ਮੁਸੱਲੀ ਪਾਕਿਸਤਾਨ ਦੇ ਪੰਜਾਬੀ ਨਾਟਕਕਾਰ ਮੇਜਰ ਇਸਹਾਕ ਮੁਹੰਮਦ ਦਾ ਨਾਟਕ ਹੈ।[1] ਇਸ ਨਾਟਕ ਰਾਹੀਂ ਹੜੱਪਾ ਅਤੇ ਮਹਿੰਜੋਦੜੋ ਦੀ ਸੱਭਿਅਤਾ ਦੇ ਪਿਛੋਕੜ ਵਿੱਚ ਅੱਜ ਦੇ ਖੇਤ ਕਾਮਿਆਂ ਦੀ ਹਾਲਤ ਨੂੰ ਰੂਪਮਾਨ ਕੀਤਾ ਗਿਆ ਹੈ। ਇਸ ਨਾਟਕ ਵਿੱਚ ਇੱਕ ਪਾਸੇ ਦਸ ਨਹੁੰਆਂ ਦੀ ਕਿਰਤ ਕਰਨ ਵਾਲੇ ਮਿਹਨਤੀ ਅਤੇ ਖੇਤ ਮਜ਼ਦੂਰਾਂ ਦੀ ਹਾਲਤ ਦਾ ਦਰਦ ਰੰਝਾਣਾ ਬਿਆਨ ਹੈ, ਜਿਹੜੇ ਹਕੀਕਤ ਵਿੱਚ ਪੰਜਾਬ ਦੀ ਧਰਤੀ ਦੀ ਲੱਜ ਹਨ। ਦੂਜੇ ਪਾਸੇ ਵਿਹਲੜ ਬੁਰਜੂਆਂ, ਜਗੀਰਦਾਰਾਂ ਅਤੇ ਪੁਲਿਸ ਵਾਲਿਆਂ ਵੱਲੋਂ ਕੀਤੀ ਜਾਂਦੀਆਂ ਵਧੀਕੀਆਂ ਦਾ ਜ਼ਿਕਰ ਹੈ। ਇਸ ਨਾਟਕ ਵਿੱਚ ਉਹਨਾਂ ਲੋਕਾਂ ਦੀ ਮੁਕਤੀ ਦਾ ਰਾਹ ਵੀ ਸਾਫ਼ ਲੱਭਦਾ ਹੈ, ਜਿਹੜੇ ਸਦੀਆਂ ਤੋਂ ਚੱਕੀ ਵਿੱਚ ਪਿਸਦੇ ਆ ਰਹੇ ਹਨ। "ਹਕੀਕਤ ਵਿੱਚ 'ਮਸੱਲੀ' ਨਾਟਕ ਇੱਕ ਅਜਿਹੇ ਮਨੁੱਖ ਦੀ ਕਹਾਣੀ ਹੈ ਜਿਹੜਾ ਪੰਜਾਬ ਦਾ ਮੁੱਢ ਕਦੀਮੀ ਮਨੁੱਖ ਹੈ। ਜਿਸ ਰਾਹੀਂ ਹੜੱਪੇ ਦੀ ਪਹਿਚਾਣ ਹੁੰਦੀ ਹੈ। ਿੲਸ ਨਾਟਕ ਦੀ 'ਸਾਬਾਂ' ਪੰਜਾਬ ਦੀ ਧੀ ਹੈ, ਜਿਸ ਨੇ ਸਿਦਕ ਅਤੇ ਵਿਸ਼ਵਾਸ ਦਾ ਪੱਲਾ ਹੱਥੋਂ ਨਹੀਂ ਛੱਡਿਆ ਤੇ ਆਪਣੇ ਸਵੰਬਰ ਦਾ ਹੱਕ ਵੀ ਹੱਥੋਂ ਨਹੀਂ ਜਾਣ ਦਿੱਤਾ। 'ਮਸੱਲੀ' ਰਾਹੀਂ ਅਜਿਹੇ ਇਨਕਲਾਬ ਦੇ ਬੀਜ ਬੀਜੇ ਗਏ ਹਨ, ਜਿਹੜਾ ਅੱਜ ਦੇ ਜ਼ਮਾਨੇ ਦੀ ਸਭ ਤੋਂ ਵੱਡੀ ਲੋੜ ਹੈ।[2]

ਮੁਸੱਲੀ
ਲੇਖਕ'ਮੇਜਰ ਇਸਹਾਕ ਮੁਹੰਮਦ'
ਮੂਲ ਭਾਸ਼ਾਪੰਜਾਬੀ
ਵਿਧਾਨਾਟਕ

ਲਿਪੀਅੰਤਰਣ/ਅਨੁਵਾਦ

ਸੋਧੋ

ਮੁਸੱਲੀ ਅਸਲ ਵਿੱਚ ਪਾਕਿਸਤਾਨੀ ਪੰਜਾਬੀ ਨਾਟਕ ਹੈ ਜੋ 1971 'ਚ ਲਿਖਿਆ ਗਿਆ। ਿੲਸ ਦੀ ਮੂਲ ਲਿਪੀ ਸ਼ਾਹਮੁਖੀ ਹੈ।ਭਾਰਤ ਵਿੱਚ ਇਹ ਨਾਟਕ 1979 ਚ ਸਚਿੰਤਨ ਪ੍ਰਕਾਸ਼ਨ, ਨਵੀਂ ਦਿੱਲੀ ਨੇ ਛਾਪਿਆ। ਜਿਸ ਦਾ ਅਨੁਵਾਦ 'ਸ਼੍ਰੀ ਚਰਨ ਸਿੰਘ ਸਿੰਦਰਾ' ਨੇ ਕੀਤਾ। ਭਾਵੇਂ ਪਿੱਛੋਂ ਵੀ ਇਸ ਨਾਟਕ ਦੇ ਅਨੁਵਾਦ ਹੋਏ। ਜਿਵੇਂ ਕਰਨੈਲ ਸਿੰਘ ਥਿੰਦ ਦੇ ਸੰਪਾਦਨ ਵਾਲਾ ਰੂਪ 'ਇੰਦਰ ਸਿੰਘ ਰਾਜ' ਨੇ ਲਿਪੀਅੰਤਰਣ ਕੀਤਾ, ਜੋ 'ਰਵੀ ਸਾਹਿਤ ਪ੍ਰਕਾਸ਼ਨ' ਨੇ ਪ੍ਰਾਕਸ਼ਿਤ ਕੀਤਾ ਹੈ।

ਵਸਤੂ ਸਮੱਗਰੀ

ਸੋਧੋ

ਮੁਸੱਲੀ ਨਾਟਕ ਪਰੋਲੋਤਾਰੀ(ਨਿਮਨ-ਵਰਗ) ਨੂੰ ਯੁੱਗਾਂ ਦੇ ਨਿਰਮਾਣ-ਕਰਤਾ ਅਤੇ ਅਸਲ ਹੱਕਾਂ ਦੇ ਮਾਲਕ ਦੇ ਰੂਪ ਵਿੱਚ ਪੇਸ਼ ਕਰਦਾ ਹੈ ਤੇ ਸਮਾਜ ਵਿੱਚ ਪੈਟੀ-ਬੁਰਜੂਆਂ(ਮੱਧ-ਵਰਗ) ਦੇ ਦੋਗਲ਼ੇ ਕਿਰਦਾਰਾਂ ਦਾ ਪਾਜ ਉਧੇੜਨ ਦੇ ਨਾਲ-ਨਾਲ ਬੁਰਜੂਆਂ(ੳੱਚ-ਵਰਗ) ਦੀ ਲੋਟੂ ਨੀਤੀਆਂ ਨੂੰ ਨੰਗਾ ਕਰਦਾ ਹੈ। ਨਾਟਕ ਨਾਲ ਹੀ ਲੋਟੂ-ਜਮਾਤ ਦੇ ਵਿਦਰੋਹ 'ਚ ਸੰਘਰਸ਼ ਨੂੰ ਤੇਜ਼ ਕਰਨ ਤੇ ਧਰਮ ਦੇ ਵੀ 'ਲੋਟੂ-ਰੂਪ' ਨੂੰ ਨੰਗਾ ਕਰਨ ਦੇ ਸੰਕਲਪ ਨੂੰ ਵਿਸ਼ੇ ਰੂਪ ਵਿੱਚ ਲੈਂਦਾ ਹੈ।

ਕਥਾਨਕ

ਸੋਧੋ

ਮੁਸੱਲੀ ਨਾਟਕ ਤਿੰਨ ਐਕਟਾਂ ਵਿੱਚ ਵਿਭਾਜਿਤ ਹੈ ਅਤੇ ਹਰੇਕ ਐਕਟ ਦੇ ਤਿੰਨ-ਤਿੰਨ ਹੀ ਸੀਨ ਹਨ। ਪਹਿਲੇ ਐਕਟ ਵਿੱਚ 'ਰੁੱਤਾਂ' ਤੇ 'ਸਾਬਾਂ' ਕਿਧਰੋਂ ਉਜੜ ਕੇ ਆਏ ਹਨ ਤੇ 'ਇਕਤਦਾਰ ਅਲੀ', ਜੋ ਲਾਹੌਰ ਯੂਨੀਵਰਸਿਟੀ 'ਚ ਅਮਰੀਕੀ ਪ੍ਰਾਜੈਕਟ ਤਹਿਤ' ਮੁਸੱਲੀਆਂ 'ਤੇ ਖੋਜ ਕਰ ਰਿਹਾ ਤੇ ਮਕਾਲਾ (ਥੀਸਿਜ਼) ਲਿਖ ਰਿਹਾ ਹੈ, ਉਹਨਾਂ ਨੂੰ ਆਪਣੇ ਘਰ ਲੈ ਜਾਂਦਾ ਹੈ, ਉਹ ਰੱਤਾਂ ਤੇ ਸਾਬਾਂ ਨੂੰ ਦਯਾ ਦਿਖਾਉਂਦਾ ਹੈ ਤੇ ਉਹਨਾਂ ਦੀ ਹੋ ਰਹੀ ਲੁੱਟ-ਖਸੱੁਟ ਸੰਬੰਧੀ ਉਹਨਾਂ ਨੂੰ ਦੱਸਦਾ ਹੈ। ਦੂਜੇ ਐਕਟ ਵਿੱਚ ਵਿੱਚ 'ਨਾਦਿਰ ਖਾਂ' ਇਕਤਦਾਰ ਅਲੀ ਨੂੰ ਸਾਬਾਂ ਪ੍ਰਤੀ ਆਕਰਸ਼ਿਤ ਕਰਾਉਂਦਾ ਹੈ ਤੇ ਸ਼ਰਾਬ ਵੱਧ ਪੀਣ ਕਰਕੇ ਲੜਕੇ ਚਲਾ ਜਾਂਦਾ ਹੈ। ਇਕਤਦਾਰ ਅਲੀ 'ਸਾਬਾਂ' ਨੂੰ ਹੱਥ ਪਾਉਣ ਲੱਗਾ, ਖ਼ੁਦ ਡਿੱਗਕੇ ਤੇ ਪਿੱਛੋਂ ਰੁੱਤੇ ਦੁਆਰਾ ਡਾਂਗ ਮਾਰਨ ਕਰਕੇ ਮਾਰਿਆ ਜਾਂਦਾ ਹੈ। ਇਕਤਦਾਰ ਅਲੀ ਦੇ ਬਾਪ 'ਬੁੱਢਣ ਸ਼ਾਹ' ਤੇ ਮਾਂ 'ਅੰਮਾਂ' ਦੇ ਕਹਿਣ 'ਤੇ 'ਸਾਬਾਂ' ਨੂੰ ਪੁਲਿਸੀਆਂ ਥਾਣੇਦਾਰ ਫੜ੍ਹ ਕੇ ਲੈ ਜਾਂਦਾ ਹੈ। ਤੀਜੇ ਐਕਟ ਵਿੱਚ ਰੁੱਤਾਂ ਇਕੱਲਾ ਭਟਕਦਾ ਫਿਰਦਾ ਹੈ ਤੇ ਸਾਬਾਂ ਨੂੰ ਮਿਲ ਕੇ, ਜੋ ਥਾਣੇਦਾਰ ਦੀ ਕੈਦ 'ਚ ਹੈ, ਨੂੰ ਚਾਕੂ ਦਿੰਦਾ ਹੈ ਤਾਂ ਜੋ ਥਾਣੇਦਾਰ ਤੋਂ ਆਪਣੀ ਇੱਜ਼ਤ ਦਾ ਬਚਾਓ ਕਰੇ। ਫਿਰ ਉਹ 'ਨੂਰੇ' ਨੂੰ ਮਿਲਦਾ ਹੈ ਜੋ ਕਾਰਖਾਨਾ ਮਜ਼ਦੂਰ ਹੈ। 'ਨੂਰਾ' ਸਹੀ ਅਰਥਾਂ 'ਚ ਨਿਮਨ ਵਰਗ ਦੀ ਹਾਲਤ ਪ੍ਰਤੀ ਸੁਚੇਤ ਹੈ। ਉਹ ਰੁੱਤੇ ਨੂੰ 'ਬਰਾਬਰਤਾ' ਦੇ ਸਹੀ ਅਰਥ ਸਮਝਾਉਂਦਾ ਹੈ। ਨਾਟਕ ਦੇ ਅੰਤ 'ਤੇ ਸਾਬਾਂ ਵੀ ਆਉਂਦੀ ਹੈ, ਜਿਸ ਨੂੰ ਬਾਕੀ ਸਿਪਾਹੀਆਂ ਨੇ ਡਰਦਿਆਂ ਛੱਡ ਦਿੱਤਾ, ਕਿ ਇਹ ਤਾਂ ਪਾਗਲ ਕਾਿਤਲ ਹੈ। ਅੰਤ 'ਤੇ ਸਾਰੇ ਕਾਮਿਆਂ ਸਮੇਤ ਇਕੱਠੇ ਹੋ ਕੇ ਇਨਕਲਾਬ-ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹਨ ਤੇ ਇਨਕਲਾਬੀ ਗੀਤ ਗਾਉੰਦੇ ਹਨ।

ਨਾਟਕ ਦੇ ਪਾਤਰ

ਸੋਧੋ
  1. ਰੁੱਤਾਂ।
  2. ਸਾਬਾਂ।
  3. ਇਕਤਦਾਰ ਅਲੀ।
  4. ਬੁੱਢਣ ਸ਼ਾਹ।
  5. ਅੰਮਾ।
  6. ਨਾਦਿਰ ਸ਼ਾਹ।
  7. ਨੂਰਾ।
  8. ਥਾਣੇਦਾਰ।
  9. ਸਿਪਾਹੀ।
  10. ਕਾਮੇ(ਔਰਤ ਤੇ ਮਰਦ)।

ਸੰਵਾਦਆਤਮਿਕਤਾ

ਸੋਧੋ

ਸੰਵਾਦ ਜਾਂ ਵਾਰਤਾਲਾਪ ਨਾਟਕ ਦੀ ਜ਼ਿੰਦ-ਜਾਨ ਹੁੰਦੇ ਹਨ। ਇਸ ਨਾਟਕ ਦੇ ਸੰਵਾਦ(ਡਾਈਲਾਗ) ਲੰਮੇਰੇ ਹਨ। ਨਾਟਕ ਦੇ ਵਾਰਤਾਲਾਪ ਭਾਵੇੰ ਬੌਧਿਕ ਹਨ, ਪਰ ਨਾਟਕੀ ਕਾਰਜ ਨੂੰ ਰੋਕਦੇ ਹਨ।... ਇਸੇ ਕਰਕੇ ਰੰਗਮੰਚ 'ਤੇ ਨਾਟਕ ਨੂੰ ਪੇਸ਼ ਕਰਨ ਲਈ ਕੁਝ ਨਾਟ-ਨਿਰਦੇਸ਼ਕਾਂ ਨੇ ਵਾਰਤਾਲਾਪ ਵਿੱਚ ਕਾਂਟ-ਛਾਂਟ ਕੀਤੀ ਹੈ।[3]

ਨਾਟ-ਸਿਰਲੇਖ

ਸੋਧੋ

ਨਾਟਕ ਦਾ ਸਿਰਲੇਖ ਜਾਤੀ-ਸੰਬੋਧਿਤ ਹੈ। ਪਾਕਿਸਤਾਨ ਵਿੱਚ ਨਿਮਨ ਵਰਗੀ ਲੋਕਾਂ ਨੂੰ ਸਤਿਕਾਰ ਸਹਿਤ 'ਮੁਸੱਲੀ' ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ 'ਨਮਾਜ਼ ਪੜਨ ਵਾਲੇ'। ਹੋਰ ਸਤਿਕਾਰ ਸਹਿਤ 'ਮੁਸਲਿਮ ਸ਼ੇਖ' ਵੀ ਿਕਹਾ ਜਾਂਦਾ ਹੈ। ਭਾਰਤੀ ਪੰਜਾਬ 'ਚ ਨਿਮਨ ਵਰਗੀਆਂ ਲਈ 'ਹਰੀਜਨ' ਸ਼ਬਦ ਵਰਤਿਆਂ ਜਾਂਦਾ ਹੈ, ਜਿਸ ਦਾ ਅਰਥ ਹੈ' ਰੱਬ ਦੇ ਪਿਆਰੇ'।[4] ਪਰ ਅਸਲ ਵਿੱਚ ਜਿੰਨੇ ਸਤਿਕਾਰਤ ਇਹ ਨਾਂ ਹਨ, ਉਨ੍ਹਾਂ ਹੀ ਘਿਰਣਾ ਇਹਨਾਂ ਜਾਤੀ ਦੇ ਲੋਕਾਂ ਨਾਲ ਕੀਤੀ ਜਾਂਦੀ ਹੈ। ਸੋ, ਨਾਟਕ ਦਾ ਨਾਮ ਵਿਅੰਗਆਤਮਕ ਹੈ ਤੇ ਲੁੱਟੀ ਜਾਣ ਵਾਲੀ ਜਾਤ ਨੂੰ 'ਹਾਸ਼ੀਏ' ਤੋਂ 'ਕੇਂਦਰ' ਵਿੱਚ ਲਿਆਉਣ ਦਾ ਯਤਨ ਹੈ।

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2014-07-14. Retrieved 2015-02-05. {{cite web}}: Unknown parameter |dead-url= ignored (|url-status= suggested) (help)
  2. ਡਾ. ਕਰਨੈਲ ਸਿੰਘ ਥਿੰਦ,ਪਾਕਿਸਤਾਨੀ ਪੰਜਾਬੀ ਅਦਬ: ਇੱਕ ਜਾਇਜ਼ਾ, ਲੋਅ, ਅਕਤੂਬਰ-1981, ਪੰਨਾ-88
  3. ਸ.ਨ. ਸੇਵਕ,'ਮੇਜਰ ਇਸਹਾਕ ਮੁਹੰਮਦ: ਇੱਕ ਯਾਦ',ਲੋਅ,ਜੂਨ-1982, ਪੰਨਾ-55
  4. 'ਮੁਸੱਲੀ'-ਨਾਟਕ,ਮੇਜਰ ਇਸਹਾਕ ਮੁਹੰਮਦ, 1971,ਭੂਮਿਕਾ-ਫ਼ਖ਼ਰ ਜ਼ਮਾਨ '