ਬੀਬੀ ਬਿਮਲ ਕੌਰ (ਮੌਤ 1990) ਇੱਕ ਭਾਰਤੀ ਸਿਆਸਤਦਾਨ ਸੀ। ਉਹ ਬੇਅੰਤ ਸਿੰਘ ਦੀ ਪਤਨੀ ਸੀ ਜੋ ਕਿ ਭਾਰਤੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਦੋ ਕਾਤਿਲਾਂ ਵਿੱਚੋਂ ਇੱਕ ਸੀ।

ਬੀਬੀ ਬਿਮਲ ਕੌਰ ਲੇਡੀ ਹਾਰਡਿੰਜ ਮੈਡੀਕਲ ਕਾਲਜ ਵਿੱਚ ਨਰਸ ਸੀ ਜਦੋਂ ਉਸਦੇ ਪਤੀ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ।[1] ਕਤਲ ਤੋਂ ਕੁਝ ਹੀ ਦੇਰ ਬਾਅਦ ਉਸਨੂੰ ਭਾਰਤੀ ਸੁਰੱਖਿਆ ਦਲਾਂ ਨੇ ਹਿਰਾਸਤ ਵਿੱਚ ਲੈ ਲਿਆ ਸੀ, ਇਸ ਪਿੱਛੋਂ ਉਹ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਛੱਡ ਕੇ ਕਿਤੇ ਗਾਇਬ ਹੋ ਗਈ ਸੀ। ਦਮਦਮੀ ਟਕਸਾਲ ਨੇ ਉਸਦੇ ਬੱਚਿਆਂ ਦੀ ਪੜ੍ਹਾਈ ਦੇ ਖਰਚ ਲਈ 2 ਸਾਲ ਤੱਕ ਪੈਸਾ ਦਿੱਤਾ ਸੀ।

ਮਗਰੋਂ ਬੀਬੀ ਬਿਮਲ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸਨੂੰ ਇੱਕ ਗੁਰੂਦੁਆਰੇ ਵਿੱਚ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਦੋ ਸਾਲ ਦੀ ਸਜ਼ਾ ਵੀ ਦਿੱਤੀ ਗਈ। 1986 ਵਿੱਚ ਉਸਨੇ ਕੁਝ ਲੋਕਾਂ ਦੇ ਸਮੂਹ ਦੇ ਨਾਲ ਮਿਲ ਕੇ ਹਰਮੰਦਿਰ ਸਾਹਿਬ ਦੇ ਚੌਂਕੀਦਾਰਾਂ ਉੱਪਰ ਹਮਲਾ ਵੀ ਕੀਤਾ ਸੀ[2] ਜਿਸ ਵਿੱਚ ਇੱਕ ਸੁਰੱਖਿਆ ਕਰਮੀ ਦੇ ਮੌਤ ਅਤੇ 7 ਲੋਕ ਜ਼ਖ਼ਮੀ ਹੋ ਗਏ ਸਨ।

ਮਗਰੋਂ ਉਹ ਰੋਪੜ ਤੋਂ ਲੋਕ ਸਭਾ ਦੀ ਮੈਂਬਰ ਚੁਣੀ ਗਈ ਸੀ। ਉਸਦਾ ਸਹੁਰਾ, ਬੇਅੰਤ ਸਿੰਘ ਦਾ ਪਿਓ, ਸੁੱਚਾ ਸਿੰਘ ਮਲੋਆ ਵੀ ਸੰਸਦ ਦਾ ਮੈਂਬਰ ਰਿਹਾ ਸੀ।[3] ਉਸਦਾ ਪੁੱਤਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵੱਲੋਂ 2004 ਦੀਆਂ ਚੋਣਾਂ ਵਿੱਚ ਬਠਿੰਡਾ ਅਤੇ ਮਾਨਸਾ ਤੋਂ ਉਮੀਦਵਾਰ ਰਿਹਾ ਹੈ।[4]

ਬਿਮਲ ਕੌਰ ਦੀ ਮੌਤ ਰਹੱਸ ਭਰੀ ਹੈ। ਪ੍ਰੈਸ ਵਿੱਚ ਛਪੀਆਂ ਪਹਿਲੀਆਂ ਰਿਪੋਰਟਾਂ ਦੇ ਅਨੁਸਾਰ ਉਸਦੀ ਮੌਤ ਸਾਈਨਾਈਡ ਖਾਣ ਨਾਲ ਹੋਈ ਸੀ। ਕਿਉਂਕਿ ਉਸਦੇ ਬੱਚੇ ਛੋਟੇ ਸਨ, ਇਹ ਵੀ ਕਿਹਾ ਜਾਂਦਾ ਹੈ ਕਿ ਉਸਨੂੰ ਜ਼ਬਰਦਸਤੀ ਸਾਈਨਾਈਡ ਖਵਾਈ ਗਈ ਸੀ। ਮਗਰੋਂ ਪੁਲਿਸ ਨੇ ਇਸ ਖ਼ਬਰ ਨੂੰ ਠੀਕ ਕਰਦਿਆਂ ਕਿਹਾ ਸੀ ਕਿ ਉਸਦੀ ਮੌਤ ਵਾਸ਼ਿੰਗ ਮਸ਼ੀਨ ਦੀ ਵਰਤੋਂ ਕਰਦਿਆਂ ਬਿਜਲੀ ਦੇ ਝਟਕੇ ਨਾਲ ਹੋਈ ਸੀ। ਉਸਦੇ ਘਰ ਵਿੱਚ 13 ਸਾਲਾਂ ਦਾ ਮੁੰਡਾ ਕੰਮ ਕਰਦਾ ਸੀ ਪਰ ਉਸਦੀ ਮੌਤ ਸਮੇਂ ਉਹ ਘਰ ਵਿੱਚ ਮੌਜੂਦ ਨਹੀਂ ਸੀ। ਉਸਦੇ ਇੱਕ ਨੇੜਲੇ ਰਿਸ਼ਤੇਦਾਰ ਨੇ ਪੋਸਟ ਮਾਰਟਮ ਦੀ ਮੰਗ ਕੀਤੀ ਸੀ ਪਰ ਪੁਲਿਸ ਨੇ ਕੁਝ ਖ਼ਾਸ ਕਾਰਨਾਂ ਕਰਕੇ ਪੋਸਟ ਮਾਰਟਮ ਦੀ ਇਜਾਜ਼ਤ ਨਹੀਂ ਦਿੱਤੀ। ਉਸਦੀ ਮੌਤ 2 ਸਤੰਬਰ 1990 ਨੂੰ ਹੋਈ ਸੀ।[5]

ਹਵਾਲੇ ਸੋਧੋ

  1. http://www.preventgenocide.org/prevent/news-monitor/2003mar.htm Playing at Grown-Ups FEAR has been their childhood companion
  2. SIKHS SOUGHT IN SLAYING, NYTimes 6 June 1986
  3. Fighting for Faith and Nation: Dialogues with Sikh Militants By Cynthia Keppley Mahmood, p. 136 Published 1996
  4. The Tribune, Chandigarh, India - Punjab
  5. Inderjit Singh Jaijee, Politics of Genocide, Pg 119-120