ਡਾ. ਹਰੀ ਸਿੰਘ ਜਾਚਕ
ਹਰੀ ਸਿੰਘ ‘ਜਾਚਕ’ ਨੂੰ ਸਿੱਖ ਇਤਿਹਾਸ ਦੀ ਭਰਪੂਰ ਵਾਕਫ਼ੀਅਤ ਅਤੇ ਗੁਰਮਤਿ ਸਿਧਾਂਤਾਂ ਦੀ ਪਕੇਰੀ ਸੂਝ ਹੈ, ਇਸੇ ਕਰਕੇ ਇਸ ਦੀ ਹਰ ਕਵਿਤਾ ਗੁਰਮਤਿ ਨਾਲ ਓਤ-ਪੋਤ ਹੁੰਦੀ ਹੈ। ਗੁਰਸਿੱਖੀ ਅਤੇ ਗੁਰਮਤਿ ‘ਜਾਚਕ’ ਨੂੰ ਵਿਰਸੇ ਵਿੱਚ ਮਿਲੀ ਹੈ। ਬਚਪਨ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀਂ ਲੱਗ ਕੇ ਗੁਰਬਾਣੀ ਦਾ ਪਾਠ ਅਤੇ ਅਧਿਐਨ ਕਰਨ ਸਦਕਾ ਇਸ ਦੀ ਕਵਿਤਾ ਵਿੱਚੋਂ ਗੁਰਬਾਣੀ ਰਹੱਸ ਝਲਕਾਂ ਮਾਰਦਾ ਹੈ। ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਚੰਗੀ ਤਰ੍ਹਾਂ ਵਾਚ ਕੇ ਉਸ ਵਿੱਚੋਂ ਪ੍ਰਚੱਲਤ ਸਾਖੀਆਂ ਦੇ ਸਿਧਾਂਤ ਨੂੰ ਕਵਿਤਾ ਵਿੱਚ ਸਹਿਜੇ ਹੀ ਢਾਲ ਲੈਣਾ ‘ਜਾਚਕ’ ਦੀ ਖ਼ੂਬੀ ਹੈ। ਸਿੱਖ ਵਿਰਸੇ ਅਤੇ ਸਿੱਖੀ ਸਿਧਾਂਤਾਂ ਨਾਲ ਸਬੰਧਤ ਕੋਈ ਅਜਿਹਾ ਵਿਸ਼ਾ ਨਹੀਂ ਜੋ ਇਸ ਨੇ ਨਾ ਛੋਹਿਆ ਹੋਵੇ। ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਹੋਰ ਚਮਕਾ ਕੇ ਅਤੇ ਰੁਸ਼ਨਾ ਕੇ ‘ਜਾਚਕ’ ਨੇ ਆਪਣੀ ਕਾਵਿਕ ਸ਼ੈਲੀ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਹੈ। ‘ਜਾਚਕ’ ਨੇ ਆਪਣੀਆਂ ਕਵਿਤਾਵਾਂ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਫ਼ਲਸਫ਼ਾ, ਸਿੱਖੀ ਸਿਦਕ ਨਿਭਾਉਂਦੇ ਹੋਏ ਸ਼ਹੀਦਾਂ ਦੀਆਂ ਦਿਲ ਟੁੰਬਵੀਆਂ ਝਾਕੀਆਂ, ਗੁਰੂ ਪਿਆਰਿਆਂ ਅਤੇ ਗੁਰੂ-ਦੁਲਾਰਿਆਂ ਦੇ ਦਰਦਨਾਕ ਸ਼ਹੀਦੀ ਸਾਕਿਆਂ ਨੂੰ ਬੜੀ ਸ਼ਿੱਦਤ ਅਤੇ ਬੜੀ ਖ਼ੁਬਸੂਰਤੀ ਨਾਲ ਚਿਤਰਿਆ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ ਗੁਰੂ ਜੋਤਾਂ ਦੇ ਜੀਵਨ ਇਤਿਹਾਸ ਵਿੱਚੋਂ ਕੁਝ ਖਾਸ-ਖਾਸ ਪੰਨਿਆਂ ਨੂੰ ਆਪਣੀਆਂ ਕਵਿਤਾਵਾਂ ਵਿੱਚ ਪ੍ਰਕਾਸ਼ਮਾਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਗੁਰਬਾਣੀ ਦੀ ਫ਼ਿਲਾਸਫ਼ੀ ਨੂੰ ਵੀ ਆਪਣੀਆਂ ਕਵਿਤਾਵਾਂ ਦਾ ਆਧਾਰ ਬਣਾਇਆ ਹੈ।
ਫਿਰੋਜ਼ਪੁਰ ਜ਼ਿਲ੍ਹੇ ਵਿਚ ਫਿਰੋਜ਼ਪੁਰ-ਜ਼ੀਰਾ ਰੋਡ ’ਤੇ ਪਿੰਡ ਕੁਲਗੜੀ ਤੋਂ ਪਿੰਡ ਫ਼ੇਰੂਸ਼ਾਹ ਨੂੰ ਜਾ ਰਹੀ ਸੜਕ ਤੇ ਪਿੰਡ ਸੋਢੀ ਨਗਰ (ਜਿਸ ਦਾ ਪਹਿਲਾ ਨਾਂ ਸੁਲਤਾਨ ਖ਼ਾਂ ਸੀ) ਹੈ। ਇਹ ਪਿੰਡ ਮੇਰੀ ਜਨਮ ਭੂਮੀ ਹੈ। ਇੱਥੇ ਹੀ ਮੇਰਾ ਜਨਮ 16.4.1959 ਈਸਵੀ ਨੂੰ ਹੋਇਆ। 8 ਵਰ੍ਹੇ ਦੀ ਉਮਰ ਵਿਚ ਹੀ ਪਿਤਾ ਸ੍ਰ: ਮਹਿਤਾਬ ਸਿੰਘ ਜੀ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨੀਂ ਲਗਾ ਦਿੱਤਾ ਜਿਸ ਨਾਲ ਗੁਰਮਤਿ ਨੂੰ ਜਾਨਣ ਤੇ ਸਮਝਣ ਦੀ ਚੇਟਕ ਲੱਗ ਗਈ। ਅਜੇ ਮੈਂ 11 ਕੁ ਸਾਲ ਦਾ ਹੀ ਸਾਂ ਜਦੋਂ ਪਿਤਾ ਜੀ ਮਹੀਨਾ ਕੁ ਬਿਮਾਰ ਰਹਿਣ ਤੋਂ ਬਾਅਦ ਲੁਧਿਆਣਾ ਵਿਖੇ ਅਕਾਲ ਚਲਾਣਾ ਕਰ ਗਏ ਪ੍ਰੰਤੂ ਸਤਿਕਾਰਯੋਗ ਮਾਤਾ ਰਾਮ ਕੌਰ ਜੀ, ਵੱਡੇ ਵੀਰ ਸ੍ਰ. ਇੰਦਰ ਸਿੰਘ, ਭਰਜਾਈ ਪ੍ਰੇਮ ਕੌਰ, ਭੈਣ ਚਰਨਜੀਤ ਕੌਰ, ਵੀਰ ਇਕਬਾਲ ਸਿੰਘ ਅਤੇ ਭਰਜਾਈ ਕੁਲਵੰਤ ਕੌਰਦੇ ਨਿੱਘੇ ਪਿਆਰ ਤੇ ਥਾਪੜੇ ਨੇ ਉਨ੍ਹਾਂ ਦੇ ਵਿਛੋੜੇ ਦੇ ਅਸਹਿ ਦੁੱਖ ਨੂੰ ਕਦੇ ਵੀ ਮਹਿਸੂਸ ਨਾ ਹੋਣ ਦਿੱਤਾ। ਬਚਪਨ ਪਿੰਡ ਦੀਆਂ ਗਲੀਆਂ ’ਚ ਗੁਜ਼ਾਰਦਿਆਂ, ਵੱਟੇ ਮਾਰ ਮਾਰ ਕੇ ਬੇਰੀਆਂ ਤੋਂ ਪੱਕੇ ਬੇਰ ਡੇਗਦਿਆਂ, ਬਾਲਪਣ ਦੇ ਦੋਸਤਾਂ ਨਾਲ ਖੇਡਾਂ ਖੇਡਦਿਆਂ ਖੇਡਦਿਆਂ ਹੀ ਜ਼ਿੰਦਗੀ ਦੇ ਲੰਮੇ ਪੈਂਡੇ ਵਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ। ਪੜ੍ਹਾਈ ਦੇ ਨਾਲ ਨਾਲ ਅਖੰਡ ਪਾਠ ਸਾਹਿਬ ਅਤੇ ਸਹਿਜ ਪਾਠ ਸਾਹਿਬ ਵੀ ਕਰਨੇ ਸ਼ੁਰੂ ਕਰ ਦਿੱਤੇ।
ਬਾਲ ਉਮਰ ਤੋਂ ਹੀ ਮੈਂ ਪਿੰਡ ਦੇ ਸਰਕਾਰੀ ਸਕੂਲ ਵਿਚ ਹਰ ਸ਼ਨਿਚਰਵਾਰ ਨੂੰ ਬਾਲ ਸਭਾ ਵਿਚ ਹੋਰਨਾਂ ਬੱਚਿਆਂ ਨਾਲ ਬੜੇ ਜੋਸ਼ ਨਾਲ ਕਵਿਤਾਵਾਂ ਸੁਣਾਉਣ ਲੱਗ ਪਿਆ ਅਤੇ ਅਧਿਆਪਕ ਸਾਹਿਬਾਨ ਵਲੋਂ ਸ਼ਾਬਾਸ਼ ਮਿਲਣ ਅਤੇ ਕਵਿਤਾ ਉਚਾਰਣ ਮੁਕਾਬਲਿਆਂ ਵਿਚ ਇਨਾਮ ਸਨਮਾਨ ਪ੍ਰਾਪਤ ਹੋਣ ਨਾਲ ਸਟੇਜੀ ਹੌਂਸਲੇ ਬੁਲੰਦ ਹੋਣ ਲੱਗੇ। ਇਸੇ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ ਪਹਿਲੇ ਨੰਬਰ ’ਤੇ ਰਹਿ ਕੇ ਪਾਸ ਕੀਤੀ। ਉਪਰੰਤ ਗਰੈਜੂਏਸ਼ਨ ਲਈ ਆਰ.ਐਸ.ਡੀ. ਕਾਲਜ, ਫਿਰੋਜ਼ਪੁਰ ਵਿਖੇ ਦਾਖ਼ਲਾ ਲੈ ਲਿਆ। ਦਸਵੀਂ ਵਿਚ ਆਏ ਚੰਗੇ ਨੰਬਰਾਂ ਦੇ ਆਧਾਰ ’ਤੇ ਵਜੀਫ਼ਾ ਲੱਗ ਗਿਆ। ਕਾਲਜ ਵਿਚ ਪੜ੍ਹਦੇ ਸਮੇਂ 1977 ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨੌਜਵਾਨ ਵੀਰਾਂ ਨਾਲ ਸੰਪਰਕ ਹੋਇਆ, ਜਿਸ ਨਾਲ ਜ਼ਿੰਦਗੀ ਨੇ ਇਕ ਇਤਿਹਾਸਕ ਤੇ ਸੁਨਹਿਰੀ ਮੋੜ ਕਟਿਆ। ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਵਿਖੇ ਪਹਿਲਾ ਗੁਰਮਤਿ ਟ੍ਰੇਨਿੰਗ ਕੈਂਪ ਮਿਤੀ 30.09.1977 ਤੋਂ 03.10.1977 ਤੱਕ ਸੰਪੰਨ ਹੋਇਆ। ਉਥੇ ਹੋਏ ਕਵਿਤਾ ਉਚਾਰਣ ਮੁਕਾਬਲੇ ਵਿਚ ਹਿੱਸਾ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੈਂਪ ਦੇ ਅਖੀਰਲੇ ਦਿਨ ਕਵਿਤਾ ਮੁਕਾਬਲੇ, ਭਾਸ਼ਣ ਮੁਕਾਬਲੇ ਆਦਿ ਵਿਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਕੈਂਪਰਜ਼ ਨੂੰ ਜਥੇਬੰਦੀ ਵੱਲੋਂ ਸ੍ਰ. ਰਣਧੀਰ ਸਿੰਘ ਚੀਮਾ ਪੀ.ਡਬਲਿਉੂ.ਡੀ. ਮੰਤਰੀ ਪੰਜਾਬ ਦੇ ਕਰ ਕਮਲਾਂ ਰਾਹੀਂ ਸਨਮਾਨਿਤ ਕਰਵਾਇਆ ਗਿਆ।
15 ਕੁ ਦਿਨ ਬਾਅਦ ਮੇਰੇ ਘਰ ਦੇ ਐਡਰੈਸ ’ਤੇ ਇਕਵੰਜਾ ਰੁਪਏ ਦਾ ਚੈਕ ਆਇਆ। ਇਹ ਚੈਕ ਸ੍ਰ. ਗੁਰਮੀਤ ਸਿੰਘ ਫਾਊਂਡਰ ਪ੍ਰਧਾਨ ਵੱਲੋਂ ਕੀਤੇ ਹੋਏ ਐਲਾਨ ਅਨੁਸਾਰ ਮੁਕਾਬਲਿਆਂ ਵਿਚੋਂ ਅੱਵਲ ਦਰਜ਼ੇ ’ਤੇ ਆਏ ਕੈਂਪਰਜ਼ ਦਾ ਮਨੋਬਲ ਵਧਾਉਣ ਲਈ ਭੇਜੇ ਗਏ ਸਨ। ਅਸਲੀਅਤ ਇਹ ਹੀ ਹੈ ਕਿ ਇਹ ਮਾਣ ਸਨਮਾਨ, ਇਨਾਮ ਮੇਰੇ ਕਾਵਿਕ ਜ਼ਿੰਦਗੀ ਦੇ ਖੇਤਰ ਵਿਚ ਮੀਲ ਪੱਥਰ ਸਾਬਤ ਹੋਇਆ ਅਤੇ ਇਸੇ ਉਤਸ਼ਾਹ ਵਿਚ ਮੈਂ ਇਸ ਕਾਵਿ ਪੰਧ ’ਤੇ ਭਵਿੱਖਤ ਸਫ਼ਰ ਕਰਨ ਲਈ ਆਪਣਾ ਮਨ ਬਣਾ ਲਿਆ।
ਉਸ ਤੋਂ ਬਾਅਦ ਪੜ੍ਹਾਈ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੇਰੀ ਜ਼ਿੰਦਗੀ ਦਾ ਇਕ ਅਹਿਮ ਹਿਸਾ ਬਣ ਗਿਆ। ਇਸ ਤੋਂ ਬਾਅਦ ਸਮੇਂ ਸਮੇਂ ’ਤੇ ਜਥੇਬੰਦੀ ਵਲੋਂ ਲਗਾਈਆਂ ਸੇਵਾਵਾਂ ਨੂੰ ਵੀ ਬਾਖ਼ੂਬੀ ਨਿਭਾਹਿਆ। ਜਥੇਬੰਦੀ ਵਲੋਂ ਕਰਵਾਏ ਜਾ ਰਹੇ ਹਰ ਤਰ੍ਹਾਂ ਦੇ ਸਮਾਗਮਾਂ ਵਿਚ ਮੈਨੂੰ ਕਵਿਤਾਵਾਂ ਸੁਣਾਉਣ ਲਈ ਖੁਲ੍ਹਾ ਸਮਾਂ ਦਿੱਤਾ ਜਾਣ ਲੱਗਾ ਅਤੇ ਜਦੋਂ ਸਾਰੇ ਕੈਂਪਰਜ਼ ਕਵਿਤਾਵਾਂ ਸੁਣਦੇ ਅਤੇ ਜੈਕਾਰਿਆਂ ਦੀ ਗੂੰਜਾਰ ਪਾਉਂਦੇ ਤਾਂ ਮੇਰਾ ਮਨੋਬਲ ਹੋਰ ਵੱਧਦਾ ਰਿਹਾ ਅਤੇ ਆਪ (ਖ਼ੁਦ) ਕਵਿਤਾਵਾਂ ਲਿਖਣ ਦਾ ਵੀ ਸ਼ੌਕ ਜਾਗਿਆ। ਕਾਲਜ ਵਿਚ ਪੜ੍ਹਦਿਆਂ ਹੀ ਯੂਥ ਸਰਵਿਸ ਕਲੱਬ ਦੇ ਪ੍ਰਧਾਨ ਅਤੇ ਕਾਲਜ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦੇ ਐਡੀਟਰ ਵਜੋਂ ਸੇਵਾ ਕਰਨ ਦਾ ਅਵਸਰ ਪ੍ਰਾਪਤ ਹੋਇਆ। ਇਨ੍ਹਾਂ ਦਿਨਾਂ ਵਿਚ ਹੀ ਪੰਜਾਬ ਯੂਨੀਵਰਸਿਟੀ ਵਲੋਂ ਡਲਹੌਜ਼ੀ ਅਤੇ ਦਾਰਜੀਲਿੰਗ ਵਿਖੇ ਲਗਾਏ ਗਏੇ ਯੂਥ ਲੀਡਰਸ਼ਿਪ ਟਰੇਨਿੰਗ ਕੈਂਪਾਂ ਵਿਚ ਸ਼ਾਮਲ ਹੋਇਆ। ਕਾਲਜਾਂ ਵਿਚ ਹੋ ਰਹੇ ਯੂਥ ਫ਼ੈਸਟੀਵਲਜ਼ ਵਿਚ ਕਵਿਤਾ ਉਚਾਰਣ ਅਤੇ ਡੈਕਲੇਮੇਸ਼ਨ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਮਾਣ ਸਨਮਾਨ ਅਤੇ ਇਨਾਮ ਪ੍ਰਾਪਤ ਕੀਤੇ।
ਆਰ.ਐਸ.ਡੀ. ਕਾਲਜ, ਫਿਰੋਜ਼ਪੁਰ ਤੋਂ ਗਰੇਜ਼ੂਏਸ਼ਨ ਕਰਨ ਉਪਰੰਤ, ਐਮ.ਏ. (ਅੰਗਰੇਜ਼ੀ) ਕਰਨ ਲਈ ਸਰਕਾਰੀ ਕਾਲਜ, ਲੁਧਿਆਣਾ ਵਿਖੇ ਦਾਖ਼ਲਾ ਲੈ ਲਿਆ ਅਤੇ ਨਾਲ ਦੀ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕਾਲਜ ਯੂਨਿਟ ਦੇ ਪ੍ਰਧਾਨ ਵਜੋਂ ਸੇਵਾ ਸੰਭਾਲੀ। ਐਮ.ਏ. (ਅੰਗਰੇਜ਼ੀ) ਕਾਲਜ ਦੇ ਆਪਣੇ ਸੈਕਸ਼ਨ ਵਿਚੋਂ ਦੂਸਰੇ ਸਥਾਨ ’ਤੇ ਰਹਿ ਕੇ ਪਾਸ ਕੀਤੀ।
ਹੁਣ ਸਮਾਂ ਆ ਗਿਆ ਸੀ ਕੈਰੀਅਰ ਬਣਾਉਣ ਦਾ। ਇਸ ਲਈ ਕਿਤੇ ਨਾ ਕਿਤੇ ਲੈਕਚਰਾਰ ਲੱਗਣ ਲਈ ਕਾਫ਼ੀ ਭੱਜ ਨੱਠ ਕੀਤੀ ਪਰ ਕਿਤੇ ਗੱਲ ਨਾ ਬਣੀ। ਜਦ ਤੱਕ ਵਿਹਲਾ ਸੀ ਕਚਹਿਰੀ ਵਿਚ ਵੱਡੇ ਭਾਈ ਸਾਹਿਬ ਸ੍ਰ. ਕੁਲਵੰਤ ਸਿੰਘ ਐਡਵੋਕੇਟ ਪਾਸ ਬੈਠ ਕੇ ਟਾਈਪਿਸਟ ਵਜੋਂ ਕੰਮ ਕਰਨ ਲੱਗਾ। ਸ੍ਰ. ਗੁਰਮੀਤ ਸਿੰਘ ਅਤੇ ਸ੍ਰ. ਜਤਿੰਦਰਪਾਲ ਸਿੰਘ (ਫਾਊਂਡਰਜ਼ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਜੀ ਦੇ ਸੁਹਿਰਦ ਉਪਰਾਲਿਆਂ ਸਦਕਾ ਗੁਰੂ ਨਾਨਕ ਖਾਲਸਾ ਹਾਈ ਸਕੂਲ (ਗੁਜਰਖਾਨ) ਮਾਡਲ ਟਾਊਨ ਲੁਧਿਆਣਾ ਵਿਖੇ 1981 ਵਿਚ ਕਲਰਕ ਦੀ ਨੌਕਰੀ ਪ੍ਰਾਪਤ ਹੋਈ ਅਤੇ ਕਰੀਬ ਦੋ ਸਾਲ ਇਥੇ ਹੀ ਸਰਵਿਸ ਕੀਤੀ।
29 ਜਨਵਰੀ, 1983 ਨੂੰ ਸ੍ਰ. ਜਸਵੰਤ ਸਿੰਘ ਦੀ ਸਪੁੱਤਰੀ (ਹੁਣ ਗੁਰਪਰਵਾਸੀ) ਦਲਬੀਰ ਕੌਰ ਨਾਲ ਬੜੀ ਧੂਮਧਾਮ ਨਾਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਵਿਖੇ ਸ਼ਾਦੀ ਹੋ ਗਈ। ਸਹੁਰਾ ਪਰਿਵਾਰ ਵਲੋਂ ਬਹੁਤ ਪਿਆਰ ਸਤਿਕਾਰ ਮਿਲਿਆ। ਅਗਸਤ 1983 ਵਿਚ ਮਹਾਂ ਲੇਖਾਕਾਰ, ਪੰਜਾਬ, ਚੰਡੀਗੜ੍ਹ ਵਿਖੇ ਕਲਰਕ ਦੀ ਨੌਕਰੀ ਮਿਲ ਗਈ। ਮੋਹਾਲੀ ਵਿਖੇ ਪਹੁੰਚ ਕੇ ਮਕਾਨ ਨੰਬਰ ਐਚ ਈ 170 ਫ਼ੇਜ਼ ਇਕ ਵਿਖੇ ਰਹਿਣਾ ਸ਼ੁਰੂ ਕਰ ਦਿੱਤਾ।
ਇੱਥੇ ਹੀ ਵੱਡੇ ਸਪੁੱਤਰ ਪਰਮਦੀਪ ਸਿੰਘ ‘ਦੀਪ’ (ਹੁਣ ਗੁਰਪੁਰਵਾਸੀ) ਦਾ ਜਨਮ ਮਿਤੀ 17 ਅਕਤੂਬਰ, 1984 ਨੂੰ ਹੋਇਆ ਅਤੇ ਇਨ੍ਹਾਂ ਹੀ ਦਿਨਾਂ ਵਿਚ ਮੇਰੀ ਨੌਕਰੀ 27.09.1984 ਨੂੰ ਰੱਖਿਆ ਲੇਖਾ ਨਿਯੰਤਰਕ (ਪੱਛਮੀ ਕਮਾਨ) ਚੰਡੀਗੜ੍ਹ ਵਿਖੇ ਆਡੀਟਰ ਦੇ ਤੌਰ ’ਤੇ ਲੱਗ ਗਈ। ਮੋਹਾਲੀ ਵਿਖੇ ਰਹਿੰਦਿਆਂ ਹੀ ਦੂਸਰੇ ਸਪੁੱਤਰ ਭੁਪਿੰਦਰ ਸਿੰਘ ‘ਜਖ਼ਮੀ’ ਦਾ ਜਨਮ ਮਿਤੀ 13.12.1986 ਨੂੰ ਹੋਇਆ ਜੋ ਇਲੈਕਟ੍ਰੀਕਲ ਇੰਜਨੀਅਰਿੰਗ ਦਾ ਡਿਪਲੋਮਾ ਕਰਨ ਉਪਰੰਤ ਲੁਧਿਆਣਾ ਵਿਖੇ ਸਰਵਿਸ ਕਰ ਰਿਹਾ ਹੈ। ਅੰਮ੍ਰਿਤਧਾਰੀ ਗੁਰਸਿੱਖ ਹੋਣਹਾਰ ਬੇਟਾ ਹੈ।