ਇਸ ਮਿਸਲ ਨੇ ਆਪਣਾ ਨਾਂ 'ਰਾਮ ਰੌਣੀ' ਤੋਂ ਲਿਆ। 'ਰਾਮ ਰੌਣੀ'(ਇਹ ਕੱਚਾ ਕਿਲ੍ਹਾ ਜਿਥੇ ਅੱਜ ਗੁਰੂ ਰਾਮਦਾਸ ਸਕੂਲ ਅਤੇ ਗੁਰਦੁਆਰਾ ਸ੍ਰੀ ਰਾਮਸਰ ਮੌਜੂਦ ਹੈ, ਦੇ ਨਾਲ ਲਗਦੀ ਜਗ੍ਹਾ ’ਤੇ ਇੱਕ ਹਵੇਲੀ ਦੀ ਸ਼ਕਲ ਵਿੱਚ ਸੰਨ 1748 ਦੇ ਸ਼ੁਰੂ ਵਿੱਚ ਬਣਾਇਆ ਗਿਆ ਸੀ) ਇੱਕ ਗੜ੍ਹੀ ਸੀ ਜਿਸ ਦੀ ਤਾਮੀਰ ਸ: ਜੱਸਾ ਸਿੰਘ ਨੇ ਅੰਮ੍ਰਿਤਸਰ ਦੇ ਬਾਹਰਵਾਰ ਕੱਚੀਆਂ ਇੱਟਾਂ ਨਾਲ ਕਰਵਾਈ। ਬਾਅਦ ਵਿੱਚ ਇਸੇ ਗੜ੍ਹੀ ਨੂੰ ਕਿਲ੍ਹੇ ਦੀ ਸ਼ਕਲ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇਸ ਦਾ ਨਾਂ ਕਿਲ੍ਹਾ ਰਾਮਗੜ੍ਹ ਪੈ ਗਿਆ। ਇਸ ਦੇ ਨਾਂ 'ਤੇ ਸ੍ਰ: ਜੱਸਾ ਸਿੰਘ ਦਾ ਨਾਂ ਵੀ ਜੱਸਾ ਸਿੰਘ ਰਾਮਗੜ੍ਹੀਆ ਪੈ ਗਿਆ। ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਸਿੱਖ ਇਤਿਹਾਸ ਵਿੱਚ ਬਹੁਤ ਵੱਡੇ ਸਿੱਖ ਯੋਧੇ ਵਜੋਂ ਜਾਣਿਆਂ ਜਾਣ ਲੱਗ ਪਿਆ।

ਜੱਸਾ ਸਿੰਘ ਲਾਹੌਰ ਦੇ ਕੋਲ ਇਚੋਗਿਲ ਪਿੰਡ ਦੇ ਰਹਿਣ ਵਾਲੇ ਗਿਆਨੀ ਭਗਵਾਨ ਸਿੰਘ ਦੇ ਘਰ 1723 ਵਿੱਚ ਪੈਦਾ ਹੋਇਆ।ਜੱਸਾ ਸਿੰਘ ਰਾਮਗੜ੍ਹੀਆ ਦਾ ਦਾਦਾ ਭਾਈ ਹਰਦਾਸ ਸਿੰਘ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਮੈਂਬਰ ਸਨ ਅਤੇ ਉਹ ਗੁਰੂ ਜੀ ਦੀ ਫੋਜ ਲਈ ਹੱਥਿਆਰ ਆਦਿ ਬਣਾਉਣ ਦਾ ਕੰਮ ਵੀ ਕਰਦਾ ਸੀ। ਕਿਹਾ ਜਾਂਦਾ ਹੈ ਕਿ ਭਾਈ ਬਚਿੱਤਰ ਸਿੰਘ ਨੇ ਜਿਸ ਨੇਜੇ ਨਾਲ ਸ਼ਰਾਬੀ ਹਾਥੀ ਨੂੰ ਜ਼ਖਮੀ ਕੀਤਾ ਸੀ ਉਹ ਭਾਈ ਹਰਦਾਸ ਸਿੰਘ ਨੇ ਬਣਾਇਆ ਸੀ। ਹਰਦਾਸ ਸਿੰਘ ਦੇ ਦੋ ਪੁੱਤਰ ਸਨ ਭਗਵਾਨ ਸਿੰਘ ਅਤੇ ਸ. ਦਾਨ ਸਿੰਘ। ਜੱਸਾ ਸਿੰਘ, ਸ. ਭਗਵਾਨ ਸਿੰਘ ਦਾ ਪੁੱਤਰ ਸੀ।

1748 ਈ: ਵਿੱਚ ਹੀ ਸ: ਜੱਸਾ ਸਿੰਘ ’ਤੇ ਇਹ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਆਪਣੀ ਨਵਜਨਮੀ ਕੰਨਿਆ ਦੀ ਹੱਤਿਆ ਕੀਤੀ ਹੈ ਅਤੇ ਇਸ ਦੋਸ਼ ਬਦਲੇ ਪੰਥ ਨੇ ਉਨ੍ਹਾਂ ਨੂੰ ਛੇਕ ਦਿੱਤਾ, ਜਿਸ ਕਾਰਨ ਜੱਸਾ ਸਿੰਘ ਆਪਣੇ ਤਿੰਨ ਭਰਾਵਾਂ ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਅਤੇ 100 ਸਿਪਾਹੀਆਂ ਸਣੇ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਦੇ ਨੌਕਰ ਹੋ ਗਏ, ਜਦੋਂ ਕਿ ਤਾਰਾ ਸਿੰਘ ਪੰਥ ਦੇ ਨਾਲ ਰਿਹਾ। ਲਾਹੌਰ ਦੇ ਗਵਰਨਰ ਨੇ ਆਪਣੀ ਫੌਜ ਨੂੰ ਰਾਮ ਰੌਣੀ 'ਤੇ ਹਮਲਾ ਕਰਨ ਅਤੇ ਸਿੱਖਾਂ ਦਾ ਸਫ਼ਾਇਆ ਕਰਨ ਦਾ ਹੁਕਮ ਦਿੱਤਾ ਅਤੇ ਅਦੀਨਾ ਬੇਗ ਨੂੰ ਕਿਹਾ ਕਿ ਉਹ ਵੀ ਆਪਣੀ ਫੌਜ ਲੈ ਕੇ ਰਾਮ ਰੌਣੀ ਪਹੁੰਚੇ। ਜਲੰਧਰ ਡਿਵੀਜ਼ਨ ਦੀ ਅਗਵਾਈ ਜੱਸਾ ਸਿੰਘ ਹੀ ਕਰ ਰਿਹਾ ਸੀ। ਉਸ ਲਈ ਇਹ ਗੱਲ ਬੜੀ ਦੁੱਖਦਾਈ ਸੀ ਕਿ ਉਹ ਉਸ ਫੌਜ ਦੀ ਅਗਵਾਈ ਕਰੇ ਜੋ ਉਸ ਦੇ ਭਾਈਬੰਦਾਂ ਦੇ ਖ਼ਿਲਾਫ਼ ਲੜਨ ਜਾ ਰਹੀ ਸੀ। ਚਾਰ ਮਹੀਨੇ ਤੱਕ ਮੁਗ਼ਲ ਫ਼ੌਜਾਂ ਨੇ ਰਾਮ ਰੌਣੀ ਨੂੰ ਘੇਰ ਪਾ ਕੇ ਰੱਖਿਆ। ਅੰਦਰ ਰਾਸ਼ਨ ਪਾਣੀ ਖ਼ਤਮ ਹੋ ਗਿਆ। ਜੱਸਾ ਸਿੰਘ ਨੇ ਰਾਮ ਰੌਣੀ ਵਿੱਚ ਫਸੇ ਸਿੱਖਾਂ ਨਾਲ ਸੰਪਰਕ ਕਾਇਮ ਕੀਤਾ ਅਤੇ ਖੁੱਲ੍ਹੇ ਆਮ ਉਨ੍ਹਾਂ ਨਾਲ ਮਿਲ ਜਾਣ ਦਾ ਐਲਾਨ ਕਰ ਦਿੱਤਾ। ਇਸ ਨਾਲ ਘਿਰੇ ਹੋਏ ਸਿੱਖਾਂ ਨੂੰ ਬਹੁਤ ਰਾਹਤ ਮਿਲੀ। ਦਲ ਖਾਲਸਾ ਵਿੱਚ ਹਰ ਸਿੱਖ ਨੇ ਜੱਸਾ ਸਿੰਘ ਦੀ ਬਹਾਦਰੀ ਤੇ ਹੌਸਲੇ ਦੀ ਪ੍ਰਸ਼ੰਸਾ ਕੀਤੀ। ਜੱਸਾ ਸਿੰਘ ਨੇ ਦੀਵਾਨ ਕੌੜਾ ਮਲ ਦੀ ਸਹਾਇਤੀ ਨਾਲ ਰਾਮ ਰੌਣੀ ਦਾ ਘੇਰਾ ਵੀ ਖ਼ਤਮ ਕਰਵਾ ਦਿੱਤਾ। ਰਾਮ ਰੌਣੀ ਨੂੰ ਮਜ਼ਬੂਤ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇਸ ਦਾ ਨਾਂ ਵੀ ਰਾਮਗੜ੍ਹ ਰੱਖ ਦਿੱਤਾ ਗਿਆ। ਸ੍ਰ: ਜੱਸਾ ਸਿੰਘ ਨੂੰ ਇਸ ਕਿਲ੍ਹੇ 'ਰਾਮਗੜ੍ਹ' ਦਾ ਜਥੇਦਾਰ ਥਾਪ ਦਿੱਤਾ ਗਿਆ ਤੇ ਇਸ ਤੋਂ ਬਾਅਦ ਉਸ ਦਾ ਨਾਂ ਜੱਸਾ ਸਿੰਘ ਰਾਮਗੜ੍ਹੀਆ ਪੈ ਗਿਆ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅੰਮ੍ਰਿਤਸਰ ਦੇ ਉੱਤਰ ਵਿੱਚ ਪੈਣ ਵਾਲੇ ਇਲਾਕਿਆਂ ਦਾ ਹਾਕਮ ਸੀ। ਇਹ ਇਲਾਕੇ ਰਾਵੀ ਅਤੇ ਬਿਆਸ ਦਰਿਆਵਾਂ ਦੇ ਦਰਮਿਆਨ ਪੈਂਦੇ ਸਨ। ਉਸ ਨੇ ਇਸ ਵਿੱਚ ਜਲੰਧਰ ਅਤੇ ਕਾਂਗੜਾ ਦਾ ਇਲਾਕਾ ਵੀ ਸ਼ਾਮਲ ਕਰ ਲਿਆ ਸੀ। ਉਸ ਨੇ ਸ੍ਰੀ ਹਰਗੋਬਿੰਦਪੁਰ, ਜਿਸ ਦੀ ਸਥਾਪਨਾ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀ, ਨੂੰ ਆਪਣੀ ਰਾਜਧਾਨੀ ਬਣਾਇਆ। ਹੁਣ ਹਾਲਤ ਇਹ ਸੀ ਕਿ ਬਾਕੀ ਦੀਆਂ ਸਿੱਖ ਮਿਸਲਾਂ ਦੇ ਸਰਦਾਰ ਇਹ ਨਹੀਂ ਸਨ ਚਾਹੁੰਦੇ ਕਿ ਸ੍ਰ: ਜੱਸਾ ਸਿੰਘ ਹੋਰ ਤਾਕਤਵਰ ਬਣੇ। ਆਪਸੀ ਈਰਖਾ ਕਾਰਨ ਜੈ ਸਿੰਘ ਨਕਈ ਅਤਰੇ ਜੱਸਾ ਸਿੰਘ ਦਰਮਿਆਨ ਤਿੱਖਾ ਮੱਤਭੇਦ ਪੈਦਾ ਹੋ ਗਿਆ। ਭੰਗੀ ਸਰਦਾਰਾਂ ਦੇ ਵੀ ਜੈ ਸਿੰਘ ਨਾਲ ਮੱਤਭੇਦ ਪੈਦਾ ਹੋ ਗਏ। ਆਪਸੀ ਈਰਖਾ ਕਾਰਨ ਸਿੱਖ ਸਰਦਾਰਾਂ ਦਰਮਿਆਨ ਲੜਾਈਆਂ ਰੋਜ਼ ਦਿਹਾੜੇ ਦਾ ਕੰਮ ਹੀ ਬਣ ਗਿਆ ਸੀ। 1776 ਵਿੱਚ ਭੰਗੀ ਮਿਸਲ ਨੇ ਕਨ੍ਹਈਆ ਮਿਸਲ ਨਾਲ ਗੱਠਜੋੜ ਕਰ ਲਿਆ ਅਤੇ ਜੱਸਾ ਸਿੰਘ ਨੂੰ ਉਸ ਦੀ ਰਾਜਧਾਨੀ ਹਰਗੋਬਿੰਦਪੁਰ ਵਿੱਚੋਂ ਖਦੇੜ ਦਿੱਤਾ। ਉਸ ਨੂੰ ਆਪਣੇ ਸਾਰੇ ਇਲਾਕੇ ਛੱਡਣ ਲਈ ਮਜਬੂਰ ਹੋਣਾ ਪਿਆ। ਉਸ ਨੇ ਸਤਲੁੱਜ ਦਰਿਆ ਪਾਰ ਕਰ ਕੇ ਪਟਿਆਲਾ ਦੇ ਹਾਕਮ ਅਮਰ ਸਿੰਘ ਕੋਲ ਪਨਾਹ ਲਈ। ਜੱਸਾ ਸਿੰਘ ਰਾਮਗੜ੍ਹੀਆ ਨੇ ਹੁਣ ਹਿਸਾਰ ਅਤੇ ਹਾਂਸੀ 'ਤੇ ਕਬਜ਼ਾ ਕਰ ਲਿਆ।

ਦਿੱਲੀ ਜਿੱਤਣਾ

ਸੋਧੋ

1783 ਵਿੱਚ ਜੱਸਾ ਸਿੰਘ ਦਿੱਲੀ ਵਿੱਚ ਜਾ ਵੜਿਆ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਸਰਾ ਬੇਬੱਸ ਸੀ। ਉਹ ਸਿੱਖਾਂ ਨਾਲ ਲੋਹਾ ਲੈਣ ਦੀ ਤਾਕਤ ਨਹੀਂ ਸੀ ਰੱਖਦਾ। ਇਸ ਲਈ ਉਸ ਨੇ ਸਿੱਖਾਂ ਦਾ ਸੁਆਗਤ ਕੀਤਾ ਅਤੇ ਕੀਮਤੀ ਤੋਹਫ਼ੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਦਿੱਤੇ। ਮਹਾਰਾਜਾ ਜੱਸਾ ਸਿੰਘ ਰਾਮਗੜੀਆ ਨੇ ਮੁਗਲ ਸਾਮਰਾਜ ਦਾ ਤਖਤ ਪੁੱਟ ਕੇ ਗੁਰੂ ਰਾਮ ਦਾਸ ਜੀ ਦੇ ਸਥਾਨ 'ਤੇ ਸ਼੍ਰੀ ਅੰਮ੍ਰਿਤਸਰ ਵਿਖੇ ਲਿਆ ਕੇ ਰੱਖ ਦਿੱਤਾ ਸੀ ।

ਬੁੰਗਾ ਰਾਮਗੜੀਆ

ਸੋਧੋ

ਸੰਨ 1755 ਵਿੱਚ ਹੀ ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪੂਰਬ ਵੱਲ ਬੁੰਗੇ ਦਾ ਨਿਰਮਾਣ ਕਰਵਾਇਆ। ਜਦੋਂ ਉਨ੍ਹਾਂ ਇਸ ਬੁੰਗੇ ਦਾ ਨਿਰਮਾਣ ਕਰਵਾਇਆ ਤਾਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਿਰਫ 3 ਜਾਂ 4 ਹੋਰ ਬੁੰਗੇ ਸਨ। ਇਸ ਬੁੰਗੇ ’ਤੇ ਸ: ਜੱਸਾ ਸਿੰਘ ਦੇ ਸਮੇਂ 2,75,000 ਰੁਪਏ ਖਰਚ ਹੋਏ। ਇਹ ਬੁੰਗਾ ਦੋ-ਮੰਜ਼ਿਲਾ ਧਰਤੀ ਦੇ ਉੱਪਰ ਅਤੇ ਤਿੰਨ-ਮੰਜ਼ਲਾ ਜ਼ਮੀਨ ਦੇ ਹੇਠਾਂ ਹੈ। ਬੁੰਗੇ ਦਾ ਮੱਥਾ 150 ਫੁੱਟ ਹੈ। ਬੁੰਗੇ ਵਿੱਚ ਵੜਦਿਆਂ ਹੀ ਸਾਹਮਣੇ ਹਾਲ ਵਿੱਚ ਲਾਲ ਕਿਲ੍ਹੇ ਦੇ ਸਤੰਭ ਅਤੇ ਇੱਕ ਇਤਿਹਾਸਕ ਸਿਲ੍ਹ ਪਈ ਹੋਈ ਹੈ, ਜਿਸ ਦਾ ਆਕਾਰ ਇਸ ਪ੍ਰਕਾਰ ਹੈ-ਲੰਬਾਈ 6 ਫੁੱਟ 3 ਇੰਚ, ਚੌੜਾਈ 4 ਫੁੱਟ 6 ਇੰਚ ਅਤੇ ਉਚਾਈ 9 ਇੰਚ ਹੈ। ਇਹ ਸਿਲ੍ਹ ਅਤੇ ਲਾਲ ਕਿਲ੍ਹੇ ਦੇ ਸ਼ਾਹੀ ਸਤੰਭ ਰਾਮਗੜ੍ਹੀਆ ਦੀ ਸਫਲਤਾ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਮੁਗਲ ਸਰਕਾਰ ਦੇ ਮੂੰਹ ’ਤੇ ਵੱਜੇ ਥੱਪੜ ਦੀ ਮੋਹਰ ਹਨ। ਦੱਸਿਆ ਜਾਂਦਾ ਹੈ ਕਿ ਉਪਰੋਕਤ ਸ਼ਾਹੀ ਸਿਲ ਉੱਪਰ ਬਿਠਾ ਕੇ ਹੀ ਸਾਰੇ ਮੁਗਲ ਸਮਰਾਟਾਂ ਦੀ ਤਖ਼ਤਪੋਸ਼ੀ ਕੀਤੀ ਜਾਂਦੀ ਸੀ।

ਦਿੱਲੀ ਦੇ ਆਸਪਾਸ ਦੇ ਮੁਸਲਮਾਨ ਨਵਾਬ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਰਨ ਵਿੱਚ ਆਏ। ਮੇਰਠ ਦੇ ਨਵਾਬ ਨੇ ਜੱਸਾ ਸਿੰਘ ਨੂੰ 10,000 ਰੁਪਏ ਨਜ਼ਰਾਨੇ ਵਿੱਚ ਦਿੱਤੇ ਜਿਸ ਦੇ ਇਵਜ਼ ਵਿੱਚ ਜੱਸਾ ਸਿੰਘ ਨੇ ਉਸ ਦੇ ਇਲਾਕੇ ਉਸ ਨੂੰ ਵਾਪਸ ਦੇ ਦਿੱਤੇ। 1783 ਵਿੱਚ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਹੋ ਗਈ। ਜੱਸਾ ਸਿੰਘ ਰਾਮਗੜ੍ਹੀਆ ਪੰਜਾਬ ਵਾਪਸ ਆ ਗਿਆ ਅਤੇ ਆਪਣੇ ਖੁਸੇ ਹੋਏ ਇਲਾਕਿਆਂ 'ਤੇ ਦੋਬਾਰਾ ਕਬਜ਼ਾ ਕਰ ਲਿਆ। ਹੁਣ ਜੱਸਾ ਸਿੰਘ ਰਾਮਗੜ੍ਹੀਆ ਨੇ ਸ਼ੁਕਰਚਕੀਆ ਮਿਸਲ ਵੱਲ ਦੋਸਤੀ ਦਾ ਹੱਥ ਵਧਾਇਆ ਤੇ ਦੋਹਾਂ ਨੇ ਮਿਲ ਕੇ ਕਨ੍ਹਈਆ ਮਿਸਲ ਦੀ ਤਾਕਤ ਦਾ ਖ਼ਾਤਮਾ ਕਰ ਦਿੱਤਾ। ਰਾਮਗੜ੍ਹੀਆ ਕੋਲ ਆਪਣੀ ਚੜ੍ਹਤ ਦੇ ਦਿਨਾ ਵਿੱਚ ਬਾਰੀ ਦੋਆਬ ਵਿੱਚ ਬਟਾਲਾ, ਕਲਾਨੌਰ, ਦੀਨਾਨਗਰ, ਸ੍ਰੀ ਹਰਗੋਬਿੰਦਪੁਰ, ਸ਼ਾਹਪੁਰ ਕੰਡੀ, ਗੁਰਦਾਸਪੁਰ, ਕਾਦੀਆਂ, ਘੁਮਾਨ, ਮੱਤੇਵਾਲ, ਅਤੇ ਜਲੰਧਰ ਵਿੱਚ ਉੜਮੁੜ ਟਾਂਡਾ, ਮਿਆਣੀ, ਗੜ੍ਹਦੀਵਾਲ ਅਤੇ ਜ਼ਹੂਰਾ ਸਨ। ਪਹਾੜੀ ਇਲਾਕਿਆਂ ਵਿੱਚ ਇਸ ਮਿਸਲ ਕੋਲ ਕਾਂਗੜਾ, ਨੂਰਪੁਰ, ਮੰਡੀ ਸਨ ਅਤੇ ਚੰਬਾ ਦਾ ਹਿੰਦੂ ਰਾਜ ਉਸ ਨੂੰ ਨਜ਼ਰਾਨਾ ਪੇਸ਼ ਕਰਦਾ ਸੀ। 80 ਸਾਲ ਦੀ ਉਮਰ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਦਾ 1803 ਵਿੱਚ ਦੇਹਾਂਤ ਹੋ ਗਿਆ।

ਜੋਧ ਸਿੰਘ ਰਾਮਗੜ੍ਹੀਆ ਮਿਸਲ ਦਾ ਵਾਰਸ ਬਣਿਆਂ। 1808 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਮਿਸਲ ਦੇ ਇਲਾਕਿਆਂ ਨੂੰ ਆਪਣੀ ਬਾਦਸ਼ਾਹਤ ਵਿੱਚ ਸ਼ਾਮਲ ਕਰ ਲਿਆ। ਉਸੇ ਸਾਲ ਹੀ ਮਹਾਰਾਜੇ ਨੇ ਰਾਮਗੜ੍ਹ ਦੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਜੱਸਾ ਸਿੰਘ ਰਾਮਗੜ੍ਹੀਆ ਦੇ ਵਾਰਸਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪੈਨਸ਼ਨਾਂ ਨਾਲ ਨਿਵਾਜਿਆ।

ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਰਾਮਗੜ੍ਹੀਆ ਮਿਸਲ ਬਹੁਤ ਤਾਕਤਵਰ ਮਿਸਲ ਸੀ।