ਹੋਲਾਂ
ਛੋਲਿਆਂ ਦੇ ਬੂਟਿਆਂ ਨੂੰ ਅੱਗ ਤੇ ਭੁੰਨ ਕੇ ਛਿਲਕੇ ਸਮੇਤ ਬਾਕੀ ਰਹੀਆਂ ਡੱਡਾਂ/ਟਾਂਟਾਂ ਨੂੰ ਹੋਲਾਂ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਜਦ ਛੋਲੇ ਹਰ ਘਰ ਬੀਜਦਾ ਸੀ, ਉਸ ਸਮੇਂ ਲੋਕ ਹੋਲਾਂ ਆਮ ਖਾਂਦੇ ਸਨ। ਬਾਹਰ ਡੰਗਰ ਚਾਰਦੇ ਪਾਲੀ ਤਾਂ ਖੇਤਾਂ ਵਿਚੋਂ ਬੂਟੇ ਪੱਟ ਕੇ, ਘਾਹ ਫੂਸ ਦੀ ਅੱਗ ਤੇ ਬਾਹਰ ਹੀ ਹੋਲਾਂ ਬਣਾ ਲੈਂਦੇ ਸਨ। ਘਰਾਂ ਵਿਚ ਛੋਲਿਆਂ ਦੇ ਸੀਜ਼ਨ ਵਿਚ ਇਕ ਦੋ ਵਾਰ ਹਰ ਪਰਿਵਾਰ ਹੋਲਾਂ ਜ਼ਰੂਰ ਬਣਾਉਂਦਾ ਸੀ। ਹੋਲਾਂ ਖਾਣ ਨਾਲ ਹੱਥ ਵੀ ਕਾਲੇ ਹੋ ਜਾਂਦੇ ਸਨ। ਬੁੱਲ੍ਹ ਵੀ ਕਾਲੇ ਹੋ ਜਾਂਦੇ ਸਨ। ਇਕ ਵਿਸ਼ਵਾਸ ਅਨੁਸਾਰ ਹੋਲਾਂ ਅੰਨ ਦੇਵਤੇ ਦੀ ਪੂਜਾ ਕਰਨ ਲਈ ਕੀਤੀਆਂ ਜਾਂਦੀਆਂ ਸਨ। ਪਰਸ਼ਾਦ ਦੇ ਤੌਰ ਤੇ ਵੰਡੀਆਂ ਜਾਂਦੀਆਂ ਸਨ। ਅਜੇਹਾ ਕਰਨ ਨਾਲ ਛੋਲਿਆਂ ਦੀਆਂ ਫਲੀਆਂ ਦਾ ਦਾਣਾ ਮੋਟਾ ਹੋ ਜਾਂਦਾ ਹੈ। ਝਾੜ ਵੱਧ ਜਾਂਦਾ ਹੈ।ਇਸਨੂੰ ਕਈ ਇਲਾਕਿਆਂ ਵਿਚ ਹੋਲ ਵੀ ਕਿਹਾ ਜਾਂਦਾ ਹੈ।ਛਿਲਕੇ ਸਮੇਤ ਅੱਗ ਤੇ ਭੁੰਨ ਕੇ ਇਸਨੂੰ ਬਣਾਇਆ ਜਾਂਦਾ ਹੈ।ਛੋਲੇ ਤੋਂ ਇਲਾਵਾ ਇਸ ਵਿਚ ਧਾਨ ਵੀ ਪਾਈ ਜਾਂਦੀ ਹੈ।ਇਹ ਪਹਿਲਾਂ ਸਮਿਆਂ ਵਿਚ ਪੂਜਾ ਕਰਨ ਲਈ ਇਸਨੂੰ ਚੜਾਇਆ ਜਾਂਦਾ ਸੀ।ਅਤੇ ਪਰਸ਼ਾਦ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਸੀ।
ਹੋਲਾਂ ਬਣਾਉਣ ਲਈ ਪਹਿਲਾਂ ਛੋਲਿਆਂ ਦੇ ਬੂਟਿਆਂ ਨੂੰ ਜਿਨ੍ਹਾਂ ਵਿਚ ਵਧੀਆ ਦਾਣੇ ਬਣੇ ਹੁੰਦੇ ਸਨ, ਉਹ ਖੇਤ ਵਿਚੋਂ ਪੱਟ ਕੇ ਲਿਆਉਂਦੇ ਸਨ। ਕਪਾਹ ਦੀਆਂ ਛਿਟੀਆਂ ਦੀ ਅੱਗ ਬਾਲ ਕੇ ਉਸ ਉੱਪਰ ਬੂਟਿਆਂ ਨੂੰ ਰੱਖ ਦਿੰਦੇ ਸਨ। ਜਦ ਅੱਗ ਨਾਲ ਬੂਟੇ ਮੱਚ ਜਾਂਦੇ ਸਨ ਤਾਂ ਹੋਲਾਂ ਬਾਕੀ ਰਹਿ ਜਾਂਦੀਆਂ ਸਨ। ਫੇਰ ਬੂਟਿਆਂ ਦੇ ਰਹੇ ਟਾਂਗਰ ਨੂੰ ਪਾਸੇ ਕੱਢ ਦਿੱਤਾ ਜਾਂਦਾ ਸੀ। ਬਾਕੀ ਰਹੀਆਂ ਹੋਲਾਂ ਤੇ ਸੁਆਹ ਨੂੰ ਛੱਜ ਵਿਚ ਪਾ ਕੇ ਛੱਡਿਆ ਜਾਂਦਾ ਸੀ। ਛੱਡਣ ਨਾਲ ਸੁਆਹ ਬਾਹਰ ਨਿਕਲ ਜਾਂਦੀ ਸੀ ਤੇ ਹੋਲਾਂ ਛੱਜ ਵਿਚ ਰਹਿ ਜਾਂਦੀਆਂ ਸਨ।[1]
ਹੁਣ ਪੰਜਾਬ ਵਿਚ ਛੋਲਿਆਂ ਦੀ ਫਸਲ ਹੀ ਹੋਣੋ ਬਹੁਤ ਘੱਟ ਗਈ ਹੈ। ਇਸ ਲਈ ਹੋਲਾਂ ਕਿੱਥੋਂ ਬਣਨੀਆਂ ਹਨ ? ਅੱਜ ਦੀ ਪੀੜ੍ਹੀ ਨੂੰ ਹੋਲਾਂ ਸ਼ਬਦ ਸਾਡੇ ਸ਼ਬਦ ਕੋਸ਼ ਵਿਚੋਂ ਹੀ ਮਿਲਿਆ ਕਰੇਗਾ ?[2]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "ਹੋਲ - ਪੰਜਾਬੀ ਪੀਡੀਆ". punjabipedia.org. Retrieved 2024-03-31.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.