ਵੱਟੇ-ਸੱਟੇ ਦਾ ਵਿਆਹ
ਵਿਆਹ ਦਾ ਇਹ ਰੂਪ ਪੰਜਾਬ ਵਿੱਚ ਪਰਚਲਿਤ ਹੈ। ਇਹ ਰੂਪ ਵਿਆਹ ਲਈ ਕੁੜੀਆਂ ਦੀ ਘਾਟ ਕਾਰਨ ਪੈਦਾ ਹੋਇਆ। ਇਹ ਵਿਆਹ ਉਹ ਲੋਕੀਂ ਕਰਦੇ ਹਨ ਜਿਹਨਾਂ ਦੀ ਆਰਥਿਕ ਹਾਲਤ ਭੈੜੀ ਹੁੰਦੀ ਹੈ।[1] ਮਾੜੀ ਆਰਥਿਕ ਹਾਲਤ ਕਾਰਨ ਪੁੰਨ ਦਾ ਵਿਆਹ ਸੰਭਵ ਨਹੀਂ ਹੋ ਸਕਦਾ ਹੁੰਦਾ। ਵੱਟੇ ਦੇ ਵਿਆਹ ਵਿੱਚ ਇੱਕ ਪਰਿਵਾਰ ਆਪਣੀ ਧੀ ਦੂਜੇ ਪਰਿਵਾਰ ਨੂੰ ਦੇ ਦਿੰਦਾ ਹੈ ਅਤੇ ਉਹਨਾਂ ਦੀ ਧੀ ਆਪਣੇ ਮੁੰਡੇ ਲਈ ਲਈ ਲੈਂਦਾ ਹੈ। ਇਸਨੂੰ ਸਿੱਧਾ ਵੱਟਾ ਆਖਦੇ ਹਨ। ਕਈ ਵਾਰ ਵੱਟਾਂ ਅਸਿੱਧੇ ਢੰਗ ਨਾਲ ਕੀਤਾ ਜਾਂਦਾ ਹੈ। ਉਸ ਵਿੱਚ ਤਿੰਨ ਧਿਰਾਂ ਸ਼ਾਮਿਲ ਹੋ ਜਾਂਦੀਆਂ ਹਨ। ਇਸ ਵਿਆਹ ਉੱਪਰ ਘੱਟ ਖਰਚਾ ਕੀਤਾ ਜਾਂਦਾ ਹੈ। ਜੇ ਖਰਚਾ ਨਾ ਵੀ ਕਰਨਾ ਹੋਵੇ ਤਾਂ ਬਿਨਾਂ ਖਰਚਾ ਸਾਰ ਲਿਆ ਜਾਂਦਾ ਹੈ।
ਵੱਟੇ ਦਾ ਅਰਥ ਹੈ ਕਿਸੇ ਨਾਲ ਕਿਸੇ ਵਸਤ ਜਾਂ ਕੁਝ ਹੋਰ ਨੂੰ ਵਟਾਉਣਾ, ਵਟਾਂਦਰਾ ਕਰਨਾ, ਵੱਟਾ-ਸੱਟਾ ਕਰਨਾ। ਵੱਟੇ-ਸੱਟੇ ਦਾ ਵਿਆਹ ਉਹ ਵਿਆਹ ਹੁੰਦਾ ਹੈ ਜਿਸ ਵਿਆਹ ਵਿਚ ਜਿਸ ਘਰ ਲੜਕੀ ਵਿਆਹ ਕੇ ਭੇਜੀ ਜਾਂਦੀ ਹੈ, ਉਸ ਘਰ ਦੀ ਲੜਕੀ ਵਿਆਹ ਕੇ ਆਪਣੇ ਘਰ ਲਿਆਂਦੀ ਜਾਂਦੀ ਹੈ। ਵੱਟੇ-ਸੱਟੇ ਦਾ ਵਿਆਹ ਆਮ ਤੌਰ ਤੇ ਗਰੀਬ ਪਰਿਵਾਰ ਵਾਲੇ ਕਰਦੇ ਹੁੰਦੇ ਸਨ/ਹਨ। ਗਰੀਬ ਪਰਿਵਾਰ ਵਾਲਿਆਂ ਨੂੰ ਆਪਣੇ ਮੁੰਡੇ ਲਈ ਸਾਕ ਲੱਭਣਾ ਔਖਾ ਹੁੰਦਾ ਸੀ ਅਤੇ ਆਪਣੀ ਧੀ ਦਾ ਵਿਆਹ ਕਰਨਾ ਵੀ ਔਖਾ ਹੁੰਦਾ ਸੀ। ਇਸ ਲਈ ਗਰੀਬ ਪਰਿਵਾਰਾਂ ਨੇ ਇਸ ਦਾ ਸੌਖਾ ਹੱਲ ਵੱਟੇ-ਸੱਟੇ ਦਾ ਵਿਆਹ ਲੱਭਿਆ। ਆਪਣੀ ਧੀ ਕਿਸੇ ਪਰਿਵਾਰ ਵਿਚ ਵਿਆਹ ਦਿਉ ਅਤੇ ਉਸ ਪਰਿਵਾਰ ਦੀ ਧੀ ਆਪ ਵਿਆਹ ਲਿਆਵੋ। ਇਸ ਵਿਆਹ ਕਰਨ ਨਾਲ ਦੋਵੇਂ ਮੁੰਡੇ ਵਿਆਹੇ ਜਾਂਦੇ ਸਨ ਅਤੇ ਦੋਵੇਂ ਧੀਆਂ ਵਿਆਹੀਆਂ ਜਾਂਦੀਆਂ ਸਨ। ਕਈ ਇਲਾਕਿਆਂ ਵਿਚ ਵੱਟੇ-ਸੱਟੇ ਦੇ ਵਿਆਹ ਨੂੰ “ਦੁਹਾਠੀ ਵਿਆਹ” ਕਹਿੰਦੇ ਹਨ। ਵੱਟੇ-ਸੱਟੇ ਦੇ ਵਿਆਹ ਕਾਰਨ ਨੂੰਹ ਸੱਸ ਦਾ ਰਿਸ਼ਤਾ ਵੀ ਵਧੀਆ ਬਣਿਆ ਰਹਿੰਦਾ ਸੀ। ਸੱਸਾਂ ਆਪਣੀਆਂ ਨੂੰਹਾਂ ਨੂੰ ਤੰਗ ਨਹੀਂ ਕਰਦੀਆਂ ਸਨ। ਜੇਕਰ ਵੱਟੇ-ਸੱਟੇ ਦਾ ਵਿਆਹ ਤਿੰਨ ਧਿਰੀਂ ਹੋਵੇ ਤਾਂ ਇਸ ਵਿਆਹ ਨੂੰ ਤਿਆਠੀ ਵਿਆਹ ਕਹਿੰਦੇ ਸਨ ਕਿਉਂ ਜੋ ਇਸ ਵਿਆਹ ਵਿਚ ਤਿੰਨ ਕੁੜਮਾਈਆਂ ਸੰਬੰਧਿਤ ਹੁੰਦੀਆਂ ਹਨ। ਜੇਕਰ ਵਿਆਹ ਚਾਰ ਧਿਰਾਂ ਵਿਚ ਹੋਵੇ ਤਾਂ ਇਸ ਵਿਆਹ ਨੂੰ ਚੁਆਠੀ ਵਿਆਹ ਕਹਿੰਦੇ ਹਨ ਕਿਉਂ ਜੋ ਇਸ ਵਿਆਹ ਵਿਚ ਚਾਰ ਕੁੜਮਾਈਆਂ ਸੰਬੰਧਿਤ ਹੁੰਦੀਆਂ ਹਨ।
ਵੱਟੇ-ਸੱਟੇ ਦੇ ਵਿਆਹ ਸਾਂਝੇ ਪੰਜਾਬ ਦੇ ਸਰਹੱਦੀ ਸੂਬੇ ਤੇ ਪੋਠੋਹਾਰ ਦੇ ਏਰੀਏ ਵਿਚ ਹੁੰਦੇ ਸਨ। ਹੁਣ ਵੀ ਜਿਹੜੇ ਪਰਿਵਾਰ ਸਰਹੱਦੀ ਸੂਬੇ ਅਤੇ ਪੋਠੋਹਾਰ ਦੇ ਏਰੀਏ ਵਿਚੋਂ ਆਏ ਹਨ, ਉਨ੍ਹਾਂ ਪਰਿਵਾਰਾਂ ਵਿਚ ਹੀ ਵੱਟੇ-ਸੱਟੇ ਦੇ ਵਿਆਹ ਕਰਨ ਦਾ ਰਿਵਾਜ ਹੈ, ਪਰ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ। ਤ੍ਰਿਆਠੀ ਤੇ ਚੁਆਠੀ ਵਿਆਹ ਹੁਣ ਬੰਦ ਹੋ ਗਏ ਹਨ।[2]
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ ਪ੍ਰੋ. ਬਲਬੀਰ ਸਿੰਘ ਪੂਨੀ. ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ. p. 66.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.