ਮਿਰਜ਼ਾ ਸਾਹਿਬਾਂ (ਸ਼ਾਹਮੁਖੀ ਪੰਜਾਬੀ:مرزا صاحباں, mirzā sāhibāṁ) ਪੰਜਾਬ ਦੀਆਂ ਚਾਰ ਪ੍ਰਸਿੱੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਹੀਰ ਰਾਂਝਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਤਿੰਨ ਹੋਰ ਪ੍ਰੀਤ ਕਹਾਣੀਆਂ ਹਨ। ਇਸ ਕਹਾਣੀ ਤੇ ਅਨੇਕ ਕਿੱਸੇ ਅਤੇ ਪ੍ਰਸੰਗ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਪੀਲੂ ਦਾ ਕਿੱਸਾ ਹੋਇਆ ਹੈ।

ਪੰਜਾਬੀ ਗੱਭਰੂਆਂ ਦੀਆਂ ਢਾਣੀਆਂ ਵਿੱਚ ਜਦੋਂ ਕੋਈ ਕਿਸੇ ਆਸ਼ਿਕ ਮਿਜ਼ਾਜ ਨੂੰ ਪੁੱਛ ਲਵੇ, "ਕਿਵੇਂ ਐਂ ਰਾਂਝਿਆ?" ਤਾਂ ਅੱਗੋਂ ਅਗਲਾ ਹੁੱਭ ਕੇ ਜੁਆਬ ਦਿੰਦਾ ਹੈ, "ਰਾਂਝਾ ਤਾਂ ਐਵੇਂ ਡੰਗਰ ਸੀ ਡੰਗਰ ਹੀ ਚਾਰਦਾ ਰਿਹੈ।ਰਾਂਝਾ ਨਹੀਂ, ਮੈਂ ਤਾਂ ਮਿਰਜ਼ਾ ਹਾਂ ਮਿਰਜ਼ਾ।"

ਕਹਾਣੀ ਦਾ ਸਾਰ

ਸੋਧੋ

ਸਾਡੇ ਵਿਦਵਾਨਾਂ ਦਾ ਮੰਨਣਾ ਹੈ ਕਿ ਪੀਲੂ ਪਿੰਡ ਵੈਰੋਵਾਲ, ਤਹਿਸੀਲ ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਮੁਸਲਮਾਨ ਜੱਟ ਸੀ।ਉਸਦਾ ਜਨਮ ਪੰਦਰਾਂ ਸੌ ਅੱਸੀ ਈਸਵੀ ਵਿੱਚ ਹੋਇਆ ਤੇ ਪਚੰਨਵੇਂ ਸਾਲ ਦੀ ਉਮਰ ਭੋਗ ਕੇ 1675 ਈ: ਵਿੱਚ ਚੱਕਵਾਲ ਦੇ ਪਿੰਡ ਮਿਹਰੂ ਪੀਲੂ ਵਿਖੇ ਉਸਦਾ ਦਿਹਾਂਤ ਹੋਇਆ। ਉਹ ਬਾਦਸ਼ਾਹ ਜਹਾਂਗੀਰ (1569 –1627) ਦੇ ਅੰਤਲੇ ਅਤੇ ਸ਼ਾਹਜਹਾਨ (1592-1666) ਦੇ ਮੁਢਲੇ ਸਮੇਂ ਵਿੱਚ ਹੋਇਆ ਤੇ ਗੁਰੂ ਅਰਜਨ ਦੇਵ ਜੀ (1563-1606) ਦੀ ਸੰਗਤ ਕਰਨ ਦਾ ਉਸਨੂੰ ਮਾਣ ਪ੍ਰਾਪਤ ਸੀ।

ਮਿਰਜ਼ਾ ਖ਼ਾਨ ਦਾਨਾਬਾਦ ਦੇ ਖਰਲ ਸਰਦਾਰ ਬਿੰਜਲ ਦਾ ਪੁੱਤਰ ਸੀ ਅਤੇ ਸਾਹਿਬਾਂ ਖੀਵਾ ਸਰਦਾਰ ਮਾਹਨੀ ਖ਼ਾਨ ਦੀ ਧੀ ਮਿਰਜ਼ੇ ਦੇ ਹਾਣ ਦੀ ਸੀ। ਸਾਹਿਬਾ ਮਿਰਜੇ ਦੇ ਮਾਮੇ ਦੀ ਧੀ ਸੀ ਸਾਹਿਬਾ ਸੀ ਖ਼ੈਰ ਰਵਾਇਤ ਅਨੁਸਾਰ ਮਿਰਜਾ ਸਾਹਿਬਾ ਦਾ ਨੇੜਲਾ ਰਿਸਤਾ ਭੈਣ ਭਰਾ ਦਾ ਸੀ ਅਤੇ ਮਿਰਜ਼ੇ ਨੂੰ ਸਾਹਿਬਾਂ ਦੇ ਘਰ ਰਹਿਣ ਦੀ ਗ਼ਰਜ਼ ਨਾਲ ਭੇਜ ਦਿੱਤਾ ਗਿਆ। ਇਸ ਤਰ੍ਹਾਂ ਦੋਨੋਂ ਬਚਪਨ ਤੋਂ ਇਕਠੇ ਖੇਡਦੇ ਪੜ੍ਹਦੇ ਵੱਡੇ ਹੋਏ। ਸਾਹਿਬਾਂ ਦੀ ਸੁੁੰਦਰਤਾ ਨੂੰ ਬਿਆਨ ਕਰਦਾ ਪੀਲੂ ਕਹਿੰਦਾ ਹੈ-

ਸਾਹਿਬਾ ਗਈ ਤੇੇਲ ਨੂੰ, ਗਈ ਪੰੰਸਾਰੀ ਦੀ ਹੱੱਟ,

ਫੜ੍ਹ ਨਾ ਜਾਣੇੇ ਤੱਕੜੀ, ਹਾੜ ਨਾ ਜਾਣੇ ਵੱਟ |

ਤੇਲ ਭੁਲਾਵੇਂ ਭੁੱਲਾ ਬਾਣੀਆ, ਦਿੱਤਾ ਸ਼ਹਿਦ ਉਲੱਟ,

ਬਣਜ ਗਵਾ ਲਏ ਬਾਣੀਆਂ, ਬਲ਼ਦ ਗਵਾ ਲਏ ਜੱਟ |

ਮਿਰਜਾ ਸਾਹਿਬਾਂ ਨਾਲੋਂ ਉਮਰ ਵਿੱਚ ਥੋੜ੍ਹਾ ਵੱਡਾ ਸੀ | ਮਸੀਤ ਵਿੱਚ ਪੜ੍ਹਦਿਆਂ ਉਹਨਾਂ ਦਾ ਪਿਆਰ ਪੈ ਗਿਆ | ਪੀਲੂ ਲਿਖਦਾ ਹੈ-

ਸਾਹਿਬਾਂ ਪੜ੍ਹੇ ਪੱਟੀਆਂ, ਮਿਰਜਾ ਪੜ੍ਹੇ ਕੁੁਰਾਨ,

ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁੱਲ ਜਹਾਨ |

ਸਾਹਿਬਾਂ ਦੀ ਮੰਗਣੀ ਕਿਸੇ ਹੋਰ ਜਗ੍ਹਾ ਤੈਅ ਕਰ ਦਿੱਤੀ ਗਈ।ਲੇਕਿਨ ਜਦੋਂ ਸਾਹਿਬਾਂ ਨੂੰ ਤਾਹਿਰ ਖ਼ਾਨ ਦੇ ਨਾਲ ਵਿਆਹਿਆ ਜਾਣ ਲੱਗਿਆ ਤਾਂ ਸਾਹਿਬਾਂ ਨੇ ਕਰਮੂ ਬ੍ਰਾਹਮਣ ਨੂੰ ਮਿਰਜ਼ੇ ਦੀ ਦੋਸਤੀ ਦਾ ਵਾਸਤਾ ਦੇ ਕੇ ਦਾਨਾਬਾਦ ਜਾਣ ਲਈ ਰਾਜੀ ਕੀਤਾ। ਉਸ ਹੱਥ ਸੁਨੇਹਾ ਭੇਜਿਆ ਕਿ ਉਹ ਆਕੇ ਉਸ ਨਾਲ ਕੀਤੇ ਕੌਲ ਨਿਭਾਏ। ਉਸ ਦਿਨ ਘਰ ਵਿੱਚ ਬਿੰਜਲ ਦੀ ਧੀ ਦਾ ਵਿਆਹ ਰਚਿਆ ਸੀ। ਭੈਣ ਦੀ ਵਿਦਾਈ ਤੋਂ ਪਹਿਲਾਂ ਮਿਰਜ਼ੇ ਨੇ ਜਾਣ ਦੀ ਠਾਣ ਲਈ ਤਾਂ ਸਾਰਾ ਪਰਿਵਾਰ ਉਸਦੀਆਂ ਮਿਨਤਾਂ ਕਰਨ ਲੱੱਗਿਆ। ਮਾਂ ਅਤੇ ਭੈਣ ਨੇ ਵਾਸਤੇ ਪਾਏ ਅਤੇ ਇਤਿਹਾਸ ਦੇ ਹਵਾਲੇ ਦੇ ਕੇ ਸਮਝਾਇਆ | ਪੀਲੂ ਦੇ ਕਿੱਸੇ ਅਨੁਸਾਰ ਮਿਰਜ਼ੇ ਦਾ ਪਿਓ ਪੁੁੱਤਰ ਨੂੰ ਸਮਝਾਉਂਦਾ ਹੋੋੋਇਆ ਕਹਿਦਾ ਹੈ-

ਭੱੱਠ ਰੰੰਨਾਂ ਦੀ ਦੋਸਤੀ, ਖੁੁੁਰੀੱਂ ਜਿਨ੍ਹਾਂ ਦੀ ਮੱੱਤ |

ਇਹ ਹੱਸ-ਹੱਸ ਲਾਉਂਂਦੀਆਂ ਯਾਰੀਆਂ, ਤੇੇ ਰੋ-ਰੋ ਦਿੰਦੀਆਂ ਦੱਸ |

ਪਰ ਇਸ਼ਕ ਦੀ ਰੀਤ ਅਨੁਸਾਰ ਮਿਰਜ਼ਾ ਨਾ ਟਲਿਆ ਅਤੇ ਆਪਣੀ ਬੱਕੀ ਤੇ ਸਵਾਰ ਹੋ ਖੀਵਿਆਂ ਦੇ ਪਿੰਡ ਜਾ ਪਹੁੰਚਿਆ। ਬੀਬੋ ਤੋਂ ਮਦਦ ਮੰਗੀ ਜਿਸਨੇ ਰੱਸੀ ਦੀ ਪੌੜੀ ਬਣਾਈ ਅਤੇ ਸਾਹਿਬਾਂ, ਸਖੀਆਂ ਵਿੱਚੋਂ ਨਿਕਲ ਕੇ ਬੱਕੀ ਦੀ ਪਿੱਠ ਤੇ ਆ ਟਿੱਕੀ।[1] ਮਿਰਜ਼ਾ ਸਾਹਿਬਾਂ ਨੂੰ ਕੱਢ ਕੇ ਲੈ ਜਾਂਦਾ ਹੈ। ਲੇਕਿਨ ਰਸਤੇ ਵਿੱਚ ਜਦੋਂ ਉਹ ਇੱਕ ਜੰਡ ਦੀ ਛਾਵੇਂ ਆਰਾਮ ਕਰ ਰਹੇ ਹੁੰਦੇ ਹਨ, ਮਿਰਜ਼ਾ ਸੌਂ ਜਾਂਦਾ ਹੈ। ਸਾਹਿਬਾਂ ਨੂੰ ਪਿੱਛਾ ਕਰ ਰਹੇ ਆਪਣੇ ਭਰਾ ਦਿਖਾਈ ਦਿੰਦੇ ਹਨ। ਉਹ ਖੂਨ ਖਰਾਬੇ ਤੋਂ ਬਚਾ ਕਰਨ ਦੇ ਮੰਤਵ ਨਾਲ ਮਿਰਜ਼ੇ ਦੀਆਂ ਕਾਨੀਆਂ ਤੋੜ ਦਿੰਦੀ ਹੈ। ਉਹ ਜਾਣਦੀ ਸੀ ਕਿ ਮਿਰਜ਼ੇ ਦਾ ਨਿਸ਼ਾਨਾ ਖਾਲੀ ਨਹੀਂ ਜਾਂਦਾ ਅਤੇ ਜੇਕਰ ਮਿਰਜ਼ਾ ਨਿਸ਼ਾਨਾ ਲਾਵੇਗਾ ਤਾਂ ਉਸਦਾ ਭਰਾ ਹੀ ਫੁੰਡਿਆ ਜਾਵੇਗਾ ਅਤੇ[2] ਨਾਲ ਉਸਨੂੰ ਇਹ ਭਰਮ ਸੀ ਕਿ ਉਸਦੇ ਮਿੰਨਤ ਤਰਲੇ ਸੁਣ ਉਸਦੇ ਭਰਾ ਮਿਰਜ਼ੇ ਤੇ ਤਰਸ ਖਾ ਲੈਣਗੇ ਅਤੇ ਉਸ ਨੂੰ ਮੁਆਫ਼ ਕਰ ਦੇਣਗੇ। ਲੇਕਿਨ ਉਸਦੀ ਸੋਚ ਦੇ ਉਲਟ ਉਸਦੇ ਭਰਾ ਮਿਰਜ਼ੇ ਤੇ ਹਮਲਾ ਕਰ ਦਿੰਦੇ ਹਨ ਅਤੇ ਉਸ ਨੂੰ ਮਾਰ ਦਿੰਦੇ ਹਨ। ਸਾਹਿਬਾਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਤਲਵਾਰ ਮਾਰਕੇ ਖੁਦਕੁਸ਼ੀ ਕਰ ਲੈਂਦੀ ਹੈ।

ਸਾਡਾ ਪੁਰਾਤਨ ਸਾਹਿਤ ਜ਼ਿਆਦਾਤਰ ਅਤਕਥਨੀਆਂ ਭਰਪੂਰ ਹੈ। ਹੀਰ ਦੇ ਕਿੱਸੇ ਵਿੱਚ ਵਾਰਿਸ ਸ਼ਾਹ ਨੇ ਹੀਰ ਦੀਆਂ ਸੱਠ ਅਤੇ ਦਮੋਦਰ ਤਿੰਨ ਸੌ ਸੱਠ ਸਹੇਲੀਆਂ ਦੱਸੀਆਂ ਹਨ, ਜੋ ਹਜ਼ਮ ਕਰਨਾ ਕਠਿਨ ਜਾਪਦਾ ਹੈ।ਇਸੇ ਤਰ੍ਹਾਂ ਪੀਲੂ ਨੇ ਵੀ ਮਿਰਜ਼ੇ ਦੇ ਭੱਥੇ ਵਿੱਚ ਤਿੰਨ ਸੌ ਤੀਰ ਦੱਸੇ ਹਨ, ਜੋ ਅਸੰਭਵ ਹੈ। "ਤਿੰਨ ਸੌ ਕਾਨੀ ਮਿਰਜ਼ੇ ਜਵਾਨ ਦੀ, ਦੇਂਦਾ ਸਿਆਲਾਂ ਨੂੰ ਵੰਡ। 63।" ਭਲਿਓ ਮਾਨਸੋ! 300 ਤੀਰਾਂ ਵਾਲਾ ਕੋਈ ਭੱਥਾ ਨਹੀਂ ਹੁੰਦਾ। ਗੱਪ ਮਾਰਨ ਦੀ ਵੀ ਕੋਈ ਸੀਮਾ ਹੁੰਦੀ ਹੈ। ਹਾਫ਼ਿਜ਼ ਬਰਖ਼ੁਰਦਾਰ ਨੇ ਆਪਣੇ ਕਰੈਡਿਟ ਕਾਰਡ ਨਾਲ ਤੀਰਾਂ ਦੇ ਪੈਸੇ ਨਹੀਂ ਦੇਣੇ ਸਨ, ਇਸ ਲਈ ਉਹ ਤਿੰਨ ਸੌ ਵਿੱਚ ਸੱਠ ਹੋਰ ਜੋੜ ਕੇ ਲਿੱਖਦਾ ਹੈ,

"ਤ੍ਰੈ ਸੈ ਸੱਠ ਕਾਨੀ ਮੈਂ ਤਰਕਸ਼ੀ ਦੇਵਾਂ ਸਾਲਿਆਂ ਨੋ ਵੰਡ। 35॥"

ਮਜੂਰੀ ਲੈ ਲਈਂ ਆਪਣੀ, ਕਿੱਲੀਆਂ ਦੇਈਂ ਹਜ਼ਾਰ।(ਬੰਦ ਪੈਂਤੀ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)"

ਸਾਹਿਬਾਂ ਦੇ ਜਨਮ ਵੇਲੇ ਪੀਲੂ ਖੀਵੇ ਖਾਨ ਨੂੰ ਵਧਾਈਆਂ ਦਵਾਉਂਦਾ ਹੈ ਤੇ ਜਸ਼ਨ ਮਨਾਏ ਜਾਣ ਦਾ ਜ਼ਿਕਰ ਕਰਦਾ ਹੈ,

ਡੂਮ ਸੋਹਲੇ ਗਾਵੰਦੇ, ਖਾਨ ਖੀਵੇ ਦੇ ਬਾਰ।

ਰੱਜ ਦੁਆਈਂ ਦਿੱਤੀਆਂ, ਸੋਹਣੇ ਪਰਿਵਾਰ।1॥

ਪਤਾ ਨਹੀਂ ਕਿਉਂ ਇਹ ਗੱਲ ਮੇਰੇ ਹਲਕ ਵਿੱਚ ਉਤਰਦੀ ਨਹੀਂ।ਮੁੰਡਿਆਂ ਦੇ ਹੁੰਦਿਆਂ ਖੀਵਾ ਖਾਨ ਕੁੜੀ ਦੇ ਜਨਮ 'ਤੇ ਕੀ ਇਸ ਲਈ ਖੁਸ਼ੀ ਮਨਾਉਂਦਾ ਹੈ ਕਿ ਵੱਡੀ ਹੋ ਕੇ ਉਹ ਚੰਦ ਚਾੜ੍ਹੇਗੀ? ਉਹ ਵੀ ਉਸ ਸਮੇਂ ਜਦੋਂ ਕੁੜੀਆਂ ਨੂੰ ਜਨਮ ਉਪਰੰਤ ਲੋਕ ਜਿਉਂਦਿਆਂ ਧਰਤੀ ਵਿੱਚ ਦੱਬ ਦਿੰਦੇ ਸਨ। ਜੇ ਖੀਵਾ ਖਾਨ ਜ਼ਿਆਦਾ ਹੀ ਅਗਾਂਹ-ਵਧੂ ਖਿਆਲਾਂ ਦਾ ਸੀ ਤਾਂ ਸਾਹਿਬਾਂ ਦੇ ਪ੍ਰੇਮ ਵਿਆਹ 'ਤੇ ਵੀ ਉਸਨੂੰ ਇਤਰਾਜ਼ ਨਹੀਂ ਸੀ ਹੋਣਾ ਚਾਹੀਦਾ।

"ਤਿੰਨ ਸੈ ਨਾਂਗਾ ਪਿੜ ਰਿਹਾ, ਹੋ ਗਏ ਚੌੜ ਚੁਪੱਟ। (ਬੰਦ ਪੰਜਵਾਂ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)" ਇਹ ਸੋਚਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਕਿ ਝੰਗ ਉਸ ਸਮੇਂ ਕਿੱਡਾ ਕੁ ਵੱਡਾ ਸ਼ਹਿਰ ਜਾਂ ਪਿੰਡ ਹੋਵੇਗਾ। ਜਿਥੋਂ ਦਾ ਤਿੰਨ ਸੌ ਨਾਂਗਾ ਅਵਾਰਾਗਰਦੀ ਕਰਦੀ ਫਿਰਦੀ ਸਾਹਿਬਾ ਚੌੜ ਚਪੱਟ ਕਰ ਦਿੰਦੀ ਹੈ।

ਪੀਲੂ ਦੇ ਕਿੱਸੇ ਵਿੱਚ ਕਈ ਥਾਈਂ ਵਿਰੁੱਧਾਭਾਸ ਵੀ ਹੈ।

ਘਰ ਮਿਰਜ਼ੇ ਹੋਰ ਇਸਤਰੀ ਸੁਣੀਂਦੀ ਬੁਰੀ ਬਲਾ। 8॥

ਅਤੇ

ਕਾਜ ਵਿਹੁਣਾ ਮੈਂ ਫਿਰਾਂ, ਮੈਨੂੰ ਕੀ ਕਿਸੇ ਦੇ ਕਾਜਾਂ ਨਾਲ।।13॥

ਇਹ ਗੱਲ ਸਪਸ਼ਟ ਨਹੀਂ ਹੁੰਦੀ ਕਿ ਮਿਰਜ਼ਾ ਵਿਆਹਿਆ ਸੀ ਜਾਂ ਕੁਆਰਾ।ਅਗਰ ਕਰਮੂ ਬਾਹਮਣ ਝੂਠ ਬੋਲਦਾ ਹੈ ਤਾਂ ਉਸਦੀ ਤਸਦੀਕ ਲਈ ਵੀ ਕੋਈ ਵੇਰਵਾ ਨਹੀਂ ਹੈ। ਚਰਨਜੀਤ ਸਿੰਘ ਗੁਮਟਾਲਾ ਅਤੇ ਹੋਰ ਕਈ ਲੇਖਕ ਇੱਕ ਦੂਜੇ ਦੀ ਨਕਲ ਮਾਰ ਕੇ ਲਿੱਖੀ ਜਾਂਦੇ ਹਨ ਕਿ ਕਰਮੂ ਨੇ ਸਾਹਿਬਾਂ ਕੋਲ ਝੂਠ ਬੋਲਿਆ ਸੀ। ਇਹ ਗੱਲ ਬਿਲਕੁਲ ਮੰਨਣਯੋਗ ਨਹੀਂ ਹੈ। ਮਿਰਜ਼ਾ, ਸਾਹਿਬਾਂ ਦਾ ਮਹਿਬੂਬ ਹੀ ਨਹੀਂ ਰਿਸ਼ਤੇਦਾਰ ਵੀ ਹੁੰਦਾ ਹੈ ਤੇ ਉਹ ਬਚਪਨ ਤੋਂ ਉਸ ਨੂੰ ਜਾਣਦੀ ਹੈ। ਫਿਰ ਕਰਮੂ ਦੇ ਝੂਠ ਬੋਲਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਮਿਰਜ਼ੇ ਦੇ ਮੈਰਿਟਲ ਸਟੇਟਸ ਵਰਗੀ ਮਹੱਤਵਪੂਰਨ ਜਾਣਕਾਰੀ ਤੋਂ ਸਾਹਿਬਾਂ ਕਿਵੇਂ ਵਾਂਝੀ ਰਹਿ ਗਈ ਹੋਵੇਗੀ?

ਘਰ ਖੀਵੇ ਖਾਨ ਦੇ ਸਾਹਿਬਾਂ, ਜੰਮੀ ਮੰਗਲਵਾਰ। (ਬੰਦ ਪਹਿਲਾ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਘਰ ਵੰਝਲ ਦੇ ਮਿਰਜ਼ਾ, ਜੰਮਿਆ ਕਰੜੇਵਾਰ। (ਬੰਦ ਦੂਜਾ, ਕਿੱਸਾ ਮਿਰਜ਼ਾ-ਸਾਹਿਬਾਂ, ਪੀਲੂ)

ਪੀਲੂ ਉਹਨਾਂ ਦੇ ਜਨਮਦਿਨ ਬਾਰੇ ਇਉਂ ਦਾਵੇ ਨਾਲ ਲਿਖਦਾ ਹੈ, ਜਿਵੇਂ ਕਿ ਉਸਨੇ ਮਿਰਜ਼ਾਂ ਸਾਹਿਬਾਂ ਦੇ ਜਨਮ ਸਨਦ (Birth Certificate) ਦੇਖੇ ਹੁੰਦੇ ਹਨ।ਪੀਲੂ ਅਨੁਸਾਰ ਇੱਕ ਪਾਸੇ ਸਾਹਿਬਾਂ ਜੰਮਦੀ ਹੈ ਤੇ ਦੂਜੇ ਪਾਸੇ ਮਿਰਜ਼ਾਂ ਤੇ ਉਹ ਦੋਨੋਂ ਹਮਉਮਰ ਹਨ ਤੇ ਇਕੱਠੇ ਜਵਾਨ ਹੋਣ ਲੱਗਦੇ ਹਨ। ਲੇਕਿਨ ਅੱਗੇ ਜਾ ਕੇ ਤੀਜੇ ਬੰਦ ਵਿੱਚ ਵਰਣਨ ਆਉਂਦਾ ਹੈ, "ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ।"ਲੂ ਦੇ ਕਿੱਸੇ ਵਿੱਚ ਕੀਤੀਆਂ ਟਿੱਪਣੀਆਂ ਤੋਂ ਅਨੇਕਾਂ ਥਾਵਾਂ 'ਤੇ ਔਰਤ ਵਿਰੁੱਧੀ ਸੁਰ ਵੀ ਉਭਰਦੀ ਹੈ, ਜੋ ਕਿੱਸੇ ਵਿੱਚ ਕਿੱਸਾਕਾਰ ਦੇ ਨਿੱਜੀ ਤਜ਼ਰਬੇ ਅਤੇ ਸਵੈ-ਸ਼ਮੂਲੀਅਤ ਦੀ ਨਿਸ਼ਾਨਦੇਹੀ ਕਰਦੀ ਹੈ। ਮਿਸਾਲ ਵਜੋਂ,

ਭੱਠ ਰੰਨਾ ਦੀ ਦੋਸਤੀ, ਖੁਰੀਂ ਜਿੰਨਾਂ ਦੀ ਮੱਤ।18॥

ਆਮ ਤੌਰ 'ਤੇ ਪ੍ਰੀਤ ਕਿੱਸਿਆਂ ਵਿੱਚ ਨਾਇਕਾ ਨਾਇਕਾ ਇੱਕ ਦੂਜੇ ਦੇ ਪਿਆਰ ਵਿੱਚ ਜ਼ਮਾਨੇ ਨਾਲ ਲੜ੍ਹਦੇ ਹੋਏ ਆਪਣੀ ਜਾਨ ਦੇ ਦਿੰਦੇ ਹਨ। ਪਰ ਮਿਰਜ਼ਾ ਸਾਹਿਬਾਂ ਇਕੋ ਇੱਕ ਅਜਿਹਾ ਕਿੱਸਾ ਹੈ, ਜਿਸ ਵਿੱਚ ਪ੍ਰੇਮੀ ਦੀ ਮੌਤ ਦਾ ਇਲਜ਼ਾਮ ਪ੍ਰੇਮੀਕਾ ਸਿਰ ਜਾਂਦਾ ਹੈ।ਵੈਸੇ ਸਾਹਿਬਾਂ ਉਨੇ ਦੀ ਹੱਕਦਾਰ ਨਹੀਂ ਜਿੱਡੇ ਇਲਜ਼ਾਮ ਦੀ ਪੰਡ ਉਸ ਦੇ ਸਿਰ ਧਰ ਦਿੱਤੀ ਜਾਂਦੀ ਹੈ। ਦਗੇਬਾਜ਼ ਸਾਹਿਬਾਂ ਨਹੀਂ, ਬਲਕਿ ਧੋਖਾ ਤਾਂ ਮਿਰਜ਼ਾ ਕਰਦਾ ਹੈ। ਸਾਹਿਬਾਂ ਨੂੰ ਘਰ ਵਸਾਉਣ ਦਾ ਸੁਪਨਾ ਦਿਖਾ ਵਰਗ ਲਾਉਂਦਾ ਹੈ ਤੇ ਫਿਰ ਧੁਰ ਲੈ ਕੇ ਵੀ ਨਹੀਂ ਉੱਪੜਦਾ। ਰਸਤੇ ਵਿੱਚ ਹੀ ਉਸਨੂੰ ਹੌਲਾ ਹੋਣ ਦੀ ਅੱਚਵੀ ਲੱਗ ਜਾਂਦੀ ਹੈ। ਕਸੂਰ ਮਿਰਜ਼ੇ ਦਾ ਸੀ। ਇੱਕ ਟਰਾਂਸਪੋਰਟ ਮਾੜਾ ਲੈ ਆਇਆ। ਦੂਜਾ ਕੋਹੜੀ ਲਾਲ ਦੁਸ਼ਾਲਾ ਤਾਣ ਕੇ ਸੌਂ ਜਾਂਦਾ ਹੈ। ਸਾਹਿਬਾਂ ਤਾਂ ਜਿੰਨੇ ਜੋਗੀ ਸੀ ਉਸਨੇ ਕੀਤਾ।ਉਹ ਨਾ ਸਿਰਫ ਮਿਰਜ਼ੇ ਨਾਲ ਭੱਜਦੀ ਹੈ। ਬਲਕਿ ਮਿਰਜ਼ੇ ਨੂੰ ਉਸਨੇ ਸੁਨੇਹਾ ਵੀ ਭੇਜਿਆ ਕਿ ਜਦੋਂ ਚੰਧੜ ਵਿਆਹ ਕੇ ਲੈ ਗਏ ਤਾਂ ਬੱਕੀ ਦੀਆਂ ਪੂਛ ਫੜ੍ਹ ਕੇ ਚਾਂਗਾ ਮਾਰੇਂਗਾ। ਹੁਣ ਵਕਤ ਹੈ ਆ ਜਾਹ। ਇਸ ਕੰਮ ਲਈ ਉਹ ਕਰਮੂ ਨੂੰ ਇਨਾਮਾਂ ਦਾ ਲਾਲਚ ਵੀ ਦਿੰਦੀ ਹੈ,

ਤੂੰ ਸੁਣ ਕਰਮੂੰ ਬਾਹਮਣਾਂ, ਕਦੀ ਨਾ ਆਇਓਂ ਕਾਮ।

ਘੋੜੀ ਦਿਆਂ ਤੇਰੇ ਚੜ੍ਹਨ ਨੂੰ ਕਾਠੀ ਸਣੇ ਲਗਾਮ।

ਹੱਥ ਦੀਆਂ ਦੇ ਦਿਆਂ ਚੂੜੀਆਂ, ਸੋਨਾਂ ਕਰਦੀ ਦਾਨ।

ਝੋਟੀ ਦਿਆਂ ਦੁੱਧ ਪੀਣ ਨੂੰ, ਹਲ ਦੀ ਜ਼ਿਮੀਂ ਇਨਾਮ।

ਜਬ ਲੱਗ ਜੀਵੇ ਸਾਹਿਬਾਂ, ਰੱਖੇ ਤੇਰਾ ਅਹਿਸਾਨ।7॥

ਕਿੱਸੇ ਦਾ ਚੱਜ ਨਾਲ ਮੁਲਾਂਕਣ ਨਾ ਕਰਿਆ ਹੋਣ ਕਰਕੇ ਲੇਖਕਾਂ ਵੱਲੋਂ ਪ੍ਰਚਾਰੀ ਜਾਂਦੀ ਗੱਲ ਕਿ ਸਾਹਿਬਾਂ ਨੂੰ ਭਰਾਵਾਂ ਦਾ ਮੋਹ ਆ ਗਿਆ ਸੀ ਨਿਰਆਧਾਰ ਹੈ ਤੇ ਬਹੁਤ ਵਾਸਤਵਿਕ ਨਹੀਂ ਭਾਸਦੀ। ਜੇਕਰ ਸਾਹਿਬਾਂ ਦੇ ਦਿਲ ਵਿੱਚ ਭਰਾਵਾਂ ਜਾਂ ਮਾਪਿਆਂ ਦਾ ਐਨਾ ਹੀ ਹੇਜ ਹੁੰਦਾ ਤਾਂ ਉਸਨੇ ਘਰੋਂ ਹੀ ਨਹੀਂ ਸੀ ਭੱਜਣਾ। ਦੂਜੀ ਗੱਲ ਜੇਕਰ ਇਹ ਘਟਨਾ ਸਾਹਿਬਾਂ ਦੇ ਘਰੋਂ ਭੱਜਣ ਤੋਂ ਬਾਅਦ ਕੁਝ ਦੇਰ ਦਾ ਵਕਫਾ ਪੈ ਕੇ ਵਾਪਰਦੀ ਤਾਂ ਸਾਹਿਬਾਂ ਦਾ ਹਿਰਦਾ ਪ੍ਰੀਵਰਤਣ ਸੰਭਵ ਸੀ ਤੇ ਇਹ ਦਲੀਲ ਮੰਨੀ ਵੀ ਜਾ ਸਕਦੀ ਸੀ। ਪਰ ਇੱਕ ਪਲ ਉਹ ਘਰੋਂ ਭਜਦੀ ਹੈ ਤੇ ਦੂਜੇ ਪਲ ਝਟਕੇ ਨਾਲ ਉਸਦੇ ਵਿਚਾਰ ਕਿਵੇਂ ਬਦਲ ਸਕਦੇ ਹਨ? ਇੱਕ ਪਲ ਮਿਰਜ਼ੇ ਨਾਲ ਨਿਕਲਣ ਬਾਅਦ ਅਗਲੇ ਪਲ ਸਾਹਿਬਾਂ ਦੀ ਸੋਚ ਦਾ ਪਲੜਾ ਭਰਾਵਾਂ ਵੱਲ ਉਲਰਦਾ ਯਥਾਰਥਕ ਨਹੀਂ ਜਾਪਦਾ।ਕਿਸੇ ਵੀ ਇਨਸਾਨ ਦੇ ਦਿਮਾਗ ਵਿੱਚ ਕਿੰਨੀ ਵੀ ਉਥਲ-ਪੁਥਲ ਕਿਉਂ ਨਾ ਹੋ ਰਹੀ ਹੋਵੇ, ਉਸਦੀ ਸੋਚ ਵਿੱਚ ਐਨੀ ਛੇਤੀ ਤਬਦੀਲੀ ਨਹੀਂ ਆਉਂਦੀ। ਵਿਚਾਰ ਬਦਲਣ ਨੂੰ ਸਮਾਂ ਲੱਗਦਾ ਹੈ। ਉਸ ਸਮੇਂ ਸਾਹਿਬਾਂ ਲਈ ਅੰਮਾ ਜਾਏ ਭਰਾ ਸਭ ਤੋਂ ਵੱਡੇ ਜਾਨੀ ਦੁਸ਼ਮਣ ਹੁੰਦੇ ਹਨ ਤੇ ਜਾਨ ਦਾ ਸਭ ਤੋਂ ਵੱਧ ਖਤਰਾ ਉਹਨਾਂ ਤੋਂ ਹੁੰਦਾ ਹੈ।

ਸਾਡੇ ਸਾਹਿਤਕਾਰਾਂ ਨੇ ਮਿਰਜ਼ੇ ਨੂੰ ਸੂਰਮੇ ਦਾ ਖਿਤਾਬ ਦੇ ਕੇ ਉਸਦੀ ਮੌਤ ਨੂੰ ਸ਼ਹੀਦੀ ਦਾ ਰੁਤਬਾ ਦੇ ਰੱਖਿਆ ਹੈ।"ਮਿਰਜਾ ਐਸਾ ਸੂਰਮਾ, ਖਰਲਾਂ ਦਾ ਸਰਦਾਰ।2।" ਕਿੱਸੇ ਵਿੱਚ ਨਾਇਕ ਨਾਇਕਾ ਨੂੰ ਚੋਰੀ ਘਰੋਂ ਭਜਾ ਕੇ ਲੈ ਜਾਂਦਾ ਹੈ ਤੇ ਨਾਇਕਾ ਦੇ ਮੰਗੇਤਰ ਅਤੇ ਭਰਾਵਾਂ ਹੱਥੋਂ ਮਾਰਿਆ ਜਾਂਦਾ ਹੈ। ਮਿਰਜ਼ਾ ਉਹਨਾਂ ਦੀ ਇੱਜਤ ਨਾਲ ਖੇਡਿਆਂ ਤੇ ਉਹਨਾਂ ਨੇ ਉਸਦਾ ਬਦਲਾ ਲਿਆ ਤੇ ਮਿਰਜ਼ੇ ਨੂੰ ਰਾਤ ਦੀ ਰੋਟੀ ਘਰੇ ਜਾ ਕੇ ਨਹੀਂ ਖਾਣ ਦਿੱਤੀ।ਮਿਰਜ਼ੇ ਦੀ ਮੌਤ ਸ਼ਹੀਦੀ ਨਹੀਂ, ਬਲਕਿ Honor Killing  (ਇੱਜ਼ਤ ਲਈ ਕੀਤਾ ਗਿਆ ਕਤਲ) ਸੀ।ਸਦੀਆਂ ਤੋਂ ਇਸ ਕਿੱਸੇ ਨੂੰ ਗਲ੍ਹ ਵਿੱਚ ਤਵੀਤ ਵਾਂਗੂ ਟੰਗੀ ਫਿਰਦੇ ਪੰਜਾਬੀ ਸਭਿਆਚਾਰ ਦੇ ਮੁਦਈ ਮਿਰਜ਼ੇ ਨੂੰ ਸੂਰਵੀਰ ਕਿਉਂ ਸਮਝੀ ਬੈਠੇ ਹਨ? ਬਹਾਦਰ ਅਤੇ ਜੰਗਜੂ ਯੋਧੇ ਤਾਂ ਚੰਧੜ ਅਤੇ ਸਾਹਿਬਾਂ ਦੇ ਵੀਰ ਸਨ। ਜੋ ਆਪਣੀ ਇੱਜ਼ਤ ਅਤੇ ਅਣਖ ਲਈ ਜੰਗ ਲੜ੍ਹਦੇ ਹਨ।ਮਿਰਜ਼ਾ ਕਿਸੇ ਪੱਖੋਂ ਵੀ ਸੂਰਮਿਆਂ ਦੀ ਪ੍ਰਤੀਨਿਧਤਾ ਕਰਦਾ ਨਹੀਂ ਮਿਲਦਾ।

ਕਿਸੇ ਦੀ ਕੁੜੀ ਨੂੰ ਭਜਾ ਲਿਜਾਣਾ ਬਹਾਦਰੀ ਨਹੀਂ, ਬਲਕਿ ਕਲੰਕ ਅਤੇ ਚਰਿਤਰਹੀਣਤਾ ਹੈ। ਇਹੀ ਵਜ੍ਹਾ ਹੈ ਕਿ ਕੋਈ ਵੀ ਮਿਰਜ਼ੇ ਦਾ ਸਾਥ ਨਹੀਂ ਦਿੰਦਾ।ਬਹਾਦਰੀ ਦੇ ਪ੍ਰਤੀਕ ਕਿੱਸੇ ਤਾਂ ਜਿਉਣਾ ਮੌੜ, ਜੱਗਾ ਡਾਕੂ, ਜੈਮਲ-ਫੱਤਾ, ਸੁੱਚਾ ਸੂਰਮਾ ਹਨ, ਜਿਹਨਾਂ ਦੇ ਨਾਇਕ ਇੱਜ਼ਤ ਆਬਰੂ ਦੀ ਰਾਖੀ ਲਈ ਲੜ੍ਹੇ ਤੇ ਹੱਕ ਸੱਚ ਦੀ ਰਾਖੀ ਲਈ ਖੜ੍ਹੇ। ਇਸ ਕਾਰਜ ਲਈ ਇਹ ਪਾਤਰ ਪੂਰੇ ਕਿੱਸੇ ਵਿੱਚ ਸਘਰਸ਼ਸ਼ੀਲ ਰਹਿੰਦੇ ਹਨ।ਨਾ ਕਿ ਮਿਰਜ਼ੇ ਵਾਂਗ ਅਚਾਨਕ ਹਰਕਤ ਵਿੱਚ ਆਉਂਦੇ ਹਨ।ਪੰਜਾਬੀ ਸਮਾਜ ਮਿਰਜ਼ੇ ਵੱਲੋਂ ਚੁੱਕੇ ਕਦਮ ਨੂੰ ਹਰਗਿਜ਼ ਨੈਤਿਕ ਕਰਮ ਨਹੀਂ ਗਰਦਾਨਦਾ।ਜਿਨ੍ਹਾਂ ਲੋਕਾਂ ਦੀ ਨਿਗਾਹ ਵਿੱਚ ਮਿਰਜ਼ਾ ਬਹਾਦਰ ਹੈ ਤਾਂ ਉਹਨਾਂ ਨੂੰ ਮੇਰਾ ਸੁਆਲ ਹੈ ਕਿ ਅਗਰ ਕੋਈ ਤੁਹਾਡੀ ਇਜ਼ਤ ਨਾਲ ਉਵੇਂ ਖੇਡੇ ਜਿਵੇਂ ਮਿਰਜ਼ੇ ਨੇ ਕੀਤੀ ਤਾਂ ਕੀ ਤੁਸੀਂ ਉਸ ਵਿਅਕਤੀ ਨੂੰ ਬਹਾਦਰੀ ਦਾ ਤਗਮਾ ਦੇਵੋਂਗੇ?

ਮੈਂ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦਾ ਹਾਂ ਕਿ ਹਰ ਕਲਮਕਾਰ ਉਦੋਂ ਲਿੱਖਦਾ ਹੈ ਜਦੋਂ ਉਸ ਨੂੰ ਸਮਾਜ ਵਿੱਚ ਕੁਝ ਗਲਤ ਘਟ ਰਿਹਾ ਦਿਖਾਈ ਦਿੰਦਾ ਹੈ।

ਸਾਹਿਬਾਂ ਨੋ ਮਿਲਿਆ ਖਾਰੇ ਲਾਹਨੇ ਗਲ ਪਟਕਾਰ।

ਵਤ ਤੇਗਾਂ ਤੀਰਾਂ ਹਥਿਆਰਾਂ ਦਾਜ ਦਿੱਤਾ ਪਰਵਾਰ। (ਬੰਦ ਦੋ, ਕਿੱਸਾ ਮਿਰਜ਼ਾ ਸਾਹਿਬਾਂ, ਹਾਫਿਜ਼ ਬਰਖ਼ੁਰਦਾਰ)

ਪੀਲੂ ਨੇ ਕਿੱਸੇ ਵਿੱਚ ਮਿਰਜ਼ਾ, ਸਾਹਿਬਾਂ, ਮਿਰਜ਼ੇ ਦਾ ਬਾਪ ਵੰਝਲ, ਭੈਣ ਸਹਿਤੀ, ਸਾਹਿਬਾਂ ਦਾ ਬਾਪ ਖੀਵਾ ਖਾਨ, ਭਰਾ ਸ਼ਮੀਰ, ਸਾਹਿਬਾਂ ਦਾ ਨੌਕਰ ਕਰਮੂ ਬਾਹਮਣ, ਜਾਮ ਲੁਹਾਰ, ਮਿਰਜ਼ੇ ਦੀ ਧਰਮ-ਮਾਸੀ ਬੀਬੋ, ਖੀਵੇ ਖਾਨ ਦਾ ਕਰਮਚਾਰੀ, ਫਰੋਜ਼ ਡੋਗਰ (ਡੋਗਰ, ਰਾਜਪੂਤਾਂ ਤੋਂ ਮਾਸਲਮਾਨ ਬਣੇ ਲੋਕਾਂ ਦੀ ਇੱਕ ਜਾਤੀ ਹੈ, ਜੋ ਜ਼ਿਆਦਾਤਰ ਗੁੱਜ਼ਰਾਂ ਵਾਂਗ ਪਸ਼ੂ ਪਾਲਣ ਦਾ ਕਿੱਤਾ ਕਰਦੇ ਹਨ।) ਅਤੇ ਵੰਝਲ ਦਾ ਨੌਕਰ ਅਥਵਾ ਮਿਰਜ਼ੇ ਦਾ ਦੋਸਤ ਬਾਈ ਡੋਗਰ (ਜੋ ਬੱਕੀ ਨੂੰ ਪਾਲਦਾ ਹੈ) ਦੇ ਨਾਮ ਦਿੱਤੇ ਹਨ। ਇਸ ਤੋਂ ਬਿਨਾ ਉਸ ਨੇ ਕੋਈ ਹੋਰ ਨਾਮ ਨਹੀਂ ਦਿੱਤਾ।ਮਿਰਜ਼ੇ ਦੀ ਮਾਂ ਅਤੇ ਸਾਹਿਬਾਂ ਦੇ ਮੰਗੇਤਰ ਦਾ ਜ਼ਿਕਰ ਆਉਂਦਾ ਹੈ ਅਤੇ ਸ਼ਮੀਰ ਤੋਂ ਬਿਨਾ ਸਾਹਿਬਾਂ ਦੇ ਹੋਰ ਭਰਾ ਹੋਣ ਦਾ ਸੰਕੇਤ ਜ਼ਰੂਰ ਆਉਂਦਾ ਹੈ, ਪਰ ਉਹਨਾਂ ਦੇ ਨਾਮ ਕਿੱਸੇ ਵਿੱਚ ਦਰਜ਼ ਨਹੀਂ ਹਨ। ਸਾਹਿਬਾਂ ਦੇ ਭਰਾਵਾਂ ਦੇ ਨਾਮ, ਮੰਗੇਤਰ ਦਾ ਨਾਂ ਤਾਹਿਰ ਖਾਨ ਆਦਿਕ ਬਾਕੀ ਪਾਤਰ ਅਤੇ ਉਹਨਾਂ ਦੇ ਨਾਮ ਮਗਰੋਂ ਦੂਜੇ ਲੇਖਕਾਂ ਦੇ ਦਿਮਾਗ ਦੀ ਉੱਪਜ ਹੈ।

ਹਵਾਲੇ

ਸੋਧੋ


  1. http://urdu.dawn.com/news/77604/mirza-aur-saheban-hassan-miraj-aq
  2. ਕਿੱਸਾ ਮਿਰਜ਼ਾ ਸਾਹਿਬਾਂ,ਪੀਲੂ,ਸੰਪਾਦਕ ਚਰਨਜੀਤ ਸਿੰਘ ਗੁਮਟਾਲਾ,ਪੰਜਾਬੀ ਰਾਇਟਰਜ ਕੋਆਪ੍ਰਟਿਵ ਸੋਸਾਇਟੀ ਲਿਮਿਟਿਡ,ਲੁਧਿਆਨਾ,1997