ਵਿਕੀਪੀਡੀਆ:ਚੁਣਿਆ ਹੋਇਆ ਲੇਖ/12 ਨਵੰਬਰ
ਕਾਮਰੇਡ ਸੋਹਣ ਸਿੰਘ ਜੋਸ਼ (12 ਨਵੰਬਰ, 1898-29 ਜੁਲਾਈ 1982) ਇੱਕ ਆਜ਼ਾਦੀ ਘੁਲਾਟੀਏ,ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਤੇ ਉਘੇ ਨੇਤਾ ਸਨ। ਸ਼ਹੀਦ ਭਗਤ ਸਿੰਘ ਦੇ ਸਾਥੀਆਂ ਵਿੱਚੋਂ ਇੱਕ ਸੋਹਣ ਸਿੰਘ ਜੋਸ਼ ਸਨ ਤੇ ਕਿਰਤੀ ਨਾਮ ਦੇ ਰਸਾਲੇ ਦੇ ਸੰਪਾਦਕ ਵੀ ਰਹੇ ਅਤੇ ਆਪ ਸਾਰੀ ਉਮਰ ਖੱਬੇ ਪੱਖੀ ਵਿਚਾਰਧਾਰਾ ਤੇ ਮਾਰਕਸੀ ਸੋਚ ਦੇ ਧਾਰਨੀ ਰਹੇ । ਸੋਹਣ ਸਿੰਘ ਜੋਸ਼ ਦਾ ਜਨਮ ਮਾਝੇ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੇਤਨਪੁਰਾ ਵਿਖੇ 12 ਨਵੰਬਰ, 1898 ਈਸਵੀ ਨੂੰ ਹੋਇਆ। ਉਸ ਦੇ ਪਿਤਾ ਨਾਮ ਸ੍ਰੀ ਲਾਲ ਸਿੰਘ ਅਤੇ ਮਾਤਾ ਦਾ ਸ੍ਰੀਮਤੀ ਦਿਆਲ ਕੌਰ ਸੀ। 12ਵੀਂ ਜਮਾਤ ਪਾਸ ਕਰ ਕੇ ਉਸ੍ ਨੇ ਪਹਿਲਾਂ ਹੁਗਲੀ, ਕੋਲਕਾਤਾ ਅਤੇ ਫਿਰ ਮੁੰਬਈ ਨੌਕਰੀ ਕੀਤੀ। ਫਿਰ ਉਹ ਮਜੀਠਾ, ਪੰਜਾਬ ਦੇ ਚਰਚ ਮਿਸ਼ਨ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਨ ਲੱਗੇ। ਇਹ ਗ਼ਦਰ ਲਹਿਰ ਦੇ ਕਾਰਕੁਨਾ ਤੇ ਜੁਲਮ ਅਤੇ ਜੱਲ੍ਹਿਆਂਵਾਲਾ ਬਾਗ ਦਾ ਸਮਾਂ ਸੀ। ਸਿੰਘ ਸਭਾ ਲਹਿਰ ਵੀ ਪ੍ਰਭਾਵਿਤ ਕਰ ਰਹੀ ਸੀ। ਉਸ ਵਕਤ ਕਾਂਗਰਸ ਦੀ ਨਾਮਿਲਵਰਤਨ ਲਹਿਰ ਵੀ ਚੱਲ ਰਹੀ ਸੀ। ਚਰਚ ਮਿਸ਼ਨ ਸਕੂਲ ਮਜੀਠਾ ਵਿੱਚ ਹੜਤਾਲ ਕਰਵਾਉਣ ਨਾਲ ਸੋਹਣ ਸਿੰਘ ਆਜ਼ਾਦੀ ਦੇ ਸੰਗਰਾਮ ਵਿੱਚ ਸਰਗਰਮੀ ਹੋ ਗਿਆ। ਉਸ ਨੇ ਚਰਚ ਮਿਸ਼ਨ ਸਕੂਲ ਦੀ ਨੌਕਰੀ ਛੱਡ ਦਿੱਤੀ ਅਤੇ 'ਅਕਾਲੀ ਅਖਬਾਰ ਲਾਹੌਰ' ਦੇ ਸੰਪਾਦਕੀ ਮੰਡਲ ਵਿੱਚ ਕੰਮ ਕਰਨ ਲੱਗ ਪਿਆ। ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਸੰਘਰਸ਼ ਵਿੱਚ ਸੋਹਣ ਸਿੰਘ ਮੁੱਖ ਆਗੂਆਂ ਵਿਚੋਂ ਇੱਕ ਸੀ ਅਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਸੋਹਣ ਸਿੰਘ ਉਸ ਦੇ ਮੁੱਖ ਸਲਾਹਕਾਰਾਂ ਵਿੱਚੋਂ ਸੀ। ਉਸ ਨੇ ਭਾਰਤ ਦੀ ਆਜ਼ਾਦੀ ਅੰਦੋਲਨਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।