ਜੀ ਆਇਆਂ ਨੂੰ Gurjant Takipur ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 11:42, 19 ਅਕਤੂਬਰ 2016 (UTC)Reply

ਪਿਆਰ ਸੋਧੋ

ਜ਼ਿੰਦਗੀ ਵਿੱਚ ਉਹਨਾ ਚੀਜਾਂ ਨੂੰ ਪਿਆਰ ਕਰੋ ਜੋ ਬਿਨ੍ਹਾ ਪੈਸੇ ਤੋਂ ਮਿਲਦੀਆਂ ਨੇ।

             Gurjant Takipur (ਗੱਲ-ਬਾਤ) 09:27, 5 ਨਵੰਬਰ 2016 (UTC)Reply

ਗੀਤ, ਗ਼ਜ਼ਲ ਤੇ ਕਵਿਤਾ ਵਿੱਚ ਫ਼ਰਕ ਸੋਧੋ

ਗੀਤ, ਗ਼ਜ਼ਲ ਤੇ ਕਵਿਤਾ ਵਿੱਚ ਫ਼ਰਕ ਕੀ ਹੈ?

ਕਈ ਸੁਹਿਰਦ ਸਾਹਿਤ-ਸਿਖਿਆਰਥੀ ਪੁੱਛਦੇ ਨੇ ਕਿ ਗੀਤ, ਗ਼ਜ਼ਲ ਤੇ ਕਵਿਤਾ ਵਿੱਚ ਫ਼ਰਕ ਕੀ ਹੈ? ਜੇ ਸੁਹਿਰਦਤਾ ਨਾਲ ਪੁੱਛਿਆ ਗਿਆ ਹੋਵੇ ਤਾਂ ਇਹ ਬੜਾ ਅਹਿਮ ਸਵਾਲ ਹੈ ਤੇ ਇਸ ਦਾ ਬੜਾ ਸਾਦਾ ਤੇ ਸਪਸ਼ਟ ਉੱਤਰ ਮਿਲਨਾ ਹੀ ਚਾਹੀਦਾ ਹੈ। ਇਸ ਲੇਖ ਵਿੱਚ ਮੈਂ ਇਹੋ ਹੀ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਗੀਤ, ਗ਼ਜ਼ਲ ਅਤੇ ਕਵਿਤਾ ਕੀ ਹੁੰਦੇ ਹਨ?

ਇੱਕ ਸਪਸ਼ਟ ਅਤੇ ਨਿਸ਼ਚਿਤ ਲੈਅ ਵਿੱਚ ਲਿਖੀ ਲਿਖਤ ਨੂੰ ਆਪਾਂ ਨਜ਼ਮ ਜਾਂ ਕਵਿਤਾ ਕਹਿੰਦੇ ਹਾਂ। ਅਸਲ ਵਿੱਚ ਜਿਸ ਲੈਅ-ਯੁਕਤ ਲਿਖਤ ਨੂੰ ਹਿੰਦੀ ਭਾਸ਼ਾ ਵਿੱਚ ‘ਕਵਿਤਾ’ ਕਿਹਾ ਜਾਂਦਾ ਹੈ, ਉਸੇ ਨੂੰ ਹੀ ਉਰਦੂ ਭਾਸ਼ਾ ਵਾਲੇ ‘ਨਜ਼ਮ’ ਕਹਿੰਦੇ ਹਨ। ਫਰਕ ਕੇਵਲ ਭਾਸ਼ਾ ਦਾ ਹੈ, ਗੁਣਵੱਤਾ ਦਾ ਨਹੀਂ। ਜਿਵੇਂ ਹਿੰਦੀ ਵਾਲੀ ‘ਗੇਹੂੰ’ ਹੀ ਉਰਦੂ ਵਿੱਚ ‘ਗੰਦਮ’ ਹੋ ਜਾਂਦੀ ਹੈ ਤੇ ਇਹ ਦੋਵੇਂ ਨਾਮ ‘ਕਣਕ’ ਦੇ ਹੀ ਹਨ। ਪੰਜਾਬੀ ਵਿੱਚ ‘ਕਵਿਤਾ’ ਅਤੇ ‘ਨਜ਼ਮ’ ਦੋਵੇਂ ਨਾਮ ਇੱਕੋ ਜਿੰਨੇ ਹੀ ਪ੍ਰਚਚਿੱਲਤ ਹਨ। ਅੱਗੇ ਕਵਿਤਾ (ਨਜ਼ਮ) ਦੇ ਵਿਆਪਕ ਦਰਖ਼ਤ ਦੀਆਂ ਕਈ ਸ਼ਾਖਾਂ ਨਿਕਲ ਆਉਂਦੀਆਂ ਹਨ, ਜਿਨ੍ਹਾਂ ਵਿ¤ਚੋਂ ਕੁਝ ਪ੍ਰਮੁੱਖ ਹਨ- ਗੀਤ, ਗ਼ਜ਼ਲ, ਕਵਿਤਾ ਅਤੇ ਵਾਰ। ਇਹਨਾਂ ਵਿੱਚ ‘ਕਵਿਤਾ’ ਇੱਕ ਵੱਖਰੀ ਵੰਨਗੀ ਦੇ ਤੌਰ ’ਤੇ ਫਿਰ ਸ਼ਾਮਿਲ ਰਹਿੰਦੀ ਹੈ।

ਕਵਿਤਾ ‘ਕਵਿਤਾ’ ਨੂੰ ਰੂਪਕ ਪੱਖੋਂ ਪ੍ਰੀਭਾਸ਼ਿਤ ਕਰਨਾ ਹੋਵੇ ਤਾਂ ਇਉਂ ਕਿਹਾ ਜਾ ਸਕਦਾ ਹੈ ਕਿ ਜੋ ਰਚਨਾ ਸਾਰੀ ਦੀ ਸਾਰੀ ਇੱਕ ਨਿਸ਼ਚਿਤ ਬਹਿਰ ਜਾਂ ਛੰਦ ਵਿੱਚ ਲਿਖੀ ਹੋਈ ਅਤੇ ਲੈਅ-ਬੱਧ ਹੋਵੇ ਉਸ ਨੂੰ ‘ਕਵਿਤਾ’ ਕਿਹਾ ਜਾਂਦਾ ਹੈ। ਕਵਿਤਾ ਜਿਸ ਛੰਦ ਅਥਵਾ ਬਹਿਰ ਵਿੱਚ ਸ਼ੁਰੂ ਕੀਤੀ ਜਾਂਦੀ ਹੈ ਆਮ ਤੌਰ ’ਤੇ ਸਾਰੀ ਦੀ ਸਾਰੀ ਉਸੇ ਬਹਿਰ ਜਾਂ ਛੰਦ ਵਿੱਚ ਪੂਰੀ ਕੀਤੀ ਜਾਂਦੀ ਹੈ। ਇਹ ਹਿੰਦੋਸਤਾਨੀ ‘ਪਿੰਗਲ’ ਦੇ ਕਿਸੇ ਛੰਦ ਵਿੱਚ ਵੀ ਹੋ ਸਕਦੀ ਹੈ ਤੇ ‘ਅਰਬੀ ਉਰੂਜ਼’ ਦੀ ਕਿਸੇ ਬਹਿਰ ਵਿੱਚ ਵੀ, ਮਤਲਬ ਤਾਂ ਇੱਕ ਨਪੀ-ਤੁਲੀ ਲੈਅ ਨਿਭਾਉਣ ਤੋਂ ਹੈ। ਭਾਵੇਂ ਕਿ ਕਵਿਤਾ ਵਿੱਚ ‘ਕਾਫ਼ੀਆ’ ਅਤੇ ‘ਰਦੀਫ਼’ (ਤੁਕਾਂਤ) ਨਿਭਾਉਣੇ ਜ਼ਰੂਰੀ ਨਹੀਂ, ਕਿਉਂਕਿ ਇਹ ਕਵਿਤਾ ਨੂੰ ਹੋਰ ਸੁੰਦਰ ਬਨਾਉਣ ਵਾਸਤੇ ਵਰਤੇ ਜਾਣ ਵਾਲੇ ਗਹਿਣੇ (ਆਕਾਰ) ਹੀ ਹਨ, ਕਵਿਤਾ ਦੇ ਜਿਸਮ ਦੇ ਜ਼ਰੂਰੀ ਅੰਗ ਨਹੀਂ, ਪਰ ਫਿਰ ਵੀ ਜੇ ਅਸੀਂ ਕਾਫ਼ੀਆ-ਰਦੀਫ਼ ਨਿਸ਼ਚਿਤ ਕਰਕੇ ਕਵਿਤਾ ਲਿਖਦੇ ਹਾਂ ਤਾਂ ਆਮ ਤੌਰ ’ਤੇ ਇਹ ਕਾਫ਼ੀਏ (ਤੁਕਾਂਤ) ਦੋ-ਦੋ ਤੁਕਾਂ (ਲਾਈਨਾਂ) ਦੇ ਵੀ ਮਿਲਦੇ ਰੱਖ ਸਕਦੇ ਹਾਂ, ਚਾਰ-ਚਾਰ ਤੁਕਾਂ ਦੇ ਵੀ ਤੇ ਇਸ ਤੋਂ ਵੱਧ ਤੁਕਾਂ ਦੇ ਵੀ ਕਾਫ਼ੀਏ ਮਿਲਾਏ ਜਾ ਸਕਦੇ ਹਨ, ਪਰ ਕਾਫ਼ੀਏ ਦੇ ਨਿਭਾਅ ਵਾਲੀਆਂ ਤੁਕਾਂ ਦੀ ਗਿਣਤੀ ਇੱਕ ਵਾਰ ਨਿਸ਼ਚਿਤ ਕਰ ਲਏ ਜਾਣ ਮਗਰੋਂ ਜੇ ਉਸ ਗਿਣਤੀ ਨੂੰ ਸਾਰੀ ਕਵਿਤਾ ਦੌਰਾਨ ਉਸੇ ਤਰਾਂ ਨਿਭਾ ਲਿਆ ਜਾਵੇ ਤਾਂ ਬਹੁਤ ਖ਼ਰੀ ਗੱਲ ਹੈ। ਕਈ ਕਵਿਤਾਵਾਂ ਵਿੱਚ ਕਦੀ ਦੋ-ਦੋ ਤੁਕਾਂ ਦੇ ਤੁਕਾਂਤ, ਕਦੀ ਚਾਰ-ਚਾਰ ਤੁਕਾਂ ਦੇ ਤੁਕਾਂਤ ਅਤੇ ਕਦੀ ਇਸ ਤੋਂ ਵੱਧ ਤੁਕਾਂ ਦੇ ਤੁਕਾਂਤ ਵੀ ਮਿਲਾਏ ਮਿਲਦੇ ਹਨ। ਇਹ ਭਾਵੇਂ ਕੋਈ ਬਹੁਤ ਵੱਡਾ ਦੋਸ਼ ਤਾਂ ਨਹੀਂ ਪਰ ਇਹ ਬੇਤਰਤੀਬੀ ਕਵਿਤਾ ਦੀ ਕੰਟੀਨਿਊਟੀ ਵਿੱਚ ਰੁਕਾਵਟ ਜ਼ਰੂਰ ਪਾਉਂਦੀ ਹੈ। ਇਸ ਤੋਂ ਬਚਣਾ ਹੀ ਭਲਾ ਹੈ। ਵਿਸ਼ੇ ਪੱਖੋਂ ਇੱਕ ਕਵਿਤਾ ਵਿੱਚ ਇੱਕ ਹੀ ਵਿਸ਼ਾ ਨਿਭਾਇਆ ਜਾਂਦਾ ਹੈ। ਸਾਰੀ ਕਵਿਤਾ ਵਿੱਚ ਉਸੇ ਹੀ ਵਿਸ਼ੇ ਨੂੰ ਵਿਸਥਾਰ ਸਹਿਤ ਬਿਆਨ ਕੀਤਾ ਜਾਂਦਾ ਹੈ। ਉਸ ਵਿਸ਼ੇ ਦੀਆਂ ਪਰਤਾਂ ਅਲੱਗ-ਅਲੱਗ ਅਤੇ ਬਹੁ-ਗਿਣਤੀ ਵਿੱਚ ਖੁੱਲਦੀਆਂ ਹੋ ਸਕਦੀਆਂ ਹਨ, ਪਰ ਮੁੱਖ ਵਿਸ਼ਾ ਇੱਕ ਹੀ ਰਹਿਣਾ ਚਾਹੀਦਾ ਹੈ। ਕਲਾਤਮਿਕ ਤੌਰ ’ਤੇ ਇੱਕ ਕਵਿਤਾ ਪਾਠਕ ਦੀ ਸੋਚ-ਪੱਧਰ ਤੋਂ ਸਹਿਜ-ਸੁਭਾਅ ਹੀ ਸ਼ੁਰੂ ਹੁੰਦੀ ਹੈ। ਫਿਰ ਉਹ ਚੱਲਦੀ ਚੱਲਦੀ ਅਤੇ ਪਾਠਕ ਨੂੰ ਆਪਣੇ ਨਾਲ ਨਾਲ ਤੋਰਦੀ ਹੋਈ ਆਪਣੀ ਮੰਜ਼ਿਲ ਦੀ ਬੁਲੰਦੀ ਵੱਲ ਚੜ੍ਹਦੀ ਜਾਂਦੀ ਹੈ। ਕਲਾਈਮੈਕਸ (ਸਿਖ਼ਰ) ’ਤੇ ਪਹੁੰਚ ਕੇ ਪਾਠਕ ਨੂੰ ਕੁਝ ਸੋਚਣ ਵਾਸਤੇ ਆਜ਼ਾਦ ਛੱਡ ਕੇ ਇੱਕ ਦਮ ਵੀ ਖ਼ਤਮ ਹੋ ਸਕਦੀ ਹੈ ਤੇ ਅੰਤ ਵਿੱਚ ਪੂਰੀ ਕਵਿਤਾ ਦਾ ਸਿੱਟਾ ਜਾਂ ਸਬਕ ਵੀ ਦਰਸਾਇਆ ਜਾ ਸਕਦਾ ਹੈ। ਇਹ ਮਰਜ਼ੀ ਸ਼ਾਇਰ ਦੀ ਆਪਣੀ ਹੁੰਦੀ ਹੈ ਕਿ ਉਸ ਨੇ ਕਵਿਤਾ ਨੂੰ ਕਿਸ ਤਰ੍ਹਾਂ ਸਮਾਪਤ ਕਰਨਾ ਹੈ।

ਉਦਾਹਣ ਵਜੋਂ ਉਸਤਾਦ ਜਨਾਬ ਦੀਪਕ ਜੈਤੋਈ ਸਾਹਿਬ ਦੀ ਇੱਕ ਨਜ਼ਮ ਪੇਸ਼ ਹੈ-

ਬਰਖਾ ਬਹਾਰ ਆਇਆ ਸੌਣ ਜਵਾਨ ਹੋ ਗਈ ਕੁਦਰਤ, ਇਹ ਜ਼ਮੀਨ ਏਦਾਂ ਸਬਜ਼-ਜ਼ਾਰ ਹੋਈ। ਜਿੰਦਾਂ ਕੰਤ ਪਰਦੇਸੀ ਦੇ ਘਰੇ ਆਇਆਂ, ਲਾਵੇ ਹਾਰ-ਸ਼ੰਗਾਰ ਮੁਟਿਆਰ ਕੋਈ।

ਉੱਠੀ ਘਟਾ, ਬੱਦਲ ਐਸੇ ਹੋਏ ਨੀਵੇਂ, ਜਿੱਦਾਂ ਧਰਤੀ ’ਤੇ ਆਉਣ ਨੂੰ ਤਰਸਦੇ ਨੇ। ਫੇਰ ਇੰਜ ਬਰਸੇ ਜਿੱਦਾਂ ਸੌਣ ਲੱਗੇ, ਨੈਣ ਕਿਸੇ ਵਿਯੋਗਣ ਦੇ ਬਰਸਦੇ ਨੇ।

ਬੱਦਲ ਜਦੋਂ ਟਕਰਾਉਣ, ਖੜਾਕ ਹੋਵੇ, ਛਾਤੀ ਧੜਕਦੀ ਸੁਹਲ ਸੁਆਣੀਆਂ ਦੀ। ਬਿਜਲੀ ਲਿਸ਼ਕਦੇ ਸਾਰ ਅਲੋਪ ਹੋਵੇ, ਜਿੱਦਾਂ ਦੋਸਤੀ ਲਾਲਚੀ ਬਾਣੀਆਂ ਦੀ।

ਝੀਲਾਂ ਭਰੀਆਂ ਨੇ ਐਨ ਕਿਨਾਰਿਆਂ ਤਕ, ਅਰਸ਼ੋਂ ਉ¤ਤਰੀ ਡਾਰ ਮੁਰਗਾਬੀਆਂ ਦੀ। ਵੱਟਾਂ ਟੁੱਟੀਆਂ ਇੰਜ ਹਰ ਖੇਤ ਦੀਆਂ, ਤੌਬਾ ਟੁੱਟਦੀ ਜਿਵੇਂ ਸ਼ਰਾਬੀਆਂ ਦੀ।

ਮੋਰ ਨੱਚਦੇ, ਕੋਈਲਾਂ ਕੂਕ ਪਈਆਂ, ਦੀਪਕ ਜਗੇ ਪਤੰਗੇ ਆ ਫੁੜਕਦੇ ਨੇ। ਪਾਉਂਦੇ ਸ਼ੋਰ ਬਰਸਾਤੀ ਦਰਿਆ ਏਦਾਂ, ਜਿੱਦਾਂ ਨਵੇਂ ਰੱਜੇ ਬੰਦੇ ਭੁੜਕਦੇ ਨੇ।

ਨਿਰਮਲ ਨੀਰ ਗੰਧਲਾਅ ਗਿਆ ਭੁੰਏਂ ਪੈ ਕੇ , ਅਕਸਰ ਏਦਾਂ ਹੀ ਹੁੰਦੈ ਦੁਸ਼ਵਾਰੀਆਂ ਵਿਚ। ਜਿੱਦਾਂ ਸ਼ਾਇਰ ਦੀ ਬੁੱਧੀ ਮਲੀਨ ਹੋਵੇ, ਰਹਿ ਕੇ ਲੀਡਰਾਂ ਅਤੇ ਵਿਉਪਾਰੀਆਂ ਵਿਚ।

ਪਾਣੀ ਪਿੰਡ ਦਾ ਛੱਪੜਾਂ ਵਿੱਚ ਏਦਾਂ, ’ਕੱਠਾ ਹੋ ਗਿਆ ਰੁੜ੍ਹ ਕੇ ਦਲੇਰੀ ਦੇ ਨਾਲ। ਆਸੇ ਪਾਸੇ ਦੀ ਦੌਲਤ ਸਮੇਟ ਲੈਂਦੇ, ਸ਼ਾਹੂਕਾਰ ਜਿੱਦਾਂ ਹੇਰਾ ਫੇਰੀ ਦੇ ਨਾਲ।

ਆਇਆ ਹੜ੍ਹ, ਰੁੜ੍ਹੀਆਂ ਛੰਨਾਂ, ਢਹੇ ਢਾਰੇ, ਪਾਣੀ ਦੂਰ ਤਕ ਮਾਰਦਾ ਵਲਾ ਜਾਂਦੈ। ਵਕਤ ਜਿਵੇਂ ਗਰੀਬ ਦੇ ਜਜ਼ਬਿਆਂ ਨੂੰ, ਪੈਰਾਂ ਹੇਠ ਮਧੋਲਦਾ ਚਲਾ ਜਾਂਦੈ।

ਰਾਤੀਂ ਜੁਗਨੂੰਆਂ ਦੇ ਝੁਰਮਟ ਫਿਰਨ ਉਡਦੇ, ਝੱਲੀ ਜਾਏ ਨਾ ਤਾਬ ਨਜ਼ਾਰਿਆਂ ਦੀ। ਜਿੱਦਾਂ ਰੁੱਤਾਂ ਦੀ ਰਾਣੀ ਬਰਸਾਤ ਆਈ, ਸਿਰ ’ਤੇ ਓੜ੍ਹ ਕੇ ਚੁੰਨੀ ਸਿਤਾਰਿਆਂ ਦੀ।

ਚੰਨ ਬੱਦਲਾਂ ਤੋਂ ਬਾਹਰ ਮਸਾਂ ਆਉਂਦੈ, ਫੌਰਨ ਆਪਣਾ ਮੁੱਖ ਛੁਪਾ ਲੈਂਦੈ। ਲਹਿਣੇਦਾਰ ਨੂੰ ਵੇਖ ਕਰਜ਼ਾਈ ਜਿੱਦਾਂ, ਸ਼ਰਮਸਾਰ ਹੋ ਕੇ ਨੀਵੀਂ ਪਾ ਲੈਂਦੈ।

ਮਹਿਕਾਂ ਵੰਡ ਰਹੀਆਂ ਕਲੀਆਂ ਬਾਗ਼ ਅੰਦਰ, ਫੁੱਲ ਆਪਣੀ ਖ਼ੁਸ਼ਬੂ ਖਿੰਡਾ ਰਹੇ ਨੇ। ਬਿਨਾਂ ਲਾਲਚੋਂ ਜਿਵੇਂ ਵਿਦਵਾਨ ਬੰਦੇ, ਆਮ ਲੋਕਾਂ ਨੂੰ ਇਲਮ ਵਰਤਾ ਰਹੇ ਨੇ।

ਲੱਗੇ ਫਲ, ਜ਼ਮੀਨ ਵੱਲ ਝੁਕੇ ਪੌਦੇ, ਆਉਂਦੇ ਜਾਂਦੇ ਦੇ ਵੱਟੇ ਸਹਾਰਦੇ ਨੇ। ਜਿੱਦਾਂ ਜਾਹਲਾਂ ਅੱਗੇ ਸ਼ਰੀਫ਼ਜ਼ਾਦੇ, ਨੀਂਵੇਂ ਹੋ ਕੇ ਵਕਤ ਗੁਜ਼ਾਰਦੇ ਨੇ।

ਸਾਵਣ ਵਿੱਚ ਬਹਾਰ ਕਮਾਲ ਦੀ ਏ, ਮੈਂ ਕੁਰਬਾਨ ਜਾਵਾਂ ਇਸ ਬਹਾਰ ਉ¤ਤੇ। ਰੁੱਤਾਂ ਪਰਤ ਕੇ ਆਉਂਦੀਆਂ ਯਾਰ ‘ਦੀਪਕ’, ਮੋਏ ਪਰਤਦੇ ਨਹੀਂ ਸੰਸਾਰ ਉੱਤੇ।

ਗੀਤ ਗੀਤ ਰੂਪਕ ਪੱਖੋਂ ਕਵਿਤਾ ਨਾਲੋਂ ਜ਼ਰਾ ਵੱਖਰੀ ਨੁਹਾਰ ਰੱਖਦਾ ਹੈ। ਗੀਤ ਸ਼ੁਰੂ ਕਰਦਿਆਂ ਆਮ ਤੌਰ ’ਤੇ ਕਿਸੇ ਪ੍ਰਚ¤ਲਿਤ ਲੈਅ ਵਿੱਚ, ਜ਼ਿਆਦਾ ਕਰਕੇ ਦੋ ਤੁਕਾਂ ਵਿੱਚ ਇੱਕ ਸ਼ਿਅਰ ਲਿਖਿਆ ਜਾਂਦਾ ਹੈ। ਇਹ ਗੀਤ ਦਾ ਮੁੱਖੜਾ ਹੁੰਦਾ ਹੈ। ਇਸ ਵਿੱਚ ਗੀਤ ਦਾ ਮੁੱਖ ਵਿਚਾਰ ਵਿਅਕਤ ਕੀਤਾ ਜਾਂਦਾ ਹੈ, ਜਿਸ ਨੂੰ ਗੀਤਕਾਰ ਨੇ ਆਪਣੇ ਸਾਰੇ ਗੀਤ ਵਿੱਚ ਪੂਰਾ ਵਿਸਥਾਰ ਦੇਣਾ ਹੁੰਦਾ ਹੈ। ਮੁੱਖੜੇ ਦੇ ਮਗਰੋਂ ਕੁਝ ਹੋਰ ਬੰਦ ਲਿਖੇ ਜਾਂਦੇ ਹਨ। ਇਹ ਬੰਦ ਦੋ-ਦੋ, ਤਿੰਨ-ਤਿੰਨ, ਚਾਰ-ਚਾਰ ਜਾਂ ਇਸ ਤੋਂ ਵੱਧ-ਵੱਧ ਤੁਕਾਂ ਦੇ ਵੀ ਹੋ ਸਕਦੇ ਹਨ। ਇੱਕ ਬੰਦ ਦੀਆਂ ਦੋ-ਦੋ ਤੁਕਾਂ ਦੇ ਤੁਕਾਂਤ ਵੀ ਆਪਸ ਮਿਲਦੇ ਹੋ ਸਕਦੇ ਹਨ ਤੇ ਸਾਰੀਆਂ-ਸਾਰੀਆਂ ਤੁਕਾਂ ਦੇ ਵੀ। ਬੰਦ ਮਗਰੋਂ ਇੱਕ-ਦੋ ਤੁਕਾਂ ਇਸ ਤਰ੍ਹਾਂ ਲਿਖੀਆਂ ਜਾਂਦੀਆਂ ਹਨ ਕਿ ਉਹਨਾਂ ਦਾ ਭਾਵ ਅਤੇ ਤੁਕਾਂਤ ਫਿਰ ਮੁੱਖੜੇ ਦੇ ਤੁਕਾਂਤ ਨਾਲ ਮਿਲ ਜਾਵੇ। ਨਾਲ ਹੀ ਮੁੱਖੜੇ ਦੀ ਦੂਜੀ ਤੁਕ ਨੂੰ ਫਿਰ ਦੁਹਰਾ ਲਿਆ ਜਾਂਦਾ ਹੈ। ਇਸੇ ਤਰ੍ਹਾਂ ਤਿੰਨ, ਚਾਰ ਜਾਂ ਇਸ ਤੋਂ ਵੱਧ ਬੰਦ ਲਿਖਕੇ ਤੇ ਹਰ ਬੰਦ ਨੂੰ ਫਿਰ ਮੁੱਖੜੇ ਨਾਲ ਮਿਲਾ ਕੇ ਗੀਤ ਸੰਪੂਰਨ ਕਰ ਲਿਆ ਜਾਂਦਾ ਹੈ।

ਗੀਤ ਦੇ ਮੁੱਖੜੇ ਨੂੰ ‘ਸਥਾਈ’ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸਾਰੇ ਗੀਤ ਦੇ ਹਰ ਮੁੱਖੜੇ ਮਗਰੋਂ ‘ਸਥਾਈ ਤੌਰ’ ’ਤੇ ਦੁਹਰਾਈ ਜਾਂਦੀ ਹੈ। ਗੀਤ ਦੇ ਬੰਦ ਨੂੰ ‘ਅੰਤਰਾ’ ਵੀ ਕਿਹਾ ਜਾਂਦਾ, ਕਿਉਂਕਿ ਅੰਤਰੇ ਆਪਸ ਵਿੱਚ ਥੋੜ੍ਹੇ ਥੋੜ੍ਹੇ ਅੰਤਰ ’ਤੇ ਹੁੰਦੇ ਹਨ। ਵਿਚਕਾਰ ਸਥਾਈ ਦੀਆਂ ਤੁਕਾਂ ਆ ਜਾਣ ਕਾਰਨ ਅੰਤਰੇ ਆਪਸ ਵਿੱਚ ਲਗਾਤਾਰ ਜੁੜੇ ਹੋਏ ਨਹੀਂ ਹੁੰਦੇ। ਸਥਾਈ ਅਤੇ ਅੰਤਰੇ ਦੀਆਂ ਤੁਕਾਂ ਦੀ ਲੰਬਾਈ (ਵਜ਼ਨ) ਬੇਸ਼ੱਕ ਆਪਸ ਵਿੱਚ ਮਿਲਦੇ ਹੋਣ ਜਾਂ ਨਾ, ਪਰ ਸੰਗੀਤ ਪ¤ਖੋਂ ਇਹਨਾਂ ਦਾ ਤਾਲ ਜ਼ਰੂਰ ਇੱਕ ਹੀ ਹੋਣਾ ਚਾਹੀਦਾ ਹੈ ਤਾਂ ਕਿ ਗਾਉਣ ਵਾਲੇ ਗਾਇਕ ਨੂੰ ਮੁਸ਼ਕਿਲ ਨਾ ਪੇਸ਼ ਆਵੇ।

ਨਮੂਨੇ ਵਜੋਂ ਆਪਣੇ ਪਰਮ-ਮਿੱਤਰ ਸ. ਬਲਬੀਰ ਸਿੰਘ ‘ਸੈਣੀ’ ਦਾ ਇੱਕ ਗੀਤ ਪੇਸ਼ ਕਰਾਂਗਾ-

ਗੀਤ


ਸਥਾਈ: ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ। ਆ ਜਾ, ਆ ਕੇ ਕਰ ਜਾ ਅੜਿਆ, ਵਸਲਾਂ ਦੀ ਕੋਈ ਬਾਤ।


ਅੰਤਰਾ: ਸਭਨਾ ਲਈ ਮੈਂ ਬਣੀ ਪਰਾਈ, ਵੈਰਨ ਬਣੀ ਹਯਾਤੀ। ਕਿਸੇ ਨਾ ਜਾਣਿਆ ਦਰਦ ਦਿਲੇ ਦਾ, ਕਿਸੇ ਨਾ ਪੀੜ ਪਛਾਤੀ।

ਪੈਰ ਪੈਰ ’ਤੇ ਮਿਲਣ ਠ੍ਹੋਕਰਾਂ, ਹੰਝੂਆਂ ਦੀ ਸੌਗ਼ਾਤ। ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।


ਅੰਤਰਾ: ਸੁਣਿਆ ਸੀ ਕਿ ਹੁਸਨ-ਇਸ਼ਕ ਨਾ, ਵੇਖਣ ਚਿ¤ਟਾ ਕਾਲਾ। ਇਹ ਤਾਂ ਅਪਣੇ ਪਿਆਰੇ ਦੀ ਬੱਸ, ਰਹਿਣ ਫੇਰਦੇ ਮਾਲਾ।

ਐਪਰ ਇਹ ਵੀ ਕੂੜ-ਕਹਾਣੀ, ਸੁਣੀ-ਸੁਣਾਈ ਬਾਤ। ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।


ਅੰਤਰਾ: ਮੇਰਾ ਹੀ ਜਦ ਰਿਹਾ ਨਾ ਮੇਰਾ, ਕਿਸ ਨੂੰ ਦਰਦ ਸੁਣਾਵਾਂ? ਇੰਨਾਂ ਤਾਂ ਦੱਸ ਓ ਨਿਰਮੋਹੀਆ, ਕਿਹੜੇ ਖੂਹ ਪੈ ਜਾਵਾਂ?

ਕਦ ਖਿੜਨੀ ਏ ਕਲੀ ਆਸ ਦੀ, ਹੋਣੀ ਕਦ ਪ੍ਰਭਾਤ। ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।

ਵਾਰ ‘ਵਾਰ’ ਕਾਵਿ-ਸਾਹਿਤ ਦੀ ਇੱਕ ਪ੍ਰਮੁੱਖ ਵੰਨਗੀ ਹੈ। ਵਾਰ ਦੇ ਕੁਝ ਆਪਣੇ ਹੀ ਨਿਸ਼ਚਿਤ ਛੰਦ ਹੁੰਦੇ ਹਨ ਜੋ ਜੋਸ਼ੀਲੀਆਂ ਤਰਜ਼ਾਂ ’ਤੇ ਗਾਏ ਜਾਂਦੇ ਹਨ। ਵਾਰ ਦਾ ਵਿਸ਼ਾ ਵੀ ਜੋਸ਼ੀਲਾ ਅਤੇ ਬੀਰ-ਰਸ ਵਾਲਾ ਹੁੰਦਾ ਹੈ। ਵਾਰ ਆਮ ਤੌਰ ’ਤੇ ਯੋਧਿਆਂ ਦੇ ਬੀਰਤਾ ਭਰੇ ਕਾਰਨਾਮਿਆਂ ਦਾ ਅਤੇ ਉਹਨਾਂ ਦੀ ਬਹਾਦਰੀ ਦਾ ਬਿਆਨ ਕਰਦੀ ਹੈ। ਕੁਝ ਲੋਕਾਂ ਨੇ ਪ੍ਰੰਪਰਾ ਤੋਂ ਬਾਗ਼ੀ ਹੋ ਕੇ ਸ਼ਾਨਤੀ ਦੀਆਂ ਵਾਰਾਂ ਵੀ ਲਿਖੀਆਂ ਪਰ ਉਹ ਮਕਬੂਲ ਨਹੀਂ ਹੋ ਸਕੀਆਂ। ਸ਼ਾਂਤ-ਰਸ ਵਾਸਤੇ ਹੋਰ ਵਿਧਾਵਾਂ ਅਤੇ ਹੋਰ ਛੰਦ ਬਹੁਤ ਹਨ। ਵਾਰ ਕੇਵਲ ਬੀਰ-ਰਸ ਦੀ ਹੀ ਪ੍ਰਤੀਨਿਧਤਾ ਕਰਦੀ ਚੰਗੀ ਲੱਗਦੀ ਹੈ।

ਗ਼ਜ਼ਲ ‘ਗ਼ਜ਼ਲ’ ਰੂਪਕ ਪੱਖ ਤੋਂ ਬਹੁਤ ਸਖ਼ਤ ਪਾਬੰਦੀਆਂ ਵਿੱਚ ਰਹਿ ਕੇ ਵਿਚਰਦੀ ਹੋਈ ਵਿਚਾਰਕ ਪ¤ਖੋਂ ਅਤਿਅੰਤ ਨਾਜ਼ੁਕ ਸਿਨਫ਼ (ਵਿਧਾ) ਹੈ। ਇਉਂ ਸਮਝ ਲਉ ਕਿ ਚੀਰ ਕੇ, ਕੱਟ ਕੇ ਪੀਹ ਸੁੱਟਣ ਵਾਲੇ ਸੁਭਾਅ ਅਤੇ ਸਮਰੱਥਾ ਰੱਖਣ ਵਾਲੇ ਬੱਤੀ ਦੰਦਾਂ ਵਿੱਚ ਵਿਚਰਨ ਵਾਲੀ ਅਤਿਅੰਤ ਨਾਜ਼ੁਕ ਮਾਸ ਦੇ ਲੋਥੜੇ ਵਰਗੀ ਜੀਭ ਵਾਂਗ ਹੀ ਹੈ ਗ਼ਜ਼ਲ। ਗ਼ਜ਼ਲ ਬਾਕੀ ਕਾਵਿ-ਵਿਧਾਵਾਂ ਵਿ¤ਚੋਂ ਸ਼ਕਲ-ਸੂਰਤ ਤੋਂ ਵੀ ਵੱਖਰੀ ਪਹਿਚਾਣੀ ਜਾ ਸਕਦੀ ਹੈ। ਦੋ-ਦੋ ਤੁਕਾਂ (ਮਿਸਰਿਆਂ) ਵਾਲੇ ਤਕਰੀਬਨ 5 ਤੋਂ 15 ਅਲੱਗ-ਅਲੱਗ ਸ਼ਿਅਰਾਂ ਵਾਲੀ ਇਹ ਰਚਨਾ, ਜੇ ਸਹੀ ਤੌਰ ’ਤੇ ਛਾਪੀ ਜਾਂ ਲਿਖੀ ਜਾਵੇ ਤਾਂ ਇਹ ਪਹਿਲੀ ਨਜ਼ਰੇ ਹੀ ਆਪਣੀ ਪਹਿਚਾਣ ਦੱਸ ਦਿੰਦੀ ਹੈ। ਭਾਵੇਂ ਹਿੰਦੋਸਤਾਨੀ ‘ਪਿੰਗਲ’ ਦੇ ਵੀ ਕੁਝ ਕੁ ਛੰਦਾਂ ਵਿੱਚ ਗ਼ਜ਼ਲ ਲਿਖੀ ਗਈ ਹੈ ਪਰ ਆਮ ਤੌਰ ’ਤੇ ਇਹ ਅਰਬੀ-ਫ਼ਾਰਸੀ ‘ਅਰੂਜ਼’ ਦੇ ਛੰਦਾਂ ਵਿੱਚ ਹੀ ਲਿਖੀ ਜਾਂਦੀ ਹੈ, ਜਿਹਨਾਂ ਨੂੰ ‘ਬਹਿਰਾਂ’ ਕਿਹਾ ਜਾਂਦਾ ਹੈ। ਗ਼ਜ਼ਲ ਬਹੁਤ ਸਾਰੀਆਂ ਬਹਿਰਾਂ ਵਿੱਚ ਲਿਖੀ ਜਾਂਦੀ ਹੈ ਪਰ ਅਰੂਜ਼-ਵਿਗਿਆਨੀਆਂ ਦੀ ਵਿਦਵਤਾ ਦਾ ਕਮਾਲ ਇਸ ਗੱਲ ਵਿੱਚ ਹੈ ਕਿ ਉਹਨਾਂ ਹਰ ਸੰਭਵ ਬਹਿਰ ਪਹਿਲਾਂ ਹੀ ਨਿਸ਼ਚਿਤ ਕਰ ਰੱਖੀ ਹੈ ਤੇ ਹੁਣ ਕੋਈ ਨਵੀਂ ਬਹਿਰ ਦੀ ਕਾਢ ਕੱਢਣੀ ਤਕਰੀਬਨ ਅਸੰਭਵ ਵਰਗਾ ਹੀ ਮੁਸ਼ਕਿਲ ਕਾਰਜ ਹੈ। ਗ਼ਜ਼ਲ ਰੂਪਕ ਪੱਖ ਤੋਂ ਕਿਸੇ ਇੱਕ ਨਿਸ਼ਚਿਤ ਬਹਿਰ ਵਿੱਚ ਲਿਖੇ ਗਏ ਦੋ ਮਿਸਰਿਆਂ (ਤੁਕਾਂ) ਨਾਲ ਸ਼ੁਰੂ ਹੁੰਦੀ ਹੈ। ਇਹਨਾਂ ਦੋਹਾਂ ਮਿਸਰਿਆਂ ਦੇ ਕਾਫ਼ੀਏ (ਤੁਕਾਂਤ) ਆਪਸ ਵਿੱਚ ਮਿਲਦੇ ਹੁੰਦੇ ਹਨ। (ਇ¤ਥੇ ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਗ਼ਜ਼ਲ ਦੇ ਸੰਧਰਭ ਵਿੱਚ ਕਾਫ਼ੀਆ ਗ਼ਜ਼ਲ ਦਾ ਕੇਵਲ ਜ਼ੇਵਰ (ਆਕਾਰ) ਹੀ ਨਹੀਂ ਸਗੋਂ ਉਸ ਦੇ ਸਰੀਰ ਦਾ ਇੱਕ ਅਹਿਮ ਅੰਗ ਹੈ, ਜਿਸ ਦੇ ਬਿਨਾਂ ਗ਼ਜ਼ਲ ਦੇ ਵਜੂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।) ਦੋ ਮਿਸਰਿਆਂ (ਤੁਕਾਂ) ਨਾਲ ਬਣੇ ਗ਼ਜ਼ਲ ਦੇ ਪਹਿਲੇ ਸ਼ਿਅਰ ਨੂੰ ‘ਮਤਲਾ’ ਕਿਹਾ ਜਾਂਦਾ ਹੈ। ‘ਮਤਲਾ’ ਇੱਕ ਤਰ੍ਹਾਂ ਨਾਲ ਪਾਠਕ ਜਾਂ ਸਰੋਤੇ ਨੂੰ ਇਸ ਗੱਲ ਦੀ ‘ਇਤਲਾਹ’ (ਸੂਚਨਾ) ਦਿੰਦਾ ਹੈ ਕਿ ਵਿਚਾਰ-ਅਧੀਨ ਗ਼ਜ਼ਲ ਵਿੱਚ ਕਿਹੜੀ ਬਹਿਰ ਵਰਤੀ ਜਾਵੇਗੀ, ਕਿਹੜੇ ਕਾਫ਼ੀਏ ਹੋਣਗੇ, ਕਿਹੜੀ ਰਦੀਫ਼ ਹੋਵੇਗੀ ਅਤੇ ਕਿਸੇ ਹੱਦ ਤੱਕ ਇਹ ਗ਼ਜ਼ਲ ਕਿਹੜੇ ਮੂਡ ਦੀ ਹੋਵੇਗੀ। ਇਸ ਤੋਂ ਅਗਲੇ ਸ਼ਿਅਰ ਉਪਰੋਕਤ ਇਤਲਾਹ ਅਨੁਸਾਰ ਹੀ ਕਹੇ ਜਾਂਦੇ ਹਨ। ਇੱਕ ਗ਼ਜ਼ਲ ਵਿੱਚ ਕੇਵਲ ਇੱਕ ਮਤਲਾ ਵੀ ਹੋ ਸਕਦਾ ਹੈ ਤੇ ਇਹ ਜ਼ਿਆਦਾ ਗਿਣਤੀ ਵਿੱਚ ਵੀ ਹੋ ਸਕਦੇ ਹਨ। ਪਰ ਚਾਹੇ ਜਿੰਨੇਂ ਵੀ ਮਤਲੇ ਹੋਣ ਇਹ ਸਾਰੇ ਆਮ ਸ਼ਿਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਆ ਜਾਣੇ ਚਾਹੀਦੇ ਹਨ। ਇੱਕ ਵਾਰ ਆਮ ਸ਼ਿਅਰ ਸ਼ੁਰੂ ਹੋ ਜਾਣ ਮਗਰੋਂ ਕੋਈ ਮਤਲਾ ਨਹੀਂ ਹੋਣਾ ਚਾਹੀਦਾ। ਜੇ ਕਿਸੇ ਸੂਰਤ ਵਿੱਚ ਆਮ ਸ਼ਿਅਰ ਤੋਂ ਮਗਰੋਂ ਵੀ ਮਤਲਾ ਲਿਖਿਆ ਜਾਵੇ ਤਾਂ ਉਸ ਨੂੰ ਚੁੱਕ ਕੇ ਉ¤ਪਰ ਬਾਕੀ ਮਤਲਿਆਂ ਦੇ ਨਾਲ ਹੀ ਲਿਖ ਦੇਣਾ ਚਾਹੀਦਾ ਹੈ। ਮਤਲਿਆਂ ਵਿੱਚ ਵੀ ਹਰ ਮਤਲੇ ਦਾ ਵਿਸ਼ਾ ਅਲੱਗ ਹੋ ਸਕਦਾ ਹੈ ਅਤੇ ਬਾਕੀਆਂ ਨਾਲੋਂ ਆਜ਼ਾਦ ਤਾਂ ਹੋਣਾ ਹੀ ਚਾਹੀਦਾ ਹੈ। ਯਾਦ ਰਹੇ ਕਿ ਗ਼ਜ਼ਲ ਦਾ ਹਰ ਸ਼ਿਅਰ ਆਪਣੀ ਕਹਾਣੀ ਆਪ ਕਹਿੰਦਾ ਹੈ ਤੇ ਆਪਣੇ ਨਾਲ ਹੀ ਉਸ ਕਹਾਣੀ ਨੂੰ ਵੀ ਸੰਪੂਰਨ ਕਰ ਦਿੰਦਾ ਹੈ। ਕਿਸੇ ਸ਼ਿਅਰ ਦੀ ਕਹਾਣੀ ਨੂੰ ਸੰਪੂਰਨ ਕਰਨ ਲਈ ਲਈ ਦੂਜੇ ਸ਼ਿਅਰ ਦੀ ਸਹਾਇਤਾ ਨਹੀਂ ਲੈਣੀ ਚਾਹੀਦੀ।

ਮਤਲੇ ਜਾਂ ਮਤਲਿਆਂ ਤੋਂ ਮਗਰੋਂ ਆਮ ਸ਼ਿਅਰ ਸ਼ੁਰੂ ਹੋ ਜਾਂਦੇ ਹਨ। ਇਹਨਾਂ ਸ਼ਿਅਰਾਂ ਵਿੱਚ ਵੀ ਵਿਚਾਰਧਾਰਕ ਪੱਖ ਤੋਂ ਹਰ ਸ਼ਿਅਰ ਵਿੱਚ ਵੱਖਰਾ ਵਿਸ਼ਾ ਹੋ ਸਕਦਾ ਹੈ ਤੇ ਹਰ ਸ਼ਿਅਰ ਆਪਣੇ ਆਪ ਵਿੱਚ ਆਜ਼ਾਦ ਹੋਣਾ ਚਾਹੀਦਾ ਹੈ, ਪਰ ਮੂਡ ਜੇ ਇੱਕ ਹੀ ਨਿਭ ਜਾਵੇ ਤਾਂ ਗ਼ਜ਼ਲ ਪਾਠਕਾਂ-ਸਰੋਤਿਆਂ ’ਤੇ ਆਪਣਾ ਪੂਰਾ ਪੂਰਾ ਪ੍ਰਭਾਵ ਪਾਉਣ ਵਿੱਚ ਜ਼ਿਆਦਾ ਕਾਮਯਾਬ ਰਹਿੰਦੀ ਹੈ। ਰੂਪਕ ਪ¤ਖੋਂ ਹਰ ਆਮ ਸ਼ਿਅਰ ਦੇ ਪਹਿਲੇ ਮਿਸਰੇ ਦੇ ਅੰਤ ਵਿੱਚ ਕੋਈ ਕਾਫ਼ੀਆ ਨਹੀਂ ਮਿਲਦਾ ਸਗੋਂ ਹਰ ਦੂਸਰੇ ਮਿਸਰੇ ਦਾ ਹੀ ਕਾਫ਼ੀਆ ਫਿਰ ਮਤਲੇ ਦੇ ਕਾਫ਼ੀਏ ਨਾਲ ਮਿਲਦਾ ਹੁੰਦਾ ਹੈ। ਭਾਵੇਂ ਅੱਜ-ਕੱਲ੍ਹ ਆਮ ਸ਼ਿਅਰਾਂ ਦੀ ਗਿਣਤੀ ਨਿਸ਼ਚਿਤ ਤਾਂ ਨਹੀਂ ਰੱਖੀ ਜਾਂਦੀ, ਫਿਰ ਵੀ ਇਹ ਪੰਜ ਤੋਂ ਤੇਰਾਂ ਕੁ ਤੱਕ ਹੀ ਰਹਿਣ ਤਾਂ ਗ਼ਜ਼ਲ ਦਾ ਪੂਰਾ ਪ੍ਰਭਾਵ ਬਣਦਾ ਹੈ।

ਗ਼ਜ਼ਲ ਦੇ ਆਖ਼ਿਰੀ ਸ਼ਿਅਰ, ਜਿਸ ਵਿੱਚ ਸ਼ਾਇਰ ਦਾ ਉਪਨਾਮ ਆਉਂਦਾ ਹੈ, ਉਸ ਨੂੰ ‘ਮਕਤਾ’ ਕਿਹਾ ਜਾਂਦਾ ਹੈ। ‘ਮਕਤੇ’ ਨਾਲ ਹੀ ਲਿਖੀ ਜਾ ਰਹੀ ਗ਼ਜ਼ਲ ਦਾ ਸਿਲਸਿਲਾ ਖ਼ਤਮ ਕਰ ਦਿੱਤਾ ਜਾਂਦਾ ਹੈ। ਜੇ ਆਖ਼ਿਰੀ ਸ਼ਿਅਰ ਵਿੱਚ ਸ਼ਾਇਰ ਦਾ ਉਪਨਾਮ ਨਾ ਆਉਂਦਾ ਹੋਵੇ ਤਾਂ ਇਸ ਸ਼ਿਅਰ ਨੂੰ ‘ਮਕਤਾ’ ਕਹਿਣ ਦੀ ਥਾਂ ਕੇਵਲ ‘ਆਖ਼ਿਰੀ-ਸ਼ਿਅਰ’ ਹੀ ਕਿਹਾ ਜਾਂਦਾ ਹੈ। ਗ਼ਜ਼ਲ ਦੇ ਪਹਿਲੇ ਚੰਗੇ ਪ੍ਰਭਾਵ ਵਾਸਤੇ ਜੇ ‘ਮਤਲਾ’ ਜ਼ੋਰਦਾਰ ਹੋਣਾ ਚਾਹੀਦਾ ਹੈ ਤਾਂ ਗ਼ਜ਼ਲ ਦੇ ਅੰਤਮ ਅਤੇ ਦੇਰ-ਪਾ ਪ੍ਰਭਾਵ ਵਾਸਤੇ ‘ਮਕਤਾ’ ਵੀ ਬਹੁਤ ਜ਼ੋਰਦਾਰ ਹੋਣਾ ਚਾਹੀਦਾ ਹੈ। ਗ਼ਜ਼ਲ ਦੀ ਕਾਮਯਾਬੀ ਵਿੱਚ ਇਸ ਨੁਕਤੇ ਦਾ ਵੀ ਇੱਕ ਵਿਸ਼ੇਸ਼ ਰੋਲ ਰਹਿੰਦਾ ਹੈ।

ਗ਼ਜ਼ਲ ਦੇ ਸ਼ਿਅਰਾਂ ਦਾ ਵਜ਼ਨ ‘ਅਰੂਜ਼ੀ-ਰੁਕਨਾਂ’ ਦੀ ਤਰਤੀਬ ਨੂੰ ਸਹੀ ਤਰ੍ਹਾਂ ਸਮਝ ਲੈਣ ਨਾਲ ਹੀ ਨਿਭਦਾ ਹੈ। ਰੁਕਨਾਂ ਦੀ ਜਾਣਕਾਰੀ ਦੇ ਬਿਨਾਂ ਕਹੇ ਗ਼ਜ਼ਲ ਦੇ ਕੁਝ ਸ਼ਿਅਰ ਰੱਬ-ਸਬੱਬੀਂ ਠੀਕ ਲਿਖੇ ਜਾਣ, ਤਾਂ ਇਹ ਗੱਲ ਵੱਖਰੀ ਹੈ ਪਰ ਸਦਾ ਹੀ ਪ੍ਰਮਾਣਿਕ ਤੌਰ ’ਤੇ ਸਹੀ ਸ਼ਿਅਰ ਕਹਿਣ ਲਈ ਰੁਕਨਾਂ ਦੀ ਜਾਣਕਾਰੀ ਅਤਿਅੰਤ ਜ਼ਰੂਰੀ ਹੈ। ਗ਼ਜ਼ਲ ਲਿਖਣ ਸੰਬੰਧੀ ਭਾਵੇਂ ਕੁਝ ਪੁਸਤਕਾਂ ਹੁਣ ਪੰਜਾਬੀ ਭਾਸ਼ਾ ਵਿੱਚ ਉਪਲੱਭਦ ਹਨ ਪਰ ਅਸਲ ਵਿੱਚ ਇਸ ਦੇ ਸਹੀ ਅਭਿਆਸ ਵਾਸਤੇ ਕਿਸੇ ਕਾਮਿਲ ਉਸਤਾਦ ਦੀ ਅਤਿਅੰਤ ਜ਼ਰੂਰਤ ਹੁੰਦੀ ਹੈ। ਕਿਸੇ ਉਸਤਾਦ ਬਿਨਾਂ ਗ਼ਜ਼ਲ ਲਿਖਣ ਦੀ ਕੋਸ਼ਿਸ਼ ਕਰਨਾ ਹਨੇਰੇ ਵਿੱਚ ਤੀਰ ਮਾਰਨ ਵਰਗੀ ਕਿਰਿਆ ਸਾਬਤ ਹੁੰਦੀ ਹੈ। ਜੋ ਨੁਕਤਾ ਉਸਤਾਦ ਨੇ ਇੱਕ ਇਸ਼ਾਰੇ ਵਿੱਚ ਸਮਝਾ ਦੇਣਾ ਹੁੰਦਾ ਹੈ ਉਹੀ ਨੁਕਤਾ ਕਈ ਵਾਰੀ ਸਾਰੀ ਉਮਰ ਦੀ ਦਿਮਾਗ-ਪਚੀ ਕਰਨ ਨਾਲ ਵੀ ਪ੍ਰਾਪਤ ਨਹੀਂ ਹੁੰਦਾ। ਉਂਜ ਵੀ ਕਲਾ ਵਿੱਚਲੀਆਂ ਸਾਰੀਆਂ ਬਾਰੀਕੀਆਂ ਲਿਖਤੀ ਗਾਈਡਾਂ ਦੀ ਪਹੁੰਚ ਵਿੱਚ ਨਹੀਂ ਆ ਸਕਦੀਆਂ।

ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਕਿ ਗ਼ਜ਼ਲ ਬਹੁਤ ਨਾਜ਼ੁਕ ਸਿਨਫ਼ ਹੋਣ ਦੇ ਬਾਵਜੂਦ ਬਹੁਤ ਸਖ਼ਤ ਪਾਬੰਦੀਆਂ ਦੇ ਵਿੱਚ ਰਹਿਣ ਦੀ ਆਦੀ ਹੈ। ਇਸ ਨੇ ਰੂਪਕ ਪ¤ਖੋਂ ਹੀ ਨਹੀਂ ਸਗੋਂ ਵਿਸ਼ਿਅਕ ਪ¤ਖੋਂ ਵੀ ਬੜੀਆਂ ਪਾਬੰਦੀਆਂ ਹੰਢਾਈਆਂ ਹਨ। ਇਸ ਲਈ ਜਦੋਂ ਇਹ ਪਾਬੰਦੀਆਂ ਦੇ ਕਾਲੇ ਬੁਰਕੇ ਵਿ¤ਚੋਂ ਦੀ ਜ਼ਰਾ ਜਿਹਾ ਆਪਣਾ ਮੁੱਖ ਵਿਖਾਉਂਦੀ ਹੈ ਤਾਂ ਕਾਲੀ ਘਟਾ ਵਿ¤ਚੋਂ ਨਿਕਲੇ ਪੂਰਨਮਾਸ਼ੀ ਦੇ ਪੂਰੇ ਚੰਨ ਵਾਂਗੂੰ ਮਨ ਨੂੰ ਮੋਹ ਲੈਂਦੀ ਹੈ। ਖੁੱਲ੍ਹੇ ਅਸਮਾਨ ਵਿੱਚ ਸ਼ਾਇਦ ਹੀ ਚੰਨ ਏਨਾਂ ਖ਼ੂਬਸੂਰਤ ਲੱਗਦਾ ਹੋਵੇ ਜਿੰਨਾਂ ਕਿ ਕਾਲੇ ਬੱਦਲਾਂ ਵਿ¤ਚੋਂ ਨਿਕਲਣ ਤੇ ਲੱਗਦਾ ਹੈ।

ਵਿਸ਼ੇ ਦੇ ਪੱਖੋਂ ਪਹਿਲਾਂ ਪਹਿਲਾਂ ਗ਼ਜ਼ਲ ਕੇਵਲ ਮਹਿਬੂਬ ਨਾਲ ਗੱਲਾਂ ਕਰਨ ਤੱਕ ਹੀ ਸੀਮਿਤ ਸੀ, ਇਸ ਵਿੱਚ ਵੀ ਇਸ ਨੂੰ ਕਮਾਲ ਹਾਸਿਲ ਸੀ। ਫਿਰ ਇਹ ਮਹਿਬੂਬ ਬਾਰੇ ਗੱਲਾਂ ਕਰਨ ਲੱਗੀ। ਮਹਿਬੂਬ ਦੀਆਂ ਸਿਫ਼ਤਾਂ ਕਰਨੀਆਂ ਤਾਂ ਕੋਈ ਗ਼ਜ਼ਲ ਤੋਂ ਹੀ ਸਿ¤ਖੇ। ਫਿਰ ਮਹਿਬੂਬ ਦੇ ਨਾਲ ਨਾਲ ਇਹ ਕਾਦਰ ਦੀ ਕੁਦਰਤ ਦੀ ਖ਼ੂਬਸੂਰਤੀ ਦੀਆਂ ਗੱਲਾਂ ਅਤੇ ਵਡਿਆਈਆਂ ਵੀ ਕਰਨ ਲੱਗੀ। ਇਸ ਰੰਗ ਨੂੰ ‘ਮਾਰਫ਼ਤੀ ਰੰਗ’ ਕਿਹਾ ਜਾਂਦਾ ਹੈ ਤੇ ਇਸ ਰੰਗ ਵਿੱਚ ਇਸ ਨੇ ਕਿਆ ਖ਼ਿਆਲ-ਉਡਾਰੀਆਂ ਲਾਈਆਂ। ਫਿਰ ਮਹਿਬੂਬ ਜਾਂ ਕਾਦਰ ਦੇ ਮਿਲਾਪ ਦੇ ਨਾਲ ਨਾਲ ਉਸਦੇ ਵਿਛੋੜੇ ਦੀ ਕਸਕ ਨੂੰ ਵੀ ਪਰਗਟ ਕਰਨ ਲੱਗੀ। ਇੱਥੇ ਆ ਕੇ ਗ਼ਜ਼ਲ ਆਪਣੀ ਪੂਰੀ ਜਵਾਨੀ ’ਤੇ ਸੀ ਤੇ ਇਸ ਦੌਰ ਵਿੱਚ ਆ ਕੇ ਬਹੁਤ ਹੀ ਬਾ-ਕਮਾਲ ਗ਼ਜ਼ਲਾਂ ਕਹੀਆਂ ਗਈਆਂ, ਜਿਨ੍ਹਾਂ ਦੇ ਸ਼ਿਅਰਾਂ ਦੀਆਂ ਮਿਸਾਲਾਂ ਅੱਜ ਵੀ ਦਿੱਤੀਆਂ ਜਾਂਦੀਆਂ ਹਨ।

ਗ਼ਜ਼ਲ ਇਸ ਮਰਹਲੇ ਨੂੰ ਵੀ ਆਪਣੀ ਮੰਜ਼ਿਲ ਸਮਝ ਕੇ ਇੱਥੇ ਹੀ ਨਹੀਂ ਰੁਕ ਗਈ, ਸਗੋਂ ਇਸ ਨੇ ਆਪਣੇ ਮਹਿਬੂਬ ਦੀ ਮੁਹੱਬਤ, ਮਿਲਾਪ, ਵਿਛੋੜੇ, ਬੇਰੁਖ਼ੀ, ਦੇ ਨਾਲ ਨਾਲ ਸਮਾਜਿਕ ਤੰਗੀਆਂ-ਤੁਰਸ਼ੀਆਂ , ਵਿਸੰਗਤੀਆਂ, ਸਮਾਜਿਕ ਤਰੁੱਟੀਆਂ ਅਤੇ ਨਾ-ਇਨਸਾਫ਼ੀਆਂ ਦਾ ਵੀ ਬਿਆਨ ਕਰਕੇ ਆਪਣੇ ਹਿਰਦੇ ਦੀ ਸੁਹਿਰਦਤਾ ਅਤੇ ਵਿਸ਼ਾਲਤਾ ਦਾ ਪ੍ਰੀਚੈ ਦਿੱਤਾ। ਇਸ ਰੂਪ ਵਿੱਚ ਗ਼ਜ਼ਲ ਅੱਜ ਕਾਵਿ-ਸੰਸਾਰ ਦੇ ਤਖ਼ਤ ’ਤੇ ਸਭ ਤੋਂ ਸੁੰਦਰ ਤੇ ਸਮਰੱਥ ਵਿਧਾ ਦੇ ਤੌਰ ’ਤੇ ‘ਤਖ਼ਤ-ਨਸ਼ੀਨ’ ਹੈ। ਪਰ ਸੁਬਕ-ਖ਼ਿਆਲੀ ਕਿਉਂਕਿ ਗ਼ਜ਼ਲ ਦੀ ਜਾਨ ਹੈ ਇਸ ਲਈ ਇਹ ਸਿੱਧੀ ਸਿਆਸੀ ਨਾਅਰੇਬਾਜ਼ੀ ਤੋਂ ਅੱਜ ਵੀ ਗੁਰੇਜ਼ ਕਰਦੀ ਹੈ। ਬਹਾਦਰੀ ਦੇ ਸਿੱਧਾ ਦਾਅਵਾ ਇਸ ਨੂੰ ਆਪਣੇ ਮੂੰਹੋਂ ਮੀਆਂ-ਮਿੱਠੂ ਬਣਨ ਵਰਗਾ ਕਰਮ ਲੱਗਦਾ ਹੈ। ਇਹ ਤਾਂ ਵੱਡੀ ਤੋ ਵੱਡੀ ਗੱਲ, ਵੱਡੇ ਤੋਂ ਵੱਡੇ ਰੋਸ, ਵੱਡੇ ਤੋਂ ਵੱਡੇ ਸਤਿਆਗ੍ਰਿਹ ਨੂੰ ਵੀ ਇੱਕ ਇਸ਼ਾਰੇ ਮਾਤਰ ਨਾਲ ਐਸੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰ ਜਾਂਦੀ ਹੈ ਕਿ ਡਾਂਗਾਂ-ਸੋਟੇ ਅਤੇ ਬੰਬ-ਤੋਪਾਂ ਵੀ ਐਸੇ ਗਹਿਰੇ ਅਤੇ ਸਦੀਵੀ ਜ਼ਖ਼ਮ ਲਾਉਣ ਵਿੱਚ ਕਦੀ ਕਾਮਯਾਬ ਨਹੀਂ ਹੋ ਸਕਦੇ। ਐਸੀ ਮਾਰ ਕਰ ਜਾਣ ਦੇ ਸਮਰੱਥ ਹੋਣ ਦੇ ਬਾਵਜੂਦ ਵੀ ਇਹ ਅਜੇ ਵੀ ਆਪਣੀ ਨਾਜ਼ੁਕ-ਖ਼ਿਆਲੀ ਨੂੰ ਸੀਨੇ ਨਾਲ ਲਾਈ ਬੈਠੀ ਹੈ ਤੇ ਇਹੋ ਹੀ ਇਸ ਦੇ ਜੀਵਨ ਦਾ ਸਰਮਾਇਆ ਹੈ। ਇਹੋ ਹੀ ਇਸ ਦੇ ਹਰਮਨ-ਪਿਆਰੀ ਹੋਣ ਦਾ ਰਾਜ਼ ਹੈ। ਘੱਟ ਬੋਲਣਾ (ਸੰਖੇਪਤਾ) ਅਤੇ ਸੁੰਦਰ ਬੋਲਣਾ ਇਸ ਦਾ ਮੀਰੀ ਗੁਣ ਹੈ। ਇਹ ਸਖ਼ਤ ਖ਼ਿਆਲ ਤਾਂ ਸ਼ਾਇਦ ਬਰਦਾਸ਼ਤ ਕਰ ਲਵੇ ਪਰ ਸਖ਼ਤ ਲਫ਼ਜ਼ ਇਸ ਦੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੇ ਹਨ। ‘ਤਨਜ਼’ ਗ਼ਜ਼ਲ ਦਾ ਮਨ-ਭਾਉਂਦਾ ਤੇ ਸਭ ਤੋਂ ਕਾਰਗਰ ਹਥਿਆਰ ਹੈ ਪਰ ਹਾਸ-ਰਸ ਦੇ ਨਾਮ ਤੇ ਮੋਟਾ-ਠੁੱਲ੍ਹਾ ਹਾਸਾ-ਠੱਠਾ ਇਸ ਦੇ ਸੁਭਾਅ ਵਿੱਚ ਸ਼ਾਮਿਲ ਨਹੀਂ। ਸਖ਼ਤ ਤੋਂ ਸਖ਼ਤ ਗੱਲ ਨੂੰ ਵੀ ਨਰਮ ਲਫ਼ਜ਼ਾਂ ਅਤੇ ਕੋਮਲ ਸ਼ਬਦਾਂ ਵਿੱਚ ਕਹਿ ਜਾਣਾ ਇਸ ਵਿੱਚ ਉਸਤਾਦੀ ਗੁਣ ਸਮਝਿਆ ਜਾਂਦਾ ਹੈ। ਗ਼ਜ਼ਲ ਬਾਰੇ ਤਾਂ ਇਹੋ ਹੀ ਕਿਹਾ ਜਾ ਸਕਦਾ ਹੈ ਕਿ- ‘ਅੱਖ ਦੇ ਇਸ਼ਾਰੇ ਨਾਲ ਗੱਲ ਕਰ ਗਈ, ਕੁੜੀ ਪਟੋਲੇ ਵਰਗੀ।’

ਉਪਰੋਕਤ ਲੰਮੀ ਚਰਚਾ ਮੈਂ ਕੇਵਲ ਇਸ ਲਈ ਕੀਤੀ ਹੈ ਤਾਂ ਕਿ ਨਵੇਂ ਕਾਵਿ-ਸਿਖਿਆਰਥੀ ਚੰਗੀ ਤਰ੍ਹਾਂ ਸਮਝ ਜਾਣ ਕਿ ਕਵਿਤਾ, ਗੀਤ, ਵਾਰ ਅਤੇ ਗ਼ਜ਼ਲ ਆਦਿ ਸਿਨਫ਼ਾਂ ਕੀ ਹੁੰਦੀਆਂ ਹਨ? ਇਹਨਾਂ ਵਿੱਚ ਕਿਹੜੀਆਂ ਕਿਹੜੀਆਂ ਸਮਾਨਤਾਵਾਂ ਹੁੰਦੀਆਂ ਹਨ ਤੇ ਕਿਹੜੇ ਕਿਹੜੇ ਵਖਰੇਵੇਂ ਹੁੰਦੇ ਹਨ, ਜਿਨ੍ਹਾਂ ਕਰਕੇ ਇਹਨਾਂ ਨੂੰ ਅਲੱਗ-ਅਲੱਗ ਕਰਕੇ ਪਹਿਚਾਣਿਆਂ ਜਾ ਸਕਦਾ ਹੈ। ਇਹ ਪਹਿਚਾਣ ਹੋ ਜਾਣ ਤੋਂ ਮਗਰੋਂ ਕੋਈ ਸ਼ਾਇਰ ਗੀਤ, ਕਵਿਤਾ, ਖੁੱਲੀ ਕਵਿਤਾ ਅਤੇ ਵਾਰ ਉੱਤੇ ‘ਗ਼ਜ਼ਲ’ ਉਨਵਾਨ ਨਹੀਂ ਲਿਖੇਗਾ। ਘਟੋ ਘੱਟ ਮੈਂ ਤਾਂ ਇਸ ਹੀ ਆਸ ਨਾਲ ਇਹ ਲੇਖ ਖ਼ਤਮ ਕਰਦਾ ਹਾਂ।

-ਅਮਰਜੀਤ ਸਿੰਘ ਸੰਧੂ

========================================= ਸੋਧੋ

ਸੰਪਾਦਕੀ ਨੋਟ- ਉਪਰੋਕਤ ਲੇਖ ਵਿਚ ਅਮਰਜੀਤ ਸਿੰਘ ਸੰਧੂ ਹੁਰਾਂ ਨੇ ਕਵਿਤਾ ਦੇ ਵੱਖ-ਵੱਖ ਰੂਪਾਂ ਦੀ ਪਰਿਭਾਸ਼ਾ ਬਖੂਬੀ ਦਿੱਤੀ ਹੈ, ਜੋ ਨਵੇਂ ਕਵੀਆਂ ਅਤੇ ਪਾਠਕਾਂ ਨੂੰ ਕਵਿਤਾ ਦੇ ਇਨ੍ਹਾਂ ਰੂਪਾਂ ਨੂੰ ਸਮਝਣ ਵਿਚ ਬੇਹੱਦ ਸਹਾਈ ਹੋਣਗੀਆਂ। ਪੰਜਾਬੀ ਕਵਿਤਾ ਵਿਚ ਪ੍ਰਚਲਿੱਤ ਪ੍ਰਮੁੱਖ ਕਾਵਿ ਰੂਪਾਂ ਬਾਰੇ ਇਹ ਜਾਣਕਾਰੀ ਬਹੁਤ ਪ੍ਰੇਰਨਾਦਾਇਕ ਹੈ। ਸੰਧੂ ਹੁਰਾਂ ਮੁਤਾਬਿਕ (ਪੰਜਾਬੀ) ਕਾਵਿ ਤੇ ਉਪਰੋਕਤ ਰੂਪ ਹੀ ਕਾਵਿਕਤਾ ਦੀ ਹੱਦ ਵਿਚ ਆਉਂਦੇ ਹਨ, ਪਰੰਤੂ ਅੱਜ ਕੱਲ੍ਹ ਪ੍ਰਚਲਿੱਤ ਰੂਪਾਂ ਵਿਚੋਂ ਇਕ ਪ੍ਰਮੁੱਖ ਰੂਪ 'ਖੁੱਲੀ ਕਵਿਤਾ' ਦਾ ਵੀ ਹੈ। ਬਹੁਤ ਸਾਰੇ ਵਡੇਰੇ ਵਿਦਵਾਨਾਂ ਵਾਂਗ ਸੰਧੂ ਸਾਹਬ ਵੀ ਕਾਵਿਤਾ ਦੇ ਇਸ ਰੂਪ ਨੂੰ ਮਾਨਤਾ ਨਹੀਂ ਦਿੰਦੇ। ਇਹ ਵਿਸ਼ਾ ਸ਼ੁਰੂ ਤੋਂ ਬਹਿਸ ਦਾ ਮੁੱਦਾ ਰਿਹਾ ਹੈ। ਸੋ, ਅਸੀ ਸੰਧੂ ਹੁਰਾਂ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੇ ਲੇਖ ਤੋਂ ਵੱਖਰਾ ਇਕ ਨੋਟ 'ਖੁੱਲੀ ਕਵਿਤਾ' ਬਾਰੇ ਦੇ ਰਹੇ ਹਾਂ, ਤਾਂ ਜੋ ਪਾਠਕ ਖੁੱਲੀ ਕਵਿਤਾ ਬਾਰੇ ਵੀ ਲੋੜੀਂਦੀ ਜਾਣਕਾਰੀ ਹਾਸਿਲ ਕਰਨ ਸਕਣ। ਇਸ ਨੋਟ ਦਾ ਸੰਧੂ ਸਾਹਬ ਅਤੇ ਉਨ੍ਹਾਂ ਦੇ ਲੇਖ ਨਾਲ ਕੋਈ ਸੰਬੰਧ ਨਹੀਂ। ਇਹ ਸਾਡੇ ਨਿੱਜੀ ਵਿਚਾਰ ਹਨ। ਨਾ ਹੀ ਅਸੀ ਇਸ ਲੇਖ-ਲੜੀ ਵਿਚ ਇਸ ਵਿਸ਼ੇ ਤੇ ਕੋਈ ਬਹਿਸ ਸ਼ੁਰੂ ਕਰਨਾ ਚਾਹੁੰਦੇ ਹਾਂ, ਇਹ ਲੇਖ ਲੜੀ ਗ਼ਜ਼ਲ ਵਿਧਾ 'ਤੇ ਆਧਾਰਿਤ ਹੈ ਅਤੇ ਇਸਦੀਆਂ ਅਗਲੀਆਂ ਕਿਸਤਾਂ ਵਿਚ ਸਿਰਫ 'ਤੇ ਸਿਰਫ ਗ਼ਜ਼ਲ ਨਾਲ ਸੰਬੰਧਿਤ ਜਾਣਕਾਰੀ ਹੀ ਪ੍ਰਕਾਸ਼ਿਤ ਹੋਵੇਗੀ।

ਖੁੱਲੀ ਕਵਿਤਾ ਉੱਪਰ ਜਿਵੇਂ ਕਿ ਸੰਧੂ ਹੁਰਾਂ ਨੇ ਦੱਸਿਆ ਹੈ ਕਿ ਕਵਿਤਾ ਜਾਂ ਨਜ਼ਮ ਨਿਰਧਾਰਿਤ ਛੰਦਾ ਜਾਂ ਬਹਿਰ/ਵਜ਼ਨ ਵਿਚ ਲਿਖੀ ਜਾਂਦੀ ਹੈ। ਪੰਜਾਬ ਦੇ ਕਈ ਵੱਡੇ ਸ਼ਾਇਰਾਂ ਨੇ ਇਨ੍ਹਾਂ ਛੰਦਾ ਨੂੰ ਬਖੂਬੀ ਨਿਭਾਇਆ ਹੈ ਅਤੇ ਅੱਜ ਵੀ ਕਈ ਕਵੀ-ਸਾਹਿਬਾਨ ਕੁਝ ਖਾਸ ਛੰਦਾਂ (ਦੋਹਰੇ ਆਦਿ) ਵਿਚ ਕਵਿਤਾ ਲਿਖ ਰਹੇ ਹਨ। ਲਫ਼ਜ਼ਾਂ ਦਾ ਪੁਲ ਦਾ ਮੰਨਣਾ ਹੈ ਕਿ ਉਪਰੋਕਤ ਸਿਨਫਾਂ ਦੇ ਨਾਲ ਹੀ ਇਸ ਦੌਰ ਵਿਚ ਖੁੱਲੀ ਕਵਿਤਾ ਦਾ ਹੀ ਅਹਿਮ ਸਥਾਨ ਹੈ। ਗ਼ਜ਼ਲ ਦੇ ਹਾਮੀ ਉਸਤਾਦ ਖੁੱਲੀ ਕਵਿਤਾ ਤੋਂ ਗੁਰੇਜ਼ ਕਰਦੇ ਹਨ, ਫਿਰ ਵੀ ਖੁੱਲੀ ਕਵਿਤਾ ਨੇ ਪੰਜਾਬੀ ਵਿਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਕਵਿਤਾ ਵਿਚ ਕਾਫ਼ੀਆਂ-ਰਦੀਫ਼ (ਤੁਕਾਂਤ) ਨਿਭਾਉਣੇ ਲਾਜ਼ਮੀ ਨਹੀਂ, ਯਾਨਿ ਸਤਰ ਦੇ ਅਖੀਰ ਵਿਚ ਆਉਣ ਵਾਲੇ ਅੱਖਰਾਂ ਨੂੰ ਮਿਲਾਉਣਾ ਜਰੂਰੀ ਨਹੀਂ, ਇਸ ਦੇ ਬਾਵਜੂਦ ਲੈਅ-ਤਾਲ ਵਿਚ ਲਿਖੀ ਕਵਿਤਾ 'ਖੁੱਲੀ ਕਵਿਤਾ' ਅਖਵਾਉਂਦੀ ਹੈ। ਇਹ ਖੁੱਲੀ ਕਵਿਤਾ ਦੀ ਹੁਣ ਤੱਕ ਪ੍ਰਚਲਿੱਤ ਪਰਿਭਾਸ਼ਾ ਹੈ। ਚਰਚਿਤ ਆਲੋਚਕ ਡਾ. ਗੁਰੂਮੇਲ ਸਿੱਧੂ ਆਪਣੀ ਕਿਤਾਬ 'ਖੁੱਲੀ ਕਵਿਤਾ ਦੇ ਮਾਪਦੰਡ' ਵਿਚ ਉਪਰੋਕਤ ਪਰਿਭਾਸ਼ਾ ਨੂੰ ਅਧੂਰੀ ਮੰਨਦੇ ਹੋਏ, ਖੁੱਲੀ ਕਵਿਤਾ ਦੇ ਆਲਮੀ ਨਿਕਾਸ ਅਤੇ ਵਿਕਾਸ ਦੇ ਇਤਿਹਾਸ ਦੀ ਪੜ੍ਹਚੋਲ ਕਰਦਿਆਂ, ਇਸ ਦੀ ਪਰਿਭਾਸ਼ਾ ਇੰਝ ਦੱਸਦੇ ਹਨ।

"ਖੁੱਲੀ ਕਵਿਤਾ ਦੀ ਛੰਦਤਾ (ਛੰਦ-ਬੱਧਤਾ) ਸੰਖਿਆਵਾਦੀ ਰੀਤੀਆਂ ਤੋਂ ਮੁਕਤ ਤੋਲਬੱਧ ਸਤਰਾਂ ਦੇ ਸੰਗਠਨ ਦੀ ਵਿਉਂਤਬੰਦੀ 'ਤੇ ਆਧਾਰਤ ਹੈ।" (ਖੁੱਲੀ ਕਵਿਤਾ ਦੇ ਮਾਪਦੰਡ-ਪੰਨਾ 166)

ਯਾਨੀ 'ਖੁੱਲੀ-ਕਵਿਤਾ' ਦੀ ਹਰ ਇਕ ਸਤਰ ਸੁਤੰਤਰ ਤੌਰ ਤੇ ਇਕ ਤੋਲ (ਜੋ ਪ੍ਰਚਲਿੱਤ ਤੋਲਾਂ ਦੇ ਬਰਾਬਰ ਜਾਂ ਨੇੜੇ-ਤੇੜੇ ਹੁੰਦੇ ਹਨ) ਵਿਚ ਬੱਝੀ ਹੋਈ ਹੈ, ਪਰ ਪ੍ਰਚਲਿੱਤ ਗਿਣਤੀ ਆਧਾਰਿਤ ਛੰਦਾ ਦੀ ਪਰੰਪਰਾ ਤੋਂ ਮੁਕਤ ਹੈ। । ਇਨ੍ਹਾਂ ਵੱਖ-ਵੱਖ ਤੋਲਾਂ ਵਾਲੀਆਂ (ਤੋਲਬੱਧ) ਸਤਰਾਂ ਦਾ ਸੰਗਠਿਤ ਸਮੂਹ ਖੁੱਲੀ ਕਵਿਤਾ ਅਖਵਾਉਂਦਾ ਹੈ। ਪ੍ਰੋ. ਪੂਰਨ ਸਿੰਘ ਨੇ ਪੰਜਾਬੀ ਵਿਚ 'ਖੁੱਲੀ ਕਵਿਤਾ' ਦੀ ਨੀਂਹ ਰੱਖੀ, ਜਿਸ ਤੋਂ ਬਾਅਦ ਦੀਵਾਨ ਸਿੰਘ ਕਾਲੇਪਾਣੀ, ਡਾ. ਜਸਬੀਰ ਸਿੰਘ ਆਹਲੂਵਾਲੀਆ, ਹਰਿਭਜਨ ਸਿੰਘ, ਰਵਿੰਦਰ ਰਵੀ, ਪ੍ਰੋ. ਮੋਹਨ ਸਿੰਘ, ਪ੍ਰੀਤਮ ਸਿੰਘ ਸਫ਼ੀਰ, ਅੰਮ੍ਰਿਤਾ ਪ੍ਰੀਤਮ, ਸੋਹਣ ਸਿੰਘ ਮੀਸ਼ਾ, ਜਗਤਾਰ ਨੇ ਵੀ ਬਾ-ਕਮਾਲ ਖੁੱਲੀਆਂ ਕਵਿਤਾਵਾਂ ਰਚੀਆਂ। ਅੱਜ ਦੇ ਦੌਰ ਵਿਚ ਡਾ. ਸੁਰਜੀਤ ਪਾਤਰ, ਮੋਹਨਜੀਤ, ਪ੍ਰਮਿੰਦਰਜੀਤ ਅਤੇ ਡਾ. ਗੁਰੂਮੇਲ ਸਿੱਧੂ ਵਰਗੇ ਵਿਦਵਾਨ ਕਵੀ ਵੀ ਇਸ ਵਿਧਾ ਵਿਚ ਲਿਖ ਰਹੇ ਹਨ। ਇਸ ਸੂਚੀ ਵਿਚ ਹੋਰ ਵੀ ਕਈ ਚਰਚਿਤ ਨਾਮ ਸ਼ਾਮਿਲ ਹਨ, ਜੋ ਨਵੀਂ ਪੀੜੀ ਤੱਕ ਅੱਪੜਦੇ ਹਨ।

Gurjant Takipur (ਗੱਲ-ਬਾਤ) 14:04, 1 ਮਈ 2017 (UTC)Reply

ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਸੋਧੋ

ਸਿੱਖ ਕੌਮ ਦਾ ਗੌਰਵਮਈ ਵਿਦਵਾਨ ਪੰਥ ਰਤਨ ਗਿਆਨੀ ਦਿੱਤ ਸਿੰਘ

6 ਸਤੰਬਰ 1901 ਨੂੰ ਸਿੰਘ ਸਭਾ ਲਾਹੌਰ ਦੇ ਮੋਢੀ, ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਖਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ ਸੰਸਥਾਪਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, 71 ਪੁਸਤਕਾਂ ਦੇ ਲਿਖਾਰੀ, ਆਰੀਆ ਸਮਾਜ ਦੇ ਮੋਢੀ ਸਵਾਮੀ ਦਯਾਨੰਦ ਨੂੰ ਲਗਾਤਾਰ 3 ਧਰਮ ਬਹਿਸਾਂ ਵਿੱਚ ਮਾਤ ਦੇਣ ਵਾਲੇ ਵਡੇਰੇ ਕੱਦ ਦੇ ਸਮਾਜ ਸੁਧਾਰਕ ਤੇ ਸਿੱਖ ਕੌਮ ਦੇ ਅਤੀ ਮਾਣਮੱਤੇ ਵਿਦਵਾਨ ਪੰਥ ਰਤਨ ਭਾਈ ਦਿੱਤ ਸਿੰਘ ਗਿਆਨੀ ਦੀ ਮੌਤ ਉਪਰੰਤ ਉਸ ਸਮੇਂ ਦੇ ਵਿਦਵਾਨਾਂ, ਲੇਖਕਾਂ ਤੇ ਪੱਤਰਕਾਰਾਂ ਨੇ ਆਪਣੀ-ਆਪਣੀ ਕਲਮ ਰਾਹੀਂ ਜੋ ਗਹਿਰੇ ਦੁੱਖ ਦੇ ਪ੍ਰਗਟਾਵੇ ਵਾਲੇ ਕੀਰਨੇ ਪਾਏ ਸਨ ਤਾਂ ਉਸ ਸਮੇਂ ਦੀਆਂ ਸਿੱਖ ਸੰਗਤਾਂ ਨੂੰ ਜ਼ਰੂਰ ਇਹ ਲੱਗਿਆ ਹੋਵੇਗਾ ਕਿ ਗਿਆਨੀ ਦਿੱਤ ਸਿੰਘ ਦੀ ਯਾਦ ਨੂੰ ਹਮੇਸ਼ਾ-ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਰੱਖਿਆ ਜਾਵੇਗਾ। ਪਰ ਜਲਦੀ ਹੀ ਸਮੇਂ ਦੀ ਰਫਤਾਰ ਦੇ ਨਾਲ-ਨਾਲ ਇਸ ਗੌਰਵਮਈ ਵਿਦਵਾਨ ਨੂੰ ਭੁਲਾਇਆ ਜਾਣ ਲੱਗਿਆ। ਇਸ ਤਰ੍ਹਾਂ ਉਸ ਦੀ ਮੌਤ ’ਤੇ ਪਾਏ ਕੀਰਨੇ ਸਿਰਫ ਤੇ ਸਿਰਫ ਕਾਗਜ਼ਾਂ ਦੇ ਪੰਨਿਆਂ ਤੱਕ ਹੀ ਸੀਮਤ ਰਹਿ ਗਏ। ਇੰਨੇ ਵੱਡੇ ਵਿਦਵਾਨ, ਸਾਹਿਤਕਾਰ, ਸਮਾਜ ਸੁਧਾਰਕ ਤੇ ਕੌਮ ਦੇ ਮਸੀਹੇ ਦੀ ਕੋਈ ਵੱਡੀ ਤਾਂ ਕੀ ਛੋਟੀ ਯਾਦਗਾਰ ਵੀ ਨਹੀਂ ਬਣਾਈ ਗਈ, ਸਿੱਖੀ ਦੇ ਪੁਨਰ ਵਿਕਾਸ ਲਈ ਪਾਏ ਅਤਿਅੰਤ ਯੋਗਦਾਨ ਨੂੰ ਮੂਲੋਂ ਹੀ ਵਿਸਾਰ ਦਿੱਤਾ। ਸਿੱਖ ਕੌਮ ਦੀ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਇਹ ਆਪਣੇ ਹੀਰਿਆਂ ਨੂੰ ਜਲਦੀ ਹੀ ਭੁੱਲ ਜਾਂਦੀ ਹੈ। ਇਤਿਹਾਸ ਦੇ ਪੰਨੇ ਫਰੋਲਦਿਆਂ ਇਹ ਸਹਿਜੇ ਹੀ ਪਤਾ ਚੱਲ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ (1839) ਵੇਲੇ ਸਿੱਖਾਂ ਦੀ ਕੁੱਲ ਗਿਣਤੀ ਇੱਕ ਕਰੋੜ ਤੋਂ ਵੱਧ ਸੀ ਜੋ ਕਿ 1861 ਦੀ ਮਰਦਮਸ਼ੁਮਾਰੀ ਸਮੇਂ 18 ਲੱਖ 70 ਹਜ਼ਾਰ ਰਹਿ ਗਈ ਸੀ। ਸਿੱਖ ਵਿਦਵਾਨਾਂ ਲਈ ਇਹ ਇੱਕ ਚੁਣੌਤੀ ਸੀ ਕਿ ਦਿਨ ਪ੍ਰਤੀ ਦਿਨ ਸਿੱਖ, ਇਸਾਈ ਧਰਮ ਅਪਣਾਉਣ ਲੱਗ ਪਏ ਸਨ। ਇਸਾਈਆਂ ਦੇ ਧੜਾਧੜ ਪ੍ਰਚਾਰ ਦੀ ਬਦੌਲਤ ਸਿੱਖ ਆਪਣਾ ਧਰਮ ਬਦਲ ਕੇ ਇਸਾਈ ਬਣਦੇ ਜਾ ਰਹੇ ਸਨ। ਇਤਿਹਾਸ ਦੇ ਪੰਨੇ ਫਰੋਲਦਿਆਂ ਇੱਕ ਯੁੱਗ ਪਲਟਾਊ ਘਟਨਾ ਦਾ ਜ਼ਿਕਰ ਆਉਂਦਾ ਹੈ ਕਿ ਅੰਮ੍ਰਿਤਸਰ ਵਿਖੇ ਮਿਸ਼ਨ ਸਕੂਲ ਦੇ ਚਾਰ ਅਮੀਰ ਸਿੱਖ ਘਰਾਣਿਆਂ ਦੇ ਲੜਕਿਆਂ ਨੇ ਇਸਾਈ ਬਣਨ ਦੀ ਇੱਛਾ ਪ੍ਰਗਟ ਕਰ ਦਿੱਤੀ ਸੀ। ਇਸ ਘਟਨਾ ਨੇ ਸਿੱਖੀ ਦੇ ਅਲੰਬਰਦਾਰਾਂ ਦੇ ਹਿਰਦਿਆਂ ਨੂੰ ਹਲੂਣ ਕੇ ਰੱਖ ਦਿੱਤਾ ਸੀ। ਇਸ ਦੇ ਨਤੀਜੇ ਵਜੋਂ ਸਿੰਘ ਸਭਾ ਅੰਮ੍ਰਿਤਸਰ ਹੋਂਦ ਵਿੱਚ ਆਈ। ਗਿਆਨੀ ਦਿੱਤ ਸਿੰਘ ਤੇ ਪ੍ਰੋ. ਗੁਰਮੁਖ ਸਿੰਘ ਇਸ ਦੇ ਕ੍ਰਮਵਾਰ ਦਫਤਰ ਇੰਚਾਰਜ ਤੇ ਸਕੱਤਰ ਸਨ। ਜਲਦੀ ਹੀ ਸਿੰਘ ਸਭਾ ਅੰਮ੍ਰਿਤਸਰ ਆਪਣੇ ਉਦੇਸ਼ਾਂ ਤੋਂ ਭਟਕ ਗਈ। ਪ੍ਰੋ. ਗੁਰਮੁੱਖ ਸਿੰਘ ਤੇ ਗਿਆਨੀ ਦਿੱਤ ਸਿੰਘ ਨੇ ਸਿੱਖ ਕੌਮ ਦੀ ਲੀਹੋਂ ਉੱਤਰੀ ਗੱਡੀ ਨੂੰ ਮੁੜ ਲੀਹ ’ਤੇ ਲਿਆਉਣ ਦੀ ਕਸਮ ਖਾਧੀ ਹੋਈ ਸੀ। ਇਸ ਲਈ 1879 ਵਿੱਚ ਸਿੰਘ ਸਭਾ ਲਾਹੌਰ ਬਣਾਈ। ਇਸ ਸਿੰਘ ਸਭਾ ਦਾ ਪੂਰੀ ਦੁਨੀਆਂ ਵਿੱਚ ਬੋਲ-ਬਾਲਾ ਹੋ ਗਿਆ ਤੇ ਪੂਰੇ ਭਾਰਤ ਵਿੱਚ ਲਗਪਗ 3000 (ਤਿੰਨ ਹਜ਼ਾਰ) ਸਿੰਘ ਸਭਾਵਾਂ ਬਣ ਗਈਆਂ ਸਨ। ਸਿੰਘ ਸਭਾ ਲਾਹੌਰ ਦੇ ਮੁੱਖ ਉਦੇਸ਼ ਜਿਵੇਂ (ਸਿੱਖੀ ਦੀ ਮੁੜ ਸੁਰਜੀਤੀ, ਸਿਰਫ ਤੇ ਸਿਰਫ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਵਹਿਮਾਂ-ਭਰਮਾਂ, ਮੜ੍ਹੀ-ਮਸਾਣਾਂ, ਗੁਰੂ ਡੰਮ, ਫੋਕੇ ਕਰਮ-ਕਾਂਡਾਂ ਆਦਿ) ਸਮਾਜਿਕ ਬੁਰਾਈਆ ਦੇ ਖ਼ਿਲਾਫ਼ ਜੰਗ ਸ਼ੁਰੂ ਕਰਨਾ, ਸਿੱਖਿਆ ਦਾ ਪ੍ਰਸਾਰ ਕਰਨਾ ਆਦਿ ਮੁੱਖ ਸਨ। ਗਿਆਨੀ ਦਿੱਤ ਸਿੰਘ ਹੁਰਾਂ ਨੇ ਵੱਖ-ਵੱਖ ਵਿਸ਼ਿਆਂ ’ਤੇ ਲਗਪਗ 71 ਪੁਸਤਕਾਂ ਲਿਖ ਕੇ, ਖਾਲਸਾ ਅਖਬਾਰ ਲਾਹੌਰ ਦੇ ਜ਼ਰੀਏ ਅਤੇ ਸਟੇਜਾਂ ’ਤੇ ਧੁੂੰਆਂ-ਧਾਰ ਪ੍ਰਚਾਰ ਕਰਦੇ ਹੋਏ ਉਪਰੋਕਤ ਉਦੇਸ਼ਾਂ ਦੀ ਪੂਰਤੀ ਲਈ ਸਿਰ-ਤੋੜ ਯਤਨ ਆਰੰਭ ਕਰ ਦਿੱਤੇ ਤੇ ਆਖਰੀ ਸਾਹ ਤੱਕ ਸੰਘਰਸ਼ ਕਰਦੇ ਰਹੇ। ਆਪਣੇ ਇਸ ਕਾਰਜ ਵਿੱਚ ਕਾਫੀ ਹੱਦ ਤੱਕ ਸਫਲਤਾ ਵੀ ਪ੍ਰਾਪਤ ਕੀਤੀ ਸੀ। ਪਰ ਉਨ੍ਹਾਂ ਦੀ ਮੌਤ ਉਪਰੰਤ ਹਾਲਾਤ ਹੌਲੀ-ਹੌਲੀ ਉਸੀ ਤਰ੍ਹਾਂ ਦੇ ਹੋ ਗਏ ਹਨ ਜਿਹੋ ਜਿਹੇ ਉਸ ਸਮੇਂ ਸਨ। ਗਿਆਨੀ ਦਿੱਤ ਸਿੰਘ ਦੇ ਜੀਵਨ ਦੀਆਂ ਕੁਝ ਅਹਿਮ ਘਟਨਾਵਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਤਾਂ ਕਿ ਪਤਾ ਲੱਗ ਸਕੇ ਉਨ੍ਹਾਂ ਨੇ ਸਿੱਖੀ ਲਈ ਤੇ ਸਮਾਜ ਲਈ ਕੀ-ਕੀ ਕੀਤਾ। ਜਦੋਂ ਜੋੜਿਆਂ ’ਚ ਬੈਠ ਕੇ ਪ੍ਰਸ਼ਾਦ ਲੈਣਾ ਪੈਂਦਾ ਸੀ:- ਫਿਰੋਜ਼ਪੁਰ ਵਿਖੇ ਗੁਰੂਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਗਿਆਨੀ ਜੀ ਹਰ ਮਹੀਨੇ ਭਾਸ਼ਣ ਦੇਣ ਆਇਆ ਕਰਦੇ ਸਨ। ਗੁਰੂਦੁਆਰੇ ਅੰਦਰ ਇੱਕ ਥੜੇ ’ਤੇ ਖੜ੍ਹ ਕੇ ਉਹ ਲੈਕਚਰ ਦਿਆ ਕਰਦੇ ਸਨ, ਪਰ ਜਦੋਂ ਦੇਗ ਵਰਤਾਈ ਜਾਂਦੀ ਸੀ ਤਾਂ ਉਨ੍ਹਾਂ ਨੂੰ ਥੜੇ ਦੇ ਹੇਠਾਂ ਜੋੜਿਆਂ ਵਿੱਚ ਬਹਿ ਕੇ ਦੇਗ ਲੈਣੀ ਪੈਂਦੀ ਸੀ। ਧੰਨ ਸਨ ਗਿਆਨੀ ਦਿੱਤ ਸਿੰਘ, ਇਨ੍ਹਾਂ ਹਾਲਾਤਾਂ ਵਿੱਚ ਵੀ ਅਗਲੇ ਮਹੀਨੇ ਫੇਰ ਲੈਕਚਰ ਦੇਣ ਆਉਂਦੇ ਸਨ। ਉਪਰੋਕਤ ਘਟਨਾ ਉਪਰੰਤ ਪ੍ਰੋ. ਗੁਰਮੁਖ ਸਿੰਘ ਨੂੰ 18 ਮਾਰਚ 1888 ਵਿੱਚ ਪੰਥ ਤੋਂ ਛੇਕ ਦਿੱਤਾ ਸੀ। ਮੁੜ 1895 ਵਿੱਚ ਮਰਨ ਉਪਰੰਤ ਇੱਕ ਹੁਕਮਨਾਮੇ ਰਾਹੀਂ ਵਾਪਸ ਪੰਥ ਵਿੱਚ ਲਿਆ ਗਿਆ ਸੀ। ਉਸ ਸਮੇਂ ਗਿਆਨੀ ਦਿੱਤ ਸਿੰਘ ਨੇ ‘ਸਵਪਨ’ ਨਾਂ ਦਾ ਨਾਟਕ ਲਿਖਿਆ, ਜੋ ਬਾਬੇ ਬੇਦੀ ਵਰਗਿਆਂ ’ਤੇ ਇੱਕ ਵਿਅੰਗ ਸੀ। ਗਿਆਨੀ ਜੀ ’ਤੇ ਮੁਕੱਦਮਾ ਚਲਾਇਆ ਗਿਆ ਤੇ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ 51 ਰੁਪਏ ਜੁਰਮਾਨਾ ਕਰ ਦਿੱਤਾ ਸੀ ਪਰ ਉਪਰਲੀ ਅਦਾਲਤ ਨੇ ਅਪੀਲ ਉਪਰੰਤ ਇਹ ਜੁਰਮਾਨਾ ਮੁਆਫ ਕਰਕੇ ਗਿਆਨੀ ਜੀ ਨੂੰ ਬਰੀ ਕਰ ਦਿੱਤਾ ਸੀ। ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਸਿੰਘ ਸਭਾ ਲਾਹੌਰ ਦੀ ਘਾਲਣਾ ਦਾ ਹੀ ਨਤੀਜਾ ਹੈ। ਗਿਆਨੀ ਦਿੱਤ ਸਿੰਘ ਆਖਰੀ ਸਮੇਂ ਤੱਕ ਇਸ ਦੀ ਵਰਕਿੰਗ ਕਮੇਟੀ ਦੇ ਮੈਂਬਰ ਰਹੇ। ਕਾਲਜ ਲਈ ਪੰਜਾਬੀ ਦੀਆਂ ਪਾਠ ਪੁਸਤਕਾਂ ਗਿਆਨੀ ਦਿੱਤ ਸਿੰਘ ਦੁਆਰਾ ਲਿਖੀਆਂ ਗਈਆਂ ਸਨ। 1905 ਤੋਂ ਅੱਜ ਤੱਕ ਇਸ ਕਾਲਜ ਵੱਲੋਂ ਹਰ ਸਾਲ ਪਹਿਲੇ ਨੰਬਰ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਗਿਆਨੀ ਦਿੱਤ ਸਿੰਘ ਗੋਲਡ ਮੈਡਲ ਦਿੱਤਾ ਜਾਂਦਾ ਹੈ। ਇਸ ਦੀ ਉਸਾਰੀ ਮੌਕੇ ਮਾਇਆ ਇਕੱਠੀ ਕਰਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਦਿਆਲ ਸਿੰਘ ਮਜੀਠੀਏ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਬਿਲਡਿੰਗ ’ਤੇ ਸਾਰਾ ਖਰਚਾ ਮੈਂ ਕਰਾਂਗਾ ਪਰ ਸ਼ਰਤ ਹੈ ਕਿ ਕਾਲਜ ਦਾ ਨਾਂ ਮੇਰੇ ਨਾਂ ’ਤੇ ਰੱਖਿਆ ਜਾਵੇ। ਗਿਆਨੀ ਦਿੱਤ ਸਿੰਘ ਤੇ ਪ੍ਰੋ. ਗੁਰਮੁਖ ਸਿੰਘ ਨੇ ਇਸ ਸ਼ਰਤ ਦਾ ਡੱਟ ਕੇ ਵਿਰੋਧ ਕੀਤਾ ਤੇ ਇਸ ਕਾਲਜ ਦਾ ਨਾਂ ਖਾਲਸਾ ਕਾਲਜ ਹੀ ਰੱਖਣ ਲਈ ਸਫਲ ਹੋਏ ਤੇ ਮਾਇਆ ਇਲਾਕੇ ਵਿਚੋਂ ਘਰ-ਘਰ ਜਾ ਕੇ ਇਕੱਤਰ ਕੀਤੀ ਤੇ 1893 ਵਿੱਚ ਇਹ ਕਾਲਜ ਮਿਡਲ ਸਕੂਲ ਦੇ ਰੂਪ ਵਿੱਚ ਸ਼ੁਰੂ ਹੋ ਗਿਆ ਸੀ। ਆਰੀਆ ਸਮਾਜ ਦੀ ਨੀਂਹ ਸਵਾਮੀ ਦਇਆ ਨੰਦ ਵੱਲੋਂ 10 ਅਪਰੈਲ 1875 ਨੂੰ ਬੰਬਈ ਵਿਖੇ ਰੱਖੀ ਗਈ ਤੇ ਉਹ 1877 ਵਿੱਚ ਇਸ ਦੇ ਪ੍ਰਚਾਰ ਲਈ ਪੰਜਾਬ ਆਏ। ਇਸ ਫੇਰੀ ਦੌਰਾਨ ਗਿਆਨੀ ਜੀ ਨੇ ਤਿੰਨ ਵਾਰੀ ਤਿੰਨ ਵੱਖ-ਵੱਖ ਵਿਸ਼ਿਆਂ ’ਤੇ ਸਵਾਮੀ ਦਇਆ ਨੰਦ ਨਾਲ ਬਹਿਸਾਂ ਕੀਤੀਆਂ ਤੇ ਤਿੰਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਪਹਿਲੀ ਬਹਿਸ ਜਗਤ ਦਾ ਕਰਤਾ ਕੌਣ ਹੈ? 19 ਅਪਰੈਲ 1877 ਨੂੰ। ਦੂਜੀ 24 ਤੋਂ 27 ਅਪਰੈਲ 1877 ਨੂੰ। ਵੇਦਾਂ ਦਾ ਕਰਤਾ ਈਸ਼ਵਰ ਨਹੀਂ ਦੇ ਵਿਸ਼ੇ ’ਤੇ ਅਤੇ ਤੀਜੀ ਬਹਿਸ 24 ਤੋਂ 27 ਜੂਨ 1877 ਤੱਕ ਮੁਕਤੀ ਦਾ ਸਰੂਪ ਕਿਆ ਹੈ ਵਿਸ਼ੇ ’ਤੇ ਹੋਈ। ਇਨ੍ਹਾਂ ਜਿੱਤਾਂ ਨਾਲ ਗਿਆਨੀ ਜੀ ਦੀ ਵਿਦਵਤਾ ਦੀ ਚਾਰੇ ਪਾਸੇ ਧੂੰਮ ਮੱਚ ਗਈ ਸੀ। ਬਾਅਦ ਵਿੱਚ ਗਿਆਨੀ ਜੀ ਨੇ ਇਨ੍ਹਾਂ ਬਹਿਸਾਂ ਨੂੰ ਕਿਤਾਬੀ ਰੂਪ ਦਿੱਤਾ, ਜਿਸ ਦਾ ਨਾਮ ਸੀ ਉਮੇਰਾ ਤੇ ਸਾਧੂ ਦਯਾਨੰਦ ਦਾ ਸੰਬਾਦ। ਇਸ ਨਾਲ ਸਿੱਖ ਹਲਕਿਆਂ ਵਿੱਚ ਗਿਆਨੀ ਜੀ ਦੀ ਧਾਕ ਜਮ ਗਈ ਸੀ। ਅੱਜ ਵੀ ਇਸ ਪੁਸਤਕ ਨੂੰ ਹਰ ਸਿੱਖ ਪੜ੍ਹਨ ਦੀ ਤੀਬਰ ਇੱਛਾ ਰੱਖਦਾ ਹੈ। ਸਮਾਜ ਵਿੱਚ ਫੈਲੀਆਂ ਅਨੇਕਾਂ ਤਰ੍ਹਾਂ ਦੀਆਂ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਗੁੱਗਾ ਗਪੌੜਾ, ਸੁਲਤਾਨ ਪੁਆੜਾ, ਨਕਲੀ ਸਿੱਖ ਪ੍ਰਬੋਧ, ਮੀਰਾਂ ਮਨੌਤ, ਆਰਤੀ ਪ੍ਰਬੋਧ, ਪੰਮਾ ਪ੍ਰਬੋਧ, ਡਰਪੋਕ ਸਿੰਘ ਦਲੇਰ ਸਿੰਘ, ਦੰਭ ਬਿਦਾਰਨ, ਗੁਰਮਤਿ ਆਰਤੀ ਪ੍ਰਬੋਧ, ਧਰਮ ਦਰਪਣ ਆਦਿ ਲਿਖੀਆਂ। ‘ਦੁਰਗਾ ਪ੍ਰਬੋਧ’ ਨਾਮੀ ਆਪਣੀ ਸ਼ਾਹਕਾਰ ਰਚਨਾ ਰਾਹੀਂ ਇਸ ਪ੍ਰਚਲਾ ਕਹਾਣੀ ਨੂੰ ਝੁਠਲਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਸਨ। ਇਸ ਤਰ੍ਹਾਂ ਭਲੀ-ਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਸਿੱਖ ਕੌਮ ਦੇ ਬਹੁਤ ਹੀ ਮਾਣ ਮੱਤੇ ਵਿਦਵਾਨ ਸਨ ਪਰ ਕੌਮ ਨੇ ਉਨ੍ਹਾਂ ਨੂੰ ਬਿਲਕੁਲ ਹੀ ਭੁਲਾ ਦਿੱਤਾ ਹੈ। 2001 ਵਿੱਚ ਉਨ੍ਹਾਂ ਦੀ 100 ਸਾਲਾ ਯਾਦ ਸਮੇਂ ਨਸੀਬ ਸਿੰਘ ਸੇਵਕ ਦੀ ਪ੍ਰਧਾਨਗੀ ਹੇਠ ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ (ਰਜਿ.) ਬਣਾਈ ਗਈ ਜਿਸ ਨੇ ਗਿਆਨੀ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਯਤਨ ਆਰੰਭੇ ਹੋਏ ਹਨ ਤੇ ਉਨ੍ਹਾਂ ਦੀ ਸੋਚ ਨੂੰ ਘਰ-ਘਰ ਪੁੱਜਦਾ ਕਰਨ ਲਈ ਸਿਰ ਤੋੜ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਲੜੀ ਤਹਿਤ ਪਿਛਲੇ 3 ਸਾਲਾਂ ਤੋਂ ਉਨ੍ਹਾਂ ਦੇ ਨਾਂ ’ਤੇ ਮਹੀਨਾਵਾਰ ਪੰਜਾਬੀ ਮੈਗਜ਼ੀਨ ਉਭਾਈ ਦਿੱਤ ਸਿੰਘ ਪੱਤ੍ਰਿਕਾ ਲਗਾਤਾਰ ਛੱਪ ਰਹੀ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਪ੍ਰਕਾਸ਼ਿਤ ਖਾਲਸਾ ਅਖ਼ਬਾਰ ਲਾਹੌਰ ਤੇ ਖਾਸ-ਖਾਸ ਰਚਨਾਵਾਂ ਦੀਆਂ ਵੰਨਗੀਆਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਜਿਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਖਾਸ ਹੁੰਗਾਰਾ ਮਿਲ ਰਿਹਾ ਹੈ। ਇਸ ਨਿਮਾਣੇ ਜਿਹੇ ਹੰਭਲੇ ਨਾਲ ਇਕ ਸਦੀ ਪਿੱਛੋਂ ਭਾਵੇਂ ਦੇਰ ਆਏ ਦਰੁਸਤ ਆਏ ਮੁਤਾਬਕ ਵਿਸ਼ਵ ਭਰ ਦੀਆਂ ਸਮੂਹ ਸੰਗਤਾਂ ਵਿੱਚ ਕਾਫੀ ਜਾਗ੍ਰਿਤੀ ਆਈ ਹੈ। ਬਹੁਤ ਸਾਰੇ ਗਿਆਨੀ ਜੀ ਦੀ ਸੋਚ ਨਾਲ ਜੁੜੇ ਹਨ, ਉਨ੍ਹਾਂ ਦੇ ਸਾਹਿਤ ਤੋਂ ਜਾਣੂ ਹੋਏ ਹਨ, ਕੌਮ ਲਈ, ਸਮਾਜ ਲਈ, ਕੀਤੇ ਵਡੇਰੇ ਕਾਰਜਾਂ ਪ੍ਰਤੀ ਜਾਣਕਾਰੀ ਪ੍ਰਾਪਤ ਹੋਈ ਹੈ। ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਸੰਦੀਪ ਕੌਰ ਤੇ ਡਾ. ਸੁਰਿੰਦਰ ਕੌਰ ਭਾਟੀਆ ਨੇ ਗਿਆਨੀ ਜੀ ਦੇ ਨਾਂ ’ਤੇ ਪੀਐਚ.ਡੀ ਕਰ ਲਈ ਹੈ। ਕਈ ਯੂਨੀਵਰਸਿਟੀਆਂ ਖਾਸ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਤੇ ਹੋਰ ਕਈ ਯੂਨੀਵਰਸਿਟੀਆਂ ਵਿੱਚ ਅੱਜ-ਕੱਲ੍ਹ ਬਹੁਤ ਸਾਰੇ ਵਿਦਿਆਰਥੀ ਐਮ.ਫਿਲ. ਕਰ ਰਹੇ ਹਨ। ਇਸ ਤੋਂ ਬਿਨਾਂ ਗਿਆਨੀ ਦਿੱਤ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਨਾਂ ’ਤੇ ਬਹੁਤ ਸਾਰੀਆਂ ਲਾਇਬਰੇਰੀਆਂ, ਗੁਰਦੁਆਰੇ, ਸਕੂਲ, ਸੰਸਥਾਵਾਂ, ਸਾਹਿਤ ਸਭਾਵਾਂ, ਨੌਜੁਆਨ ਸਭਾਵਾਂ ਅਤੇ ਆਡੀਟੋਰੀਅਮ ਆਦਿ ਬਣੇ ਹਨ, ਪਰ ਇਹ ਕਾਫੀ ਨਹੀਂ। ਫਿਰ ਵੀ ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਪੂਰੀ ਸਦੀ ਅਣਗੌਲੇ ਕੀਤੇ ਗਏ ਇਸ ਮਹਾਨ ਸਿੱਖ ਵਿਦਵਾਨ ਦੀ ਅਤੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਵੀ ਹਾਲਾਤ ਠੀਕ ਉਸੇ ਤਰ੍ਹਾਂ ਦੇ ਹਨ ਜੋ ਗਿਆਨੀ ਦਿੱਤ ਸਿੰਘ ਦੇ ਸਮੇਂ ਵਿੱਚ ਸਨ। ਸਮੇਂ ਦੀ ਮੰਗ ਹੈ ਕਿ ਧਾਰਮਿਕ ਸਿੱਖ ਸੰਸਥਾਵਾਂ ਤੇ ਸ਼੍ਰੋਮਣੀ ਕਮੇਟੀ, ਗਿਆਨੀ ਦਿੱਤ ਸਿੰਘ ਦੀਆਂ ਯਾਦਗਾਰਾਂ ਸਥਾਪਿਤ ਕਰਨ, ਉਨ੍ਹਾਂ ਦਾ ਸਾਹਿਤ ਮੁੜ ਪ੍ਰਕਾਸ਼ਤ ਕਰਕੇ ਲੋਕਾਂ ਵਿੱਚ ਪੁੱਜਦਾ ਕਰਨ। ਕੌਮ ਦੇ ਇਸ ਲਾਸਾਨੀ ਵਿਦਵਾਨ ਦੇ ਪਿਛੋਕੜ ਤੋਂ ਪਤਾ ਚਲਦਾ ਹੈ ਇਨ੍ਹਾਂ ਦਾ ਜਨਮ 21 ਅਪਰੈਲ 1850 ਪਿੰਡ ਕਲੌੜ (ਨੰਦਪੁਰ) ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਮਾਤਾ ਰਾਮ ਕੌਰ ਤੇ ਪਿਤਾ ਦੀਵਾਨ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ। ਪਿਤਾ ਸਾਧੂ ਸੁਭਾਅ ਦੇ ਸਨ ਤੇ ਕੱਪੜਾ ਬੁਣ ਕੇ ਘਰ ਦਾ ਗੁਜ਼ਾਰਾ ਕਰਦੇ ਸਨ। 8 ਸਾਲ ਦੀ ਉਮਰ ਵਿੱਚ ਗਿਆਨ ਦੀ ਪ੍ਰਾਪਤੀ ਲਈ ਪਿੰਡ ਤਿਊੜ ਨੇੜੇ ਖਰੜ ਮੁਹਾਲੀ ਵਿਖੇ ਗੁਲਾਬਦਾਸੀਆਂ ਦੇ ਡੇਰੇ ਪੁੱਜ ਗਏ ਸਨ ਜਿੱਥੇ ਕਿ ਉਨ੍ਹਾਂ ਨੇ ਸ੍ਰੀ ਗੁਰੂ ਸ੍ਰੰਥ ਸਾਹਿਬ ਜੀ ਵਿਚਲੀ ਬਾਣੀ ਦੀ ਸਮੀਖਿਆ ਲਈ ਪੰਜਾਬੀ, ਹਿੰਦੀ, ਉਰਦੂ, ਫਾਰਸੀ, ਅਰਬੀ, ਅੰਗਰੇਜ਼ੀ ਆਦਿ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ ਤੇ 18 ਸਾਲ ਦੀ ਉਮਰ ਵਿੱਚ ਲਾਹੌਰ ਚਲੇ ਗਏ ਸਨ ਜਿੱਥੇ ਉਨ੍ਹਾਂ ਅੰਮ੍ਰਿਤ ਛੱਕ ਕੇ ਸਿੱਖੀ ਦੇ ਪ੍ਰਚਾਰ ਲਈ ਆਖਰੀ ਸਾਹ ਤੱਕ ਕਾਰਜ ਕੀਤੇ। ਕੌਮ ਉਨ੍ਹਾਂ ਦੀ ਦੇਣ ਕਦੀ ਨਹੀਂ ਦੇ ਸਕਦੀ।

Gurjant Takipur (ਗੱਲ-ਬਾਤ) 18:24, 18 ਮਈ 2017 (UTC)Reply

ਮੇਰਾ ਕਥਨ ਸੋਧੋ

ਜਦੋਂ ਮੈਂ ਆਪ ਮਿਹਨਤ ਕਰਕੇ ਕੁਝ ਬਣਨਾ ਹੈ ਤਾਂ ਫਿਰ ਮੈਂ ਲੋਕਾਂ ਵਰਗਾ ਕਿਉਂ ਬਣਾਂ।

                 ਗੁਰਜੰਟ ਤਕੀਪੁਰ  Gurjant Takipur (ਗੱਲ-ਬਾਤ) 18:32, 18 ਮਈ 2017 (UTC)Reply