ਪ੍ਰੋਫੈਸਰ ਜਗਬੀਰ ਸਿੰਘ

(ਜਗਬੀਰ ਸਿੰਘ ਤੋਂ ਮੋੜਿਆ ਗਿਆ)

ਪ੍ਰੋ. ਜਗਬੀਰ ਸਿੰਘ (ਜਨਮ 1937) ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਨਾਲ ਸੰਬੰਧਿਤ ਚਿੰਤਨਸ਼ੀਲ ਲੇਖਕ ਤੇ ਆਲੋਚਕ ਹਨ।

ਜਗਬੀਰ ਸਿੰਘ
ਜਨਮ1937
ਜ਼ਿਲ੍ਹਾ ਲੁਧਿਆਣਾ ਦਾ ਪਿੰਡ ਸੰਗੋਵਾਲ, ਭਾਰਤੀ ਪੰਜਾਬ
ਕਿੱਤਾਸਾਹਿਤ ਚਿੰਤਕ ਅਤੇ ਆਲੋਚਕ
ਭਾਸ਼ਾਪੰਜਾਬੀ,
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਪ੍ਰਮੁੱਖ ਕੰਮਬਾਣੀ ਸੰਸਾਰ,
ਗੁਰਬਾਣੀ: ਵਿਸ਼ਵਦ੍ਰਿਸ਼ਟੀ ਤੇ ਵਿਚਾਰਧਾਰਾ
ਪੱਛਮੀ ਸਾਹਿਤ-ਸਮੀਖਿਆ ਅਤੇ ਭਾਰਤੀ ਕਾਵਿਸ਼ਾਸਤਰ,
ਗੁਰੂ ਗ੍ਰੰਥ ਸਾਹਿਬ ਦੀ ਸਮਕਾਲੀ ਸਾਰਥਕਤਾ ਤੇ ਪ੍ਰਾਸੰਗਿਕਤਾ

ਜੀਵਨ ਤੇ ਕੰਮ

ਸੋਧੋ

ਪ੍ਰੋਫੈਸਰ ਜਗਬੀਰ ਸਿੰਘ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਚਾਂਸਲਰ ਹਨ। ਉਹ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਆਜੀਵਨ ਫੈਲੋ ਹਨ। ਉਹਨਾਂ ਦਾ ਜਨਮ 1937 ਨੂੰ ਆਪਣੇ ਨਾਨਕੇ ਪਿੰਡ ਸੰਗੋਵਾਲ, ਜ਼ਿਲਾ ਲੁਧਿਆਣਾ, ਪੰਜਾਬ (ਭਾਰਤ) ਵਿੱਚ ਹੋਇਆ। ਆਪਣੇ ਪਿੰਡ ਦੇ ਸਕੂਲ ਤੋਂ ਮੁੱਢਲੀ ਵਿਦਿਆ ਹਾਸਿਲ ਕਰਨ ਤੋਂ ਮਗਰੋਂ ਉਹਨਾਂ ਨੇ ਦਿੱਲੀ ਮਹਾਨਗਰ ਦੇ ਸਕੂਲਾਂ ਤੋਂ ਉਚੇਰੀ ਸਿਖਿਆ ਪ੍ਰਾਪਤ ਕੀਤੀ। 1957 ਵਿੱਚ ਐਮ.ਜੀ. ਐੱਨ ਕਾਲਜ ਜਲੰਧਰ ਤੋਂ ਪੰਜਾਬੀ ਲੈਂਗੂਏਜ ਟੀਚਰ ਦਾ ਕੋਰਸ ਕਰਨ ਤੋਂ ਬਾਦ ਉਹਨਾਂ ਨੇ 1958 ਵਿੱਚ ਰਾਮਗੜ੍ਹੀਆ ਹਾਇਰ ਸੈਕੰਡਰੀ ਸਕੂਲ, ਲੁਧਿਆਣਾ ਵਿੱਚ ਪੰਜਾਬੀ ਅਧਿਆਪਨ ਦਾ ਕਾਰਜ ਆਰੰਭ ਕੀਤਾ। ਇਸ ਤੋਂ ਮਗਰੋਂ ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਵਿੱਚ ਐਮ.ਏ ਅਤੇ ਪੀਐਚ ਡੀ ਦੀ ਡਿਗਰੀ ਹਾਸਿਲ ਕੀਤੀ ਅਤੇ ਐਸ.ਡੀ ਕਾਲਜ ਅੰਬਾਲਾ ਛਾਉਣੀ ਅਤੇ ਗੁਰਮਤਿ ਕਾਲਜ ਪਟਿਆਲਾ ਵਿਖੇ ਅਧਿਆਪਨ ਦਾ ਕਾਰਜ ਕੀਤਾ। 1972 ਤੋਂ 2002 ਤੱਕ ਉਹ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਲਗਾਤਾਰ 30 ਸਾਲ ਤਕ ਅਧਿਆਪਨ ਅਤੇ ਖੋਜ ਦਾ ਕਾਰਜ ਕਰਦੇ ਰਹੇ ਅਤੇ ਇੱਥੋਂ ਹੀ ਸੇਵਾ-ਮੁਕਤ ਹੋਏ। ਜਗਬੀਰ ਸਿੰਘ ਨੇ ਭਾਰਤੀ ਗਿਆਨ-ਪਰੰਪਰਾ ਅਤੇ ਪੱਛਮੀ ਸਾਹਿਤ-ਚਿੰਤਨ ਨਾਲ ਆਪਣੇ ਅਧਿਐਨ ਦਾ ਵਿਸ਼ੇਸ਼ ਸਰੋਕਾਰ ਜੋੜਨ ਦਾ ਉੱਪਰਾਲਾ ਕੀਤਾ ਹੈ। ਗੁਰਬਾਣੀ, ਲੋਕਧਾਰਾ, ਸਾਹਿਤ ਸਿਧਾਂਤ, ਭਾਰਤੀ ਦਰਸ਼ਨ ਅਤੇ ਧਰਮ ਉਹਨਾਂ ਦੇ ਮੁੱਖ ਅਧਿਐਨ ਖੇਤਰ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਪਰਵਾਸੀ ਪੰਜਾਬੀ ਸਾਹਿਤ ਅਤੇ ਸਮਕਾਲੀ ਪੰਜਾਵੀ ਨਾਵਲ ਦੇ ਅਧਿਐਨ ਨਾਲ ਵੀ ਆਪਣਾ ਸਰੋਕਾਰ ਜੋੜਿਆ। ਹੁਣ ਤੱਕ ਪੀਐੱਚ.ਡੀ ਦੇ 14 ਅਤੇ ਐੱਮ.ਫਿਲ. ਦੇ 30 ਖੋਜ-ਵਿਦਿਆਰਥੀ ਉਹਨਾਂ ਦੀ ਨਿਗਰਾਨੀ ਹੇਠਾਂ ਆਪਣੇ ਖੋਜ-ਪ੍ਰਬੰਧ/ਖੋਜ-ਨਿਬੰਧ ਮੁਕੰਮਲ ਕਰ ਚੁੱਕੇ ਹਨ। 2008 ਵਿੱਚ ਉਹਨਾਂ ਨੇ ਪੰਜਾਬੀ ਸਾਹਿਤ-ਸੱਭਿਆਚਾਰ ਦੇ ਅਧਿਐਨ ਤੇ ਵਿਸ਼ਲੇਸ਼ਣ ਨੂੰ ਸਮਰਪਿਤ ਇੱਕ ਮਹੱਤਵਪੂਰਨ ਵੈੱਬਸਾਈਟ ਪੰਜਾਬੀ ਆਲੋਚਨਾ ਲਾਂਚ ਕੀਤੀ ਜਿਸ ਵਿੱਚ ਮੱਧਕਾਲੀ ਅਤੇ ਆਧੁਨਿਕ ਪੰਜਾਬੀ ਸਾਹਿਤ ਨਾਲ ਸੰਬੰਧਿਤ ਅਨੇਕਾਂ ਵਿਸ਼ਿਆਂ ਬਾਰੇ ਖੋਜ-ਨਿਬੰਧ ਪੋਸਟ ਕੀਤੇ ਗਏ ਹਨ। ਇਨ੍ਹਾਂ ਵਿੱਚ ਗੁਰਮਤਿ ਕਾਵਿ, ਸੂਫ਼ੀ ਕਾਵਿ, ਲੋਕਧਾਰਾ ਤੇ ਸੱਭਿਆਚਾਰ, ਪਰਵਾਸੀ ਪੰਜਾਬੀ ਸਾਹਿਤ ਅਤੇ ਭਾਰਤੀ ਗਿਆਨ-ਪਰੰਪਰਾ ਵਰਗੇ ਵਿਸ਼ੇ ਸ਼ਾਮਿਲ ਹਨ। ਇਸ ਵੈੱਬ ਸਾਈਟ ਉੱਤੇ ਇਨ੍ਹਾਂ ਵਿਸ਼ਿਆਂ ਨਾਲ ਸੰਬੰਧਿਤ ਵੀਡੀਉ ਭਾਸ਼ਣ ਵੀ ਪੋਸਟ ਕੀਤੇ ਗਏ ਹਨ। ਪ੍ਰੋਫੈਸਰ ਜਗਬੀਰ ਸਿੰਘ ਵਿਭਿੰਨ ਸੰਸਥਾਵਾਂ ਦੀ ਨਿਗਰਾਨੀ ਹੇਠਾਂ ਮੁਕੰਮਿਲ ਕੀਤੇ ਗਏ, ਨਿਮਨ-ਅੰਕਿਤ, ਅਕਾਦਮਿਕ ਪ੍ਰੋਜੈਕਟਾਂ ਨਾਲ ਵੀ ਸੰਬੰਧਿਤ ਰਹੇ ਹਨ:

  1. Encyclopedia of Indian Literature (ਸਾਹਿਤ ਅਕੈਡਮੀ, ਨਵੀਂ ਦਿੱਲੀ)
  2. History of Punjabi Literature (ਪੰਜਾਬੀ ਅਕੈਡਮੀ, ਦਿੱਲੀ)
  3. Encyclopedia of Hinduism 11 Vols. (ਪਰਮਾਰਥ ਨਿਕੇਤਨ, ਰਿਸ਼ੀਕੇਸ਼)
  4. Knowledge Traditions and Practices of India ਸੀਬੀਐਸਈ (ਭਾਰਤ) ਦੀਆਂ XI ਅਤੇ XII ਜਮਾਤਾਂ ਲਈ ਤਿਆਰ ਕੀਤਾ ਗਿਆ ਇੱਕ ਇਲੈਕਟਿਵ ਕੋਰਸ (ਕਨਵੀਨਰ ਦੇ ਤੌਰ 'ਤੇ)

ਰਿਸਰਚ ਫੈਲੋਸ਼ਿਪ

ਸੋਧੋ
  • ਜੂਨੀਅਰ ਰਿਸਰਚ ਫੈਲੋਸ਼ਿਪ: ਯੂਜੀਸੀ - ਗੁਰੂ ਨਾਨਕ ਬਾਣੀ ਵਿੱਚ ਨੈਤਿਕਤਾ ਦਾ ਸੰਕਲਪ (1967-70)
  • ਮੇਜਰ ਰਿਸਰਚ ਪ੍ਰੋਜੈਕਟ: ਯੂਜੀਸੀ - Guru Granth Sahib as a Discourse of Human Freedom and Dalit Consciousness (2002-2005).
  • ਸੀਨੀਅਰ ਫੈਲੋਸ਼ਿਪ: ਭਾਰਤ ਸਰਕਾਰ ਦਾ ਸੱਭਿਆਚਾਰ ਮੰਤਰਾਲਾ - Indian Poetics and Western Literary Theory: A Dialogical Perspective (2005-2007).
  • ਸੀਨੀਅਰ ਫੈਲੋਸ਼ਿਪ: ਪੰਜਾਬੀ ਯੂਨੀਵਰਸਿਟੀ, ਪਟਿਆਲਾ - ਮਧਕਾਲੀ ਪੰਜਾਬੀ ਸਾਹਿਤ ਤੇ ਸਮਾਜ - ਸੱਭਿਆਚਾਰਕ ਸਰੋਕਾਰ ਤੇ ਸੰਦਰਭ (2009-2012).
  • ਸੀਨੀਅਰ ਫੈਲੋਸ਼ਿਪ: IASE (Deemed University) Sardarshahar, Rajasthan. Guru Granth Sahib: A Discourse of Interfaith Dialogue and Understanding (2013 ਤੋਂ 2014)
  • ਲਾਈਫ ਫੈਲੋਸ਼ਿਪ: ਪੰਜਾਬੀ ਯੂਨੀਵਰਸਿਟੀ, ਪਟਿਆਲਾ (2012 ਤੋਂ ਉਮਰ ਭਰ ਲਈ)

ਇਨਾਮ ਤੇ ਸਨਮਾਨ

ਸੋਧੋ
  1. ਸਾਹਿਤਯ ਰਤਨ ਅਵਾਰਡ, (2022) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
  2. ਸ਼ਿਰੋਮਣੀ ਪੰਜਾਬੀ ਸਾਹਿਤਕਾਰ ਅਵਾਰਡ (2016) ਭਾਸ਼ਾ ਵਿਭਾਗ ਪੰਜਾਬ, ਪਟਿਆਲਾ।
  3. ਪਰਮ ਸਾਹਿਤ ਸਤਿਕਾਰ ਸਨਮਾਨ (2014) ਪੰਜਾਬੀ ਅਕਡਮੀ ਦਿੱਲੀ।
  4. ਗੁਰੂ ਨਾਨਕ ਦੇਵ ਅਚੀਵਮੈਂਟ ਅਵਾਰਡ,(2019) ਪੰਜਾਬ ਸਰਕਾਰ।  
  5. ਪੰਜਾਬੀ ਟ੍ਰਾਂਸਲੇਸ਼ਨ ਪ੍ਰਾਈਜ, ਸਾਹਿਤਯ ਅਕਾਡੇਮੀ ਨਵੀਂ ਦਿੱਲੀ।
  6. ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ 1989 ਅਤੇ 2002 ਦੇ (ਪੰਜਾਬੀ ਅਕੈਡਮੀ, ਦਿੱਲੀ)
  7. ਪੰਜਾਬੀ ਸਾਹਿਤ ਸੇਵਾ ਸਨਮਾਨ 2004 (ਪੰਜਾਬੀ ਅਕੈਡਮੀ,ਦਿੱਲੀ)
  8. ਪੰਜਾਬੀ ਅਨੁਵਾਦ ਪੁਰਸਕਾਰ 2004 (ਸਾਹਿਤ ਅਕੈਡਮੀ, ਨਵੀਂ ਦਿੱਲੀ)

ਪੁਸਤਕਾਂ

ਸੋਧੋ
  • ਗੁਰੂ ਨਾਨਕ ਬਾਣੀ ਵਿੱਚ ਨੈਤਿਕਤਾ ਦਾ ਸੰਕਲਪ (ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1973)
  • ਬਾਣੀ ਸੰਸਾਰ (ਰਵਿੰਦਰ ਪ੍ਰਕਾਸ਼ਨ, ਦਿੱਲੀ, 1974)
  • ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ, ਭਗਤੀ ਕਲ) (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1983)
  • ਮਧਕਾਲੀ ਸ਼ਬਦ ਸੱਭਿਆਚਾਰ (ਰਵਿੰਦਰ ਪ੍ਰਕਾਸ਼ਨ, ਦਿੱਲੀ, 1989)
  • ਬਿਰਤਾਂਤਕ ਗਲਪ: ਸਿਧਾਂਤ ਤੇ ਸਮੀਖਿਆ (ਆਰਸੀ, ਦਿੱਲੀ, 1992)
  • ਸਮੀਖਿਆ ਵਿਹਾਰ (ਨੈਸ਼ਨਲ ਬੁੱਕ ਸ਼ਾਪ, ਦਿੱਲੀ, 1997)
  • ਗੁਰਬਾਣੀ: ਵਿਸ਼ਵਦ੍ਰਿਸ਼ਟੀ ਤੇ ਵਿਚਾਰਧਾਰਾ (ਵੈੱਲਵਿਸ਼ ਪ੍ਰਕਾਸ਼ਕ, ਦਿੱਲੀ, 1997)
  • ਪੰਜਾਬੀ ਗਲਪ ਸੰਸਾਰ (ਵੈੱਲਵਿਸ਼ ਪ੍ਰਕਾਸ਼ਕ, ਦਿੱਲੀ, 1999)
  • ਸ਼ਬਦ ਸੰਵਾਦ (ਮਨਪ੍ਰੀਤ ਪ੍ਰਕਾਸ਼ਨ, ਦਿੱਲੀ, 2001)
  • ਗੁਰਮਤਿ ਕਾਵਿ ਦਾ ਇਤਿਹਾਸ (ਪੰਜਾਬੀ ਅਕੈਡਮੀ, ਦਿੱਲੀ, 2004)
  • ਸਮਕਾਲੀ ਪੰਜਾਬੀ ਬਿਰਤਾਂਤ (ਚੇਤਨਾ ਪ੍ਰਕਾਸ਼ਨ, ਲੁਧਿਆਣਾ, 2006)
  • ਮਧਕਾਲੀ ਪਾਠ ਵਰਤਮਾਨ ਪਰਿਪੇਖ (ਨੈਸ਼ਨਲ ਬੁੱਕ ਟਰੱਸਟ, ਭਾਰਤ, 2006)
  • ਮਾਨਵ ਮੁਕਤੀ ਅਤੇ ਦਲਿਤ ਚੇਤਨਾ ਦਾ ਪ੍ਰਵਚਨ: ਗੁਰੂ ਗ੍ਰੰਥ ਸਾਹਿਬ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 2007)
  • ਗੁਰਮਤਿ ਕਾਵਿ: ਸਿਧਾਂਤ ਤੇ ਵਿਹਾਰ (ਚੇਤਨਾ ਪ੍ਰਕਾਸ਼ਨ, ਲੁਧਿਆਣਾ, 2011)
  • ਪੱਛਮੀ ਸਾਹਿਤ ਸਿਧਾਂਤ ਅਤੇ ਭਾਰਤੀ ਕਾਵਿ ਸ਼ਾਸਤਰ (ਪੰਜਾਬੀ ਯੂਨੀਵਰਸਿਟੀ, ਪਟਿਆਲਾ. 2012)
  • ਗੁਰੂ ਗ੍ਰੰਥ ਸਾਹਿਬ ਦੀ ਸਮਕਾਲੀਨ ਸਾਰਥਿਕਤਾ ਤੇ ਪ੍ਰਸੰਗਿਕਤਾ (ਪੰਜਾਬੀ ਯੂਨੀਵਰਸਿਟੀ,ਪਟਿਆਲਾ, 2012)
  • Interfaith Dialogue is Guru Granth Sahib: Civilisational Context. (2016) Punjabi University, Patiala.
  • ਭਾਰਤ ਦੀ ਦਾਰਸ਼ਨਿਕ ਪਰੰਪਰਾ ਅਤੇ ਗੁਰੂ ਨਾਨਕ ਬਾਣੀ, (IGNCI, Ministry of Culture, Government of India) 2021. (Punjabi)
  • Indic Civilisation and Its Dharma Traditions, Chetna Prakashan, Ludhiana. 2022.
  • ਭਾਰਤੀ ਸਭਿਅਤਾ ਅਤੇ ਇਸਦੀਆਂ ਧਾਰਮਿਕ ਪਰੰਪਰਾਵਾਂ, ਚੇਤਨਾ ਪ੍ਰਕਾਸ਼ਨ, ਲੁਧਿਅਣਾ, 2022.
  • भारतीय सभ्यता और इसकी धार्मिक परंपराएँ,संजय प्रकाशन, नई दिल्ली ।

ਅਨੁਵਾਦ

ਸੋਧੋ
  • ਸੰਰਚਨਾਵਾਦ, ਉੱਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ ਸ਼ਾਸਤਰ (ਸਾਹਿਤ ਅਕੈਡਮੀ, ਦਿੱਲੀ, 2002)
  • ਖਾਲਸਾ: ਇਤਿਹਾਸ ਤੇ ਵਿਚਾਰਧਾਰਾ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 2002)
  • ਸੇਵਾ ਸਦਨ (ਮੁਨਸ਼ੀ ਪ੍ਰੇਮ ਚੰਦ ਦਾ ਇੱਕ ਨਾਵਲ) (ਨੈਸ਼ਨਲ ਬੁੱਕ ਟਰੱਸਟ, ਇੰਡੀਆ, ਨਿਊ ਦਿੱਲੀ)
  • ਮੇਰੇ ਪਿੰਡ ਦੇ ਰਾਸੀਏ (ਨੈਸ਼ਨਲ ਬੁੱਕ ਟਰੱਸਟ, ਇੰਡੀਆ, ਨਿਊ ਦਿੱਲੀ)
  • ਪਵਿੱਤਰ ਬਾਈਬਲ (ਪੁਰਾਣਾ ਨੇਮ) (ਚੋਣਵੇਂ ਹਿੱਸੇ)
  • ਪਵਿੱਤਰ ਬਾਈਬਲ (ਨਵਾਂ ਨੇਮ) (ਚੋਣਵੇਂ ਹਿੱਸੇ)[1]

ਬਾਹਰੀ ਲਿੰਕ

ਸੋਧੋ

ਡਾ. ਜਗਬੀਰ ਸਿੰਘ ਦਾ ਸਾਹਿਤ ਇਤਿਹਾਸਕ ਪਿਛੋਕੜ

ਸੋਧੋ

ਡਾ. ਜਗਬੀਰ ਸਿੰਘ ਨੇ ਆਲੋਚਨਾ ਦ੍ਰਿਸ਼ਟੀ ਉੱਤੇ ਕੰਮ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਆਦਿ ਕਾਲ ਤੋਂ ਭਗਤੀ ਕਾਲ (ਆਰੰਭ ਤੋਂ 1700 ਈ. ਤਕ) ਲਿਖਿਆ। ਇਹ ਪੁਸਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਿਖਵਾਈ ਗਈ ਹੈ। ਇਸ ਦਾ ਪ੍ਰਕਾਸ਼ਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੈ। ਡਾ. ਜਗਬੀਰ ਸਿੰਘ ਦੁਆਰਾ ਪੰਜਾਬੀ ਸਾਹਿਤ ਦਾ ਵਰਣਨ ਇਸ ਪ੍ਰਕਾਰ ਹੈ,

ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ

ਸੋਧੋ

ਡਾ. ਜਗਬੀਰ ਸਿੰਘ ਦੀ ਧਾਰਨਾ ਹੈ ਕਿ ਸਾਹਿਤਕ ਇਤਿਹਾਸ ਦਾ ਭਾਸ਼ਾ ਅਤੇ ਸੱਭਿਆਚਾਰ ਨਾਲ ਗੂੜ੍ਹਾ ਸੰਬੰਧ ਹੈ। ਸਾਹਿਤ ਭਾਸ਼ਾ ਵਿਚ ਰਚਿਆ ਜਾਂਦਾ ਹੈ। ਪਰ ਇਸ ਦੀ ਸਾਰਥਿਕਤਾ ਦਾ ਦਾ ਨਿਰਨਾ ਸੱਭਿਆਚਾਰ ਦੇ ਪ੍ਰਸੰਗ ਵਿਚ ਹੀ ਹੁੰਦਾ ਹੈ। ਭਾਸ਼ਾ ਅਤੇ ਸੱਭਿਆਚਾਰ ਦੇ ਸਹਿਯੋਗ ਅਤੇ ਸੰਬੰਧ ਨਾਲ ਹੀ ਸਾਹਿਤ ਦੇ ਭਿੰਨ ਭਿੰਨ ਰੂਪ ਹੋਂਦ ਵਿਚ ਆਉਂਦੇ ਹਨ।[2]

ਲੋਕ ਸਾਹਿਤ

ਸੋਧੋ

ਜਗਬੀਰ ਸਿੰਘ ਦੀ ਧਾਰਨਾ ਹੈ ਕਿ ਲੋਕ ਸਾਹਿਤ ਦਾ ਰਚਨਹਾਰ ਕੋਈ ਇੱਕ ਵਿਸ਼ੇਸ਼ ਵਿਅਕਤੀ ਨਹੀਂ ਹੁੰਦਾ ਸਗੋਂ ਇਹ ਮਨੁੱਖੀ ਭਾਈਚਾਰੇ ਵਿਚੋਂ ਆਪ ਮੁਹਾਰੇ ਪ੍ਰਚੱਲਿਤ ਹੋ ਜਂਦ ਹੈ। ਲੋਕ ਸਾਹਿਤ ਦੀਆਂ ਜੜ੍ਹਾਂ ਸੱਭਿਆਚਾਰ ਦੇ ਅਤਿਅੰਤ ਪ੍ਰਾਚੀਨ ਕਾਲ ਵਿਚ ਫੈਲੀਆਂ ਹੋਈਆਂ ਹੁੰਦੀਆਂ ਹਨ ਪਰ ਤਾਂ ਵੀ ਇਸ ਪ੍ਰਾਚੀਨਤਾ ਦੀ ਝਲਕ ਵਿਖਾਈ ਨਹੀਂ ਦਿੰਦੀ ਕਾਰਨ ਇਹ ਹੈ ਕਿ ਲੋਕ ਸਾਹਿਤ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਿਆ ਹੋਇਆ ਆਪਣਾ ਰੂਪ ਬਦਲ ਲੈਂਦਾ ਹੈ। ਲੋਕ ਸਾਹਿਤ ਦੇ ਰੂਪਾਕਾਰ, ਵਾਰਾਂ, ਬਾਰਾਂਮਾਹ, ਅਲਾਹੁਣੀਆਂ, ਸਿੱਠਣੀਆਂ, ਛੰਦ ਆਦਿ ਵਿਕਸਿਤ ਗੁਰਬਾਣੀ ਅਤੇ ਸੂਫ਼ੀ ਪਰੰਪਰਾ ਤੋਂ ਪ੍ਰਭਾਵਿਤ ਹਨ। ਲੋਕ ਸਾਹਿਤ ਵਿਚ ਮੁਹਾਵਰੇ, ਲੋਕ ਕਥਾਵਾਂ, ਦੰਦ ਕਥਾਵਾਂ ਆਦ‍ਿ ਸ਼ਾਮਿਲ ਹਨ।[3]

ਸੂਫ਼ੀ ਸਾਹਿਤ

ਸੋਧੋ

ਡਾ. ਜਗਬੀਰ ਸਿੰਘ ਅਨੁਸਾਰ 12ਵੀਂ ਸਦੀ ਦੇ ਆਖ਼ਰੀ ਸੰਤ ਕਵੀ ਜੈਦੇਵ ਅਤੇ ਸ਼ੇਖ਼ ਫ਼ਰੀਦ ਦੀ ਰਚਨਾ ਆਦਿ ਗ੍ਰੰਥ ਵਿਚ ਅੰਕਿਤ ਹੈ। ਸੂਫ਼ੀ ਸ਼ਬਦ ਦੀ ਉਤਪਤੀ ਸੁਫ਼ਾ, ਸੂਫ਼, ਸਫ਼ ਅਤੇ ਤਸੱਵੁਫ਼ ਵਰਗੇ ਕਈ ਸ਼ਬਦਾਂ ਤੋਂ ਮੰਨੀ ਜਾਂਦੀ ਹੈ। ਉਹਨਾਂ ਅਨੁਸਾਰ ਖ਼ਾਕ ਵਿਚ ਵੱਸਦਾ ਹੋਇਆ ਮਨੁੱਖ ਰੱਬ ਨੂਰ ਦੀ ਸੰਭਾਵਨਾ ਵੀ ਆਪਣੇ ਵਿਚ ਰੱਖਦਾ ਹੈ। ਕੁਰਾਨ ਦੀ ਸਥਾਪਨਾ ਸੂਫ਼ੀਵਾਦ ਦੇ ਦਾਰਸ਼ਨਿਕ ਆਧਾਰ ਨੂੰ ਬਲ ਦੇਂਦੀ ਹੈ। ਜਿਹਨਾਂ ਨੇ ਮਨੁੱਖੀ ਜ਼ਿੰਦਗੀ ਦੀ ਆਖ਼ਰੀ ਮੰਜ਼ਿਲ ਫ਼ਨਾਹ ਜਾਂ ਬਕਾਅ ਨੂੰ ਮੰਨਿਆ ਹੈ, ਜੋ ਬੰਦੇ ਦੀ ਖ਼ੁਦਾ ਵਿਚ ਭੇਦ ਹੋਣ ਦੀ ਸਥਿਤੀ ਹੈ। ਸਮਾਂ ਪਾ ਕੇ ਇਨ੍ਹਾਂ ਸੂਫ਼ੀ ਫ਼ਕੀਰਾਂ ਦੀ ਰਹੱਸਵਾਦੀ ਅਤੇ ਜੀਵਨ ਦੀ ਸਾਰਥਿਕਤਾ ਪਛਾਣਦਿਆਂ ਹੋਇਆ ਇਮਾਮ ਗਜ਼ਾਲੀ ਵਰਗੇ ਫ਼ਿਲਾਸਫ਼ਰਾਂ ਨੇ ਇਸ ਵਿਚਾਰਧਾਰਾ ਦਾ ਯਤਨ ਕੀਤਾ। ਤਾਂ ਜਾ ਕੇ ਸ਼ਰੱਈ ਇਸਲਾਮ ਵਾਲਿਆਂ ਨੇ ਸੂਫ਼ੀਆਂ ਨੂੰ ਸੱਚੇ ਮੁਸਲਿਮ ਫ਼ਕੀਰ ਹੋਣ ਦੀ ਪ੍ਰਵਾਨਗੀ ਦਿੱਤੀ। ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ਼, ਬਟਾਲਵੀ ਹੋਰ ਪ੍ਰਸਿੱਧ ਸੂਫ਼ੀ ਕਵੀ ਹਨ।[4]

ਨਾਥ ਜੋਗੀਆਂ ਦਾ ਸਾਹਿਤ

ਸੋਧੋ

ਡਾ. ਜਗਬੀਰ ਸਿੰਘ ਦੀ ਧਾਰਨਾ ਹੈ ਕਿ ਨਾਥ ਬਾਣੀ ਆਪਣੀ ਪੂਰਬਲੀ ਸਾਹਿਤਕ ਪਰੰਪਰਾ ਦੇ ਵਿਚ ਵਿਕਸਿਤ ਹੋਈ। ਸਿਧਾਂਤਕ ਰੂੜ੍ਹੀਆਂ ਦੇ ਨੁਕਤੇ ਤੋਂ ਇਹ ਕੁੱਝ ਗ੍ਰਹਿਣ ਕਰਦੀ ਹੈ ਤੇ ਕੁੱਝ ਤਿਆਗ ਕਰਦੀ ਹੈ, ਜਿਸ ਨਾਲ ਇਸ ਦੀ ਨਿਰੰਤਰਤਾ ਕਾਇਮ ਰਹਿੰਦੀ ਹੈ। ਇਹ ਸਾਹਿਤ ਸਾਧਨਾ ਵਿਧੀ ਦੇ ਨੁਕਤੇ ਤੋਂ ਇਹ ਉਸ ਦਾ ਪ੍ਰਤਿਵਾਦ ਬਣ ਕੇ ਪੇਸ਼ ਹੁੰਦੀ ਹੈ। ਨਾਥ ਜੋਗੀ ਆਪਣੀ ਬਾਣੀ ਵਿਚ ਸਿੱਧਾਂ ਦੇ ਭੋਗ ਵਾਦ ਨੂੰ (ਮਹਾਰਾਗ ਅਤੇ ਮਾਰਗ) ਨੂੰ ਰੱਦ ਕਰਕੇ ਯੋਗ ਦਾ ਸੰਦੇਸ਼ ਦਿੰਦੇ ਹਨ, ਜੋ ਵੈਰਾਗ ਅਤੇ ਨਵਿਰਤੀ ਦਾ ਸੰਕਲਪ ਪੇਸ਼ ਕਰਦਾ ਹੈ। ਨਾਥ ਬਾਣੀ ਹੀ ਅਸਲ ਵਿਚ ਹੀ ਪੰਜਾਬੀ ਸਾਹਿਤ ਦੀ ਮੂਲ ਪ੍ਰਕਿਰਤੀ ਅਤੇ ਉਸ ਦੇ ਚਰਿੱਤਰ ਵਿਸ਼ੇਸ਼ਤਾਵਾਂ ਨੂੰ ਇੱਕ ਦਿਸ਼ਾ ਪ੍ਰਦਾਨ ਕਰਦੀ ਹੈ। ਡਾ. ਜਗਬੀਰ ਸਿੰਘ ਨੇ ਆਪਣੇ ਸਾਹਿਤ ਦੇ ਇਤਿਹਾਸ ਵਿਚ ਮਛੰਦਰ ਨਾਥ, ਜਲੰਧਰ ਨਾਥ, ਚੌਰੰਗੀ ਨਾਥ, ਗੋਰਖ ਨਾਥ, ਚਰਪਟ ਨਾਥ ਬਾਰੇ ਆਪਣੀ ਧਾਰਨਾ ਇਸ ਕਿਤਾਬ ਵਿਚ ਪੇਸ਼ ਕਰਦਾ ਹੈ। ਸਮੁੱਚੇ ਤੌਰ 'ਤੇ ਨਾਥ ਸਾਹਿਤ ਨੂੰ ਪੰਜਾਬੀ ਦੇ ਲਿਖਤੀ ਸਾਹਿਤ ਦਾ ਮੋਢੀ ਰਚਨਾ ਪ੍ਰਵਿਰਤੀ ਆਖਿਆ ਜਾ ਸਕਦਾ ਹੈ। ਇਹ ਪ੍ਰਵਿਰਤੀ ਗੁਰਬਾਣੀ ਪਰੰਪਰਾ ਦੇ ਸਾਹਿਤਕ ਅਤੇ ਸਿਧਾਂਤਕ ਸਰੂਪ ਨੂੰ ਸਮਝਣ ਲਈ ਆਧਾਰ ਬਣਦੀ ਹੈ।[5]

ਗੁਰਮਤ ਸਾਹਿਤ- ਭਗਤ ਕਵੀ

ਸੋਧੋ

ਜਗਬੀਰ ਸਿੰਘ ਦੀ ਧਾਰਨਾ ਅਨੁਸਾਰ ਗੁਰਮਤ ਸਾਹਿਤ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੂੰ ਜਾਂਦਾ ਹੈ। ਇਨ੍ਹਾਂ ਵਿਦਵਾਨਾਂ ਨੇ ਬਾਣੀ ਰਾਹੀਂ ਸਾਹਿਤ ਸਿਰਜਣ ਦੇ ਨਵੇਂ ਪ੍ਰਤੀਮਾਨ ਸਥਾਪਿਤ ਕੀਤੇ ਅਤੇ ਬਾਅਦ ਦੇ ਗੁਰੂ ਵਿਅਕਤੀਆਂ ਨੇ ਉਹਨਾਂ ਦੇ ਹੀ ਪ੍ਰਤੀਮਾਨਾਂ ਨੂੰ ਹੇ ਗੁਰਬਾਣੀ ਦੀ ਰਚਨਾ ਕੀਤੀ ਅਤੇ ਇਸ ਨਾਲ ਗੁਰਬਾਣੀ ਸਾਹਿਤ ਦੀ ਇੱਕ ਅਮੀਰ ਪਰੰਪਰਾ ਪਰਪੱਕ ਹੋ ਕੇ ਸਾਹਮਣੇ ਆਈ। ਇਸ ਵਿਚ ਗੁਰੂ ਕਵੀਆਂ, ਭਗਤ ਕਵੀਆਂ, ਭੱਟ ਕਵੀਆਂ ਦੇ ਨਾਲ ਨਾਲ ਗੁਰੂ ਘਰ ਦੇ ਨਜ਼ਦੀਕੀਆਂ ਦੀ ਰਚਨਾ ਵੀ ਸ਼ਾਮਿਲ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਅਤੇ ਭਾਈ ਗੁਰਦਾਸ ਜੀ। ਗੁਰਮਤਿ ਕਾਵਿ ਜੀਵ—ਗਤ ਅਤੇ ਬ੍ਰਹਮ ਦੇ ਪਰਸਪਰ ਪ੍ਰਸੰਗ ਉੱਪਰ ਉੱਸਰਿਆ ਇੱਕ ਵਿਸ਼ੇਸ਼ ਦ੍ਰਿਸ਼ਟੀਕੋਣ ਹੈ। ਗੁਰੂ ਸਾਹਿਬ ਨੇ ਸਿਧਾਂਤ ਰੂੜ੍ਹੀਆਂ ਅਤੇ ਕਾਵਿ ਰੂੜ੍ਹੀਆਂ ਨੂੰ ਪਛਾਣਦੇ ਹੋਏ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ। ਆਦ‍ਿ ਗ੍ਰੰਥ ਦੇ ਸੰਕਲਨ ਨਾਲ ਗੁਰਮਤਿ ਕਾਵਿ ਦਾ ਵਿਆਪਕ ਸੰਕਲਪ ਸਾਹਮਣੇ ਆਇਆ, ਕਿ ਗੁਰਮਤਿ ਵਿਚਾਰਧਾਰਾ ਨੂੰ ਸਾਹਿਤਕ ਅਤੇ ਸਿਧਾਂਤਕ ਸਾਂਝ ਰੱਖਣ ਵਾਲੀ ਰਚਨਾ ਨੂੰ ਵੱਖਰੇ ਤੌਰ 'ਤੇ ਪਛਾਣਨ ਦਾ ਆਧਾਰ ਬਣਿਆ।[6]

ਕਿੱਸਾ ਸਾਹਿਤ

ਸੋਧੋ

ਡਾ. ਜਗਬੀਰ ਸਿੰਘ ਦੇ ਅਨੁਸਾਰ ਹੁਣ ਤਕ ਉਹਨਾਂ ਨੇ ਪੰਜਾਬੀ ਸਾਹਿਤ ਦੀਆਂ ਜਿਹਨਾਂ ਮੁੱਖ ਪ੍ਰਵਿਰਤੀਆਂ ਦੀ ਵਰਗ ਵੰਡ ਕੀਤੀ ਹੈ, ਇਨ੍ਹਾਂ ਵਿਚੋਂ ਸੂਫ਼ੀ ਸਾਹਿਤ, ਨਾਥ ਸਾਹਿਤ ਅਤੇ ਗੁਰਮਤ ਸਾਹਿਤ ਤਿੰਨੋ ਹੀ ਧਾਰਮਿਕ ਕਾਵਿ ਦੀਆਂ ਵੰਨਗੀਆਂ ਹਨ। ਇਨ੍ਹਾਂ ਸਾਹਿਤ ਪ੍ਰਵਿਰਤੀਆਂ ਵਿਚ ਮਨੁੱਖ ਦੇ ਲੌਕਿਕ ਜੀਵਨ ਦਾ ਮਹੱਤਵ ਘਟਾ ਕੇ ਪੇਸ਼ ਕੀਤਾ ਗਿਆ ਹੈ। ਯਥਾਰਥ ਨਾਲੋਂ ਯਥਾਰਥ ਦੀ ਚਿੰਤਾ ਵਿਅਕਤ ਕੀਤੀ ਗਈ ਹੈ। ਅਜਿਹੇ ਪ੍ਰਸੰਗ ਵਿਚ ਕਿੱਸਾ ਕਾਵਿ ਦਾ ਸਿਰਜਣ ਆਪਣੇ ਨਿੱਖੜਵੇਂ ਚਰਿੱਤਰ ਦਾ ਪ੍ਰਮਾਣ ਪੇਸ਼ ਕਰਦਾ ਹੈ, ਕਿਉਂ ਜੋ ਇਹ ਮਨੁੱਖ ਦੇ ਲੌਕਿਕ ਜੀਵਨ ਪਾਸਾਰ ਦਾ ਬਿਰਤਾਂਤ ਸੁਣਾਉਂਦਾ ਹੈ। ਪੰਜਾਬੀ ਸਾਹਿਤ ਵਿਚ ਕਿੱਸਾਕਾਰੀ ਦਾ ਆਰੰਭ ਠੀਕ ਤਰ੍ਹਾਂ ਸ਼ੁਰੂ ਕਦੋਂ ਹੋਇਆ ਇਹ ਗੱਲ ਅਜੇ ਸਹੀ ਅਰਥਾਂ ਵਿਚ ਇਤਿਹਾਸਕ ਖੋਜ ਦਾ ਵਿਸ਼ਾ ਬਣੀ ਹੋਈ ਹੈ। ਪੁਸ਼ਯ ਨਾਮ ਦਾ ਕਵੀ (ਕਿੱਸਾ ਸੱਸੀ ਪੁੰਨੂੰ) ਗ੍ਰੰਥਕਾਰਾਂ ਦੇ ਹਵਾਲੇ ਤੋਂ ਪਤਾ ਚੱਲਦਾ ਹੈ। ਭਾਰਤੀ ਕਾਲ ਦੇ ਪ੍ਰਮੁੱਖ ਕਿੱਸਾਕਾਰ ਦਮੋਦਰ, ਪੀਲੂ, ਹਾਫ਼ਿਜ਼ ਬਰਖ਼ੁਰਦਾਰ, ਅਹਿਮਦ ਗੁੱਜਰ, ਵਾਰਿਸ ਸ਼ਾਹ, ਇਸ ਨੂੰ ਸਿਖ਼ਰ ਤੇ ਪਹੁੰਚਾਉਂਦਾ ਹੈ। ਮੁਕਬਲ, ਵਾਰਿਸ ਸ਼ਾਹ, ਹਾਸ਼ਮ ਦੀਆਂ ਸ਼ਾਹਕਾਰ ਰਚਨਾਵਾਂ ਜਿਹਨਾਂ ਤੋਂ ਪੰਜਾਬੀ ਸਾਹਿਤ ਹੱਕੀ ਤੌਰ 'ਤੇ ਮਾਣ ਕਰ ਸਕਦਾ ਹੈ।[7]

ਵਾਰਤਕ ਸਾਹਿਤ

ਸੋਧੋ

ਡਾ. ਜਗਬੀਰ ਸਿੰਘ ਦੀ ਧਾਰਨਾ ਅਨੁਸਾਰ ਪੰਜਾਬੀ ਦੇ ਵਾਰਤਕ ਸਾਹਿਤ ਦਾ ਮੁੱਢ ਪ੍ਰਮਾਣਿਕ ਲਿਖਤੀ ਰੂਪ ਵਿਚ ਤਾਂ ਸਤਾਰ੍ਹਵੀਂ ਸਦੀ ਵਿਚ ਹੀ ਪਹਿਲੀ ਵਾਰ ਹੋਂਦ ਵਿਚ ਆਇਆ ਮੰਨਿਆ ਜਾਂਦਾ ਹੈ। ਪਰੰਤੂ ਪੰਜਾਬੀ ਦੇ ਮੁੱਢਲੇ ਕਵੀ ਗੋਰਖ ਨਾਥ ਅਤੇ ਬਾਬਾ ਫ਼ਰੀਦ ਦੋਹਾਂ ਦੇ ਨਾਮ ਨਾਲ ਕੁੱਝ ਵਾਰਤਕ ਰਚਨਾਵਾਂ ਦੇ ਵਰਗ ਹਨ। ਕਵਿਤਾ, ਛੰਦ, ਲੈਅ, ਤਾਲ, ਤੁਕਾਂਤ, ਵਰਗੀਆਂ ਰੀਤਾਂ ਨੂੰ ਅਪਣਾਉਂਦੀ ਹੈ। ਇਸ ਕਾਰਨ ਉਹ ਨਿੱਤ ਵਰਤੋਂ ਦੀ ਭਾਸ਼ਾ ਨਾਲੋਂ ਵੱਖਰੀ ਹੋ ਨਿੱਬੜਦੀ ਹੈ। ਪਰੰਤੂ ਵਾਰਤਕ ਨਿੱਤ ਵਰਤੋਂ ਦੀ ਭਾਸ਼ਾ ਨੂੰ ਆਪਣੀ ਪ੍ਰਤੀਮਾਨ ਬਣਾਉਂਦੀ ਹੈ। ਇਸ ਵਿਚਲੀ ਵਾਕ ਬਣਤਰ ਵਿਆਕਰਣਕ ਨੇਮਾਂ ਦੀ ਚੇਤੰਨਤਾ ਦਾ ਸਬੂਤ ਦਿੰਦੀ ਹੈ। ਇਨ੍ਹਾਂ ਦੋਹਾਂ ਰਚਨਾ ਰੂਪਾਂ ਦੀ ਹੋਂਦ ਨਾਲੋ ਨਾਲ ਹੀ ਦ੍ਰਿਸ਼ਟੀਗੋਚਰ ਹੁੰਦੀ ਹੈ ਭਾਵੇਂ ਕਿ ਕਵਿਤਾ ਦਾ ਯੁੱਗ ਵਾਰਤਕ ਨਾਲੋਂ ਬਹੁਤ ਪਹਿਲਾਂ ਦਾ ਹੈ। ਲੋਕ ਸਾਹਿਤ ਵਿਚ ਲੋਕ ਕਥਾਵਾਂ, ਲੋਕ ਉਕਤੀਆਂ, ਵਾਰਤਕ ਸਾਹਿਤ ਦੀ ਵੰਨਗੀ ਦਾ ਸਬੂਤ ਹਨ। ਸਾਡੇ ਲੋਕ ਵਿਰਸੇ ਵਿਚ ਪੁਰਾਣ ਕਥਾ, ਛੰਦ ਕਥਾ, ਬਾਤਾਂ ਅਖਾਣ ਅਤੇ ਮੁਹਾਵਰੇ ਸਾਹਿਤਕ ਵਾਰਤਕ ਦੇ ਹੀ ਰਚਨਾ ਰੂਪ ਹਨ। ਮੁੱਖ ਵਾਰਤਕ ਰੂਪ ਟੀਕੇ, ਗੋਸ਼ਟਾਂ, ਰਹਿਤਨਾਮੇ, ਹੁਕਮਨਾਮੇ, ਜਨਮ ਸਾਖੀਆਂ ਆਦਿ ਸ਼ਾਮਲ ਹਨ।[8]

ਸਹਾਇਕ ਪੁਸਤਕਾਂ

ਸੋਧੋ
  1. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ- ਭਗਤੀ ਕਾਲ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1977

ਹਵਾਲੇ

ਸੋਧੋ
  1. "Panjabi Alochana ਪੰਜਾਬੀ ਆਲੋਚਨਾ - About Us - ਆਪਣੇ ..." Archived from the original on 2013-12-06. Retrieved 2014-07-20. {{cite web}}: Unknown parameter |dead-url= ignored (|url-status= suggested) (help)
  2. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ-ਭਗਤੀ ਕਾਲ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995, ਪੰਨਾ 1
  3. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ-ਭਗਤੀ ਕਾਲ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995, ਪੰਨਾ 9
  4. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ-ਭਗਤੀ ਕਾਲ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995, ਪੰਨਾ 36
  5. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ-ਭਗਤੀ ਕਾਲ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995, ਪੰਨਾ 30
  6. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ-ਭਗਤੀ ਕਾਲ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995, ਪੰਨਾ 52
  7. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ-ਭਗਤੀ ਕਾਲ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995, ਪੰਨਾ 112
  8. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ-ਭਗਤੀ ਕਾਲ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995, ਪੰਨਾ 97