ਭਟਨੂਰਾ-ਲੁਬਾਣਾ ਜਲੰਧਰ ਜ਼ਿਲ੍ਹਾ ਦੇ ਬਲਾਕ ਭੋਗਪੁਰ ਦਾ ਸਭ ਤੋਂ ਵੱਡਾ ਪਿੰਡ ਹੈ ਇਹ ਭੋਗਪੁਰ ਸ਼ਹਿਰ ਤੋਂ ਤਿੰਨ ਕਿਲੋਮੀਟਰ ਦੂਰੀ ’ਤੇ ਭੁਲੱਥ ਵਾਲੀ ਸੜਕ ਤੋਂ ਇੱਕ ਫਰਲਾਂਗ ਦੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਦੀ ਜ਼ਮੀਨ ਨਾਲ ਜ਼ਿਲ੍ਹਾ ਕਪੂਰਥਲਾ ਅਤੇ ਹੁਸ਼ਿਆਰਪੁਰ ਦੀਆਂ ਹੱਦਾਂ ਲੱਗਣ ਕਰ ਕੇ ਭਟਨੂਰਾ ਲੁਬਾਣਾ ਤਿੰਨ ਜ਼ਿਲ੍ਹਿਆਂ ਦੀ ਕੜੀ ਬਣਿਆ ਹੋਇਆ ਹੈ। ਪਿੰਡ ਵਿੱਚ ਲੁਬਾਣਾ ਬਰਾਦਰੀ ਤੋਂ ਇਲਾਵਾ ਹੋਰ ਬਰਾਦਰੀਆਂ ਵੀ ਪਿੰਡ ਵਿੱਚ ਰਹਿ ਰਹੀਆਂ ਹਨ।[1]

ਭਟਨੂਰਾ ਲੁਬਾਣਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਭੋਗਪੁਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਭੋਗਪੁਰ

ਇਤਿਹਾਸ

ਸੋਧੋ

ਇਹ ਪਿੰਡ ਕਈ ਸੌ ਸਾਲ ਪਹਿਲਾਂ ਭੱਟ ਬਰਾਦਰੀ ਨੇ ਵਸਾਇਆ ਸੀ। ਰਾਜਿਆਂ, ਮਹਾਰਾਜਿਆਂ ਦੇ ਦਰਬਾਰ ਵਿੱਚ ਯੋਧਿਆਂ ਅਤੇ ਰਾਜਿਆਂ ਦਾ ਜਸ ਇਹ ਭੱਟ ਬਰਾਦਰੀ ਦੇ ਲੋਕ ਕਰਿਆ ਕਰਦੇ ਸਨ। ਇਸ ਇਲਾਕੇ ਦੇ ਰਾਜਾ ਜਰਮੇਜਾ ਦੀ ਰਾਜਧਾਨੀ ਪਿੰਡ ਜ਼ਹੂਰਾ ਵਿਖੇ ਸੀ। ਉਸ ਨੂੰ ਸੰਗੀਤ ਨਾਲ ਅਥਾਹ ਪਿਆਰ ਸੀ। ਉਸ ਦੇ ਦਰਬਾਰ ਵਿੱਚ ਨੂਰਾਂ ਨਾਂ ਦੀ ਭਟਣੀ ਉੱਚ ਕੋਟੀ ਦੀ ਸੰਗੀਤਕਾਰ ਸੀ। ਰਾਜਾ ਜਰਮੇਜਾ ਨੇ ਉਸ ਦੇ ਸੰਗੀਤ ਅਤੇ ਗਾਇਕੀ ਤੋਂ ਖ਼ੁਸ਼ ਹੋ ਕੇ ਆਪਣੀ ਰਾਜਧਾਨੀ ਤੋਂ ਥੋੜ੍ਹੀ ਦੂਰ ਕੁਝ ਜ਼ਮੀਨ ਭਟਣੀ ਨੂਰਾਂ ਨੂੰ ਜਗੀਰ ਦੇ ਰੂਪ ਵਿੱਚ ਦੇ ਦਿੱਤੀ। ਭਟਣੀ ਨੂਰਾ ਨੇ ਰਾਜੇ ਵੱਲੋਂ ਦਿੱਤੀ ਜ਼ਮੀਨ ’ਤੇ ਆਪਣੀ ਬਰਾਦਰੀ ਦੇ ਲੋਕਾਂ ਨੂੰ ਲਿਆ ਕੇ ਵਸਾਉਣਾ ਸ਼ਰੂ ਕਰ ਦਿੱਤਾ, ਜਿਸ ਨਾਲ ਇਸ ਪਿੰਡ ਦਾ ਮੁੱਢ ਬੱਝ ਗਿਆ ਅਤੇ ਇਸ ਪਿੰਡ ਦਾ ਪਹਿਲਾਂ ਨਾਂ ‘ਭਟਣੀ ਦਾ ਖੇੜਾ’ ਕਿਹਾ ਜਾਣ ਲੱਗਾ। ਹੌਲੀ-ਹੌਲੀ ਇਹ ਪਿੰਡ ਭੱਟ+ਨੂਰਾਂ ਦੇ ਜੋੜ ਨਾਲ ਭਟਨੂਰਾ ਕਰ ਕੇ ਪ੍ਰਸਿੱਧ ਹੋਇਆ। ਜਦੋਂ ਲੁਬਾਣਾ ਬਰਾਦਰੀ ਦੇ ਲੋਕ ਵਪਾਰ ਕਰਦੇ-ਕਰਦੇ ਇਸ ਇਲਾਕੇ ਵਿੱਚ ਆਏ ਤਾਂ ਉਹਨਾਂ ਨੂੰ ਇਹ ਪਿੰਡ ਵਪਾਰਕ ਪੱਖੋਂ ਵਧੀਆ ਲੱਗਾ। ਇਸ ਕਰ ਕੇ ਉਹਨਾਂ ਨੇ ਵੀ ਭਟਨੂਰਾ ਪਿੰਡ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਇਸ ਪਿੰਡ ਵਿੱਚ ਲੁਬਾਣਾ ਬਰਾਦਰੀ ਦੀ ਆਬਾਦੀ ਵਧਦੀ ਗਈ ਅਤੇ ਭੱਟ ਬਰਾਦਰੀ ਦੇ ਲੋਕ ਇਸ ਪਿੰਡ ਵਿੱਚੋਂ ਉੱਠ ਕੇ ਹੋਰ ਪਿੰਡਾਂ ਵਿੱਚ ਚਲੇ ਗਏ। ਲੁਬਾਣਾ ਬਰਾਦਰੀ ਦੇ ਲੋਕ ਜ਼ਿਆਦਾ ਗਿਣਤੀ ਵਿੱਚ ਹੋਣ ਕਰ ਕੇ ਪਿੰਡ ਭਟਨੂਰਾ ਦੇ ਨਾਂ ਪਿੱਛੇ ਲੁਬਾਣਾ ਸ਼ਬਦ ਲੱਗ ਜਾਣ ਕਰ ਕੇ ਇਹ ਪਿੰਡ ਭਟਨੂਰਾ-ਲੁਬਾਣਾ ਦੇ ਨਾਂ ’ਤੇ ਪ੍ਰਸਿੱਧ ਹੋਇਆ।

ਸਨਮਾਨ ਯੋਗ

ਸੋਧੋ

ਇਸ ਪਿੰਡ ਦੇ 85 ਫੌਜੀ ਅਧਿਕਾਰੀਆਂ ਨੇ ਪਹਿਲੀ ਵਿਸ਼ਵ ਜੰਗ ਹਿੱਸਾ ਲਿਆ, ਜਿਹਨਾਂ ’ਚੋਂ 7 ਫੌਜੀ ਅਧਿਕਾਰੀ ਸ਼ਹੀਦ ਹੋਏ। ਦੂਜੀ ਵਿਸ਼ਵ ਜੰਗ ਅਤੇ ਆਜ਼ਾਦ ਹਿੰਦ ਫੌਜ ਵਿੱਚ ਵੀ ਇਸ ਪਿੰਡ ਦੇ ਫੌਜੀ ਅਧਿਕਾਰੀਆਂ ਦੀ ਗਿਣਤੀ ਕਾਫੀ ਸੀ। ਇਸ ਤੋਂ ਇਲਾਵਾ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਜੰਗਾਂ ਵਿੱਚ ਇਸ ਪਿੰਡ ਦੇ ਫੌਜੀਆਂ ਦੀ ਕੀਤੀ ਕੁਰਬਾਨੀ ਵੀ ਸੁਨਹਿਰੀ ਅੱਖਰਾਂ ’ਚ ਲਿਖਣ ਯੋਗ ਹੈ। ਪਿੰਡ ਭਟਨੂਰਾ-ਲੁਬਾਣਾ ਦੀ ਧੀ ਬੀਬੀ ਜਗੀਰ ਕੌਰ ਪੰਜਾਬ ਸਰਕਾਰ ’ਚ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ। ਇਸ ਪਿੰਡ ਦੀ ਧੀ ਬੀਬੀ ਗੁਰਮੀਤ ਕੌਰ ਨੇ ਹਲਕਾ ਕਰਤਾਰਪੁਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਬਰ ਹੈ। ਸ਼ਹੀਦ ਸੁਖਦੇਵ ਸਿੰਘ ਵੀਰ ਚੱਕਰ, ਗੁਰਦਿਆਲ ਸਿੰਘ ਜੱਜ, ਬਲਕਾਰ ਸਿੰਘ ਏ.ਡੀ.ਜੀ.ਪੀ., ਬ੍ਰਿਗੇਡੀਅਰ ਪਰਮਜੀਤ ਸਿੰਘ, ਸ਼ਿੰਗਾਰਾ ਸਿੰਘ ਬੀ.ਡੀ.ਪੀ.ਓ., ਮਨਜੀਤ ਸਿੰਘ ਤਹਿਸੀਲਦਾਰ, ਸੁਖਦੇਵ ਸਿੰਘ ਏ.ਈ.ਟੀ.ਸੀ. ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਨ।

ਵਿਦਿਅਕ ਸੰਸਥਾਵਾਂ

ਸੋਧੋ

ਵਿਦਿਆ ਦੇ ਖੇਤਰ ’ਚ ਹੇਠ ਲਿਖੇ ਸੰਸਥਾਵਾਂ ਸੇਵਾ ਕਰ ਰਹੀਆ ਹਨ। ਸੰਤ ਪ੍ਰੇਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਟਨੂਰਾ-ਲੁਬਾਣਾ, ਅਮਨਦੀਪ ਪਬਲਿਕ ਸੈਕੰਡਰੀ ਸਕੂਲ ਭਟਨੂਰਾ-ਲੁਬਾਣਾ, ਸੰਤ ਮਾਝਾ ਸਿੰਘ ਕਰਮਜੋਤ ਪਬਲਿਕ ਸਕੂਲ ਭਟਨੂਰਾ-ਲੁਬਾਣਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭਟਨੂਰਾ-ਲੁਬਾਣਾ

ਧਾਰਮਿਕ ਸਥਾਨ

ਸੋਧੋ

ਇਸ ਪਿੰਡ ਵਿੱਚ ਪੰਜ ਗੁਰਦੁਆਰੇ ਅਤੇ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਹੈ ਜਿਸ ’ਤੇ ਹਰ ਸਾਲ ਜੋੜ ਮੇਲਾ ਅਤੇ ਸੱਭਿਆਚਾਰਕ ਸਮਾਗਮ ਕਰਾਇਆ ਜਾਂਦਾ ਹੈ।

ਹਵਾਲੇ

ਸੋਧੋ
  1. "ਭਟਨੀ ਦਾ ਖੇੜਾ-ਭਟਨੂਰਾ ਲੁਬਾਣਾ". ਪੰਜਾਬੀ ਟ੍ਰਿਬਿਊਨ. 1 ਜਨਵਰੀ 2014. Retrieved 4 ਮਾਰਚ 2016.