ਗੱਲ-ਬਾਤ:ਹਾਇਰੋਗਲਿਫ਼ (ਗੂੜ੍ਹ-ਅੱਖਰ)

ਹਾਇਰੋਗਲਿਫ਼ ਨਾਂ ਬਾਰੇ ਸਫ਼ਾਈ

ਸੋਧੋ

ਇਹ ਕਹਿਣਾ ਕਿ ਹਾਇਰੋਗਲਿਫ਼ ਕਿਸੇ ਇੱਕ ਲਿਪੀ ਦਾ ਨਾਂ ਹੈ, ਇੱਕ ਗ਼ਲਤ ਧਾਰਨਾ ਹੈ। ਮਿਸਾਲ ਵਜੋਂ en:Hieroglyph ਦਾ ਸਫ਼ਾ ਪੜ੍ਹੋ। ਉੱਥੇ ਦੱਸਿਆ ਗਿਆ ਹੈ ਕਿ ਹਾਇਰੋਗਲਿਫ਼ ਸਮੇਂ ਮੁਤਾਬਕ ਕਈ ਤਰਾਂ ਦੀਆਂ ਲਿਪੀਆਂ ਨੂੰ ਆਖਿਆ ਗਿਆ ਹੈ ਜਿਵੇਂ ਕਿ ਆਨਾਤੋਲੀ ਗੂੜ੍ਹ-ਅੱਖਰ, ਮਿਸਰੀ ਗੂੜ੍ਹ-ਅੱਖਰ, ਕ੍ਰੀਟਨ ਗੂੜ੍ਹ-ਅੱਖਰ, ਮਾਇਆਵੀ ਗੂੜ੍ਹ-ਅੱਖਰ, ਓਜੀਬਵੇ ਗੂੜ੍ਹ-ਅੱਖਰ ਆਦਿ। ਅਤੇ ਫੇਰ ਮੁੜ-ਸੁਰਜੀਤੀ ਦੇ ਸਮੇਂ ਵੀ ਵੱਖੋ-ਵੱਖ ਵਿਚਾਰਾਂ ਨੂੰ ਦਰਸਾਉਣ ਦੇ ਤਰੀਕਿਆਂ ਨੂੰ ਵੀ ਹਾਇਰੋਗਲਿਫ ਆਖਿਆ ਗਿਆ ਹੈ। ਹੋਰ ਤਾਂ ਹੋਰ ਹਾਇਰੋਗਲਿਫ਼ "ਹੀਅਰੋਸ (ਪਾਕ)" ਅਤੇ "ਗਲੂਫ਼ੇ (ਖੁਣਾਈ)" ਦੇ ਦੋ ਯੂਨਾਨੀ ਸ਼ਬਦਾਂ ਤੋਂ ਆਇਆ ਹੈ। ਸੋ ਇਹ ਨਾਂ ਗੁਰਮੁਖੀ ਲਿੱਪੀ ਵਾਂਗ ਕੋਈ ਅਟੱਲ ਜਾਂ ਵਿਲੱਖਣ ਨਾਂ ਨਹੀਂ ਹੈ ਭਾਵ ਸਿਰਫ਼ ਇੱਕੋ ਲਿੱਪੀ ਨੂੰ ਦਰਸਾਉਣ ਵਾਲ਼ਾ ਨਹੀਂ ਹੈ। ਇਹ ਤਸਵੀਰਾਂ ਬਣਾ ਕੇ ਪ੍ਰਗਟ ਕੀਤੇ ਖ਼ਿਆਲਾਂ, ਜੋ ਕਿ ਪੁਰਾਣੇ ਵਿਗਿਆਨੀਆਂ ਲਈ ਗੂੜ੍ਹ-ਅੱਖਰ ਸਨ, ਵਾਸਤੇ ਇੱਕ ਆਮ ਨਾਂ ਹੈ। ਬੱਸ ਇਹਦੀ ਪਹਿਲੀ ਵਰਤੋਂ ਮਿਸਰ ਸੱਭਿਅਤਾ ਵਾਸਤੇ ਹੋਈ ਸੀ। ਹੁਣ ਇਹ ਸਿਰਫ਼ ਉਸ ਤੱਕ ਸੀਮਤ ਨਹੀਂ ਹੈ। ਉਰਦੂ ਵਿਕੀ (منقوشی ابجد) ਅਤੇ ਚੀਨੀ ਵਿਕੀ (象形文字) 'ਤੇ ਇਸ ਲਈ ਨਾਂ "ਹਾਇਰੋਗਲਿਫ਼" ਨਹੀਂ ਵਰਤਿਆ ਗਿਆ। ਅਤੇ ਬਾਕੀ ਰਹੀ ਗੱਲ ਸਫ਼ਿਆਂ ਦੇ ਨਾਂ ਬਾਰੇ ਤਾਂ ਪਹਿਲੀ ਵਾਰ ਸਫ਼ਾ ਹਿਲਾਉਣ ਦਾ ਰਿਵਾਜ ਇਸ ਵਿਕੀ ਉੱਤੇ ਆਮ ਹੈ। ਹਾਂ ਜੇਕਰ ਤੁਸੀਂ ਕਿਸੇ ਦੀ ਸੋਧ ਤੋਂ ਨਾਖ਼ੁਸ਼ ਹੋ ਤਾਂ ਉਸ ਸੋਧ ਨੂੰ ਮੋੜਨ ਦੀ ਬਜਾਏ ਉਹਨੂੰ ਪੁਖ਼ਤਾ ਹਵਾਲਿਆਂ ਜਾਂ ਗੱਲਬਾਤ ਦੇ ਸਮੇਤ ਮੋੜੋ ਤਾਂ ਜੋ ਸੋਧਕਾਰ ਦੁਬਾਰਾ ਮੋੜਨ ਤੋਂ ਪਹਿਲਾਂ ਗੱਲਬਾਤ ਸਫ਼ੇ 'ਤੇ ਆ ਕੇ ਆਪਣੇ ਵਿਚਾਰ ਦੇਵੇ। ਆਸ ਰੱਖਦਾ ਹਾਂ ਕਿ ਮੈਂ ਤੁਹਾਨੂੰ ਸਮਝਾ ਸਕਿਆ ਹੋਵਾਂਗਾ। ਮਿਹਰਬਾਨੀ! --ਬਬਨਦੀਪ (ਗੱਲ-ਬਾਤ) ੦੩:੧੧, ੧੫ ਨਵੰਬਰ ੨੦੧੪ (UTC)

ਉਰਦੂ ਵਿਕੀ ਉੱਤੇ ਸਫ਼ਾ ਖੋਲ੍ਹ ਕੇ ਦੇਖੋ ਜੀ, ਉਸ ਉੱਤੇ ਹਾਇਰੋਗਲਿਫ਼ ਉਸ ਸਫ਼ਾ ਦਾ ਇੱਕ ਹਿੱਸਾ ਹੈ। ਉਸਨੂੰ ਉਹਨਾਂ ਨੇ ਹਾਇਰੋਗਲਿਫ਼ ਹੀ ਲਿਖਿਆ ਹੈ। ਨਾਲ ਬਾਕੀ ਜ਼ੁਬਾਨਾਂ ਉੱਤੇ ਵੀ ਇਸਦਾ ਨਾਂ ਦੇਖ ਲਵੋ ਜੀ। --Satdeep gill (ਗੱਲ-ਬਾਤ) ੦੩:੨੩, ੧੫ ਨਵੰਬਰ ੨੦੧੪ (UTC)
ਸੋ ਮੇਰੇ ਸਾਰੇ ਵਖਿਆਣ ਵਿੱਚੋਂ ਤੁਸੀਂ ਸਿਰਫ਼ "ਉਰਦੂ" ਦੇ ਸਫ਼ੇ ਨਾਲ਼ ਤਰਕ ਦਿਉਗੇ?! ਖ਼ੈਰ, ਜੇਕਰ ਉਰਦੂ ਵਿੱਚ ਹਾਇਰੋਗਲਿਫ਼ ਹਿੱਸਾ ਹੈ ਤਾਂ ਪੰਜਾਬੀ ਵਿੱਚ ਵੀ "ਗੂੜ੍ਹ-ਅੱਖਰ" ਲੇਖ ਅੰਦਰ "ਹਾਇਰੋਗਲਿਫ਼" ਦਾ ਹਿੱਸਾ ਬਣ ਸਕਦਾ ਹੈ ਭਾਵੇਂ ਉਹਦਾ ਕੋਈ ਮਤਲਬ ਨਹੀਂ ਬਣਦਾ ਕਿਉਂਕਿ ਸਮਾਂ ਪੈਣ 'ਤੇ ਮਿਸਰੀ, ਮਾਇਆਵੀ, ਕਰੀਤੀ ਗੂੜ੍ਹ-ਅੱਖਰਾਂ 'ਤੇ ਵੱਖੋ-ਵੱਖ ਸਫ਼ੇ ਬਣ ਜਾਣਗੇ। ਹੋਰ ਤਾਂ ਹੋਰ, ਪੰਜਾਬੀ ਯੂਨੀਵਰਸਿਟੀ ਵੀ ਹਾਇਰੋਗਲਿਫ਼ ਦਾ ਤਰਜਮਾ ਗੂੜ੍ਹ-ਅੱਖਰ ਹੀ ਦਿੰਦੀ ਹੈ ਭਾਵੇਂ ਇਹ ਕੋਸ਼ ਕਈ ਹਿੰਦੀ-ਅੰਗਰੇਜ਼ੀ ਤਰਜਮੇ ਦੇਣ ਲਈ ਮਸ਼ਹੂਰ ਹੈ!--ਬਬਨਦੀਪ (ਗੱਲ-ਬਾਤ) ੦੩:੪੨, ੧੫ ਨਵੰਬਰ ੨੦੧੪ (UTC)
ਬਾਕੀ ਗੱਲ ਮੈਂ ਤੁਹਾਡੇ ਗੱਲਬਾਤ ਸਫ਼ੇ ਉੱਤੇ ਕੀਤੀ ਹੈ। ਹਾਂਜੀ ਮੈਂ ਵੀ ਉਸ ਕੋਸ਼ ਵਿੱਚ ਇਹ ਦੇਖਿਆ ਸੀ ਪਰ ਬਾਕੀ ਸਾਰੀਆਂ ਜੁਬਾਨਾਂ ਵਿੱਚ ਇਸ ਨਾਮ ਉੱਤੇ ਸਫ਼ਾ ਹੈ। ਇਹ ਦਿੱਕਤ ਉਰਦੂ ਵਿਕੀ ਦੀ ਹੋ ਸਕਦੀ ਹੈ ਕਿ ਉਹਨਾਂ ਨੇ "ਗੂੜ੍ਹ-ਅੱਖਰ" ਲੇਖ ਅੰਦਰ "ਹਾਇਰੋਗਲਿਫ਼" ਦਾ ਹਿੱਸਾ ਬਣਾਇਆ ਹੋਇਆ ਹੈ ਪਰ ਇਸ ਤਰ੍ਹਾਂ ਪੰਜਾਬੀ ਵਿਕੀ ਉੱਤੇ ਕਰਨਾ ਜ਼ਰੂਰੀ ਨਹੀਂ। ਸਗੋਂ ਉਰਦੂ ਵਿਕੀ ਉੱਤੇ ਵੀ ਸ਼ਾਇਦ "ਹਾਇਰੋਗਲਿਫ਼" ਬਾਰੇ ਇੱਕ ਅਲੱਗ ਲੇਖ ਬਣਾਇਆ ਜਾਣਾ ਚਾਹੀਦਾ ਹੈ। --Satdeep gill (ਗੱਲ-ਬਾਤ) ੦੩:੫੯, ੧੫ ਨਵੰਬਰ ੨੦੧੪ (UTC)
ਬਾਕੀ ਜੋ ਬੋਲੀਆਂ ਹਨ, ਉਹ ਜਰਮੇਨੀ ਜਾਂ ਰੋਮਨ ਪਰਵਾਰਾਂ ਵਿੱਚੋਂ ਹਨ ਜਿੱਥੇ ਯੂਨਾਨੀ ਸ਼ਬਦ ਜਾਂ ਉਹਨਾਂ ਦੇ ਵਿਗੜੇ ਰੂਪ ਵਰਤੇ ਜਾਂਦੇ ਹਨ। ਚੀਨੀ, ਜਪਾਨੀ ਵਿੱਚ ਵੱਖ ਸ਼ਬਦ ਹਨ। ਪੰਜਾਬੀ ਵਿੱਚ ਇਹਦਾ ਤਰਜਮਾ ਮੌਜੂਦ ਹੈ। ਖ਼ੈਰ ਮੈਂ ਦੋਹੇਂ ਨਾਵਾਂ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਸਫ਼ੇ ਦਾ ਨਾਂ ਬਦਲ ਦਿੱਤਾ ਹੈ। ਇੱਕ ਸੋਚਣ ਦੀ ਗੱਲ ਇਹ ਹੈ ਕਿ ਉਚਾਰਨ ਅੰਗਰੇਜ਼ੀ ਵਾਲ਼ਾ ਕਿਉਂ? ਕੀ ਇਸ ਵਿੱਚੋਂ ਅੰਗਰੇਜ਼ੀ ਸ਼ਹਿਨਸ਼ਾਹੀਅਤ ਦੀ ਬੋ ਨਹੀਂ ਆ ਰਹੀ? ਆਖ਼ਰਕਰ ਇਹ ਸ਼ਬਦ ਯੂਨਾਨੀ ਦਾ ਹੈ, ਸੋ ਸ਼ਬਦ ਦੀ ਪੰਜਾਬੀ ਵੀ ਉੱਥੋਂ ਹੀ ਬਣਾਈ ਜਾਵੇ ਜੇਕਰ ਉਧਾਰ ਲੈਣਾ ਹਿ ਹੈ! --ਬਬਨਦੀਪ (ਗੱਲ-ਬਾਤ) ੦੪:੦੮, ੧੫ ਨਵੰਬਰ ੨੦੧੪ (UTC)
ਜਿਸ ਸਮੇਂ ਭਾਰਤ ਵਿੱਚ ਫ਼ਾਰਸੀ ਦਾ ਬੋਲ-ਬਾਲਾ ਰਿਹਾ ਉਸ ਸਮੇਂ ਫ਼ਾਰਸੀ ਦੇ ਬੇਅੰਤ ਲਫ਼ਜ਼ ਆਏ। ਅੱਜ ਦੀ ਤਰੀਕ ਵਿੱਚ ਅੰਗਰੇਜ਼ੀ ਦੀ ਈਨ ਤਾਂ ਮੰਨਣੀ ਪਵੇਗੀ ਜੀ। ਤੁਸੀਂ ਇਹ ਹੀ ਦੇਖ ਲਵੋ ਕਿ ਅੰਗਰੇਜ਼ੀ ਵਿੱਚ 46 ਲੱਖ ਤੋਂ ਵੱਧ ਲੇਖ ਹਨ ਅਤੇ ਆਪਣੇ ਕੋਲ ਹਲੇ 16,000 ਦੇ ਕਰੀਬ ਹੀ ਹਨ। ਬਾਕੀ ਕਿਸੇ ਲਫ਼ਜ਼ ਦਾ ਉਚਾਰਨ ਇਸ ਉੱਤੇ ਵੀ ਨਿਰਭਰ ਹੁੰਦਾ ਹੈ ਕਿ ਉਹ ਕਿਹੜੀਆਂ-ਕਿਹੜੀਆਂ ਜ਼ੁਬਾਨਾਂ ਵਿੱਚੋਂ ਹੁੰਦੇ ਹੋਏ ਆਇਆ ਹੈ। ਹਾਇਰੋਗਲਿਫ਼ ਦੀ ਜਗ੍ਹਾ ਹੇਰੋਗਲਿਫ਼ ਵੀ ਕੀਤਾ ਜਾ ਸਕਦਾ ਹੈ। ਬਾਕੀ ਜੀ ਉਸ ਵਿੱਚ ਅਰਬੀ ਅਤੇ ਫ਼ਾਰਸੀ ਜ਼ੁਬਾਨਾਂ ਵੀ ਹਨ ਜੋ ਹੇਰੋਗਲਿਫ਼ ਜਾਂ ਹੇਰੋਗਲਿਫ਼ੀਆ ਲਿਖਦੇ ਹਨ। ਬਾਕੀ ਯੂਨਾਨੀ ਦੇ ਅਨੁਸਾਰ ਵੀ ਹੇਰੋਗਲਿਫ਼ਿਕਾ ਬਣੇਗਾ ਸ਼ਾਇਦ। ਇਸ ਲਈ ਹਾਇਰੋਗਲਿਫ਼ ਜਾਂ ਹੇਰੋਗਲਿਫ਼ ਉੱਤੇ ਸਹਿਮਤ ਹੋ ਜਾਣਾ ਚਾਹੀਦਾ ਹੈ। ਬਾਕੀ ਮੈਨੂੰ ਲਗਦਾ ਹੈ ਸਿਰਲੇਖ ਵਿੱਚ ਇੱਕ ਨਾਮ ਹੀ ਵਰਤਿਆ ਜਾਣਾ ਚਾਹੀਦਾ ਹੈ ਅਤੇ ਬਾਕੀ ਲੇਖ ਦੇ ਵਿੱਚ ਦੱਸ ਦਿੱਤੇ ਜਾਣ। --Satdeep gill (ਗੱਲ-ਬਾਤ) ੦੪:੧੯, ੧੫ ਨਵੰਬਰ ੨੦੧੪ (UTC)
ਅੰਗਰੇਜ਼ੀ ਦੀ ਈਨ ਤਾਂ ਠੀਕ ਹੈ ਪਰ ਅੰਗਰੇਜ਼ੀ ਦਾ ਬੇਲੋੜਾ ਦਖ਼ਲ ਨਹੀਂ। ਕੱਲ੍ਹ ਨੂੰ ਅੰਗਰੇਜ਼ੀ ਦੀ ਈਨ ਦੇ ਨਾਂ ਵਿੱਚ ਹਰਿਮੰਦਰ ਸਾਹਿਬ ਦਾ ਨਾਂ "ਗੋਲਡਨ ਟੈਂਪਲ" (ਜਾਂ ਇੱਦਾਂ ਦੀ ਹੋਰ ਕਈ ਮਿਸਾਲਾਂ) ਤਾਂ ਨਹੀਂ ਕਰ ਸਕਦੇ!? ਹੁਣ ਗੱਲ ਕਰੋ ਸੀਰੀਆ ਦੇ en:Aleppo ਸ਼ਹਿਰ ਦੀ। ਇਹ ਪੰਜਾਬੀ ਦਾ ਸ਼ਬਦ ਨਹੀਂ ਅਰਬੀ ਨਾਂ ਹੈ ਪਰ ਕੀ ਆਪਾਂ ਇਹਨੂੰ ਅਲੈਪੋ ਲਿਖਾਂਗੇ ਜਾਂ ਫੇਰ ਪੰਜਾਬੀ ਜ਼ਬਾਨ ਲਈ ਸੌਖਾ ਬੋਲਿਆ ਜਾਣ ਵਾਲ਼ਾ "ਹਲਬ"? ਅਜਿਹੇ ਹੋਰ ਬਹੁਤ ਉਦਾਹਰਨ ਹਨ। 'ਤੇ ਇੱਥੇ ਗੂੜ੍ਹ-ਅੱਖਰ ਇਹ ਦੱਸ ਰਿਹਾ ਹੈ ਕਿ ਇਹ ਹਾਇਰੋਗਲਿਫ਼ ਆਮ ਗੂੜ੍ਹ ਅੱਖਰਾਂ ਵਾਸਤੇ ਹੈ ਨਾ ਕਿ ਮਿਸਰੀ, ਮਾਇਆਵੀ ਆਦਿ ਲਈ ਅਤੇ ਨਾ ਹੀ ਮੁੜ-ਸੁਰਜੀਤੀ ਦੌਰ ਦੇ ਚਿੰਨਾਂ ਲਈ। ਇੱਦਾਂ ਬਹੁਤ ਸਾਰੇ ਨਾਵਾਂ ਵਿੱਚ ਕੀਤਾ ਜਾਂਦਾ ਹੈ, ਅੰਗਰੇਜ਼ੀ ਵਿਕੀ 'ਤੇ ਵੀ। --ਬਬਨਦੀਪ (ਗੱਲ-ਬਾਤ) ੦੪:੩੪, ੧੫ ਨਵੰਬਰ ੨੦੧੪ (UTC)
ਗੱਲ ਤਾਂ ਤੁਹਾਡੀ ਵੀ ਠੀਕ ਹੈ ਪਰ ਇਸਦਾ ਕੋਈ ਸਿੱਧਾ-ਸਿੱਧਾ ਹੱਲ ਨਹੀਂ ਦਿਸਦਾ। ਚੱਲੋ ਇਸ ਬਾਰੇ ਗੱਲਬਾਤ ਕਰਦੇ ਰਹਾਂਗੇ। ਹੁਣ ਇਸ ਸਫ਼ੇ ਨੂੰ ਇੱਕ ਨਾਮ ਉੱਤੇ ਭੇਜ ਦੇਵੋ ਜੀ ਹੇਰੋਗਲਿਫ਼ ਜਾਂ ਹਾਇਰੋਗਲਿਫ਼ ਉੱਤੇ। ਕਿਉਂਕਿ ਬਾਕੀ ਜ਼ੁਬਾਨਾਂ ਨੇ ਵੀ ਕੋਈ ਨਵੇਂ ਸ਼ਬਦ ਨਹੀਂ ਵਰਤੇ, ਸਾਰੀਆਂ ਨੇ ਇਸਦੀ ਵਰਤੋਂ ਹੀ ਕੀਤੀ ਹੈ। ਧੰਨਵਾਦ ਜੀ --Satdeep gill (ਗੱਲ-ਬਾਤ) ੦੪:੪੩, ੧੫ ਨਵੰਬਰ ੨੦੧੪ (UTC)
ਮੇਰੇ ਹਿਸਾਬ ਨਾਲ਼ ਮੌਜੂਦਾ ਨਾਂ ਬਿਲਕੁਲ ਠੀਕ ਹੈ। ਮੈਂ ਹਿੰਦੀ ਵਿਕੀ 'ਤੇ ਵੀ ਕਈ ਦੁਭਾਸ਼ੀ ਨਾਂ ਵੇਖੇ ਹਨ। ਬਾਕੀ ਜੋ ਤੁਹਾਨੂੰ ਠੀਕ ਲੱਗੇ ਉਸ 'ਤੇ ਕਰ ਦਿਉ।--ਬਬਨਦੀਪ (ਗੱਲ-ਬਾਤ) ੦੫:੦੦, ੧੫ ਨਵੰਬਰ ੨੦੧੪ (UTC)
ਚੱਲੋ ਇਸੇ ਤਰ੍ਹਾਂ ਠੀਕ ਹੈ। ਬਾਕੀ ਜੇ ਬਾਅਦ ਵਿੱਚ ਲੱਗਿਆ ਫਿਰ ਵੀ ਬਦਲਿਆ ਜਾ ਸਕਦਾ ਹੈ। ਇਹ ਤਾਂ ਚੱਲਦਾ ਹੀ ਰਹਿਣਾ ਹੈ। ਹਲੇ ਤਾਂ ਪੰਜਾਬੀ ਵਿਕੀ ਨੇ ਬਹੁਤ ਵਿਕਾਸ ਕਰਨਾ ਹੈ। ਇਸ ਉੱਤੇ ਆਪਾਂ ਸਭ ਨੇ ਰਲ-ਮਿਲ ਕੇ ਸਾਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਤ-ਭਾਸ਼ਾ ਲਈ ਕੰਮ ਕਰਨਾ ਹੈ। ਬਹੁਤ ਬਹੁਤ ਸ਼ੁਕਰੀਆ --Satdeep gill (ਗੱਲ-ਬਾਤ) ੦੫:੦੯, ੧੫ ਨਵੰਬਰ ੨੦੧੪ (UTC)
ਸਹੀ ਫਰਮਾਇਆ! --ਬਬਨਦੀਪ (ਗੱਲ-ਬਾਤ) ੦੫:੧੫, ੧੫ ਨਵੰਬਰ ੨੦੧੪ (UTC)
"ਹਾਇਰੋਗਲਿਫ਼ (ਗੂੜ੍ਹ-ਅੱਖਰ)" ਸਫ਼ੇ ਉੱਤੇ ਵਾਪਸ ਜਾਓ।