ਵਿਕੀਪੀਡੀਆ:ਚੁਣਿਆ ਹੋਇਆ ਲੇਖ/13 ਫ਼ਰਵਰੀ

ਫ਼ੈਜ਼ ਅਹਿਮਦ ਫ਼ੈਜ਼
ਫ਼ੈਜ਼ ਅਹਿਮਦ ਫ਼ੈਜ਼

ਫ਼ੈਜ਼ ਅਹਿਮਦ ਫ਼ੈਜ਼ (13 ਫ਼ਰਵਰੀ 1911-20 ਨਵੰਬਰ 1984) ਇੱਕ ਪ੍ਰਭਾਵਸ਼ਾਲੀ ਖੱਬੇ-ਪੱਖੀ ਬੁੱਧੀਜੀਵੀ ਅਤੇ ਕ੍ਰਾਂਤੀਕਾਰੀ ਉਰਦੂ ਅਤੇ ਪੰਜਾਬੀ ਸ਼ਾਇਰ ਸੀ। ਉਹ ਅਮਨ ਲਹਿਰ ਦੇ ਸਰਗਰਮ ਕਾਰਕੁਨ ਅਤੇ ਪੱਕੇ ਕਮਿਊਨਿਸਟ ਸਨ। ਮਿਰਜ਼ਾ ਗ਼ਾਲਿਬ ਅਤੇ ਅੱਲਾਮਾ ਇਕਬਾਲ ਦੀ ਤਰ੍ਹਾਂ ਉਹ ਪਾਰਦੇਸ਼ੀ ਪਛਾਣ ਸਥਾਪਤ ਕਰ ਗਏ। ਉਨ੍ਹਾਂ ਤੋਂ ਬਾਅਦ ਉਹ ਏਸ਼ੀਆ ਦੇ ਸਭ ਤੋਂ ਵੱਡੇ ਸ਼ਾਇਰ ਹੋਏ ਹਨ। ਫ਼ੈਜ਼ ਦਾ ਜਨਮ 13 ਫ਼ਰਵਰੀ 1911 ਨੂੰ ਮਾਤਾ ਸੁਲਤਾਨਾ ਫਾਤਮਾ ਦੀ ਕੁੱਖੋਂ ਪਿਤਾ ਚੌਧਰੀ ਸੁਲਤਾਨ ਮੁਹੰਮਦ ਖਾਂ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਸਿਆਲਕੋਟ ਦੇ ਮਸ਼ਹੂਰ ਬੈਰਿਸਟਰ ਸਨ। ਉਹ ਜੱਟ ਮੁਸਲਮਾਨ ਬਰਾਦਰੀ ਸੰਬੰਧ ਰੱਖਦੇ ਸਨ। ਉਨ੍ਹਾਂ ਨੇ ਮੁੱਢਲੀ ਸਿੱਖਿਆ 1916 ਵਿੱਚ "ਮੀਰ ਹਸਨ ਸਿਆਲਕੋਟੀ" ਦੀ ਪਾਠਸ਼ਾਲਾ ਤੋਂ ਸ਼ੁਰੂ ਕੀਤੀ ਜਿੱਥੇ ਉਨ੍ਹਾਂ ਨੇ ਅਰਬੀ ਤੇ ਫ਼ਾਰਸੀ ਦੀ ਵਿੱਦਿਆ ਪ੍ਰਾਪਤ ਕੀਤੀ। 1929 ਵਿੱਚ "ਮਰੇ ਕਾਲਜ ਆਫ ਸਿਆਲਕੋਟ" ਤੋਂ ਫਸਟ ਡਵੀਜ਼ਨ ਵਿੱਚ ਇੰਟਰਮੀਡੀਏਟ ਕੀਤਾ ਅਤੇ 1931 ਵਿੱਚ "ਗਵਰਨਮੈਂਟ ਕਾਲਜ, ਲਾਹੌਰ" ਤੋਂ ਬੀ.ਏ. ਤੇ ਫਿਰ ਅਰਬੀ ਭਾਸ਼ਾ ਵਿੱਚ ਬੀ.ਏ. ਆਨਰਜ਼ ਕੀਤੀ। ਉਸ ਮਗਰੋਂ 1933 ਵਿੱਚ ਗਵਰਨਮੈਂਟ ਕਾਲਜ, ਲਾਹੌਰ ਤੋਂ ਅੰਗਰੇਜ਼ੀ ਵਿੱਚ ਐੱਮ.ਏ. ਅਤੇ 1934 ਵਿੱਚ ਔਰੇਂਟਲ ਕਾਲਜ, ਲਾਹੌਰ ਤੋਂ ਅਰਬੀ ਵਿੱਚ ਐੱਮ.ਏ. ਫਸਟ ਡਵੀਜ਼ਨ ਵਿੱਚ ਪ੍ਰਾਪਤ ਕੀਤੀ।