ਪੰਜਾਬ ਵਿਧਾਨ ਸਭਾ ਚੋਣਾਂ 1952 ਦੇਸ਼ ਦੀ ਵੰਡ ਤੋਂ ਬਾਅਦ ਕਾਂਗਰਸ ਦੇ ਗੋਪੀ ਚੰਦ ਭਾਰਗਵ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ। ਉਹ 15 ਅਗਸਤ 1947 ਤੋਂ 13 ਅਪਰੈਲ 1949 ਤਕ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। 20 ਅਗਸਤ 1948 ਨੂੰ ਅੱਠ ਰਿਆਸਤਾਂ ਪਟਿਆਲਾ, ਕਪੂਰਥਲਾ, ਫ਼ਰੀਦਕੋਟ, ਮਾਲੇਰਕੋਟਲਾ, ਨਾਭਾ, ਸੰਗਰੂਰ, ਨਾਲਾਗੜ੍ਹ ਅਤੇ ਕਲਸੀਆਂ ਮਿਲਾ ਕੇ ਪੈਪਸੂ ਸਟੇਟ ਬਣਾਈ ਗਈ। 13 ਅਪਰੈਲ 1949 ਤੋਂ 18 ਅਕਤੂਬਰ 1949 ਤਕ ਭੀਮ ਸੈਨ ਸੱਚਰ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। ਦੁਬਾਰਾ 18 ਅਕਤੂਬਰ 1949 ਤੋਂ 20 ਅਗਸਤ 1951 ਤਕ ਡਾ. ਗੋਪੀ ਚੰਦ ਭਾਰਗਵ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। 20 ਜੂਨ 1951 ਤੋਂ 17 ਅਪਰੈਲ 1952 ਤਕ ਰਾਸ਼ਟਰਪਤੀ ਰਾਜ ਰਿਹਾ।ਇਸ ਸਮੇਂ 1951-52 ਵਿੱਚਅਕਾਲੀਆਂ ਨੇ ਪੰਜਾਬੀ ਸੂਬੇ ਦੀ ਮੰਗ ਰੱਖੀ।
ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ 1952 ਵਿੱਚ ਹੋਈਆਂ ਚੋਣਾਂ ਸਮੇਂ ਕੁਲ 126 ਸੀਟਾਂ ਵਿੱਚੋਂ 98 ਸੀਟਾਂ ’ਤੇ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਅਤੇ ਅਕਾਲੀ ਦਲ ਨੇ 13 ਸੀਟਾਂ ’ਤੇ ਜਿੱਤ ਹਾਸਲ ਕੀਤੀ ਤੇ ਬਾਕੀ 15 ਸੀਟਾਂ ’ਤੇ ਹੋਰਾਂ ਨੂੰ ਮਿਲੀਆਂ। 17 ਅਪਰੈਲ 1952 ਨੂੰ ਭੀਮ ਸੈਨ ਸੱਚਰ ਮੁੱਖ ਮੰਤਰੀ ਬਣੇ।ਪੰਜਾਬ ਤੋਂ ਵੱਖਰੇ ਪੈਪਸੂ ਸਟੇਟ ਵਿੱਚ ਅਕਾਲੀ ਦਲ ਦੇ ਸਹਿਯੋਗ ਨਾਲ ਗਿਆਨ ਸਿੰਘ ਰਾੜੇਵਾਲਾ ਨੇ ਸਰਕਾਰ ਬਣਾਈ ਜੋ ਹਿੰਦ ਵਿੱਚ ਗੈਰ-ਕਾਂਗਰਸੀ ਸਰਕਾਰ ਸੀ। 4 ਮਾਰਚ 1953 ਨੂੰ ਅਕਾਲੀ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦੀ ਚੋਣ ਰੱਦ ਹੋ ਗਈ ਅਤੇ 5 ਮਾਰਚ ਨੂੰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ।