ਲੋਗੋ
ਲੋਗੋ

ਵਿਕੀਲੀਕਸ ਆਸਟਰੇਲੀਅਨ ਨਾਗਰਿਕ ਜੂਲੀਅਨ ਅਸਾਂਜੇ ਦੀ ਪੱਤਰਕਾਰੀ, ਜੋ ਦੁਨੀਆਂ ਦੇ ਅਭੇਦ ਵਾਲੀ ਜਾਣਕਾਰੀ ਛਾਪਦੀ ਹੈ, ਗੈਰ -ਮੁਨਾਫਾ , ਆਨਲਾਈਨ ਵੈੱਬਸਾਈਟ ਹੈ ਜਿਸ ਰਾਹੀ ਉਸਨੇ ਅਮਰੀਕੀ ਸਾਮਰਾਜ ਦੇ ਅਸਲ ਖਾਸੇ ਨੂੰ ਬੇਪਰਦ ਕਰਕੇ ਦੁਨੀਆਂ ਵਿੱਚ ਤਹਿਲਕਾ ਮਚਾ ਦਿੱਤਾ ਹੈ। ਦੁਨੀਆਂ ਵਿੱਚ ਦੋ ਸੰਸਾਰ ਜੰਗਾਂ ਤੋਂ ਬਿਨਾਂ ਹੋਰ ਖਿੱਤਿਆ ਦੀਆਂ ਜੰਗਾਂ ਲਈ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਾਮਰਾਜ ਹੀ ਦੋਸ਼ੀ ਰਿਹਾ ਹੈ। ਜਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਨੂੰ ਐਟਮ ਬੰਬਾਂ ਨਾਲ ਭਸਮ ਕਰਨ ਵਾਲਾ ਅਮਰੀਕੀ ਸਾਮਰਾਜ ਹੀ ਸੀ। ਸੰਸਾਰ ਦੇ ਕਈ ਦੇਸ਼ਾਂ ਦੇ ਮੁਖੀ ਅਮਰੀਕੀ ਸਾਮਰਾਜ ਦੇ ਹੱਥਠੋਕਾ ਬਣਨ ਤੋਂ ਇਨਕਾਰੀ ਹੋਣ ਕਰਕੇ ਆਪਣੀਆਂ ਜਾਨਾਂ ਗੁਆ ਬੈਠੇ। ਏਕੁਆਦੋਰ ਦੇ ਰਾਸ਼ਟਰਪਤੀ ਜੇਮੀ ਰੌਲਡੋਸ ਅਤੇ ਪਨਾਮਾ ਦੇ ਰਾਸ਼ਟਰਪਤੀ ਉਮਰ ਟੋਰੀਜੋਸ ਨੂੰ ਭਿਆਨਕ ਹਵਾਈ ਹਾਦਸਿਆਂ ਵਿੱਚ ਮਾਰੇ ਜਾਣ ਦੇ ਦੋਸ਼ ਅਮਰੀਕਾ ਦੀ ਖੁਫ਼ੀਆ ਸੀ.ਆਈ.ਏ. ‘ਤੇ ਹੀ ਲੱਗੇ ਸਨ। ਚਿੱਲੀ ਦੇ ਰਾਸ਼ਟਰਪਤੀ ਅਲੰਡੇ ਨੂੰ ਉਸ ਦੇ ਪਰਿਵਾਰ ਸਮੇਤ ਕਤਲ ਕਰਨ ਦਾ ਕਾਰਾ ਵੀ ਅਮਰੀਕੀ ਸਾਮਰਾਜੀਆਂ ਦਾ ਹੀ ਸੀ। ਕਿਊਬਾ ਦੇ ਰਾਸ਼ਟਰਪਤੀ ਫੀਦਲ ਕਾਸਤਰੋ ਨੂੰ ਕਤਲ ਕਰਾਉਣ ਲਈ ਅਮਰੀਕਾ ਨੇ ਦਰਜਨਾਂ ਵਾਰ ਸਾਜ਼ਿਸ਼ਾਂ ਰਚੀਆਂ। ਇਰਾਕ ਅਤੇ ਅਫ਼ਗਾਨਿਸਤਾਨ ਦੀ ਧਰਤੀ ਨੂੰ ਅਮਰੀਕੀ ਬੰਬਾਂ ਨਾਲ ਭੁੱਬਲ ਵਿੱਚ ਬਦਲਣਾ, ਲੱਖਾਂ ਲੋਕਾਂ ਦਾ ਕਤਲੇਆਮ ਅਤੇ ਇਰਾਕੀ ਰਾਸ਼ਟਰਪਤੀ ਸਦਾਮ ਹੁਸੈਨ ਤੇ ਉਸ ਦੀ ਸਰਕਾਰ ਦੇ ਮੰਤਰੀਆਂ ਨੂੰ ਇਕ-ਇਕ ਕਰਕੇ ਫਾਂਸੀਆਂ ‘ਤੇ ਲਟਕਾਉਣਾ ਅਮਰੀਕੀ ਸਾਮਰਾਜ ਦੀਆਂ ਹੀ ਘਿਨਾਉਣੀਆਂ ਕਰਤੂਤਾਂ ਹਨ।