ਗੁਰਮੁੱਖ ਸਿੰਘ ਲਲਤੋਂ
ਗੁਰਮੁੱਖ ਸਿੰਘ ਲਲਤੋਂ

ਗੁਰਮੁੱਖ ਸਿੰਘ ਲਲਤੋਂ (3 ਦਸੰਬਰ 1892 -13 ਮਾਰਚ 1977) ਦਾ ਜਨਮ ਪਿਤਾ ਹੁਸਨਾਕ ਸਿੰਘ ਦੇ ਘਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਲਤੋਂ ਖੁਰਦ ਵਿਖੇ ਹੋਇਆ। ਉੱਚ ਵਿੱਦਿਆ ਅਤੇ ਰੁਜ਼ਗਾਰ ਵਾਸਤੇ ਆਪ ਹਾਂਗਕਾਂਗ ਹੁੰਦੇ ਹੋਏ ਕਾਮਾਗਾਟਾਮਾਰੂ ਜਹਾਜ਼ ਰਾਹੀਂ 23 ਮਾਰਚ 1913 ਨੂੰ ਵੈਨਕੂਵਰ (ਕੈਨੇਡਾ) ਨੇੜੇ ਪੁੱਜੇ। ਇੰਗਲੈਂਡ ਅਤੇ ਕੈਨੇਡਾ ਦੀਆਂ ਸਰਕਾਰਾਂ ਦੀ ਸਾਮਰਾਜੀ ਸਾਜ਼ਿਸ ਦੇ ਸਿੱਟੇ ਵਜੋਂ ਉੱਥੋਂ ਦੀ ਪੁਲੀਸ ਨੇ ਜਹਾਜ਼ ਨੂੰ ਬੰਦਰਗਾਹ ਤੋਂ ਪਿੱਛੇ ਹੀ ਰੋਕ ਲਿਆ ਸੀ। ਮੁਸਾਫ਼ਰਾਂ ‘ਤੇ ਅਗਨ ਬੋਟਾਂ ਰਾਹੀਂ ਜਲ ਹੱਲਾ ਬੋਲਿਆ ਗਿਆ ਜਿਸਦਾ ਮੁਸਾਫ਼ਰਾਂ ਨੇ ਪੱਥਰ ਦੇ ਕੋਲਿਆਂ ਨਾਲ ਡਟ ਕੇ ਮੁਕਾਬਲਾ ਕੀਤਾ। ਇਸ ਟਾਕਰੇ ਵਿੱਚ ਗੁਰਮੁੱਖ ਸਿੰਘ ਮੋਹਰੀ ਸਫ਼ਾਂ ਵਿੱਚ ਸਨ। ਇਨ੍ਹਾਂ ਪਰਖ ਦੀਆਂ ਘੜੀਆਂ ਦੌਰਾਨ ਹੀ ਆਪ ਗ਼ਦਰ ਪਾਰਟੀ ਦੇ ਮੈਂਬਰ ਬਣੇ। ਵਾਪਸੀ ‘ਤੇ ਜਹਾਜ਼ ਬਜਬਜ ਘਾਟ ਕਲਕੱਤਾ ਵਿਖੇ ਲੱਗਿਆ। ਅੰਗਰੇਜ਼ ਹਕੂਮਤ ਨੇ 19 ਯਾਤਰੀਆਂ ਨੂੰ ਮਾਰ ਦਿੱਤਾ ਜਦੋਂਕਿ 9 ਮੁਸਾਫ਼ਰ ਫੱਟੜ ਹੋ ਗਏ। ਗੁਰਮੁੱਖ ਸਿੰਘ ਨੂੰ ਅਲੀਪੁਰ ਜੇਲ੍ਹ ਵਿੱਚ ਡੱਕੀ ਰੱਖਿਆ ਗਿਆ। ਰਿਹਾਈ ਉੱਪਰੰਤ ਪਿੰਡ ਵਿੱਚ ਜੂਹਬੰਦੀ ਕਰ ਦਿੱਤੀ ਗਈ ਜਿਸ ਨੂੰ ਟਿੱਚ ਜਾਣਦੇ ਹੋਏ ਆਪ ਅੰਗਰੇਜ਼ ਸਾਮਰਾਜ ਦਾ ਤਖ਼ਤਾ ਪਲਟਾਉਣ ਲਈ ਹਥਿਆਰਬੰਦ ਗ਼ਦਰ ਵਿੱਚ ਕੁੱਦ ਪਏ। 1915 ਵਿੱਚ ਆਪ ਕਰਤਾਰ ਸਿੰਘ ਸਰਾਭਾ ਨਾਲ ਲਾਹੌਰ ਤੋਂ ਫੜੇ ਗਏ ਅਤੇ ਆਪ ਨੂੰ ਬਾਮੁਸ਼ੱਕਤ ਉਮਰ ਕੈਦ ਲਈ ਕਾਲੇ ਪਾਣੀ ਭੇਜ ਦਿੱਤਾ ਗਿਆ। 1962 ਵਿੱਚ ਹਿੰਦ-ਚੀਨ ਜੰਗ ਸਮੇਂ ਆਪ ਨੂੰ ਮੁੜ ਜੇਲ ਵਿੱਚ ਡੱਕ ਦਿੱਤਾ ਗਿਆ। 1967 ਤੋਂ 77 ਤਕ ਆਪ ਨੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਦੀ ਉਸਾਰੀ ਕਰਵਾਈ।