ਸਤਿਗੁਰੂ ਰਾਮ ਸਿੰਘ

ਭਾਰਤੀ ਕਾਰਕੁਨ ਅਤੇ ਅਧਿਆਤਮਿਕ ਆਗੂ
(ਰਾਮ ਸਿੰਘ ਕੂਕਾ ਤੋਂ ਮੋੜਿਆ ਗਿਆ)

ਸ਼੍ਰੀ ਸਤਿਗੁਰੂ ਰਾਮ ਸਿੰਘ ਕੂਕਾ ਜਿਨ੍ਹਾਂ ਨੂੰ ਸਤਿਗੁਰੂ ਰਾਮ ਸਿੰਘ (3 ਫਰਵਰੀ 1816 – ?),[1][2] ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਨੂੰ  ਨਾਮਿਲਵਰਤਨ ਅਤੇ ਬਰਤਾਨੀਆ ਵਪਾਰਕ ਮਾਲ ਅਤੇ ਸੇਵਾਵਾਂ ਦੇ ਬਾਈਕਾਟ ਨੂੰ ਇੱਕ ਸਿਆਸੀ ਹਥਿਆਰ ਵਜੋਂ ਵਰਤਣ ਵਾਲੇ ਪਹਿਲੇ ਭਾਰਤੀ ਹੋਣ ਦਾ ਸਿਹਰਾ ਜਾਂਦਾ ਹੈ। [3] 2016 ਵਿਚ, ਭਾਰਤ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਦੀ 200 ਵੀਂ ਬਰਸੀ ਸਰਕਾਰੀ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ।[4][5] ਉਹ ਬਾਅਦ ਵਿੱਚ ਨਾਮਧਾਰੀ ਸਿੱਖੀ ਦਾ ਬਾਨੀ ਬਣਿਆ। 

ਸਤਿਗੁਰੂ ਰਾਮ ਸਿੰਘ
ਜਨਮ
ਰਾਮ ਸਿੰਘ

(1816-02-03)3 ਫਰਵਰੀ 1816
ਪਿੰਡ ਭੈਣੀ ਰਾਈਆਂ (ਜ਼ਿਲ੍ਹਾ ਲੁਧਿਆਣਾ)
ਮੌਤ(ਪਤਾ ਨਹੀ)
ਰਾਸ਼ਟਰੀਅਤਾਭਾਰਤ
ਪੇਸ਼ਾਸਿੱਖ ਧਰਮ ਸ਼ਾਸ਼ਤਰੀ, ਨਾਮਧਾਰੀ ਸੰਪਰਦਾਇ ਦੇ ੧੨ਵੇ ਗੁਰੂ ਅਤੇ ਵਿਦਵਾਨ
ਸਰਗਰਮੀ ਦੇ ਸਾਲ1950-2005
ਧਰਮ ਸੰਬੰਧੀ ਕੰਮ
ਲਹਿਰਕੂਕਾ ਲਹਿਰ
ਮੁੱਖ ਰੂਚੀਆਂਕਥਾ ਅਜ਼ਾਦੀ ਸੰਘਰਸ਼
ਪ੍ਰਸਿੱਧ ਵਿਚਾਰਧਾਰਮਿਕ ਪ੍ਰਚਾਰਕ

ਸਤਿਗੁਰੂ ਰਾਮ ਸਿੰਘ ਨੇ ਸੱਚ, ਸਤਿਆਗ੍ਰਹਿ ਅਤੇ ਅਹਿੰਸਾ ਦੇ ਸਿਧਾਂਤਾ ਤੇ ਪਹਿਰਾ ਦਿੱਤਾ ਅਤੇ ਇਹਨਾਂ ਸਿਧਾਂਤਾ ਨੂੰ ਅਪਨਾ ਕੇ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਇਆ। ਆਪ ਦੀ ਕਾਰਜਸ਼ੈਲੀ, ਰਹਿਣੀ-ਬਹਿਣੀ, ਬੋਲਣ ਢੰਗ, ਦਿਆਨਤਦਾਰੀ, ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਤੋਂ ਇਲਾਵਾ ਹਿੰਦੂ ਤੇ ਮੁਸਲਮਾਨਾਂ ਵਿੱਚ ਵੀ ਆਪ ਦਾ ਬਹੁਤ ਪ੍ਰਭਾਵ ਪਹੁੰਚ ਗਿਆ। ਆਮ ਲੋਕ ਆਪ ਵੱਲੋਂ ਦਰਸਾਏ ਮਾਰਗ ’ਤੇ ਚੱਲਦੇ ਹੋਏ ਗੁਰਮਤਿ ਦੇ ਧਾਰਨੀ ਹੋਣ ਲੱਗੇ। ਨਾਮ ਬਾਣੀ ਨਾਲ ਜੁੜਨ ਵਾਲੀ ਇੱਕ ਨਵੀਂ ਜਮਾਤ ਹੋਂਦ ਵਿੱਚ ਆ ਗਈ ਜਿਸ ਨੂੰ ਨਾਮਧਾਰੀਏ ਕਿਹਾ ਜਾਣ ਲੱਗ ਗਿਆ। ਬਾਬਾ ਰਾਮ ਸਿੰਘ ਦੇ ਸ਼ਰਧਾਲੂਆਂ ਤੇ ਸੇਵਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ ਤੇ ਇਹ ਲਹਿਰ ਪੰਜਾਬ ਤੋਂ ਇਲਾਵਾ ਬਾਹਰਲੇ ਰਾਜਾਂ ਵਿੱਚ ਵੀ ਫੈਲ ਗਈ।

ਮੁਢਲਾ ਜੀਵਨ

ਸੋਧੋ

ਬਾਬਾ ਰਾਮ ਸਿੰਘ ਦਾ ਜਨਮ 3 ਫਰਵਰੀ 1816 ਈ: (ਮਾਘ ਸੁਦੀ ਪੰਚਮੀ ਬਸੰਤ ਵਾਲੇ ਦਿਨ ਸੰਮਤ 1872 ਬਿਕਰਮੀ) ਵਿੱਚ ਮਾਈ ਸਦਾ ਕੌਰ ਦੀ ਕੁੱਖੋਂ ਪਿੰਡ ਭੈਣੀ ਰਾਈਆਂ (ਜ਼ਿਲ੍ਹਾ ਲੁਧਿਆਣਾ) ਵਿਖੇ ਪਿਤਾ ਬਾਬਾ ਜੱਸਾ ਸਿੰਘ ਦੇ ਘਰ ਹੋਇਆ। ਉਸ ਸਮੇਂ ਦੇ ਸਮਾਜ ਵਿੱਚ ਚਲਦੀਆਂ ਰੀਤਾਂ ਮੁਤਾਬਿਕ 7 ਕੁ ਸਾਲ ਦੀ ਛੋਟੀ ਉਮਰ ਵਿੱਚ ਹੀ 1822 ਈ: ਵਿੱਚ ਆਪ ਦੀ ਸ਼ਾਦੀ ਧਰੋੜੀ ਪਿੰਡ ਦੇ ਸ੍ਰੀ ਸਾਹਿਬ ਜੀ ਦੀ ਸਪੁੱਤਰੀ ਬੀਬੀ ਜੱਸਾ ਨਾਲ ਹੋ ਗਈ।

ਕੌਮ ਦਾ ਸਵੈ-ਮਾਨਤਾ

ਸੋਧੋ

27 ਜੂਨ 1839 ਈ: ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਅੰਗਰੇਜ਼ ਹਕੂਮਤ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਪੰਜਾਬ ਵਿੱਚ ਸਿੱਖ ਰਾਜ ਦਾ ਰਾਜਨੀਤਿਕ ਪਤਨ ਸ਼ੁਰੂ ਹੋ ਗਿਆ। ਅੰਗਰੇਜ ਅਧਿਕਾਰੀਆਂ ਇਲੀਅਟ ਅਤੇ ਸਰ ਹੈਨਰੀ ਲਾਰੇਂਸ ਵੱਲੋਂ 29 ਮਾਰਚ 1849 ਨੂੰ ਬਾਲਕ ਮਹਾਰਾਜਾ ਦਲੀਪ ਸਿੰਘ ਕੋਲੋਂ ਫਾਰਸ਼ੀ ਭਾਸ਼ਾ ਵਿੱਚ ਲਿਖੇ ਘੋਸ਼ਣਾ ਪੱਤਰ ਉਪਰ ਦਸਤਖਤ ਕਰਵਾ ਕੇ ਉਸਨੂੰ ਰਾਜਗੱਦੀ ਤੋਂ ਉਤਾਰ ਦਿੱਤਾ ਅਤੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਦੀ ਘੋਸ਼ਣਾ ਕਰ ਦਿੱਤੀ। ਇਉਂ ਜਦ ਪੂਰੇ ਭਾਰਤ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤਾਂ ਉਨ੍ਹਾਂ ਨੇ ਸਮਾਜ ਵਿੱਚ ਭੈੜੀਆਂ ਕੁਰੀਤੀਆਂ ਨੂੰ ਜਨਮ ਦੇਣਾ ਸ਼ੁਰੂ ਕੀਤਾ। ਇਹੋ ਜਿਹੇ ਸਮੇਂ ਵਿੱਚ ਬਾਬਾ ਰਾਮ ਸਿੰਘ ਨੇ ਪਹਿਲਾਂ ਮੁਬਾਰਕ ਕਦਮ ਪੁੱਟਿਆ ਤੇ ਨਾਮਧਾਰੀ ਕੂਕਾ ਲਹਿਰ ਦੇ ਚਾਲਕ ਬਣੇ। ਸੰਨ 1837 ਈ: ਵਿੱਚ ਆਪ ਮਹਾਰਾਜਾ ਰਣਜੀਤ ਸਿੰਘ ਦੀ ਕੰਵਰ ਨੌਨਿਹਾਲ ਦੀ ਰੈਜੀਮੈਂਟ ਵਿੱਚ ਭਰਤੀ ਹੋ ਗਏ ਪ੍ਰੰਤੂ ਦਸੰਬਰ 1845 ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੀਆਂ ਲੜਾਈਆਂ ਸ਼ੁਰੂ ਹੋਣ ਮੌਕੇ ਸਿੱਖ ਕੌਮ ਵਿੱਚ ਆਈ ਗਿਰਾਵਟ ਕਾਰਨ ਆਪ ਦੇ ਮਨ ਨੇ ਅਜਿਹਾ ਪਲਟਾ ਖਾਧਾ ਕਿ ਆਪ ਫੌਜ ਦੀ ਨੌਕਰੀ ਨੂੰ ਛੱਡ ਕੇ ਆਪਣੇ ਪਿੰਡ ਭੈਣੀ ਸਾਹਿਬ ਵਾਪਸ ਆ ਗਏ। ਇੱਥੇ ਆਪ ਨੇ ਲੱਗਭਗ 12 ਸਾਲ ਦੇ ਚਿੰਤਨ ਮਗਰੋਂ ਇੱਕ ਨਵੀਂ ਸੰਘਰਸ਼ ਨੀਤੀ ਘੜੀ। ਡਾਵਾਂਡੋਲ ਹੋ ਰਹੇ ਸਿੱਖ ਮਨਾਂ ਅੰਦਰ ਸਿੱਖੀ ਲਈ ਉਤਸ਼ਾਹ ਤੇ ਲਗਨ ਪੈਦਾ ਕਰਨ ਲਈ 12 ਅਪਰੈਲ 1857 ਈ: ਨੂੰ ਵਿਸਾਖੀ ਵਾਲੇ ਦਿਨ ਆਪ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜ ਸਿੱਖਾਂ ਭਾਈ ਕਾਹਨ ਸਿੰਘ ਨਿਹੰਗ ਪਿੰਡ ਚੱਕ ਕਲਾਂ ਰਿਆਸਤ ਮਾਲੇਰਕੋਟਲਾ, ਭਾਈ ਸੁਧ ਸਿੰਘ ਪਿੰਡ ਦੁਰਗਾਪੁਰ ਜ਼ਿਲ੍ਹਾ ਜਲੰਧਰ, ਭਾਈ ਲਾਭ ਸਿੰਘ ਰਾਗੀ ਅੰਮ੍ਰਿਤਸਰ, ਭਾਈ ਆਤਮਾ ਸਿੰਘ ਪਿੰਡ ਆਲਮਪੁਰ ਜ਼ਿਲ੍ਹਾ ਸਿਆਲਕੋਟ ਅਤੇ ਭਾਈ ਨੈਣਾ ਸਿੰਘ ਪਿੰਡ ਵਰਿਆਹਾਂ ਜ਼ਿਲ੍ਹਾ ਸਿਆਲਕੋਟ ਨੂੰ ਅੰਮ੍ਰਿਤ ਛਕਾਇਆ। ਆਪ ਨੇ ਬੜੀ ਦੂਰ-ਦ੍ਰਿਸ਼ਟੀ ਨਾਲ ਸੋਚਿਆ ਕਿ ਮਿੱਟੀ ਦੇ ਮਾਧੋ ਬਣ ਚੁੱਕੇ ਢਹਿੰਦੀ ਕਲਾ ਵੱਲ ਜਾ ਰਹੇ ਸਿੱਖਾਂ ਦੇ ਮਨਾਂ ਅੰਦਰ ਸਵੈ-ਮਾਨਤਾ ਤੇ ਬੀਰ-ਰਸ ਪੈਦਾ ਲਈ ‘ਭੈ ਕਾਹੂ ਕਾਉ ਦੇਤ ਨਹਿ, ਨਹਿ ਭੈ ਮਾਨਤ ਆਨਿ’ ਦੀ ਸਿੱਖਿਆ ਦੇਣ ਲਈ ਉੱਚੇ ਸੁੱਚੇ ਆਚਰਣ ਦੇ ਧਾਰਨੀ ਬਣਾਉਣ ਲਈ ਨਾਮ ਸਿਮਰਨ ਅਤੇ ਗੁਰਬਾਣੀ ਪੜ੍ਹਨਾ ਅਤਿਅੰਤ ਜ਼ਰੂਰੀ ਹੈ। ਇਸੇ ਲਈ ਆਪ ਨੇ ਪਹਿਲੀ ਵਾਰ ਲਾਹੌਰ ਤੋਂ ਪੱਥਰ ਦੇ ਛਾਪੇ ਉਤੇ ਆਦਿ ਸ੍ਰੀ ਗ੍ਰ੍ਰੰਥ ਸਾਹਿਬ ਜੀ ਦੀ ਛਪਾਈ ਕਰਵਾ ਕੇ ਪਾਵਨ ਤੇ ਪਵਿੱਤਰ ਬੀੜਾਂ ਤਿਆਰ ਕਰਵਾਈਆਂ ਤਾਂ ਕਿ ਆਮ ਲੋਕ ਗੁਰਬਾਣੀ ਪੜ੍ਹ ਸਕਣ ਅਤੇ ਗਿਆਨਵਾਨ ਹੋ ਸਕਣ।

ਅੰਗਰੇਜ਼ ਅਤੇ ਨਾਮਧਾਰੀ

ਸੋਧੋ

ਲੋਕਾਂ ਵਿੱਚ ਸਤਿਗੁਰੂ ਰਾਮ ਸਿੰਘ ਜੀ ਦੀ ਵਧਦੀ ਹੋਈ ਲੋਕਪ੍ਰਿਅਤਾ ਨੂੰ ਦੇਖ ਕੇ ਅੰਗਰੇਜ਼ ਹਕੂਮਤ ਨੂੰ ਅਨੁਭਵ ਹੋਇਆ ਕਿ ਉਨ੍ਹਾਂ ਦੀ ਚਲਾਈ ਨਾਮਧਾਰੀ ਲਹਿਰ ਸਿੱਖਾਂ ਲਈ ਧਾਰਮਿਕ ਤੇ ਸਮਾਜ ਸੁਧਾਰਕ ਲਹਿਰ ਹੀ ਨਹੀਂ ਸਗੋਂ ਇਹ ਤਾਂ ਅੰਗਰੇਜ਼ੀ ਸਾਮਰਾਜ ਨੂੰ ਖਤਮ ਕਰਨ ਲਈ ਉਨ੍ਹਾਂ ਦੀ ਸੱਤਾ ਉਤੇ ਸਿੱਧੇ ਹਮਲੇ ਦੀ ਇੱਕ ਵਿਊਂਤਬੰਦੀ ਹੈ। ਇਸੇ ਕਰਕੇ ਅੰਗਰੇਜ਼ਾਂ ਨੇ ਉਨ੍ਹਾਂ ਨੂੰ 3 ਜੁਲਾਈ 1863 ਤੋਂ 13 ਫਰਵਰੀ 1867 ਤੱਕ ਆਪਣੇ ਪਿੰਡੋਂ ਬਾਹਰ ਜਾ ਕੇ ਦੀਵਾਨ ਲਗਾਉਣ ’ਤੇ ਪਾਬੰਦੀ ਲਗਾ ਦਿੱਤੀ ਪ੍ਰੰਤੂ ਉਨ੍ਹਾਂ ਨੇ 22 ਸੂਬੇ ਥਾਪ ਦਿੱਤੇ ਜੋ ਬਹੁਤ ਸੂਝਵਾਨ ਸਨ। ਉਨ੍ਹਾਂ ਨੇ ਪਿੰੰਡ-ਪਿੰਡ ਜਾ ਕੇ ਬਾਬਾ ਰਾਮ ਸਿੰਘ ਜੀ ਦੇ ਆਦੇਸ਼ਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। 1869 ਈ: ਵਿੱਚ ਆਪ ਨੇ ਨੇਪਾਲ ਦੇ ਰਾਜੇ ਵੱਲ ਇੱਕ ਮਿੱਤਰਤਾ ਮਿਸ਼ਨ ਭੇਜ ਕੇ ਉਨ੍ਹਾਂ ਨਾਲ ਸਬੰਧ ਜੋੜਨ ਦਾ ਉਪਰਾਲਾ ਕੀਤਾ। ਬਾਬਾ ਰਾਮ ਸਿੰਘ ਦੀ ਰਹਿਨੁਮਾਈ ਹੇਠ ਨਾਮਧਾਰੀ ਸਿੱਖਾਂ ਨੇ ਸਵੈ-ਰਾਜ ਸਥਾਪਤ ਕਰ ਲਿਆ ਸੀ ਕਿਉਂਕਿ ਉਨ੍ਹਾਂ ਨੇ ਅੰਗਰੇਜ਼ਾਂ ਵੱਲੋਂ ਖੋਲ੍ਹੇ ਸਕੂਲਾਂ ਦਾ ਬਾਈਕਾਟ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਗੁਰਦੁਆਰਿਆਂ, ਮੰਦਿਰਾਂ, ਧਰਮਸ਼ਾਲਾਵਾਂ ਵਿੱਚ ਕੀਤਾ ਤਾਂ ਕਿ ਬੱਚੇ ਭਾਰਤੀ ਸੰਸਕ੍ਰਿਤੀ ਤੋਂ ਜਾਣੂ ਹੋ ਸਕਣ। ਅੰਗਰੇਜ਼ਾਂ ਦੀਆਂ ਅਦਾਲਤਾਂ ਦਾ ਬਾਈਕਾਟ ਕਰਕੇ ਆਪਣੀਆਂ ਪੰਚਾਇਤਾਂ ਦੀ ਸਥਾਪਨਾ ਕੀਤੀ। ਵੱਖ-ਵੱਖ ਇਲਾਕਿਆਂ ਵਿੱਚ ਸੂਬੇ ਨਿਯੁਕਤ ਕੀਤੇ, ਅੰਗਰੇਜ਼ੀ ਡਾਕ ਦਾ ਬਾਈਕਾਟ ਕਰਕੇ ਕੂਕਾ ਡਾਕ ਪ੍ਰਬੰਧ ਤਿਆਰ ਕੀਤਾ ਜਿਸ ਅਧੀਨ ਕਸ਼ਮੀਰ, ਕਾਬੁਲ ਅਤੇ ਨੇਪਾਲ ਤੱਕ ਆਪਣੇ ਰਾਜਦੂਤ ਭੇਜੇ ਜਾਂਦੇ ਸਨ।

ਗਊ ਹੱਤਿਆ ਰੋਕਣਾ

ਸੋਧੋ

ਅੰਗਰੇਜ਼ਾਂ ਨੇ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਵਿੱਚ ਫਿਰਕੂ-ਫਸਾਦ ਕਰਵਾ ਕੇ ਆਪਣਾ ਉੱਲੂ ਸਿੱਧਾ ਕਰਨ ਲਈ ਪੰਜਾਬ ਅੰਦਰ ਬੁੱਚੜਖਾਨੇ ਖੋਲ੍ਹੇ, ਜਿੱਥੇ ਗਊ ਹੱਤਿਆ ਹੁੰਦੀ ਸੀ। ਇਹ ਬੁੱਚੜਖਾਨੇ ਫਿਰਕੂ-ਫਸਾਦਾਂ ਦੇ ਅੱਡੇ ਬਣਨ ਲੱਗੇ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਬੁੱਚੜਖਾਨਾ ਅੰਮ੍ਰਿਤਸਰ ਵਿਖੇ ਖੋਲ੍ਹਿਆ। ਗਊਆਂ ਦੀਆਂ ਬੋਟੀਆਂ ਤੇ ਹੱਡ ਜਦ ਪੰਛੀਆਂ ਰਾਹੀਂ ਅੰਮ੍ਰਿਤਸਰ ਵਿਖੇ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੇ ਪਵਿੱਤਰ ਸਰੋਵਰ ਵਿੱਚ ਡਿੱਗਣ ਲੱਗੇ ਤਾਂ ਸਬਰ ਦੀ ਹੱਦ ਟੁੱਟ ਗਈ। ਨਾਮਧਾਰੀ ਸਿੱਖ ਬੁੱਚੜਾਂ ਨੂੰ ਨਹੀਂ, ਬੁੱਚੜਖਾਨਿਆਂ ਨੂੰ ਖਤਮ ਕਰਨਾ ਚਾਹੁੰਦੇ ਸਨ। ਸੋ ਨਾਮਧਾਰੀ ਸਿੱਖਾਂ ਨੇ 14 ਤੇ 15 ਜੂਨ 1871 ਈ: ਦੀ ਰਾਤ ਨੂੰ ਅੰਮ੍ਰਿਤਸਰ ਬੁੱਚੜਖਾਨੇ ’ਤੇ ਧਾਵਾ ਬੋਲਿਆ ਤੇ 4 ਬੁੱਚੜ ਮਾਰ ਦਿੱਤੇ ਅਤੇ 3 ਸਖਤ ਜ਼ਖਮੀ ਹੋ ਗਏ। ਇਸੇ ਤਰ੍ਹਾਂ 15 ਜੁਲਾਈ 1871 ਈ: ਨੂੰ ਰਾਇਕੋਟ ਦੇ ਬੁੱਚੜਖਾਨੇ ’ਤੇ ਹਮਲਾ ਕਰਕੇ 1 ਮਰਦ, 1 ਇਸਤਰੀ ਤੇ ਇੱਕ ਬੱਚੇ ਨੂੰ ਮਾਰ ਦਿੱਤਾ। ਅੰਮ੍ਰਿਤਸਰ ਵਾਲੇ ਬੁੱਚੜ ਮਾਰਨ ਬਦਲੇ 4 ਨਾਮਧਾਰੀ ਸਿੰਘਾਂ – ਬੀਹਲਾ ਸਿੰਘ, ਹਾਕਮ ਸਿੰਘ ਪਟਵਾਰੀ, ਲਹਿਣਾ ਸਿੰਘ ਤੇ ਫਤਿਹ ਸਿਘ ਭਾਟੜਾ ਨੂੰ 15 ਦਸੰਬਰ 1871 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਅਤੇ 3 ਸਿੰਘਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ, ਜਿਹੜੇ ਜੇਲ੍ਹਾਂ ਵਿੱਚ ਹੀ ਸ਼ਹੀਦੀਆਂ ਪਾ ਗਏ। ਇਸੇ ਤਰ੍ਹਾਂ ਰਾਇਕੋਟ ਵਾਲੇ ਕੇਸ ਵਿੱਚ ਸੰਤ ਮਸਤਾਨ ਸਿੰਘ, ਸੰਤ ਗੁਰਮੁਖ ਸਿੰਘ ਤੇ ਸੰਤ ਮੰਗਲ ਸਿੰਘ ਨੂੰ 5 ਅਗਸਤ 1871 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ।

ਮਲੇਰਕੋਟਲਾ ਸਾਕਾ

ਸੋਧੋ

ਇਨ੍ਹਾਂ ਘਟਨਾਵਾਂ ਤੋਂ ਬਾਅਦ ਅੰਗਰੇਜ਼ ਪੂਰੀ ਤਰ੍ਹਾਂ ਚੌਕਸ ਹੋ ਗਏ। ਨਾਮਧਾਰੀ ਸਿੱਖਾਂ ਨੇ ਵੀ ਬੁੱਚੜਖਾਨੇ ਬੰਦ ਕਰਵਾਉਣ ਦਾ ਅਹਿਦ ਕਰ ਲਿਆ। 1872 ਈ: ਨੂੰ ਮਾਘੀ ਮੌਕੇ ਬਾਬਾ ਰਾਮ ਸਿੰਘ ਨੇ ਭੈਣੀ ਸਾਹਿਬ ਵਿੱਚ ਨਾਮਧਾਰੀਆਂ ਦਾ ਬਹੁਤ ਵੱਡਾ ਇਕੱਠ ਕੀਤਾ। ਇਹ ਨਾਮਧਾਰੀਆਂ ਦਾ ਆਖਰੀ ਇਕੱਠ ਕਿਹਾ ਜਾ ਸਕਦਾ ਹੈ। ਜੋਸ਼ ਵਿੱਚ ਆਏ ਨਾਮਧਾਰੀ ਸਿੱਖਾਂ ਨੇ ਮਾਲੇਰਕੋਟਲੇ ਦੇ ਬੁੱਚੜਾਂ ਨੂੰ ਮਾਰਨ ਦਾ ਐਲਾਨ ਕਰ ਦਿੱਤਾ। ਲੱਗਭਗ 125 ਨਾਮਧਾਰੀਆਂ ਦੇ ਜਥੇ ਨੇ ਮਾਲੇਰਕੋਟਲੇ ਦੇ ਬੁੱਚੜਖਾਨੇ ਉਤੇ ਧਾਵਾ ਬੋਲ ਦਿੱਤਾ। ਇਸ ਜਥੇ ਦੀ ਅਗਵਾਈ ਸ. ਹੀਰਾ ਸਿੰਘ ਕਰ ਰਿਹਾ ਸੀ। ਦੋਨੋਂ ਤਰਫ ਜਾਨੀ ਨੁਕਸਾਨ ਹੋਇਆ, 7 ਨਾਮਧਾਰੀ ਸ਼ਹੀਦ ਹੋ ਗਏ। ਬਹੁਤ ਸਾਰੇ ਬੁਰੀ ਤਰ੍ਹਾਂ ਫੱਟੜ ਹੋ ਗਏ। ਇਸੇ ਦਿਨ ਸ਼ਾਮ ਨੂੰ ਇਹ ਜਥਾ ਲੜਾਈ ਉਪਰੰਤ ਪਿੰਡ ਰੜ ਪੁੱਜ ਗਿਆ ਜੋ ਥਾਣਾ ਸ਼ੇਰਪੁਰ ਅਧੀਨ ਸੀ। ਹੀਰਾ ਸਿੰਘ ਨੇ ਜਥੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੰਘੋ ਸਾਡਾ ਮਤਲਬ ਹੱਲ ਹੋ ਗਿਆ ਹੈ ਅਸੀਂ ਜ਼ਾਲਮ ਅੰਗਰੇਜ਼ ਹਕੂਮਤ ਨੂੰ ਦੱਸਣਾ ਚਾਹੁੰਦੇ ਸੀ ਕਿ ਹੁਣ ਭਾਰਤ ਵਾਸੀ ਜਾਗ ਪਏ ਹਨ, ਉਹ ਵਿਦੇਸ਼ੀ ਰਾਜ ਨਹੀਂ ਚਾਹੁੰਦੇ ਤੇ ਨਾ ਹੀ ਆਪਣੇ ਧਰਮ ’ਤੇ ਆਪਣੀ ਸੰਸਕ੍ਰਿਤੀ ਵਿੱਚ ਕਿਸੇ ਦੀ ਦਖਲਅੰਦਾਜ਼ੀ ਪਸੰਦ ਕਰਦੇ ਹਨ। ਇਸ ਤੋਂ ਬਾਅਦ ਸਾਰੇ ਜਥੇ ਨੇ ਸ਼ੇਰਪੁਰ ਥਾਣੇ ਜਾ ਕੇ ਆਤਮ-ਸਮਰਪਨ ਕਰ ਦਿੱਤਾ। ਉਸ ਸਮੇਂ ਰਿਆਸਤ ਮਾਲੇਰਕੋਟਲਾ ਦਾ ਪ੍ਰਬੰਧਕ ਅੰਗਰੇਜ਼ ਹਾਕਮ, ਡਿਪਟੀ ਕਮਿਸ਼ਨਰ ਲੁਧਿਆਣਾ, ਮਿਸਟਰ ਕਾਵਨ ਸੀ। ਉਸ ਨੇ ਨਾਭਾ, ਜੀਂਦ ਤੇ ਪਟਿਆਲਾ ਰਿਆਸਤਾਂ ਤੋਂ ਨੌਂ ਤੋਪਾਂ ਮਗਵਾ ਕੇ ਬਿਨਾਂ ਕੋਈ ਕਾਨੂੰਨੀ ਕਾਰਵਾਈ ਕੀਤੇ 17 ਫਰਵਰੀ 1872 ਈ: ਸ਼ਾਮ ਨੂੰ ਮਾਲੇਰਕੋਟਲਾ ਦੇ ਖੂਨੀ ਰੱਕੜ ਵਿਖੇ 49 ਨਾਮਧਾਰੀ ਸਿੱਖਾਂ ਨੂੰ ਤੋਪਾਂ ਅੱਗੇ ਖੜ੍ਹਾ ਕੇ ਤੂੰਬਾ-ਤੂੰਬਾ ਉਡਾ ਕੇ ਸ਼ਹੀਦ ਕਰ ਦਿੱਤਾ। ਅਗਲੀ ਸਵੇਰ 18 ਜਨਵਰੀ 1872 ਨੂੰ ਅੰਬਾਲੇ ਦਾ ਕਮਿਸ਼ਨਰ ਫੋਰਸਾਈਬ ਨੇ ਮਾਲੇਰਕੋਟਲੇ ਪਹੁੰਚ ਕੇ ਕਾਨੂੰਨੀ ਖਾਨਾਪੂਰਤੀ ਕਰਕੇ ਬਾਕੀ ਬਚੇ 17 ਨਾਮਧਾਰੀ ਸਿੰਘਾਂ ਨੂੰ ਵੀ ਤੋਪਾਂ ਨਾਲ ਉਡਾ ਦਿੱਤਾ। ਸੰਸਾਰ ਵਿੱਚ ਅਜਿਹੀ ਕਿਧਰੇ ਵੀ ਮਿਸਾਲ ਨਹੀਂ ਮਿਲਦੀ, ਜਦੋਂ ਆਪਣੇ ਦੇਸ਼ ਤੇ ਕੌਮ ਲਈ 66 ਨਾਮਧਾਰੀ ਸਿੰਘਾਂ ਨੇ ਕੁਰਬਾਨੀ ਦਿੱਤੀ ਹੋਵੇ।

ਸਮਾਜਿਕ ਬੁਰਾਈਆਂ

ਸੋਧੋ

ਨਾਮਧਾਰੀ ਸਮਾਜ ਵੱਲੋਂ ਬਾਲ ਵਿਆਹ, ਸਤੀ ਪ੍ਰਥਾ ਅਤੇ ਮਾਦਾ ਭਰੁਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਰੰਭੀਆਂ ਗਈਆਂ ਲਹਿਰਾਂ ਕਾਬਲੇ ਤਰੀਫ਼ ਹਨ। ਆਪ ਨੇ ਭਰੂਣ ਹੱਤਿਆ ਵਿਰੁੱਧ ਆਵਾਜ਼ ਉਠਾਈ। ਆਪ ਨੇ ਬਿਨਾਂ ਬਾਰਾਤ, ਬਿਨਾਂ ਦਾਜ-ਦਹੇਜ ਦੇ ਕੇਵਲ ਸਵਾ ਰੁਪਏ ਵਿੱਚ ਵਿਆਹ ਕਰਨ ਦੀ ਨਰੋਈ ਰੀਤੀ ਦਾ ਆਰੰਭ ਵੀ ਕੀਤਾ ਜਿਸ ਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਗਿਆ। ਇਤਿਹਾਸ ਵਿੱਚ ਪਹਿਲੀ ਵਾਰ 3 ਜੂਨ 1863 ਈ: ਨੂੰ ਪਿੰਡ ਖੋਟੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਬਾਬਾ ਰਾਮ ਸਿੰਘ ਨੇ ਸ੍ਰੀ ਆਦਿ ਗ੍ਰੰਥ ਵਿੱਚੋਂ ਲਾਵਾਂ ਪੜ੍ਹ ਕੇ ਛੇ ਆਨੰਦ ਕਾਰਜ ਕਰਕੇ ਗੁਰਮਤਿ ਆਨੰਦ ਮਰਿਯਾਦਾ ਸ਼ੁਰੂ ਕੀਤੀ।

ਕੂਕਿਆਂ ਦੀਆਂ ਬੁੱਚੜ ਮਾਰਨ ਅਤੇ ਮਲੇਰਕੋਟਲਾ ਵਿੱਚ ਅਸਲਾ ਲੁੱਟਣ ਵਰਗੀਆਂ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਨਾਲ ਸਤਿਗੁਰੂ ਜੀ ਦਾ ਕੋਈ ਸਬੰਧ ਨਹੀਂ ਸੀ ਪਰ ਕਿਉਂਕਿ ਇਹ ਹਰਕਤਾਂ ਕਰਨ ਵਾਲੇ ਉਸ ਦੇ ਚੇਲੇ ਸਨ ਇਸ ਕਰ ਕੇ ਅੱਗੇ ਹੋਰ ਐਕਸ਼ਨ ਰੋਕਣ ਵਾਸਤੇ ਅੰਗਰੇਜ਼ਾਂ ਨੇ ਸਤਿਗੁਰੂ ਨੂੰ ਵੀ 17 ਜਨਵਰੀ, 1872 ਦੇ ਦਿਨ ਭੈਣੀ ਤੋਂ ਗਿ੍ਫ਼ਤਾਰ ਕਰ ਲਿਆ ਗਿਆ

ਵਿਸ਼ੇਸ਼

ਸੋਧੋ

ਨਾਮਧਾਰੀ ਸੰਪ੍ਰਦਾਇ ਦੇ ਇਹਨਾਂ ਮਹਾਨ ਸ਼ਹੀਦਾਂ ਅੱਗੇ ਸਿਰ ਝੁਕਾਉਦੇ ਹੋਏ ਪੰਜਾਬ ਸਰਕਾਰ ਵੱਲੋਂ ਕੂਕਾ ਅੰਦੋਲਨ ਦੀ 150ਵੀਂ ਵਰ੍ਹੇਗੰਢ ਬੜੇ ਉਤਸ਼ਾਹ ਅਤੇ ਜੋਨਾਲ ਮਨਾਈ ਗਈ ਅਤੇ ਸੂਬੇ ਵਿੱਚ ਰਾਜ ਪੱਧਰੀ ਆਯੋਜਿਤ ਕਰਕੇ ਨਾਮਧਾਰੀ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਭਾਰਤ ਸਰਕਾਰ ਵੱਲੋਂ ਕੂਕਾ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿੱਚ ਸਤਿਗੁਰੂ ਰਾਮ ਸਿੰਘ ਦੀ ਤਸਵੀਰ ਵਾਲਾ 100 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਪੰਜ਼ ਰੁਪਏ ਦਾ ਕਰੰਸੀ ਸਿੱਕਾ ਜ਼ਾਰੀ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਸਤਿਗੁਰੂ ਰਾਮ ਸਿੰਘ ਚੇਅਰ ਬਹਾਲ ਕੀਤੀ ਗਈ। ਨਾਮਧਾਰੀ ਸ਼ਹੀਦ ਸਿੰਘਾਂ ਵੱਲੋਂ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਤੋਂ ਸੇਧ ਅਤੇ ਕੁਰਬਾਨੀ ਦਾ ਜ਼ਜਬਾ ਲੈ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜਂ ਸਤਿਗੁਰੂ ਰਾਮ ਸਿੰਘ ਜੀ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।

ਹਵਾਲੇ

ਸੋਧੋ
  1. "Students' Britannica India". Popular Prakashan. 1 January 2000. Retrieved 25 August 2016.
  2. "Ram Singh Kuka Biography, History and Facts". www.mapsofindia.com. Retrieved 2017-08-21.
  3. "Ram Singh | Indian philosopher". Encyclopedia Britannica (in ਅੰਗਰੇਜ਼ੀ). Retrieved 2017-08-21.
  4. Press Information Bureau, Government of India issued on 16th December 2016
  5. "Kamu Bilgi". Kamu Bilgi (in ਤੁਰਕੀ). Archived from the original on 2017-08-21. Retrieved 2017-08-21. {{cite web}}: Unknown parameter |dead-url= ignored (|url-status= suggested) (help)