ਅਕਸਰ ਕੰਪਿਊਟਰ ਸੰਬੰਧੀ ਪੁੱਛੇ ਜਾਣ ਵਾਲੇ ਸਵਾਲ

ਸੋਧੋ

1. ਫੌਂਟ, ਟਾਈਪ-ਫੇਸ ਅਤੇ ਫੌਂਟ ਫੈਮਲੀ ਕੀ ਹੁੰਦੀ ਹੈ?

ਸੋਧੋ
                  ਵੱਖ-ਵੱਖ ਭਾਸ਼ਾਵਾਂ ਦੇ ਵੱਖ-ਵੱਖ ਅੱਖਰਾਂ ਨੂੰ ਦਿਖਾਉਣ ਅਤੇ ਪ੍ਰਿੰਟ ਕਰਨ ਦੇ ਵਿਸ਼ੇਸ਼ ਰੂਪ ਨੂੰ ਫੌਂਟ ਕਿਹਾ ਜਾਂਦਾ ਹੈ। ਅਸਲ ਵਿਚ ਫੌਂਟ ਵੱਖ-ਵੱਖ ਅੱਖਰਾਂ, ਅੰਕਾਂ ਅਤੇ ਸੰਕੇਤਾਂ ਦਾ ਸਮੂਹ ਹੁੰਦਾ ਹੈ। ਵੱਖ-ਵੱਖ ਭਾਸ਼ਾਵਾਂ ਦੀਆਂ ਲਿਪੀਆਂ ਦੇ ਵੱਖ-ਵੱਖ ਫੌਂਟ ਹੁੰਦੇ ਹਨ। ਪੰਜਾਬੀ ਗੁਰਮੁਖੀ ਲਈ ਗੁਰਮੁਖੀ20, ਸਤਲੁਜ, ਜੁਆਏ, ਅਸੀਸ, ਅੰਮ੍ਰਿਤ-ਲਿਪੀ, ਅੱਖਰ, ਅਨਮੋਲ ਲਿਪੀ ਆਦਿ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਫੌਂਟਾਂ ਦੀਆਂ ਅੱਗੇ ਵੱਖ-ਵੱਖ ਸ਼ੈਲੀਆਂ (ਸਟਾਈਲ), ਆਕਾਰ, ਰੰਗ ਅਤੇ ਸਟਰੌਕ ਵਜ਼ਨ ਹੁੰਦੇ ਹਨ। ਫੌਂਟਾਂ ਦੇ ਵੱਖ-ਵੱਖ ਨਮੂਨਿਆਂ (ਡਿਜ਼ਾਈਨ) ਨੂੰ ਟਾਈਪ-ਫੇਸ ਕਿਹਾ ਜਾਂਦਾ ਹੈ। ਇੱਕ ਹੀ ਨਾਮ ਹੇਠ ਤਿਆਰ ਕੀਤੇ ਵੱਖ-ਵੱਖ ਟਾਈਪ-ਫੇਸਾਂ ਨੂੰ ਫੌਂਟ ਪਰਿਵਾਰ ਜਾਂ ਫੌਂਟ ਫੈਮਲੀ ਕਿਹਾ ਜਾਂਦਾ ਹੈ। ਮਿਸਾਲ ਵਜੋਂ ਫੌਂਟ ਪਰਿਵਾਰ ਗੁਰਮੁਖੀ ਦੇ ਗੁਰਮੁਖੀ ਥਿੰਨ, ਗੁਰਮੁਖੀ ਵਾਈਡ, ਗੁਰਮੁਖੀ ਬੋਲਡ ਆਦਿ ਅਲੱਗ-ਅਲੱਗ ਟਾਈਪ ਫੇਸ ਹਨ। 

2. ਮਸ਼ੀਨ ਫੌਂਟ ਕੀ ਹੁੰਦੇ ਹਨ?

ਸੋਧੋ
                 ਦੁਨੀਆ ਵਿਚ ਸਭ ਤੋਂ ਪਹਿਲਾਂ ਸਾਲ 1811 ਵਿਚ ਗੁਰਮੁਖੀ ਲਈ ਮਸ਼ੀਨ ਫੌਂਟਾਂ ਦੀ ਵਰਤੋਂ ਪੱਛਮੀ ਬੰਗਾਲ ਦੀ ਸ੍ਰੀ ਰਾਮਪੁਰ ਮਿਸ਼ਨਰੀ ਪ੍ਰੈੱਸ ਵਿਚ ਬਾਈਬਲ ਦੇ ਗੁਰਮੁਖੀ ਅਨੁਵਾਦ ਨੂੰ ਵਿਚ ਛਾਪਣ ਲਈ ਕੀਤੀ ਗਈ। ਇੱਥੇ ਹੀ ਸਭ ਤੋਂ ਪਹਿਲਾਂ 1812 ਵਿਚ ਪੰਜਾਬੀ ਗੁਰਮੁਖੀ ਲਈ ਸਭ ਤੋਂ ਪਹਿਲੀ ਵਿਆਕਰਨ ਦੀ ਪੁਸਤਕ ਨੂੰ ਛਾਪਿਆ ਗਿਆ। ਸਾਲ 1900 ਵਿਚ ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਅੰਮ੍ਰਿਤਸਰ ਵਿਖੇ ਆਪਣੀ ਗੁਰਦਰਸ਼ਨ ਪ੍ਰੀਟਿੰਗ ਪ੍ਰੈੱਸ ਵਿਚ ਗੁਰਮੁਖੀ ਮਸ਼ੀਨ ਫੌਂਟਾਂ ਦੀ ਵਰਤੋਂ ਕਰ ਕੇ ਛਪਾਈ ਸ਼ੁਰੂ ਕੀਤੀ। ਇਹੀ ਕਾਰਨ ਹੈ ਕਿ ਧਨੀ ਰਾਮ ਚਾਤ੍ਰਿਕ ਨੂੰ ਪੰਜਾਬੀ ਛਾਪੇਖ਼ਾਨੇ ਦਾ ਪਿਤਾਮਾ ਕਿਹਾ ਜਾਂਦਾ ਹੈ। 

3. ਪੰਜਾਬੀ (ਗੁਰਮੁਖੀ) ਲਈ ਕੁੱਲ ਕਿੰਨੇ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ?

ਸੋਧੋ
                 ਇੱਕ ਸਰਵੇਖਣ ਮੁਤਾਬਿਕ ਗੁਰਮੁਖੀ ਲਈ 500 ਦੇ ਕਰੀਬ ਆਸਕੀ (ਰਵਾਇਤੀ) ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਇਹ ਫੌਂਟ 100 ਫੌਂਟ ਪਰਿਵਾਰਾਂ ਨਾਲ ਸਬੰਧਿਤ ਹਨ। ਸਰਵੇਖਣ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਾਡੇ ਦੇਸ਼ ਦੇ ਲੋਕ ਪੰਜਾਬੀ ਰਮਿੰਗਟਨ ਆਧਾਰਿਤ ਫੌਂਟਾਂ ਦਾ ਇਸਤੇਮਾਲ ਕਰਦੇ ਹਨ ਪਰ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਫੌਨੈਟਿਕ (ਧਨਾਤਮਿਕ) ਆਧਾਰਿਤ ਫੌਂਟਾਂ ਦੀ ਵਰਤੋਂ ਕਰਦੇ ਹਨ। 

4. ਕੰਪਿਊਟਰ ਵਿਚ ਫੌਂਟ ਕਿਵੇਂ ਡਾਊਨਲੋਡ ਕਰੀਏ?

ਸੋਧੋ
                 ਫੌਂਟ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਸਬੰਧਿਤ ਵੈੱਬਸਾਈਟਾਂ ਨੂੰ ਖੋਲ੍ਹ ਲਵੋ। ਫੌਂਟ ਨਾਲ ਸਬੰਧ ਰੱਖਣ ਵਾਲੇ ਲਿੰਕ/ਪੰਨੇ 'ਤੇ ਜਾਹ ਕੇ ਫੌਂਟ ਚਿੰਨ੍ਹ/ਫੌਂਟ ਨਾਮ 'ਤੇ ਕਲਿੱਕ ਕਰੋ। ਇੱਕ ਵਾਰਤਾਲਾਪ ਬਕਸਾ (ਡਾਇਲਾਗ ਬਾਕਸ) ਤੁਹਾਨੂੰ ਫੌਂਟ ਸੇਵ ਕਰਨ ਬਾਰੇ ਪੁੱਛੇਗਾ। ਇੱਥੋਂ ਲੋੜੀਂਦੀ ਆਪਸ਼ਨ 'ਤੇ ਕਲਿੱਕ ਕਰੋ। ਡਾਊਨਲੋਡ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਆਮ ਤੌਰ 'ਤੇ 'ਮਾਈ ਡਾਕੂਮੈਂਟ' ਵਿਚ 'ਡਾਊਨਲੋਡਜ਼' ਨਾਮਕ ਫੋਲਡਰ ਵਿਚ ਸਟੋਰ ਹੁੰਦੀਆਂ ਹਨ। ਵੈਸੇ ਤੁਸੀਂ ਡਾਊਨਲੋਡ ਕਰਦੇ ਸਮੇਂ ਆਪਣੀ ਮਰਜ਼ੀ ਦੀ ਜਗ੍ਹਾ 'ਤੇ ਵੀ ਰੱਖ ਸਕਦੇ ਹੋ। ਕਈ ਵਾਰ ਕੁੱਝ ਇਕੱਠੇ ਫੌਂਟ ਕੰਪਰੈਸਡ ਜਾਂ ਜ਼ਿੱਪਡ ਫੋਲਡਰ ਦੇ ਰੂਪ ਵਿਚ ਡਾਊਨਲੋਡ ਹੋ ਜਾਂਦੇ ਹਨ। ਫੌਂਟਾਂ ਦੇ ਸਮੂਹ ਨੂੰ ਕੰਪਰੈਸ ਕਰ ਕੇ ਇੰਟਰਨੈੱਟ 'ਤੇ ਚੜ੍ਹਾਇਆ ਜਾਂਦਾ ਹੈ ਤਾਂ ਜੋ ਇਹ ਘੱਟ ਤੋਂ ਘੱਟ ਥਾਂ ਘੇਰਨ ਅਤੇ ਜਲਦੀ ਡਾਊਨਲੋਡ ਹੋ ਜਾਣ। ਸੋ ਡਾਊਨਲੋਡ ਕਰਨ ਉਪਰੰਤ ਅਜਿਹੇ ਫੋਲਡਰ ਨੂੰ ਇੱਕ ਆਮ ਫੋਲਡਰ ਦੇ ਰੂਪ ਵਿਚ ਲਿਆਉਣਾ ਜ਼ਰੂਰੀ ਹੋ ਜਾਂਦਾ ਹੈ। ਇਸ ਕੰਮ ਨੂੰ ਅਨਜ਼ਿੱਪ ਕਰਨਾ ਜਾਂ ਐਕਸਟ੍ਰੈਕਟ ਕਰਨਾ ਕਿਹਾ ਜਾਂਦਾ ਹੈ। ਇਸ ਕੰਮ ਲਈ ਕੰਪਰੈਸਡ ਫੋਲਡਰ ਉੱਤੇ ਰਾਈਟ ਕਲਿੱਕ ਕਰ ਕੇ 'ਐਕਸਟ੍ਰੈਕਟ ਆਲ' ਕਮਾਂਡ ਦੀ ਵਰਤੋਂ (ਲੋੜੀਂਦੀਆਂ ਆਪਸ਼ਨਾਂ ਦਾ ਪਾਲਨ ਕਰ ਕੇ) ਕੀਤੀ ਜਾ ਸਕਦੀ ਹੈ। 

5. ਫੌਂਟਾਂ ਨੂੰ ਇੰਸਟਾਲ ਕਿਵੇਂ ਕਰੀਏ?

ਸੋਧੋ
                 ਫੌਂਟ ਇੰਸਟਾਲ ਕਰਨ ਲਈ ਸਭ ਤੋਂ ਪਹਿਲਾਂ ਉਸ ਫੋਲਡਰ ਵਿਚ ਜਾਓ ਜਿੱਥੇ ਤੁਹਾਡੀ ਪਸੰਦ ਦੇ ਪੰਜਾਬੀ ਫੌਂਟ ਪਏ ਹਨ। ਹੁਣ ਇਹਨਾਂ ਨੂੰ ਕਾਪੀ ਕਰ ਲਓ। ਅਗਲੀ ਗੱਲ ਆਉਂਦੀ ਹੈ ਕਿ ਕਾਪੀ ਕੀਤੇ ਫੌਂਟਾਂ ਨੂੰ ਪੇਸਟ ਕਿੱਥੇ ਕਰਨਾ ਹੈ। ਇਸ ਮੰਤਵ ਲਈ ਤੁਹਾਨੂੰ ਕੰਟਰੋਲ ਪੈਨਲ ਦੇ ਫੌਂਟ ਨਾਮ ਦੇ ਫੋਲਡਰ ਨੂੰ ਖੋਲ੍ਹਣ ਦੀ ਲੋੜ ਪਵੇਗੀ ਜਿਸ ਨੂੰ ਖੋਲ੍ਹਣ ਦਾ ਕ੍ਰਮਵਾਰ ਰਸਤਾ ਸਟਾਰਟ ਬਟਨ > ਕੰਟਰੋਲ ਪੈਨਲ > ਫੌਂਟਸ ਹੈ। 'ਫੌਂਟਸ' ਫੋਲਡਰ ਨੂੰ ਖੋਲ੍ਹ ਕੇ ਪੇਸਟ ਕਮਾਂਡ ਲੈ ਲਵੋ। ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਫੌਂਟ ਇੰਸਟਾਲ ਹੋ ਜਾਣਗੇ। ਹੁਣ ਤੁਸੀਂ ਐਮ. ਐਸ. ਵਰਡ ਜਾਂ ਕਿਸੇ ਹੋਰ ਵਰਡ ਪ੍ਰੋਸੈੱਸਰ ਵਿਚ ਇਹਨਾਂ ਨੂੰ ਵਰਤ ਕੇ ਟਾਈਪ ਦਾ ਕੰਮ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਵਿੰਡੋਜ਼ ਵਿਸਟਾ ਹੈ ਤਾਂ ਕੰਟਰੋਲ ਪੈਨਲ ਨੂੰ ਖੋਲ੍ਹਣ ਦੀ ਜ਼ਰੂਰਤ ਨਹੀਂ। ਤੁਸੀਂ ਲੋੜੀਂਦੇ ਫੌਂਟ ਉੱਤੇ ਰਾਈਟ ਕਲਿੱਕ ਕਰੋ ਤੇ ਇੰਸਟਾਲ ਆਪਸ਼ਨ ਲਓ। ਫੌਂਟ ਇੰਸਟਾਲ ਹੋ ਜਾਵੇਗਾ। 
 

6. ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਵਿਚ ਫੌਂਟ ਕਾਪੀ ਕਰਨ ਦਾ ਕੀ ਤਰੀਕਾ ਹੈ?

ਸੋਧੋ
                 ਜੇਕਰ ਤੁਹਾਡੇ ਕੰਪਿਊਟਰ ਉੱਤੇ ਇੰਟਰਨੈੱਟ ਦੀ ਸੁਵਿਧਾ ਨਹੀਂ ਹੈ ਤਾਂ ਤੁਸੀਂ ਕਿਸੇ ਹੋਰ ਕੰਪਿਊਟਰ ਤੋਂ ਵੀ ਫੌਂਟ ਪ੍ਰਾਪਤ ਕਰ ਸਕਦੇ ਹੋ। ਸਭ ਤੋਂ ਪਹਿਲਾਂ ਉੱਪਰ ਦੱਸੇ ਤਰੀਕੇ ਅਨੁਸਾਰ ਕੰਟਰੋਲ ਪੈਨਲ ਦੇ ਫੌਂਟਸ ਨਾਂ ਦੇ ਫੋਲਡਰ ਨੂੰ ਖੋਲ੍ਹ ਲਓ। ਹੁਣ ਆਪਣੀ ਪਸੰਦ ਦੇ ਫੌਂਟਾਂ ਦਾ ਚੁਣਾਓ ਕਰ ਕੇ ਕਾਪੀ ਕਰ ਲਓ।.....ਤੇ ਫਿਰ ਆਪਣੀ ਪੈੱਨ ਡਰਾਈਵ  ਜਾਂ ਕਿਸੇ ਹੋਰ ਸਟੋਰੇਜ ਮਾਧਿਅਮ ਵਿਚ ਪੇਸਟ ਕਰ ਲਓ। ਇਸ ਤਰੀਕੇ ਨਾਲ ਜੇਕਰ ਫੌਂਟ ਪੇਸਟ ਨਾ ਹੋ ਰਹੇ ਹੋਣ ਤਾਂ ਇੱਕ-ਇੱਕ ਫੌਂਟ ਨੂੰ ਸਰਕਾ (ਡਰੈਗ ਕਰ) ਕੇ ਸਬੰਧਿਤ ਫੋਲਡਰ ਵਿਚ ਸੁੱਟ ਦਿਓ। ਇਸ ਪ੍ਰਕਾਰ ਕਾਪੀ ਕੀਤੇ ਫੌਂਟਾਂ ਨੂੰ ਤੁਸੀਂ ਆਪਣੇ ਕੰਪਿਊਟਰ 'ਤੇ ਚੜ੍ਹਾ ਸਕਦੇ ਹੋ।