ਜ਼ਫ਼ਰਨਾਮਾ
ਜ਼ਫ਼ਰਨਾਮਾ

ਜ਼ਫ਼ਰਨਾਮਾ ਸਿੱਖਾਂ ਦੇ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਮੁਗ਼ਲ ਸਾਮਰਾਜ ਔਰੰਗਜ਼ੇਬ ਨੂੰ 1705 ਵਿੱਚ ਭੇਜਿਆ ਖ਼ਤ ਜਾਂ ਚਿੱਠੀ ਹੈ। ਇਹ ਫ਼ਾਰਸੀ ਸ਼ਾਇਰੀ ਵਿੱਚ ਲਿਖਿਆ ਹੋਇਆ ਹੈ। ਗੋਬਿੰਦ ਸਿੰਘ ਨੇ ਇਸਨੂੰ ਪਿੰਡ ਦੀਨਾ ਸਾਹਿਬ ਦੀ ਧਰਤੀ ਤੋਂ 1705 ਈਸਵੀ ਵਿੱਚ ਲਿਖਿਆ ਅਤੇ ਭਾਈ ਦਇਆ ਸਿੰਘ ਨੇ ਇਸਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ। ਜ਼ਫ਼ਰਨਾਮਾ ਦਾ ਸ਼ਾਬਦਿਕ ਅਰਥ ਹੈ ਜਿੱਤ ਦਾ ਖ਼ਤ। ਗੁਰੂ ਗੋਬਿੰਦ ਸਿੰਘ ਨੇ ਇਸਨੂੰ ਮੂਲ ਤੌਰ ਤੇ ਫਾਰਸੀ ਵਿੱਚ, ਮਹਿੰਦਰ ਸਿੰਘ ਨੇ ਪੰਜਾਬੀ ਵਿੱਚ ਅਤੇ ਸਰਿੰਦਰ ਜੀਤ ਸਿੰਘ ਨੇ ਅੰਗਰੇਜ਼ੀ ਵਿੱਚ ਇਸ ਦਾ ਅਨੁਵਾਦ ਕੀਤਾ ਹੈ। ਕੁੱਝ ਸਮਾਂ ਪੂਰਵ ਨਵਤੇਜ ਸਿੰਘ ਸਰਨ ਨੇ ਵੀ ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਇਸ ਪੱਤਰ ਵਿੱਚ ਫਾਰਸੀ ਵਿੱਚ ਕੁਲ 111 ਕਾਵਿ-ਪਦ (ਸ਼ੇਅਰ) ਹਨ। ਜ਼ਫ਼ਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਬਹਾਦਰੀ ਅਤੇ ਸੂਰਮਗਤੀ ਨਾਲ ਗੜੁਚ ਆਪਣੀ ਲੜਾਈਆਂ ਅਤੇ ਕਾਰਜਾਂ ਦਾ ਰੋਮਾਂਚਕਾਰੀ ਵਰਣਨ ਕੀਤਾ ਹੈ। ਇਸ ਪੱਤਰ ਵਿੱਚ ਇੱਕ-ਇੱਕ ਲੜਾਈ ਦਾ ਵਰਣਨ ਕਿਸੇ ਵਿੱਚ ਵੀ ਨਵਜੀਵਨ ਦਾ ਸੰਚਾਰ ਕਰਨ ਲਈ ਸਮਰੱਥ ਹੈ। ਇਸ ਵਿੱਚ ਖਾਲਸਾ ਪੰਥ ਦੀ ਸਥਾਪਨਾ, ਆਨੰਦਪੁਰ ਸਾਹਿਬ ਛੱਡਣਾ, ਫਤਿਹਗੜ ਦੀ ਘਟਨਾ, ਚਾਲ੍ਹੀ ਸਿੱਖਾਂ ਦੀ ਸ਼ਹੀਦੀ, ਦੋ ਗੁਰੂ ਪੁੱਤਾਂ ਦਾ ਦੀਵਾਰ ਵਿੱਚ ਚਿਣਵਾਏ ਜਾਣ ਅਤੇ ਚਮਕੌਰ ਦੇ ਸੰਘਰਸ਼ ਦਾ ਵਰਣਨ ਹੈ।