੰਦਾ I ਕਿਓਂਕਿ ਕਿਦਾਰ ਘੜੀ ਸਾਜੀ ਦਾ ਹੁਨਰ ਤਾਂ ਰਖਦਾ ਹੀ ਸੀ ਅਤੇ ਨਾਲ ਹੀ ਉਹ ਬੀ. ਏ. ਪਾਸ ਵੀ ਸੀ I ਅਤਰ ਸਿੰਘ ਆਪ ਵੀ ਕੁਝ ਕੰਜੂਸ ਸੁਭਾ ਦਾ ਸੀ, ਬਿਨਾਂ ਲੋੜ ਦੇ ਇੱਕ ਹੋਰ ਬੰਦਾ ਦੁਕਾਨ ਤੇ ਰੱਖਣਾ ਉਸਨੂੰ ਕਦੇ ਵੀ ਮੰਜੂਰ ਨਹੀਂ ਸੀ I ਉਲਟਾ ਓਹ ਤਾਂ ਇੱਕ ਬੰਦੇ ਤੋਂ ਦੁਕਾਨ ਦੇ ਸਾਰੇ ਕੰਮਾ ਤੋਂ ਇਲਾਵਾ ਘਰ ਦੇ ਵੀ ਬਜਾਰੋਂ ਸੋਦੇ ਪੱਤੇ ਦੇ ਕੰਮ ਕਰਵਾਉਂਦਾ ਸੀ I ਮਜਬੂਰਨ ਪੰਨਾ ਲਾਲ ਨੂੰ ਓਥੋਂ ਜਾਣਾ ਪੈਂਦਾ I ਨਿਰਾਸ਼ਾ ਐਨੀ ਸੀ ਕਿ ਓਹ ਆਪਣੇ ਘਰ ਵਾਪਸ ਨਾ ਜਾ ਸਕੇਆ ਅਤੇ ਖੁਦ ਕੁਸ਼ੀ ਕਰਣ ਦੇ ਇਰਾਦੇ ਨਾਲ ਆਪਣੇ ਪਰਿਵਾਰ ਨੂੰ ਛੱਡ ਕੇ ਚਲਾ ਗਿਆ I ਪਰ ਜਾਣ ਤੋਂ ਪਹਿਲਾਂ ਉਸਨੇ ਇੱਕ ਚਿੱਠੀ ਕਿਦਾਰ ਦੇ ਨਾਂ ਲਿਖੀ, ਜਿਸ ਵਿਚ ਉਸਨੇ ਆਪਣੀ ਇਸ ਹਾਲਤ ਦਾ ਦੋਸ਼ ਕਿਦਾਰ ਤੇ ਲਗਾਇਆ I ਕਿਓਂਕਿ ਕਿਦਾਰ ਦੇ ਕਾਰਣ ਹੀ ਉਸਦਾ ਰੁਜਗਾਰ ਖੋਹਿਆ ਗਿਆ ਸੀ I ਪੰਨਾ ਲਾਲ ਨੇ ਆਪਣੇ ਪਰਿਵਾਰ ਦੀ ਸਾਰੀ ਮਾੜੀ ਹਾਲਤ ਵੀ ਬਿਆਨ ਕਰ ਦਿੱਤੀ ਜਿਸ ਕਰਕੇ ਉਹ ਖੁਦ ਕੁਸ਼ੀ ਕਰਣ ਜਾ ਰਿਹਾ ਸੀ I ਚਿੱਠੀ ਦੇ ਅਖੀਰ ਵਿੱਚ ਓਹ ਕਿਦਾਰ ਨੂੰ ਪਾਪੀ ਕਹਿੰਦਾ ਹੋਇਆ ਜਿੰਦਗੀ ਵਿੱਚ ਦੁੱਖ ਭੋਗਣ ਦਾ ਸ਼ਰਾਪ ਵੀ ਦੇ ਦਿੰਦਾ I ਕਿਸੇ ਮੁਸਲਮਾਨ ਬੱਚੇ ਦੇ ਰਾਹੀਂ ਇਹ ਚਿੱਠੀ ਕਿਦਾਰ ਨੂੰ ਮਿਲਦੀ ਹੈ ਅਤੇ ਕਿਦਾਰ ਬਹੁਤਾ ਦੁਖੀ ਹੋਇਆ ਆਪਣੇ ਆਪ ਨੂੰ ਕੋਸਦਾ ਹੈ I ਓਹ ਪੰਨਾ ਲਾਲ ਦੀ ਭਾਲ ਵਿੱਚ ਵੀ ਜਾਂਦਾ ਹੈ ਪਰ ਸਭ ਵਿਅਰਥ I
ਲੇਖਕ ਕਿਦਾਰ ਬਾਰੇ ਦਸਦਾ ਹੈ ਕਿ ਓਹ ਇੱਕੀ ਬਾਈ ਸਾਲਾਂ ਦਾ ਨੋਜਵਾਨ ਸੀ ਜੋ ਐਬਟਾਬਾਦ ਤੋਂ ਰਾਵਲਪਿੰਡੀ ਕੰਮ ਦੀ ਤਲਾਸ਼ ਵਿੱਚ ਆਇਆ ਸੀ I ਉਸਦੀ ਹਾਲਤ ਕਿਸੇ ਮੰਗਤੇ ਤੋਂ ਘੱਟ ਨਹੀਂ ਸੀ I ਜਦੋਂ ਓਹੋ ਐਫ.ਏ. ਦੀ ਪੜ੍ਹਾਈ ਕਰ ਰਿਹਾ ਸੀ ਤਾਂ ਉਸਦੇ ਪਿਤਾ ਦੀ ਮੋਤ ਹੋ ਗਈ I ਉਸਦੀ ਮਾਂ ਨੇ ਉਸਨੂੰ ਪੜ੍ਹਾਇਆ ਲਿਖਾਇਆ I ਹਾਲੇ ਬੀ.ਏ. ਦਾ ਰਿਜਲਟ ਆਉਣਾ ਬਾਕੀ ਸੀ ਕਿ ਉਸਦੀ ਮਾਤਾ ਵੀ ਚੜਾਈ ਕਰ ਗਈ I ਕਿਦਾਰ ਨੇ ਘੜੀ ਸਾਜੀ ਦਾ ਕੰਮ ਆਪਣੇ ਪਿਤਾ ਕੋਲੋਂ ਹੀ ਸਿਖਿਆ ਸੀ I ਅਤਰ ਸਿੰਘ ਉਸਦੇ ਘੜੀ ਸਾਜੀ ਦੇ ਹੁਨਰ ਤੋਂ ਬਹੁਤ ਪ੍ਰਭਾਵਿਤ ਹੋਇਆ I ਪਰ ਤਨਖਾਹ ਵਜੋਂ ਸਿਰਫ ਪੰਜੀ (25) ਰੂਪਏ ਮਹੀਨੇ ਦੀ ਪੇਸ਼ਕਸ਼ ਕੀਤੀ, ਜਿਸਨੂੰ ਕਿਦਾਰ ਨੇ ਹੱਸ ਕੇ ਕਬੂਲ ਕਰ ਲਿਆ I
ਇਧਰ ਕਿਦਾਰ ਦਾ ਦਿਲ ਪੰਨਾ ਲਾਲ ਦੀ ਸੰਭਾਵਿਤ ਖੁਦਕੁਸ਼ੀ ਦਾ ਸੋਚ ਕੇ ਘਬਰਾ ਰਿਹਾ ਸੀ ਅਤੇ ਓਹ ਖੁਦ ਨੂੰ ਇਸਦਾ ਦੋਸ਼ ਦੇ ਰਿਹਾ ਸੀ I ਰਹਿਣ ਦਾ ਪ੍ਰਬੰਧ ਨਾਂ ਹੋਣ ਕਰਕੇ ਅਤਰ ਸਿੰਘ ਨੇ ਕਿਦਾਰ ਨੂੰ ਰਾਤ ਦੁਕਾਨ ਵਿੱਚ ਗੁਜਾਰਣ ਦਾ ਕਹਿ ਦਿੱਤਾ I ਆਪਣੇ ਪਿਤਾ ਨੂੰ ਉਡੀਕਦੇ ਉਡੀਕਦੇ ਵੀਣਾ ਤੇ ਬਸੰਤ ਦੇਰ ਸ਼ਾਮ ਨੂੰ ਦੁਕਾਨ ਤੇ ਪਹੁੰਚ ਗਏ I ਕਿਓਂਕਿ ਪੰਨਾ ਲਾਲ ਦੁਪਹਿਰੇ ਵੀ ਘਰੇ ਨੀਂ ਸੀ ਆਇਆ I ਇਸ ਕਰਕੇ ਮਾਇਆ ਬਹੁਤ ਘਬਰਾ ਰਹੀ ਸੀ I ਕਿਦਾਰ ਨੇ ਝੂਠ ਬੋਲ ਦਿੱਤਾ ਕਿ ਪੰਨਾ ਲਾਲ ਨੂੰ ਦੁਕਾਨ ਮਾਲਕ ਨੇ ਕਿਸੇ ਕੰਪਨੀ ਨਾਲ ਹਿਸਾਬ ਕਿਤਾਬ ਵਾਸਤੇ ਬੰਬਈ ਰੇਲਗੱਡੀ ਤੇ ਭੇਜ ਦਿੱਤਾ I ਸਮਾਂ ਬਹੁਤ ਥੋੜਾ ਸੀ I ਇਸ ਕਰਕੇ ਬਿਨਾਂ ਦੱਸੇ ਹੀ ਚਲੇ ਗਏ I ਕਿਦਾਰ ਨੇ ਸਵੇਰੇ ਘਰੇ ਆ ਕੇ ਮਾਇਆ ਨੂੰ ਵੀ ਇਹੀ ਝੂਠੀ ਕਹਾਣੀ ਸੁਨਾ ਦਿੱਤੀ ਤੇ ਪੰਨਾ ਲਾਲ ਦੇ ਜਲਦੀ ਵਾਪਸ ਆਉਣ ਦਾ ਭਰੋਸਾ ਦਿੱਤਾ I ਕਿਦਾਰ ਨੇ ਹੁਣ ਦਿਲ ਚ ਧਾਰ ਲਿਆ ਕਿ ਓਹ ਇਸ ਪਰਵਾਰ ਦੀ ਹਰ ਸੰਭਵ ਮਦਦ ਕਰੇਗਾ I
ਮਾਇਆ ਆਪਣੇ ਨਾਲ ਵਾਲਾ ਘਰ ਕਿਦਾਰ ਨੂੰ ਕਿਰਾਏ ਤੇ ਦਵਾ ਦਿੱਤਾ I ਇਸ ਦੌਰਾਨ ਕਿਦਾਰ, ਪੰਨਾ ਲਾਲ ਦੇ ਨਾਂ ਤੋਂ ਝੂਠੀਆਂ ਚਿੱਠੀਆਂ ਲਿਆ ਕੇ ਮਾਇਆ ਨੂੰ ਪੜ੍ਹ ਕੇ ਸੁਨਾਂ ਦਿੰਦਾ ਤੇ ਨਾਂ ਆਉਣ ਦਾ ਕੋਈ ਨਾਂ ਕੋਈ ਬਹਾਨਾ ਲਾ ਦਿੰਦਾ I ਆਪਣੀ ਤਨਖਾਹ ਵਿਚੋਂ ਥੋੜੇ ਜੇ ਪੈਸੇ ਰੱਖ ਕੇ ਬਾਕੀ ਸਾਰੇ ਪੈਸੇ, ਪੰਨਾ ਲਾਲ ਵਲੋਂ ਆਏ ਕਹਿ ਕੇ ਮਾਇਆ ਨੂੰ ਫੜਾ ਦਿੰਦਾ I ਇਧਰ ਕਿਦਾਰ ਨੂੰ ਮਾਇਆ ਵਿੱਚ ਆਪਣੀ ਮਾਂ ਦਾ ਰੂਪ ਨਜਰ ਆਉਂਦਾ ਤੇ ਓਹ ਉਸਨੂੰ ਵੀਣਾ ਵਾਂਗ "ਬੇ ਜੀ" ਕਹਿ ਕੇ ਬੁਲਾਉਂਦਾ I ਇਧਰ ਵੀਣਾ ਵੀ ਕਿਦਾਰ ਨੂੰ ਭਰਾ ਜੀ ਕਹਿ ਕੇ ਬੁਲਾਉਂਦੀ I ਵੀਣਾ ਰੋਜ ਉਸ ਕੋਲ ਪੜ੍ਹਣ ਵਾਸਤੇ ਵੀ ਚਲੀ ਜਾਂਦੀ I ਕਿਦਾਰ ਨੂੰ ਵੀਣਾ ਪ੍ਰਤੀ ਪਿਆਰ ਦਾ ਇਹਸਾਸ ਹੋਣ ਲੱਗਾ I ਓਹ ਵੀਣਾ ਨਾਲ ਵਿਆਹ ਦੇ ਸੁਪਣੇ ਵੀ ਆਉਣ ਲੱਗ ਗਏ I
ਮਾਇਆ ਨੇ ਵੀਣਾ ਦੇ ਸਾਕ ਬਾਰੇ ਕਿਦਾਰ ਨੂੰ ਦੱਸ ਦਿੱਤਾ I ਕਿਦਾਰ ਨੇ ਵੀ 800 ਰੂਪਏ ਦੀ ਮਦਦ ਦਾ ਭਰੋਸਾ ਦਿੱਤਾ I ਮਾਇਆ ਗੁਜਰਖਾਨ ਵੀਣਾ ਦਾ ਰਿਸ਼ਤਾ ਪੱਕਾ ਕਰਨ ਚਲੀ ਗਈ I ਮਾਇਆ ਨੂੰ ਹੁਣ ਕਿਦਾਰ ਤੇ ਪੂਰਾ ਭਰੋਸਾ ਸੀ I ਓਸ ਦਿਨ ਕਿਦਾਰ ਦੇ ਮਨ ਅੰਦਰ ਵੀਣਾ ਵਾਸਤੇ ਪਿਆਰ ਅਤੇ ਵਾਸ਼ਨਾ ਦੀ ਅੱਗ ਲੱਗਦੀ ਰਹੀ I ਉਸ ਨੇ ਖੁਦ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ I ਸਾਰਾ ਦਿਨ ਇਸੇ ਔਖ ਵਿਚ ਕੱਟਿਆ I ਵੀਣਾ ਨਾਲ ਗੁੱਸੇ ਵਿੱਚ ਵੀ ਬੋਲਿਆ ਤਾਂ ਜੋ ਵੀਣਾ ਉਸ ਤੋਂ ਦੂਰ ਹੀ ਰਹੇ I ਪਰ ਰਾਤ ਨੂੰ ਓਹ ਕੰਧ ਟੱਪ ਕੇ ਛੱਤ ਤੇ ਸੁੱਤੀ ਪਈ ਵੀਣਾ ਦੇ ਸਿਰਾਹਨੇ ਪਹੁੰਚ ਗਿਆ I ਇਸ ਤੋਂ ਪਹਿਲਾਂ ਕਿ ਓਹ ਬੇਕਾਬੂ ਹੁੰਦਾ, ਵੀਣਾ ਦੀ ਅੱਖ ਖੁੱਲ ਗਈ I ਕਿਦਾਰ ਨੇ ਆਪਣੇ ਪਿਆਰ ਦਾ ਇਜਹਾਰ ਕੀਤਾ I ਵੀਣਾ ਜਿਆਦਾ ਕੁਝ ਸਮਝ ਨਹੀਂ ਪਾਉਂਦੀ I ਪਰ ਕਿਦਾਰ ਕਹਿੰਦਾ ਹੈ ਕਿ ਜੇ ਵੀਣਾ ਉਸਨੂੰ ਨਾਂ ਮਿਲੀ ਤਾਂ ਓਹ ਮਰ ਜਾਵੇਗਾ I ਨਾਲ ਇਹ ਵੀ ਕਹਿੰਦਾ ਹੈ ਕਿ ਜੇ ਵੀਣਾ ਦਾ ਰਿਸ਼ਤਾ ਗੁਜਰਖਾਨੇ ਪੱਕਾ ਹੋ ਗਿਆ ਤਾਂ ਓਹ ਪੈਸੇ ਦਾ ਪ੍ਰਬੰਧ ਨਾਂ ਹੋਣ ਦਾ ਬਹਾਨਾ ਲਾ ਦੇਵੇਗਾ I
ਮਾਇਆ ਦੇ ਵਾਪਸ ਆਉਣ ਤੇ ਪਤਾ ਲਗਦਾ ਕਿ ਵੀਣਾ ਦਾ ਰਿਸ਼ਤਾ ਪੱਕਾ ਹੋ ਗਿਆ I ਸਾਰਾ ਮਸਲਾ ਪੈਸੇ ਦਾ ਹੀ ਸੀ I ਇਧਰ ਕਿਦਾਰ ਨੂੰ ਆਪਣੇ ਰਾਤ ਦੇ ਵਿਵਹਾਰ ਤੇ ਪਛਤਾਵਾ ਹੁੰਦਾ ਅਤੇ ਓਹ ਹੁਣ ਵੀਣਾ ਤੋਂ ਦੂਰ ਰਹਿਣ ਦਾ ਮਨ ਬਣਾ ਲੈਂਦਾ I ਓਹ ਸਿਗਰਟ ਪੀਣ ਲਾਗ ਜਾਂਦਾ ਕਿਓਂਕਿ ਓਹ ਜਾਣਦਾ ਹੈ ਕਿ ਵੀਣਾ ਨੂੰ ਸਿਗਰਟ ਦਾ ਧੂਆਂ ਨਹੀਂ ਸਹੀ ਸੁਖਾਂਦਾ I ਵੀਣਾ ਨੂੰ ਇਹ ਹੀ ਡਰ ਲੱਗਾ ਰਹਿੰਦਾ ਕਿ ਕਿਦਾਰ ਆਪਣੇ ਆਪ ਨੂੰ ਖਤਮ ਨਾਂ ਕਰ ਲਵੇ I ਵਿਆਹ ਤੋਂ ਇੱਕ ਰਾਤ ਪਹਿਲਾਂ ਵੀਣਾ ਨੇ, ਕਿਦਾਰ ਨੂੰ ਵਿਦਿਆ ਦੇ ਹੱਥ ਬੇ ਜੀ ਦੇ ਨਾਂ ਦਾ ਝੂਠਾ ਸੁਨੇਹਾ ਦੇ ਕੇ ਰਾਤ ਨੂੰ ਛੱਤ ਤੇ ਬੁਲਾ ਲਿਆ I ਓਹ ਕਿਦਾਰ ਨਾਲ ਵਿਆਹ ਵਾਸਤੇ ਹਾਮੀ ਭਰਦੀ ਹੈ ਪਰ ਕਿਦਾਰ ਨਹੀਂ ਮੰਨ ਦਾ ਤੇ ਗੁੱਸੇ ਵਿੱਚ ਚਲਾ ਜਾਂਦਾ I ਵਿਆਹ ਦੇ ਸਾਰੇ ਕੰਮਾ ਨੂੰ ਸੰਭਾਲਣ ਵਾਲਾ ਕਿਦਾਰ ਵਿਆਹ ਵੇਲੇ ਕਿਤੇ ਨਜਰ ਨਹੀਂ ਆਉਂਦਾ I ਕਿਦਾਰ ਨੂੰ ਇੱਕ ਵਾਰ ਮਿਲਨ ਵਾਸਤੇ ਵੀਣਾ ਬੜਾ ਰੋਈ ਤੇ ਰੋਂਦੇ ਰੋਂਦੇ ਹੀ ਸਹੁਰੇ ਘਰ ਚਲੀ ਗਈ I
ਚੰਨੋ ਨਾਂ ਦੀ ਵੀਣਾ ਇੱਕ ਸਹੇਲੀ ਸੀ ਜਿਸਨੇ ਉਸਨੂੰ ਬਥੇਰਾ ਕੁਝ ਉਸਦੇ ਹੋਣ ਵਾਲੇ ਘਰਵਾਲੇ ਬ੍ਰਿਜ ਲਾਲ ਬਾਰੇ ਦੱਸਿਆ I ਪਹਿਲਾਂ ਵੀਣਾ ਦੇ ਵਿਆਹ ਬਾਰੇ ਬੜੇ ਸੋਹਣੇ ਸੁਪਨੇ ਸਨ I ਪਰ ਹੁਣ ਕਿਦਾਰ ਦੇ ਦੁਖ ਕਰਕੇ ਓਹ ਸਾਰੇ ਫਿੱਕੇ ਪੈ ਗਏ I ਇਧਰ ਬ੍ਰਿਜ ਲਾਲ ਵੀ ਵੀਣਾ ਦੇ ਉਦਾਸੀ ਭਰੇ ਵਿਵਹਾਰ ਤੋਂ ਬਹੁਤ ਨਿਰਾਸ਼ ਹੋਇਆ I
ਮਾਇਆ ਦੇ ਘਰ ਦੀ ਕੁਰਕੀ ਵਾਸਤੇ ਇੱਕ ਮੁਨਸ਼ੀ ਆਇਆ I ਕਿਓਂਕਿ ਪੰਨਾ ਲਾਲ ਕਿਸੇ ਵੇਲੇ ਕਰਜਾ ਲਿਆ ਹੋਇਆ ਸੀ ਜੋ ਹੁਣ ਬਿਆਜ ਸਨੇ 2500 ਰੂਪਏ ਹੋ ਗਿਆ ਸੀ I ਇਧਰ ਕਿਦਾਰ ਘਰ ਪਹੁੰਚਿਆ ਤਾਂ ਉਸਨੇ ਘਰ ਦੀ ਕੁਰਕੀ ਰੋਕਣ ਵਾਸਤੇ 1500 ਰੂਪਏ ਉਸ ਮੁਨਸ਼ੀ ਨੂੰ ਦੇ ਦਿੱਤੇ ਅਤੇ ਬਾਕੀ ਪੈਸੇ ਕਿਸ਼ਤਾਂ ਦੇ ਵਿੱਚ ਮੋੜਣ ਦਾ ਭਰੋਸਾ ਦਿੱਤਾ I ਕਿਦਾਰ ਨੂੰ ਇਹ ਪੈਸੇ ਅਤਰ ਸਿੰਘ ਨੇ ਬੈੰਕ ਚ ਜਮਾ ਕਰਵਾਉਣ ਵਾਸਤੇ ਦਿੱਤੇ ਸਨ I ਪਰ ਇਹ ਪੈਸੇ ਕਿਥੋਂ ਆਏ ਨੇ , ਇਸ ਬਾਰੇ ਕਿਦਾਰ ਨੇ ਮਾਇਆ ਨੂੰ ਨਹੀਂ ਦੱਸਿਆ I ਇੰਨੇ ਨੂੰ ਦੁਕਾਨ ਮਾਲਕ ਅਤਰ ਸਿੰਘ, ਕਿਦਾਰ ਨੂੰ ਲਭਦਾ ਹੋਇਆ ਮਾਇਆ ਦੇ ਘਰ ਆ ਗਿਆ ਅਤੇ ਕਿਦਾਰ ਮਾਇਆ ਨੂੰ ਉਸ ਬਾਰੇ ਕੁਝ ਨਾਂ ਦੱਸਣ ਦੀ ਸਹੁੰ ਦੇ ਕੇ ਉਪਰ ਚੁਬਾਰੇ ਚ ਲੁਕ ਗਿਆ I
ਕਿਦਾਰ ਨੇ ਮਾਇਆ ਨੂੰ ਪਹਿਲਾਂ ਕਦੇ ਦੱਸਿਆ ਸੀ ਕਿ ਵੀਣਾ ਦੇ ਵਿਆਹ ਵਾਸਤੇ ਦੁਕਾਨ ਮਾਲਕ ਨੇ ਪੈਸੇ ਦਿੱਤੇ ਹਨ I ਹੁਣ ਮਾਇਆ ਤੇ ਅਤਰ ਸਿੰਘ ਵਿੱਚ ਗੱਲਬਾਤ ਹੋਈ I ਨਤੀਜੇ ਵਜੋਂ ਕਿਦਾਰ ਦਾ ਪਿਛਲੇ ਛੇ ਮਹੀਨਿਆ ਤੋਂ ਚੱਲ ਰਿਹਾ ਝੂਠ ਸਾਹਮਣੇ ਆ ਗਿਆ I ਪਰ ਮਾਇਆ ਨੇ ਸਹੁੰ ਵਜੋਂ ਕਿਦਾਰ ਦੇ ਛੱਤ ਤੇ ਲੁਕੇ ਹੋਣ ਬਾਰੇ ਅਤਰ ਸਿੰਘ ਨੂੰ ਨਾਂ ਦੱਸਿਆ I ਕਿਦਾਰ ਕੰਧ ਟੱਪ ਕੇ ਬਿਨਾਂ ਦੱਸੇ ਚਲਾ ਗਿਆ I ਉਸਨੇ ਦੁਕਾਨ ਦੀਆਂ ਚਾਬੀਆਂ ਤੇ ਇੱਕ ਚਿੱਠੀ ਅਤਰ ਸਿੰਘ ਨੂੰ ਭੇਜ ਦਿੱਤੀ, ਜਿਸ ਵਿੱਚ ਉਸਨੇ ਆਪਣੀ ਮੁਆਫੀ ਬਾਰੇ ਅਤੇ ਪੈਸੇ ਕਿਸ਼ਤਾਂ ਰਾਹੀਂ ਭੇਜ ਕੇ ਮੋੜਣ ਬਾਰੇ ਲਿਖਿਆ I ਅਤਰ ਸਿੰਘ ਚਾਹੁੰਦਾ ਸੀ ਕਿ ਕਿਦਾਰ ਉਸ ਕੋਲ ਵਾਪਸ ਆ ਜਾਵੇ I ਅਤਰ ਸਿੰਘ ਨੂੰ ਕਿਦਾਰ ਉਪਰ ਕੋਈ ਜਿਆਦਾ ਗੁੱਸਾ ਨਹੀਂ ਸੀ I ਉਸਨੂੰ ਕਿਦਾਰ ਦੀ ਕਾਬਲੀਅਤ ਅਤੇ ਵਾਅਦੇ ਤੇ ਪੂਰਾ ਯਕੀਨ ਸੀ I
ਵਿਆਹ ਤੋਂ ਬਾਅਦ ਵੀਣਾ ਪਹਿਲੀ ਵਾਰ ਆਪਣੇ ਘਰੇ ਵਾਪਸ ਆਈ ਤਾਂ ਉਸਨੂੰ ਕਿਦਾਰ ਦੇ ਝੂਠ ਬਾਰੇ ਪਤਾ ਲੱਗਾ I ਨਾਂ ਤੇ ਮਾਇਆ ਤੇ ਨਾਂ ਹੀ ਵੀਣਾ, ਕਿਸੇ ਨੂੰ ਵੀ ਕਿਦਾਰ ਤੇ ਕੋਈ ਗੁੱਸਾ ਸੀ I ਪਰ ਪੰਨਾ ਲਾਲ ਦੇ ਵਾਪਸ ਆਉਣ ਦੀ ਝੂਠੀ ਆਸ ਦੇ ਟੁੱਟ ਜਾਣ ਦੁੱਖ ਜਰੂਰ ਸੀ I ਵੀਣਾ ਤੇ ਮਾਇਆ, ਕਿਦਾਰ ਦੇ ਕਮਰੇ ਚ ਗਈਆਂ ਤਾਂ ਓਥੇ ਓਨ੍ਹਾਂ ਨੂੰ ਦੋ ਚਿੱਠੀਆਂ ਮਿਲੀਆਂ I ਇੱਕ ਜਿਹੜੀ ਪੰਨਾ ਲਾਲ ਨੇ ਸ਼ੁਰੂ ਚ ਕਿਦਾਰ ਨੂੰ ਲਿਖੀ ਸੀ ਤੇ ਦੂਜੀ ਕਿਦਾਰ ਨੇ ਮਾਇਆ ਦੇ ਨਾਂ ਹੁਣ ਘਰ ਛੱਡ ਕੇ ਜਾਣ ਤੋਂ ਪਹਿਲਾਂ ਲਿਖੀ ਸੀ I ਕਿਦਾਰ ਨੇ ਆਪਣੇ ਪਾਪੀ ਅਤੇ ਝੂਠਾ ਹੋਣ ਦਾ ਇਕਰਾਰ ਕੀਤਾ ਹੋਇਆ ਸੀ I
ਕਿਦਾਰ ਅੰਮ੍ਰਿਤਸਰ ਆ ਗਿਆ ਤੇ ਕਿਸੇ ਘੜੀ ਸਾਜ ਕੋਲ ਕੰਮ ਕਰਨ ਲੱਗ ਗਿਆ I ਕੁਝ ਸਮੇਂ ਬਾਅਦ ਉਸਨੇ ਆਪਣੀ ਖੁਦ ਦੀ ਦੁਕਾਨ ਖੋਲ ਲਈ, ਪੈਸੇ ਜੋ ਵੱਧ ਕਮਾਉਣਾ ਚਾਹੁੰਦਾ ਸੀ I ਆਪਣੇ ਵਾਅਦੇ ਮੁਤਾਬਿਕ ਅਤਰ ਸਿੰਘ ਅਤੇ ਮਾਇਆ ਨੂੰ ਹਰ ਮਹੀਨੇ ਪੈਸੇ ਭੇਜਦਾ ਰਿਹਾ I ਪਰ ਚਿੱਠੀ ਰਾਹੀਂ ਉਸਨੇ ਆਪਣਾ ਪਤਾ ਕਿਸੇ ਨੂੰ ਜਾਹਿਰ ਨਾਂ ਹੋਣ ਦਿੱਤਾ I ਉਸਨੇ ਆਪਣੇ ਉਪਰ ਕਦੇ ਵੀ ਕੋਈ ਖਰਚ ਨਾਂ ਕੀਤਾ I ਓਹੋ ਸਿਗਰਟਾਂ ਪੀਂਦਾ, ਬਿਨਾਂ ਦੁਧ ਦੀ ਚਾਹ ਪੀਂਦਾ I ਦਿਨੋ ਦਿਨ ਮੌਤ ਵੱਲ ਵਧ ਰਿਹਾ ਸੀ I ਉਸਨੂੰ ਥੁੱਕ ਦੇ ਵਿਚ ਲਹੁ ਆਉਣ ਲੱਗ ਪਿਆ I ਪਰ ਫੇਰ ਵੀ ਓਹ ਨਾ ਰੁਕਿਆ I ਬਿਨਾਂ ਕੋਈ ਦਵਾਈ ਲਏ, ਕੰਮ ਵਿੱਚ ਖੁਭਿਆ ਰਿਹਾ I
ਇੱਕ ਦਿਨ ਉਸਦੀ ਦੁਕਾਨ ਤੇ ਇੱਕ ਆਦਮੀ ਨੇ ਆ ਕੇ ਪੁੱਛਿਆ, "ਮਿਸਟਰ ਕਿਦਾਰ ਤੁਹਾਡਾ ਨਾਂ ਹੀ ਹੈ ?" ਕੁਝ ਦੇਰ ਲਈ ਤਾਂ ਕਿਦਾਰ ਸੋਚਾਂ ਵਿੱਚ ਪੈ ਗਿਆ ਕਿ ਅੰਮ੍ਰਿਤਸਰ ਵਿੱਚ ਉਸਦਾ ਅਸਲੀ ਨਾਂ ਤਾਂ ਕੋਈ ਨਹੀਂ ਸੀ ਜਾਣਦਾ I ਸਾਰੇ ਉਸਨੂੰ ਮਿਸਟਰ ਕਮਾਲ ਦੇ ਨਾਂ ਤੋਂ ਹੀ ਬੁਲਾਉਂਦੇ ਸਨ I ਦੁਕਾਨ ਤੇ ਆਏ ਇਸ ਬੰਦੇ ਨੇ ਆਪਣਾ ਨਾਂ ਪੰਨਾ ਲਾਲ ਦੱਸਿਆ I ਬੀਮਾਰ ਤੇ ਖਰਾਬ ਸੇਹਤ ਹੋਣ ਕਰਕੇ ਕਿਦਾਰ ਦੀ ਨਿਗਾਹ ਵੀ ਘੱਟ ਚੁੱਕੀ ਸੀ I ਇੱਕ ਵਾਰ ਤਾਂ ਓਹ ਪਛਾਣ ਹੀ ਨਾਂ ਸਕਿਆ I ਪੰਨਾ ਲਾਲ ਨੇ ਉਸਨੂੰ ਆਪਣੀ ਸਾਰੀ ਕਹਾਣੀ ਦੱਸ ਦਿੱਤੀ ਕਿ ਕਿਵੇਂ ਓਹ ਖੁਦ ਕੁਸ਼ੀ ਨਾ ਕਰ ਸਕਿਆ ਤੇ ਹਰਿਦ੍ਵਾਰ ਜਾ ਕੇ ਸੰਤਾ ਦੀ ਸੇਵਾ ਕਰਣ ਲੱਗ ਗਿਆ, ਫੇਰ ਆਪ ਵੀ ਸੰਤ ਬਣ ਗਿਆ ਤੇ ਜਦੋਂ ਘਰ ਦੀ ਯਾਦ ਭੁਲਾ ਨਾ ਸਕਿਆ ਤਾਂ ਘਰ ਵਾਪਸ ਆ ਗਿਆ ਤੇ ਉਸਨੂੰ ਕਿਦਾਰ ਦੇ ਉਸਦੇ ਪਰਵਾਰ ਲਈ ਕੀਤੇ ਇਹ੍ਸਾਨਾ ਦਾ ਪਤਾ ਲੱਗਿਆ ਅਤੇ ਕਿਸੇ ਤਰਾਂ ਉਸਨੂੰ (ਕਿਦਾਰ) ਵੀ ਭਾਲ ਲਿਆ I
ਪੰਨਾ ਲਾਲ ਨੇ ਦੱਸਿਆ ਕਿ ਕਿਦਾਰ ਦੇ ਦੁੱਖ ਅਤੇ ਬਿਮਾਰੀ ਕਾਰਨ ਵੀਣਾ ਮੌਤ ਹੋ ਗਈ I ਅਤੇ ਮਰਣ ਤੋਂ ਪਹਿਲਾਂ ਵੀਣਾ, ਬੇਹੋਸ਼ੀ ਵਿੱਚ ਆਪਣੀ ਮਾਂ ਨੂੰ ਕਿਦਾਰ ਦੇ ਉਸ ਪ੍ਰਤੀ ਪਿਆਰ ਅਤੇ ਤਿਆਗ ਬਾਰੇ ਵੀ ਦੱਸ ਗਈ I ਇਹ ਸੁਨ ਕੇ ਕਿਦਾਰ, ਪੰਨਾ ਲਾਲ ਦੇ ਗਲ ਲੱਗ ਬੜਾ ਰੋਇਆ I ਹੁਣ ਮਾਇਆ, ਵਿਦਿਆ ਦਾ ਰਿਸ਼ਤਾ ਕਿਦਾਰ ਨਾਲ ਕਰਨਾ ਚਾਹੁੰਦੀ ਸੀ ਅਤੇ ਇਸੇ ਵਾਸਤੇ ਪੰਨਾ ਲਾਲ ਕਿਦਾਰ ਨੂੰ ਆਪਣੇ ਨਾਲ ਰਾਵਲਪਿੰਡੀ ਲੈ ਜਾਣ ਵਾਸਤੇ ਆਇਆ ਸੀ I ਪਰ ਕਿਦਾਰ ਨੂੰ ਆਪਣੀ ਨੇੜੇ ਖੜੀ ਮੌਤ ਦਾ ਪਤਾ ਸੀ I ਉਸਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਅਤੇ ਪੰਨਾ ਲਾਲ ਨੂੰ ਵਾਸਤੇ ਪਾ ਕੇ ਵਾਪਸ ਭੇਜ ਦਿੱਤਾ I
ਅਖੀਰ ਨੂੰ ਕਿਦਾਰ ਦੀ ਮੌਤ ਹੋ ਜਾਂਦੀ ਹੈ I ਨਾਵਲ ਦੀ ਸ਼ੁਰੁਆਤ ਵਿੱਚ ਕਮਾਲ (ਕਿਦਾਰ) ਨੇ ਲੇਖਕ ਨੂੰ ਇੱਕ ਤਾਰ ਦੇ ਕੇ ਆਉਣ ਵਾਸਤੇ ਕਿਹਾ ਸੀ I ਓਹ ਤਾਰ ਪੰਨਾ ਲਾਲ ਅਤੇ ਮਾਇਆ ਨੂੰ ਭੇਜਿਆ ਗਿਆ ਸੀ I ਅਗਲੀ ਸਵੇਰ ਪੰਨਾ ਲਾਲ ਤੇ ਮਾਇਆ ਆ ਜਾਂਦੇ ਹਨ ਅਤੇ ਕਿਦਾਰ ਦੀ ਅਰਥੀ ਨੂੰ ਲਿਪਟ ਕੇ ਰੋਂਦੇ ਹਨ I ਫੇਰ ਕਿਦਾਰ ਦੀ ਅਰਥੀ ਨੂੰ ਸ਼ਮਸ਼ਾਨ ਵੱਲ ਲੈ ਜਾਇਆ ਜਾਂਦਾ ਹੈ ਤੇ ਇਸ ਨਾਵਲ ਦੀ ਸਮਾਪਤੀ ਹੋ ਜਾਂਦੀ ਹੈ I
ਪਾਤਰ
ਸੋਧੋ- ਪੰਨਾ ਲਾਲ - ਪੁਰਾਣਾ ਘੜੀਸਾਜ਼
- ਮਾਇਆ - ਪੰਨਾ ਲਾਲ ਦੀ ਪਤਨੀ
- ਕਿਦਾਰ - ਨਵਾਂ ਘੜੀਸਾਜ਼/ਨਾਇਕ
- ਅਤਰ ਸਿੰਘ - ਘੜੀ-ਦੁਕਾਨ ਦਾ ਮਾਲਕ
- ਵੀਣਾ - ਪੰਨਾ ਲਾਲ ਦੀ ਸਭ ਤੋਂ ਵੱਡੀ ਕੁੜੀ , ਉਮਰ ਪੰਦਰਾ ਸਾਲ
- ਵਿਦਿਆ - ਪੰਨਾ ਲਾਲ ਦੀ ਕੁੜੀ ਅਤੇ ਉਮਰ ਬਾਰਾਂ ਸਾਲ
- ਬਸੰਤ - ਪੰਨਾ ਲਾਲ ਦਾ ਮੁੰਡਾ ਅਤੇ ਉਮਰ ਵਿੱਚ ਵਿਦਿਆ ਤੋਂ ਛੋਟਾ
- ਇੰਦਰ - ਪੰਨਾ ਲਾਲ ਦਾ ਸਭ ਤੋਂ ਛੋਟਾ ਮੁੰਡਾ
- ਬ੍ਰਿਜ ਲਾਲ - ਇੱਕ ਕਾਰੋਬਾਰੀ ਅਤੇ ਰੱਜੇ ਪੁੱਜੇ ਘਰ ਦਾ ਨੋਜਵਾਨ ਜਿਸ ਨਾਲ ਪਹਿਲਾਂ ਤੋ ਹੀ ਵੀਣਾ ਦੀ ਮੰਗਣੀ ਹੋਈ ਹੁੰਦੀ ਹੈ
- ਚੰਨੋ - ਵੀਣਾ ਦੀ ਸਹੇਲੀ ਅਤੇ ਬ੍ਰਿਜ ਲਾਲ ਦੀ ਦੂਰ ਦੀ ਰਿਸ਼ਤੇਦਾਰ (ਚੰਨੋ ਦੀ ਪਾਤਰ ਵਜੋਂ ਕੋਈ ਭੂਮਿਕਾ ਨਹੀਂ, ਵੀਣਾ ਦੀਆਂ ਗੱਲਾਂ ਅਤੇ ਸੁਪਨਿਆਂ ਵਿਚ ਇਸਦਾ ਜਿਕਰ ਆਉਂਦਾ ਹੈ )
ਹਵਾਲੇ
ਸੋਧੋ- ↑ "ਪਵਿੱਤਰ ਪਾਪੀ - Pavitra Paapi". www.goodreads.com. Retrieved 2019-01-18.