'ਪੰਜਾਬੀ ਬੁਝਾਰਤ' ਸਾਡੇ ਸੱਭਿਆਚਾਰਕ ਵਿੱਚ ਬੱਚਿਆਂ ਦੇ ਮਨੋਰੰਜਨ, ਗਿਆਨ-ਪ੍ਰਸਾਰ ਅਤੇ ਦਿਮਾਗ਼ੀ ਕਸਰਤ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਆਮ ਬੋਲ ਚਾਲ ਵਿੱਚ ਬੁਝਾਰਤ ਦੀ ਥਾਂ 'ਬਾਤ' ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਬੁਝਾਰਤ ਦੇ ਸਧਾਰਨ ਸ਼ਾਬਦਿਕ ਅਰਥ ਬੁਝਣਯੋਗ, ਇਬਾਰਤ ਜਾਂ ਕਥਨ ਦੇ ਹਨ। ਭਾਵ ਦੂਸਰੇ ਵਿਅਕਤੀ ਨੂੰ ਰਮਜ਼ ਰੂਪ ਵਿੱਚ ਪ੍ਰਸ਼ਨ ਪਾਉਣਾ ਅਤੇ ਉਸਨੂੰ ਬੁੱਝਣ ਦੀ ਇਕਾਗਰ ਪ੍ਰਕਿਰਿਆ ਨੂੰ ਬੁਝਾਰਤ ਕਿਹਾ ਜਾਂਦਾ ਹੈ। ਪੰਜਾਬੀ ਬੁਝਾਰਤਾਂ ਵਿਅਕਤੀ ਨੂੰ ਜੀਵਨ ਦ੍ਰਿਸ਼ਟੀਕੋਣ ਦਿੰਦੀਆਂ ਹਨ। ਬੁੱਝਣ ਵਾਲੀ ਬਾਤ ਨੂੰ ਬੁਝਾਰਤ ਜਾਂ ਪਹੇਲੀ ਆਖਿਆ ਜਾਂਦਾ ਹੈ।

ਪਰਿਭਾਸ਼ਾਵਾਂ

ਸੋਧੋ

1. ਕਰਨੈਲ ਸਿੰਘ ਥਿੰਦ ਦੇ ਅਨੁਸਾਰ, ਬੁਝਾਰਤ ਲੋਕ ਮਾਨਸ ਦੀ ਅਜਿਹੀ ਮੌਖ਼ਿਕ ਅਭਿਵਿਅਕਤੀ ਹੈ। ਜਿਸ ਵਿੱਚ ਕੋਈ ਪ੍ਰਸ਼ਨ ਗੁੰਝਲ ਜਾਂ ਅੜਾਉਣੀ ਹੁੰਦੀ ਹੈ। ਇਸ ਪ੍ਰਸ਼ਨ ਜਾਂ ਗੁੰਝਲ ਵਿੱਚ ਹੀ ਸਾਰਾ ਰਹੱਸ ਛੁਪਿਆ ਹੁੰਦਾ ਹੈ।

2. ਵਣਜਾਰਾ ਬੇਦੀ ਅਨੁਸਾਰ, ਬੁਝਾਰਤਾਂ ਮੋਟੇ ਠੁੱਲੇ ਪ੍ਰਸ਼ਨ ਹੁੰਦੇ ਹਨ, ਜਿੰਨ੍ਹਾਂ ਵਿੱਚ ਆਦਿਮ ਬਿੰਬਾਂ, ਰੂਪਕਾਂ ਅਤੇ ਸੰਕਲਪ ਚਿੱਤਰਾਂ ਨਾਲ਼ ਅਨੂਠੇ ਆਕਾਰਾਂ ਦੇ ਝਾਂਵਲੇ ਹੁੰਦੇ ਹਨ ਤੇ ਜਿੰਨਾਂ ਵਿੱਚ ਛੁਪੇ ਕਿਸੇ ਮੂਲ ਚਿੱਤਰ ਨੂੰ ਲੱਭਣਾ ਹੁੰਦਾ ਹੈ।

3. 'ਡਾ. ਸੋਹਿੰਦਰ ਸਿੰਘ ਬੇਦੀ' ਅਨੁਸਾਰ, ਬੁਝਾਰਤ ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਵਿੱਚੋਂ ਸਹਿਜ ਭਾਵ ਵਿੱਚ ਨਿਮਿਆ, ਇੱਕ ਅਜਿਹਾ ਕਲਾ ਰੂਪ ਹੈ, ਜਿਸ ਤੋਂ ਮਨੁੱਖ ਜਾਤੀ ਨੇ, ਸਭ ਤੋਂ ਪਹਿਲਾਂ ਸੁਹਜ ਰਸ ਮਾਣਿਆ ਅਤੇ ਇਸ ਤੋਂ ਮਨੁੱਖ, ਦੀਆਂ ਮੁਢਲੀਆਂ ਕਲਾ ਰੂਚੀਆਂ ਨੂੰ ਤ੍ਰਿਪਤੀ ਮਿਲੀ।

ਬਣਤਰ

ਸੋਧੋ

ਪੰਜਾਬੀ ਬੁਝਾਰਤਾਂ ਦੀ ਬਣਤਰ ਦਾ ਕੋਈ ਵਿਸ਼ੇਸ਼ ਵਿਧਾਨ ਨਹੀਂ ਹੈ। ਇਹ ਵਾਰਤਕ ਵਿੱਚ ਵੀ ਮਿਲਦੀਆਂਹਨ, ਪਰ ਬਹੁਤੀਆਂ ਬੁਝਾਰਤਾਂ ਤੁਕਾਂਤ ਵਿੱਚ ਹੁੰਦੀਆਂ ਹਨ। ਇਹ ਇੱਕ ਤੁਕੀਆਂ ਵੀ ਹੁੰਦੀਆਂ ਹਨ ਅਤੇ ਬੁਝਾਰਤਾਂ ਵਿੱਚ ਤੁਕਾਂ ਦੀ ਗਿਣਤੀ ਅੱਠ ਤੱਕ ਵੀ ਪੁੱਜ ਜਾਂਦੀ ਹੈ। ਇਸੇ ਤਰ੍ਹਾਂ ਬੁਝਾਰਤਾਂ ਦੇ ਉੱਤਰ ਇੱਕ ਸ਼ਬਦ ਤੱਕ ਹੀ ਸੀਮਿਤ ਹੁੰਦੇ ਹਨ ਅਤੇ ਚਾਰ ਪੰਜ ਸ਼ਬਦਾਂ ਦੇ ਵੀ। ਬਣਤਰ ਦੀ ਦ੍ਰਿਸ਼ਟੀ ਤੋਂ ਬੁਝਾਰਤਾਂ ਅਖਾਣਾਂ ਦੇ ਵਧੇਰੇ ਨੇੜੇ ਹਨ। ਬੁਝਾਰਤ ਲਘੂ ਆਕਾਰ ਦੀ ਗਿਣਵੀਆਂ ਪੰਕਤੀਆਂ ਦਾ ਰੂਪ ਹੈ। ਪੰਕਤੀਆਂ ਦੀ ਦ੍ਰਿਸ਼ਟੀ ਤੋਂ ਬੁਝਾਰਤ ਇੱਕ ਨਿੱਕੀ ਪੰਕਤੀ ਤੋਂ ਲੈ ਕੇ ਆਮ ਕਰ ਕੇ ਵੱਧ ਤੋਂ ਵੱਧ ਚਾਰ ਪੰਕਤੀਆਂ ਦੀ ਹੁੰਦੀ ਹੈ। ਬੁਝਾਰਤ ਸਹੀ ਅਤੇ ਸਮੁੱਚੇ ਰੂਪ ਵਿੱਚ ਲੋਕ ਕਾਵਿ ਰੂਪ ਨਹੀਂ ਮੰਨਿਆ ਜਾ ਸਕਦਾ, ਭਾਵੇਂ ਬੁਝਾਰਤ ਦੀਆਂ ਕੁੱਝ ਵੰਨਗੀਆਂ ਵਿੱਚ ਕਾਵਿਕ ਬਣਤਰ ਦਾ ਅਹਿਮ ਅੰਸ਼ ਹੁੰਦਾ ਹੈ, ਪਰ ਬੁਝਾਰਤ ਗੱਦ ਅਤੇ ਪਦ ਦੋਹਾਂ ਵਿੱਚ ਪ੍ਰਾਪਤ ਹੈ। ਬੁਝਾਰਤਾਂ ਵਧੇਰੇ ਕਰ ਕੇ ਬੱਚੇ ਆਪਣੇ ਮਨੋਰੰਜਨ ਲਈ ਵਿਹਲੇ ਸਮੇਂ ਖ਼ਾਸ ਕਰ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪਾਉਂਦੇ ਹਨ। ਬੁਝਾਰਤ ਨਾ ਗਾਈ ਜਾਂਦੀ ਹੈ ਨਾ ਸੁਣਾਈ ਜਾਂਦੀ ਹੈ, ਇਹ ਪਾਈ ਜਾਂਦੀ ਹੈ। ਕੁੱਝ ਕਥਨ ਇੱਕੋ ਸਮੇਂ ਹੀ ਅਖਾਣ ਅਤੇ ਬੁਝਾਰਤ ਮੰਨੇ ਜਾਂਦੇ ਹਨ। ਜਿਵੇਂ:

ਮਾਂ ਜੰਮੇ ਨਾ ਜੰਮੇ।
ਪੁਤ ਛੱਤ ਪਲੰਮੇ।

ਬੁਝਾਰਤ ਬੱਚੇ, ਜਵਾਨ, ਬੁੱਢੇ, ਔਰਤਾਂ ਮਰਦਾਂ ਨੂੰ ਬਰਾਬਰ ਦਾ ਰਸ ਪ੍ਰਦਾਨ ਕਰਨ ਵਾਲ਼ਾ ਸਾਹਿਤ ਰੂਪ ਹੈ, ਜਿਹੜਾ ਕਿ ਦਿਮਾਗ਼ੀ ਵਰਜਿਸ਼ ਦਾ ਅਜਿਹਾ ਅਮਲ ਪ੍ਰਦਾਨ ਕਰਨ ਵਾਲ਼ਾ ਰੂਪ ਹੈ ਕਿ ਸੁਹਜ ਸੁਆਦ ਦੀ ਤ੍ਰਿਪਤੀ ਵੀ ਕਰਦਾ ਹੈ ਅਤੇ ਗਿਆਨ ਵਿੱਚ ਵਾਧਾ ਵੀ। ਕਲਪਨਾ ਸ਼ਕਤੀ ਨੂੰ ਵਿਸ਼ਾਲ ਬਣਾਉਂਦਾ ਹੈ ਅਤੇ ਸੋਚ ਨੂੰ ਇਕਾਗਰ ਕਰਨ ਦੀ ਵਿਧੀ ਸਿਖਾਉਂਦਾ ਹੈ। ਬੁਝਾਰਤ ਪਾਉਣਾ ਅਤੇ ਬੁਝਾਰਤ ਬੁੱਝਣਾ ਬੁੱਧੀ ਨੂੰ ਤੇਜ਼ ਕਰਦਾ ਹੈ। ਬੁਝਾਰਤ ਦਾ ਸ਼ਾਬਦਿਕ ਬਣਤਰ ਵਾਲ਼ਾ ਪੱਖ ਕਲਾ ਖੇਤਰ ਦੀ ਚੀਜ਼ ਹੈ। ਬੁਝਾਰਤ ਲੋਕ ਸਾਹਿਤ ਦਾ ਅਤਿ-ਅੰਤ ਲਘੂ ਰੂਪ ਹੈ। ਜਿਸ ਵਿੱਚ ਅਕਸਰ ਮੋਟੇ ਠੁਲੇ ਪ੍ਰਸ਼ਨ ਪਾਏ ਜਾਂਦੇ ਹਨ। ਬੁਝਾਰਤ ਅੰਦਰ ਸ਼ਬਦ ਤਾਂ ਕੇਵਲ ਜੜ੍ਹਤਕਾਰੀ ਦਾ ਕੰਮ ਦਿੰਦੇ ਹਨ। ਇਸ ਜੜ੍ਹਤਕਾਰੀ ਨਾਲ਼ ਅਜਿਹਾ ਪਾਠ ਹੋਂਦ ਵਿੱਚ ਆਉਂਦਾ ਹੈ, ਜਿਸ ਅੰਦਰ ਸ਼ਬਦਾਂ ਦੇ ਮੂਲ ਅਰਥ ਪ੍ਰਵਾਨ ਨਹੀਂ ਹੁੰਦੇ ਸਗੋਂ ਸ਼ਬਦਾਂ ਦੁਆਰਾ ਸਿਰਜੇ ਅਰਥ ਬਿੰਬ ਵਧੇਰੇ ਮਹੱਤਵ ਰੱਖਦੇ ਹਨ। ਬੁਝਾਰਤ ਮਨੋਰੰਜਨ ਹੀ ਨਹੀਂ ਸਗੋਂ ਇਹ ਸੋਚਣ ਅਤੇ ਖੋਜਣ ਦੀ ਰੂਚੀ ਨੂੰ ਵੀ ਵਿਕਸਿਤ ਕਰਨ ਦਾ ਵਸੀਲਾ ਬਣਦੀ ਹੈ। ਬੁਝਾਰਤ ਅਜਿਹਾ ਭਾਵਪੂਰਤ ਲੋਕ ਸਾਹਿਤ ਰੂਪ ਹੈ, ਜਿਸ ਵਿੱਚ ਬਿਰਤਾਂਤ ਨਾਲੋਂ ਕਾਵਿਕਤਾ ਦਾ ਸਹਾਰਾ ਵਧੇਰੇ ਲਿਆ ਗਿਆ ਹੈ।ਜਿਵੇਂ-

ਨਾ ਅਗਲੀ ਤੋਂ, ਨਾ ਪਿਛਲੀ ਤੋਂ।
ਮੈਂ ਸਦਕੇ ਜਾਵਾਂ, ਵਿਚਲੀ ਤੋਂ।

ਇੱਥੇ ਵੀ ਤਿੰਨ ਕਿਸਮ ਦੀ ਸਥਿਤੀ ਦਾ ਵਰਨਣ ਕੀਤਾ ਗਿਆ ਹੈ, ਅਗਲੀ ਤੇ ਪਿਛਲੀ ਦਾ ਜ਼ਿਕਰ ਮਾਤਰ ਹੈ। ਬੁੱਝਣ ਯੋਗ ਗੱਲ ਤਾਂ ਵਿਚਲੀ ਹੈ। ਇਸ ਬੁਝਾਰਤ ਵਿੱਚ ਜੀਵਨ ਦੇ ਤਿੰਨ ਪੜਾਅ ਜਨਮ, ਵਿਆਹ ਅਤੇ ਮੌਤ ਮੰਨੇ ਹਨ। ਇੱਥੇ ਵਿਚਕਾਰਲੀ ਹਾਲਤ ਵਿੱਚ ਵਿਆਹ ਹੈ, ਜੀਵਨ ਵਿੱਚ ਵਿਆਹ ਖੁਸ਼ੀ ਪ੍ਰਦਾਨ ਕਰਦਾ ਹੈ, ਇਹ ਸਮਾਜਿਕ ਲੋੜ ਦੀ ਚੀਜ਼ ਹੈ। ਪੰਜਾਬੀ ਵਿੱਚ ਬਹੁਤੇ ਸਾਰੀਆਂ ਅਜਿਹੀਆਂ ਬੁਝਾਰਤਾਂ ਵੀ ਮਿਲਦੀਆਂ ਹਨ ਜਿੰਨਾ ਦੇ ਉੱਤਰ ਵਿੱਚ ਕੋਈ ਨਾ ਕੋਈ ਵਾਰਤਾ ਅਥਵਾ ਕਹਾਣੀ ਸੁਣਾਉਣੀ ਪੈਂਦੀ ਹੈ। ਇਸ ਵੰਨਗੀ ਦੀਆਂ ਕੁੱਝ ਬੁਝਾਰਤਾਂ ਹੇਠ ਲਿਖੀਆਂ ਹਨ।

ਦੋ ਹਲਵਾਈ ਭਰਾ ਸਨ। ਉਹਨਾਂ ਦੀ ਦੁਕਾਨ ਤੇ ਇੱਕ ਆਦਮੀ ਮੈਦਾ ਅਤੇ ਘਿਉ ਲੈ ਕੇ ਕੋਈ ਵਸਤੂ ਤਿਆਰ ਕਰਵਾਉਣ ਲਈ ਆਉਂਦਾ ਹੈ। ਗਾਹਕ ਮੈਦਾ ਅਤੇ ਘਿਉ ਦੇ ਕੇ ਚਲਿਆ ਜਾਂਦਾ ਹੈ। ਗਾਹਕ ਦਾ ਕੰਮ ਵੱਡਾ ਭਰਾ ਕਰਨ ਲੱਗਾ ਅਤੇ ਛੋਟਾ ਭਰਾ ਕੱਪੜੇ ਧੋਣ ਚਲਾ ਜਾਂਦਾ ਹੈ ਉਸਨੂੰ ਕੱਪੜੇ ਧੋਂਦੇ ਨੂੰ ਖਿਆਲ ਆਉਂਦਾ ਹੈ ਕਿ ਉਹ ਤਾਂ ਘਿਉ ਕੱਢਣਾ ਹੀ ਭੁੱਲ ਗਿਆ ਤਾਂ ਜਦੋਂ ਨੂੰ ਉਹ ਮੁੜ ਆਪਣੇ ਵੱਡੇ ਭਰਾ ਕੋਲ ਆਉਂਦਾ ਹੈ ਤਾਂ ਗਾਹਕ ਅੱਗੇ ਆਇਆ ਬੈਠਾ ਸੀ ਤਾਂ ਉਹ ਆਪਣੇ ਭਰਾ ਨੂੰ ਬੁਝਾਰਤ ਪਾ ਕੇ ਸਮਝਾਉਂਦਾ ਹੈ ਕਿ,
ਸੁਨ ਭਰਾਵਾ ਵੱਡਿਆ।
ਘੱਘੇ ਦੇ ਵਿੱਚ ਮਾਮਾ ਕਿਤਨਾ ਘੱਤਿਆ।
ਵੱਡਾ ਭਰਾ ਸਮਝ ਗਿਆ, ਉਹਨਾਂ ਦੀ ਗੱਲ ਵਿਚਾਰਾ ਭੋਲ਼ਾ ਗਾਹਕ ਕੀ ਸਮਝੇ ਅਤੇ ਵੱਡਾ ਭਰਾ ਬੁਝਾਰਤ ਰਾਹੀਂ ਛੋਟੇ ਭਰਾ ਨੂੰ ਉੱਤਰ ਦਿੰਦਾ ਹੈ ਕਿ ਤੂੰ ਫ਼ਿਕਰ ਨਾ ਕਰ ਤੇ ਕਹਿੰਦਾ ਹੈ ਕਿ,
ਮਨ ਵਿੱਚ ਕਰੋ ਵਿਚਾਰ
ਸੁਕਿਆਵੋ ਕੱਪੜੇ
ਤੁਲ ਗਈ ਪਹਿਲੀ ਵਾਰਨ
ਪੈ ਗਈ ਕੱਪੜੇ

ਬੁਝਾਰਤਾਂ ਦੀਆਂ ਕਿਸਮਾਂ

ਸੋਧੋ

1) ਦਾਰਸ਼ਨਿਕ ਬੁਝਾਰਤਾਂ: ਇਸ ਕਿਸਮ ਦੀਆਂ ਬੁਝਾਰਤਾਂ ਵਿੱਚ ਗੂਹੜ ਗਿਆਨ ਪੁੱਛਿਆ ਹੁੰਦਾ ਹੈ। ਇਹ ਬੁਝਾਰਤ ਗੁਰੂ ਨਾਨਕ ਦੇਵ ਜੀ ਦੀ ਪਾਈ ਹੋਈ ਹੈ। ਜਿਵੇਂ

ਪਾਉਣ ਪਾਈ ਅਗਨੀ ਕਾ ਮੇਲੁ, ਚੰਚਲ ਚਪਲ ਬੁਧਿ ਕਾ ਖੇਲ
ਨਉ ਦਰਵਾਜੇ ਦਸਵਾ ਦੁਆਰਾ, ਬੁਝ ਰੇ ਗਿਆਨੀ ਏਹ ਬੀਚਾਰ।

2) ਮੁਕਰੀਆਂ ਬੁਝਾਰਤਾਂ: ਇਹ ਬੁਝਾਰਤਾਂ ਦੀ ਅਜਿਹੀ ਕਿਸਮ ਹੈ ਜਿੰਨਾਂ ਦੇ ਅੰਤ ਵਿੱਚ ਉੱਤਰ ਮਿਲ ਜਾਂਦਾ ਹੈ ਪਰ ਕਮਾਲ ਇਸ ਵਿੱਚ ਹੈ ਕਿ ਦੋ ਸ਼ਬਦਾਂ ਵਿੱਚੋਂ ਸਮੇਂ ਅਤੇ ਸਥਿਤੀ ਅਨੁਸਾਰ ਮਰਜੀ ਨਾਲ ਉੱਤਰ ਰੂਪ ਵਿੱਚ ਚੁਣਿਆ ਜਾਂਦਾ ਹੈ। ਜਿਵੇਂ-

ਸਾਰੀ ਰਾਤ ਮੇਰੇ ਨਾਲ ਜਾਗਿਆ, ਸਵੇਰ ਹੋਈ ਤਾਂ ਵਿਛੜਨ ਲੱਗਿਆ
ਉਹ ਵਿਛੜੇ ਤਾਂ ਫਟਦਾ ਜੀਉੜਾ, ਐ ਸਖੀ ਸਜਣ? ਨਾ ਸਖੀ ਦੀਵੜਾ।

ਬੁਝਾਰਤਾਂ ਦੀਆਂ ਵਿਸ਼ੇਸ਼ਤਾਵਾਂ

ਸੋਧੋ

ਬੁਝਾਰਤਾਂ ਦੀਆਂ ਬਹੁਪੱਖੀ ਵਿਸ਼ੇਸ਼ਤਾਵਾਂ ਹਨ। ਇਹ ਮਨੋਰੰਜਨ ਦਾ ਸਾਧਨ ਹੀ ਨਹੀਂ ਸਗੋਂ ਬੁੱਧੀ ਅਤੇ ਗਿਆਨ ਵਿੱਚ ਵੀ ਵਾਧਾ ਕਰਦੀਆਂ ਹਨ।ਜਿਵੇਂ-

1) ਸੰਜਮ: ਇੰਨ੍ਹਾਂ ਦੀ ਸਭ ਤੋਂ ਵੱਡੀ ਸਿਫਤ ਸੰਜਮ ਅਤੇ ਸਰਲ ਬਿਆਨ ਹੈ। ਕੁੱਜੇ ਵਿੱਚ ਸਮੁੰਦਰ ਬੰਦ ਕੀਤਾ ਹੁੰਦਾ ਹੈ। ਇਸ ਵਿੱਚ ਥੋੜੇ, ਢੁਕਵੇਂ ਸ਼ਬਦਾਂ ਵਿੱਚ ਜੀਵਨ ਵਿੱਚ ਸਿੱਖਿਆ ਦੇਣ ਵਾਲੀ ਗੱਲ ਹੁੰਦੀ ਹੈ।

2) ਮੌਖਿਕਤਾ: ਲੋਕ ਸਾਹਿਤ ਦੇ ਬਾਕੀ ਰੂਪਾਂ ਵਾਂਗ ਇਹ ਵੀ ਲੋਕਮਾਨਸ ਦੀ ਮੌਖ਼ਿਕ ਅਭਿਵਿਅਕਤੀ ਕਰਦੀਆਂ ਹਨ। ਮੂੰਹੋਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚੱਲ ਰਹੀਆਂ ਹਨ।

3) ਕਲਪਨਾ: ਜਿਸ ਤਰ੍ਹਾਂ ਕਵਿਤਾ ਕਲਪਨਾ ਤੋਂ ਬਿਨਾਂ ਨਹੀਂ ਸਿਰਜੀ ਜਾ ਸਕਦੀ, ਉਸੇ ਤਰ੍ਹਾਂ ਹੀ ਬੁਝਾਰਤ ਵਿੱਚ ਵੀ ਕਲਪਨਾ ਦੀਆਂ ਬੜੀਆਂ ਅਦਭੁਤ ਉਡਾਰੀਆਂ ਮਿਲਦੀਆਂ ਹਨ।

4) ਰਸ: ਬੁਝਾਰਤਾਂ ਵਿੱਚ ਨੌ ਰਸਾਂ ਦੀ ਵਰਤੋਂ ਕੀਤੀ ਜਾਂਦੀ ਹੈ ਵਿਸਮਾਦ, ਸ਼ਿੰਗਾਰ, ਬੀਭਤਸ, ਆਦਿ ਨੌ ਰਸਾਂ ਦਾ ਹੀ ਸੁਮੇਲ ਹੁੰਦਾ ਹੈ।

ਬੁਝਾਰਤਾਂ ਦਾ ਮਹੱਤਵ

ਸੋਧੋ

1) ਦਿਮਾਗ਼ੀ ਕਸਰਤ: ਬੁਝਰਾਤਾਂ ਇੱਕ ਪ੍ਰਕਾਰ ਦੀ ਦਿਮਾਗ਼ੀ ਕਸਰਤ ਹਨ ਜੋ ਸਾਡੀ ਬੁੱਧੀ ਨੂੰ ਤੇਜ਼ ਕਰਦੀਆਂ ਹਨ। ਬੁਝਾਰਤਾਂ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ ਸਗੋਂ ਇੰਨਾ ਦੇ ਪਾਉਣ ਅਤੇ ਬੁੱਝਣ ਨਾਲ ਦਿਮਾਗ਼ ਦੀ ਕਸਰਤ ਹੁੰਦੀ ਹੈ।

ਮਾਂ ਜੰਮੀ ਨੀ
ਪੁੱਤ ਕੋਠੇ ਤੇ- (ਅੱਗ, ਧੂੰਆਂ)

2) ਮਨੋਰੰਜਨ: ਬੁਝਾਰਤਾਂ ਜਿੱਥੇ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ। ਉੱਥੇ ਨਾਲ਼-ਨਾਲ਼ ਮਨੋਰੰਜਨ ਦਾ ਸਾਧਨ ਵੀ ਬਣਦੀਆਂ ਹਨ। ਬੱਚੇ ਜਦੋਂ ਰਾਤ ਨੂੰ ਰੋਟੀ ਖਾ ਕੇ ਬੈਠਦੇ ਹਨ ਤਾਂ ਬੁਝਾਰਤਾਂ ਪਾ ਕੇ ਮਨੋਰੰਜਨ ਕਰਦੇ ਹਨ।

ਥੜੇ ਉੱਤੇ ਥੜਾ
ਉੱਤੇ ਲਾਲ ਕਬੂਤਰ ਖੜਾ -(ਦੀਵਾ)

3) ਸੱਭਿਆਚਾਰਕ ਚਿੱਤਰਣ: ਪੰਜਾਬੀ ਬੁਝਾਰਤਾਂ ਪੰਜਾਬੀਆਂ ਦੇ ਜੀਵਨ ਅਤੇ ਸੱਭਿਆਚਾਰ ਦਾ ਸ਼ੀਸ਼ਾ ਹਨ ਇੰਨਾਂ ਵਿੱਚ ਪੰਜਾਬ ਦੀ ਮਿੱਟੀ, ਮਹਿਕ ਅਤੇ ਅੰਨ ਦਾ ਸਵਾਦ ਹੈ। ਜਿਵੇਂ-

ਇੱਕ ਬਰੂਟੀ ਝੁਰਮਟ ਝੂਟੀ
ਫਲ ਵੰਨਾ ਵੰਨਾ ਦਾ
ਜਦੋਂ ਬਰੂਟੀ ਪੱਕਣ ਲੱਗੀ
ਝੁਰਮਟ ਪੈ ਜਾਏ ਰੰਨਾਂ ਦਾ (ਤੰਦੂਰ)

4) ਗਿਆਨ ਵਿੱਚ ਵਾਧਾ: ਬੁਝਾਰਤਾਂ ਨਾਲ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ ਇੰਨਾਂ ਵਿੱਚੋਂ ਇਤਿਹਾਸ, ਭੂਗੋਲ, ਸਾਹਿਤ ਅਤੇ ਵਿਗਿਆਨ ਨਾਲ਼ ਸਬੰਧਿਤ ਗਿਆਨ ਵੀ ਮਿਲਦਾ ਹੈ।

ਡਿੰਗ ਬੜਿੰਗੀ ਲੱਕੜੀ
ਕਲਕੱਤਿਉ ਟੁਰੀ ਪਿਸ਼ਾਵਰ ਅਪੜੀ-(ਸੜਕ)

ਸਹਾਇਕ ਪੁਸਤਕ ਸੂਚੀ ਤੇ ਹਵਾਲੇ

ਸੋਧੋ

1। ਡਾ. ਜਸਵਿੰਦਰ ਸਿੰਘ, ਪੰਜਾਬੀ ਲੋਕ ਸਾਹਿਤ ਸ਼ਾਸਤਰ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ-2003

2। ਪੂਨੀ, ਬਲਵੀਰ ਸਿੰਘ, ਲੋਕਧਾਰਾ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ-1993

3। ਥਿੰਦ, ਕਰਨੈਲ ਸਿੰਘ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ-1996

4। ਸੁਖਦੇਵ ਮਾਦਪੁਰੀ, ਪੰਜਾਬੀ ਬੁਝਾਰਤਾਂ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ-1985

5। ਜੋਸ਼ੀ, ਜੀਤ ਸਿੰਘ, ਲੋਕਧਾਰਾ ਅਤੇ ਲੋਕਧਾਰਾ ਸ਼ਾਸਤਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ-1998