ਬਸੰਤ ਪੰਚਮੀ
ਬਸੰਤ ਪੰਚਮੀ (ਦੇਵਨਾਗਰੀ: वसन्त पञ्चमी) ਬਸੰਤ ਵਿੱਚ ਮਨਾਏ ਜਾਣ ਵਾਲਾ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ। ਇਸਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀਪੰਚਮੀ (ਦੇਵਨਾਗਰੀ:श्रीपञ्चमी) ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਸਨੂੰ ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ।[2] ਬਹਾਰ ਰੁੱਤ ਨਾਲ਼ ਸੰਬੰਧਿਤ ਇਹ ਪ੍ਰਸਿੱਧ ਤਿਉਹਾਰ ਜੋ ਮਾਘ ਦੇ ਸੁਦੀ ਪੰਜ ਨੂੰ ਸਾਰੇ ਪੰਜਾਬ ਵਿੱਚ ਬੜੇ ਚਾਅ ਤੇ ਮਲਾਹ ਨਾਲ਼ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਤੋਂ ਬਹਾਰ ਰੁੱਤ ਦਾ ਅਨੁਮਾਨ ਲਗਾਇਆ ਜਾਂਦਾ ਹੈ। ਇਹ ਤਿਉਹਾਰ ਮੁੱਢ ਕਦੀਮ ਤੋਂ ਚੱਲਿਆ ਆ ਰਿਹਾ ਹੈ। ਸਾਡੇ ਵਡਿੱਕਿਆਂ ਵਿੱਚ ਇਹ ਤਿਉਹਾਰ ‘ਸੁਵੰਨਤਾ’ ਦੇ ਨਾਂ ਨਾਲ਼ ਪ੍ਰਸਿੱਧ ਸੀ। ਉਹ ਇਸ ਮੌਕੇ ਉੱਤੇ ਕਾਮ ਦੇਵ ਦੀ ਉਪਾਸਨਾ ਕਰਦੇ ਅਤੇ ਗੁਲਾਬੀ ਰੰਗ ਦੇ ਕੱਪੜੇ ਪਹਿਨ ਕੇ ਟੋਲੀਆਂ ਵਿੱਚ ਤੇ ਗਾਉਂਦੇ ਸਨ। ਅੱਜ ਕੱਲ੍ਹ ਬਸੰਤ ਵਾਲ਼ੇ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ। ਬਸੰਤ ਦੇ ਆਗਮਨ ਦੇ ਨਾਲ਼ ਸਾਰੇ ਪੰਜਾਬ ਦੇ ਵਿੱਚ ਨਵੀਂ ਜ਼ਿੰਦਗੀ ਧੜਕ ਉੱਠਦੀ ਹੈ। ਥਾਂ ਥਾਂ ਤੇ ਪਿੰਡਾਂ ਵਿੱਚ ਨਿੱਕੇ ਵੱਡੇ ਮੇਲੇ ਲੱਗਦੇ ਹਨ ਤੇ ਲੋਕੀਂ ਸਰ੍ਹੋਂ ਦੇ ਫੁੱਲ ਵਾਂਗ ਖਿੜ ਕੇ ਇਨ੍ਹਾਂ ਮੇਲਿਆਂ ਦੀ ਰੌਣਕ ਵਧਾਉਂਦੇ ਹਨ। ਪਟਿਆਲ਼ੇ ਤੇ ਛਿਹਰਟੇ ਦੀ ਬਸੰਤ ਪੰਚਮੀ ਖ਼ਾਸ ਤੌਰ 'ਤੇ ਪ੍ਰਸਿੱਧ ਹੈ। ਦੇਸ਼ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉੱਤੇ ਲਾਹੌਰ ਵਿੱਚ ਲੱਗਿਆ ਕਰਦਾ ਸੀ। ਧਰਮੀ ਹਕੀਕਤ ਰਾਏ ਬਸੰਤ ਪੰਚਮੀ ਵਾਲ਼ੇ ਦਿਨ ਲਾਹੌਰ ਵਿੱਚ ਮੁਗ਼ਲ ਹਾਕਮਾਂ ਦੇ ਤੁਅੱਸਬ ਦਾ ਸ਼ਿਕਾਰ ਹੋਇਆ ਸੀ ਅਤੇ ਉਸ ਨੇ ਇਸਲਾਮ ਮੱਤ ਗ੍ਰਹਿਣ ਕਰਨ ਦੀ ਥਾਂ ਸ਼ਹੀਦ ਹੋਣਾ ਵਧੇਰੇ ਪਸੰਦ ਕੀਤਾ। ਭਾਵੇਂ ਇਹ ਮੇਲਾ ਨਿਰੋਲ ਮੌਸਮੀ ਸੀ। ਪਰ ਹਕੀਕਤ ਰਾਏ ਦੀ ਸ਼ਹੀਦੀ ਨੇ ਇਸ ਨਾਲ਼ ਧਾਰਮਿਕ ਅਤੇ ਇਤਿਹਾਸਕ ਭਾਵਨਾ ਵੀ ਜੋੜ ਦਿੱਤੀ। ਬਸੰਤ ਪੰਚਮੀ ਨੂੰ ਲੋਕੀਂ ਆਪਣੀ ਦਿਲਾਂ ਦਾ ਹੁਲਾਸ ਪਤੰਗਾਂ ਉਡਾ ਕੇ ਕਰਦੇ ਹਨ। ਉਸ ਦਿਨ ਸਾਰਾ ਆਕਾਸ਼ ਰੰਗ ਬਰੰਗੀਆਂ ਹਵਾ ਵਿੱਤ ਤਰਦੀਆਂ ਤੇ ਨ੍ਰਿਤ ਕਰਦੀਆਂ ਗੁੱਡੀਆਂ ਨਾਲ਼ ਭਰ ਜਾਂਦਾ ਹੈ। ਇੱਕ ਦਿਨ ਆਕਾਸ਼ ਇੱਕ ਅਥਾਹ ਰੰਗਮੰਚ ਲੱਗਦਾ ਹੈ, ਜਿਸ ਤੇ ਵੰਨ ਸੁਵੰਨੀਆਂ ਗੁੱਡੀਆਂ ਦੇ ਰੂਪ ਵਿੱਚ ਪੰਜਾਬੀਆਂ ਦੇ ਮਨ ਤਰੰਗਿਤ ਹੋਇਆ ਅਠਖੇਲੀਆਂ ਭਰ ਰਿਹਾ ਹੁੰਦਾ ਹੈ। ਬਸੰਤ ਪੰਚਮੀ ਵਾਲ਼ੇ ਦਿਨ ਤੀਵੀਆਂ ਬਸੰਤੀ ਕੱਪੜੇ ਪਹਿਨ ਕੇ ਗਿੱਧਾ ਪਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਬਸੰਤ ਪੰਚਮੀ ਦੇ ਗਿੱਧੇ ਨੂੰ ‘ਬਸੰਤੀ ਗਿੱਧਾ’ ਕਿਹਾ ਜਾਂਦਾ ਹੈ। ਬਸੰਤ ਪੰਚਮੀ ਰੁੱਤਾਂ ਦੀ ਤਬਦੀਲੀ ਨਾਲ਼ ਸੰਬੰਧਿਤ ਇੱਕ ਪਰਬ ਹੈ ਜੋ ਮਾਘ ਸੁਦੀ ਪੰਜਵੀਂ ਨੂੰ ਸਾਰੇ ਪੰਜਾਬ ਵਿੱਚ ਧੂਮ ਧਾਮ ਨਾਲ਼ ਮਨਾਇਆ ਜਾਂਦਾ ਹੈ। ‘ ਆਈ ਬਸੰਤ ਪਾਲ਼ਾ ਉਡੰਤ’ ਬਸੰਤ ਆਉਣ ਨਾਲ਼ ਪਾਲ਼ਾ ਖ਼ਤਮ ਹੋਣਾ ਆਰੰਭ ਹੋ ਜਾਂਦਾ ਹੈ ਅਤੇ ਬਹਾਰ ਆ ਜਾਂਦੀ ਹੈ। ਬਸੰਤ ਸਦਾ ਦੀਵਾਲੀ ਸਾਧ ਦੀ ਅੱਠੋਂ ਪਹਿਰ ਬਸੰਤ ਦੀ ਉਕਤੀ ਬਸੰਤ ਰੁੱਤ ਦੀ ਖ਼ੁਸ਼ੀਆਂ ਖੇੜਿਆਂ ਨਾਲ਼ ਜੁੜੇ ਰਹਿਣ ਦਾ ਸੰਕੇਤ ਦਿੰਦੀ ਹੈ। ਭਾਰਤ ਵਿੱਚ ਛੇ ਰੁੱਤਾਂ ਮੰਨੀਆਂ ਜਾਂਦੀਆਂ ਹਨ। ਉਹਨਾਂ ਵਿੱਚੋਂ ਬਸੰਤ ਰੁੱਤ ਨੂੰ ਰਿਤੂ ਰਾਜ ਕਿਹਾ ਜਾਂਦਾ ਹੈ ਕਿਉਂਕਿ ਬਸੰਤ ਰੁੱਤ ਸਭ ਰੁੱਤਾਂ ਤੋਂ ਉੱਤਮ ਗਿਣੀ ਜਾਂਦੀ ਹੈ। ਇਹ ਰੁੱਤ ਚੇਤ ਤੇ ਵਿਸਾਖ ਦੇ ਮਹੀਨੇ ਹੀ ਰਹਿੰਦੀ ਹੈ। ਮਜ਼ੇ ਦੀ ਗੱਲ ਇਹ ਹੈ ਕਿ ਬਸੰਤ ਪੰਚਮੀ ਮਹੀਨਾ ਪੈਂਤੀ ਕੁ ਦਿਨ ਪਹਿਲਾਂ ਹੀ ਆ ਜਾਂਦੀ ਹੈ। ਇਸ ਸੰਬੰਧ ਇਹ ਕਥਾ ਇਉਂ ਪ੍ਰਚੱਲਿਤ ਹੈ। ਇੱਕ ਵਾਰ ਰੁੱਤਾਂ ਨੇ ਰਿਤੂ ਰਾਜ ਬਸੰਤ ਦਾ ਅਭਿਨੰਦਨ ਕੀਤਾ ਅਤੇ ਆਪਣੇ ਵੱਲੋਂ ਹਰੇਕ ਨੇ ਆਪਣੀ ਉਮਰ ਦੇ ਅੱਠ ਦਿਨ ਬਣਦੇ ਹਨ ਤੇ ਇੱਕ ਮਾਘ ਸ਼ੁਕਲ ਪੰਜਵੀਂ ਅਤੇ ਚੇਤ ਵਦੀ ਪਹਿਲੀ ਵਿੱਚ ਇਤਨੇ ਹੀ ਦਿਨ ਆਉਂਦੇ ਹਨ।
ਬਸੰਤ ਪੰਚਮੀ | |
---|---|
ਅਧਿਕਾਰਤ ਨਾਮ | ਬਸੰਤ ਪੰਚਮੀ |
ਵੀ ਕਹਿੰਦੇ ਹਨ | ਸ਼੍ਰੀ ਪੰਚਮੀ ਸਰਸਵਤੀ ਪੂਜਾ ਤੇ ਮੇਲਾ ਬਸੰਤ |
ਮਨਾਉਣ ਵਾਲੇ | ਸਭ |
ਧਾਰਮਿਕ ਰੰਗ | ਪੀਲਾ |
ਪਾਲਨਾਵਾਂ | ਪੂਜਾ ਅਤੇ ਮੇਲੇ |
ਮਿਤੀ | ਮਾਘ ਸ਼ੁਕਲਾ ਪੰਚਮੀ |
2023 ਮਿਤੀ | 14 February[1] |
2024 ਮਿਤੀ | 4 ਫਰਵਰੀ |
ਮਾਘ ਮਹੀਨੇ ਦੇ ਚਾਨਣੇ ਪੱਖ ਦੀ ਪੰਚਮੀ ਨੂੰ ਮਨਾਏ ਜਾਂਦੇ ਪ੍ਰਸਿੱਧ ਤਿਉਹਾਰ ਨੂੰ ਬਸੰਤ ਪੰਚਮੀ ਕਹਿੰਦੇ ਹਨ। ਬਹਾਰ ਦੇ ਮੌਸਮ ਨੂੰ ਬਸੰਤ ਰੁੱਤ ਕਹਿੰਦੇ ਹਨ। ਬਸੰਤ ਰੁੱਤ ਹੱਸਣ, ਖੇਡਣ, ਨੱਚਣ, ਗਾਉਣ ਤੇ ਖੁਸ਼ੀਆਂ ਮਨਾਉਣ ਦੀ ਰੁੱਤ ਮੰਨੀ ਜਾਂਦੀ ਹੈ। ਬਸੰਤ ਰੁੱਤ ਵਿਚ ਸਰ੍ਹੋਂ ਦੇ ਪੀਲੇ ਫੁੱਲਾਂ ਨਾਲ ਧਰਤੀ ਪੀਲੀ ਹੋਈ ਨਜ਼ਰ ਆਉਂਦੀ ਹੈ। ਏਸੇ ਕਰਕੇ ਬਸੰਤ ਰੁੱਤ ਨੂੰ ਸੁਗੰਧੀਆਂ ਦੀ ਰੁੱਤ ਕਹਿੰਦੇ ਹਨ। ਗੀਤਾਂ ਦੀ ਰੁੱਤ ਕਹਿੰਦੇ ਹਨ। ਰੁੱਤਾਂ ਦੀ ਰਾਣੀ ਕਹਿੰਦੇ ਹਨ।
ਬਸੰਤ ਪੰਚਮੀ ਵਾਲੇ ਦਿਨ ਇਸ਼ਨਾਨ ਕਰਕੇ ਪੁੰਨ-ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਪੀਲੇ ਕਪੜੇ ਪਹਿਨੇ ਜਾਂਦੇ ਹਨ। ਜਨਾਨੀਆਂ ਪੀਲੇ ਸੂਟ ਪਾਉਂਦੀਆਂ ਹਨ।ਮਰਦ ਪੀਲੀਆਂ ਪੱਗਾਂ ਬਣਦੇ ਹਨ। ਬਸੰਤੀ ਰੰਗ ਦੇ ਮਿੱਠੇ ਚੌਲ ਬਣਾ ਕੇ ਖਾਧੇ ਜਾਂਦੇ ਹਨ। ਕਈ ਪਰਿਵਾਰ ਪੀਲਾ ਰੰਗ ਪਾ ਕੇ ਹੱਥ ਦੇ ਪੋਟਿਆਂ ਨਾਲ ਸੇਵੀਆਂ ਵੱਟ ਕੇ, ਬਣਾ ਕੇ ਖਾਂਦੇ ਹਨ। ਬਸੰਤ ਪੰਚਮੀ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਦਰਬਾਰ ਲਾਉਂਦਾ ਸੀ। ਫੌਜੀ ਪੀਲੇ ਕੱਪੜੇ ਪਾ ਕੇ ਪਰੇਡ ਕਰਦੇ ਸਨ। ਨਾਮਧਾਰੀ ਪੰਥ ਦੇ ਮੋਢੀ ਬਾਬਾ ਰਾਮ ਸਿੰਘ ਦਾ ਜਨਮ ਬਸੰਤ ਪੰਚਮੀ ਨੂੰ ਹੋਇਆ ਸੀ। ਅੰਗਰੇਜਾਂ ਨੇ ਉਨ੍ਹਾਂ ਨੂੰ ਸਾਲ 1873 ਵਿਚ ਬਸੰਤ ਪੰਚਮੀ ਵਾਲੇ ਦਿਨ ਹੀ ਬਰਮਾ ਵਿਚ ਦੇਸ- ਨਿਕਾਲਾ ਦਿੱਤਾ ਸੀ। ਸ਼ਹੀਦ ਭਗਤ ਸਿੰਘ “ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ! ਮੇਰਾ ਰੰਗ ਦੇ ਬਸੰਤੀ ਚੋਲਾ” ਗੀਤ ਗਾਉਂਦੇ ਹੁੰਦੇ ਸਨ। ਨਿਹੰਗ ਸਿੰਘ ਬਸੰਤ ਪੰਚਮੀ ਵਾਲੇ ਦਿਨ ਗਤਕਾ ਖੇਡਣ, ਨੇਜ਼ੇਬਾਜ਼ੀ ਦੇ ਕਰਤਵ ਹੁਣ ਵੀ ਕਰਦੇ ਹਨ।
ਪਟਿਆਲੇ ਅਤੇ ਛੇਹਰਟੇ ਦਾ ਬਸੰਤ ਪੰਚਮੀ ਦਾ ਮੇਲਾ ਸਭ ਤੋਂ ਜਿਆਦਾ ਮਸ਼ਹੂਰ ਹੈ। ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣਾ ਚੰਗਾ ਮੰਨਿਆ ਜਾਂਦਾ ਹੈ। ਸਾਲ 1947 ਤੋਂ ਪਹਿਲਾਂ ਲਾਹੌਰ ਵਿਚ ਹਕੀਕਤ ਰਾਏ ਦੀ ਸਮਾਧ ਤੇ ਬਸੰਤ ਪੰਚਮੀ ਵਾਲੇ ਦਿਨ ਬਹੁਤ ਭਾਰੀ ਮੇਲਾ ਲੱਗਦਾ ਸੀ। ਕਿਉਂ ਜੋ ਬਸੰਤ ਪੰਚਮੀ ਵਾਲੇ ਦਿਨ ਮੁਗਲ ਹਾਕਮਾਂ ਨੇ ਹਕੀਕਤ ਰਾਏ ਵੱਲੋਂ ਇਸਲਾਮ ਧਰਮ ਨਾ ਕਬੂਲਣ ਕਰਕੇ ਸ਼ਹੀਦ ਕੀਤਾ ਗਿਆ ਸੀ। ਸਮਾਧ ਉੱਤੇ ਪਤੰਗਬਾਜ਼ੀ ਕੀਤੀ ਜਾਂਦੀ ਸੀ। ਕੁਝ ਲੋਕ ਬਸੰਤ ਪੰਚਮੀ ਨੂੰ ਵਿੱਦਿਆ ਦੀ ਦੇਵੀ ਸਰਸਵਤੀ ਦਾ ਤਿਉਹਾਰ ਮੰਨਦੇ ਹਨ। ਕਈ ਹਿੰਦੂ ਬਸੰਤ ਪੰਚਮੀ ਵਾਲੇ ਦਿਨ ਲਖਸ਼ਮੀ ਦੇਵੀ ਤੇ ਵਿਸ਼ਨੂੰ ਦੀ ਪੂਜਾ ਕਰਦੇ ਹਨ। ਅੱਜ ਦੀ ਬਹੁਤੀ ਪੀੜ੍ਹੀ ਨੂੰ ਬਸੰਤ ਪੰਚਮੀ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਦਾ ਪਤਾ ਨਹੀਂ ਹੈ। ਉਨ੍ਹਾਂ ਲਈ ਬਸੰਤ ਪੰਚਮੀ ਦਾ ਤਿਉਹਾਰ ਤਾਂ ਹੁਣ ਇਕ ਸਾਧਾਰਨ ਮੇਲਾ ਬਣ ਗਿਆ ਹੈ।[3]
ਇਤਿਹਾਸ
ਸੋਧੋਬਸੰਤ ਦਾ ਸੰਸਕ੍ਰਿਤ ਵਿੱਚ ਸ਼ਾਬਦਿਕ ਅਰਥ ਬਹਾਰ ਦਾ ਹੈ। ਇਸਨੂੰ ਬਸੰਤ ਪੰਚਮੀ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਮਾਘ ਦੀ ਪੰਜ ਤਾਰੀਖ ਨੂੰ ਮਨਾਇਆ ਜਾਂਦਾ ਹੈ ਜੋ ਆਮ ਤੌਰ ਉੱਤੇ ਫਰਵਰੀ ਦੇ ਮਹੀਨੇ ਵਿੱਚ ਆਉਂਦੀ ਹੈ। ਵੇਦਾਂ ਵਿੱਚ ਲਿਖਿਆ ਹੈ ਕਿ ਸਰਸਵਤੀ ਦੇਵੀ ਦਾ ਦਿਨ ਹੈ। ਇਸ ਦਿਨ ਖੁਸ਼ੀ ਮਨਾਈ ਜਾਂਦੀ ਹੈ ਅਤੇ ਸਰਸਵਤੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਖੁਸ਼ੀ ਦਰਸ਼ਾਉਣ ਲਈ ਨਵੇਂ ਕੱਪੜੇ ਪਹਿਨੇ ਜਾਂਦੇ ਹਨ ਅਤੇ ਪਤੰਗ ਉਡਾਏ ਜਾਂਦੇ ਹਨ ਅਤੇ ਸੰਗੀਤ ਦਾ ਆਨੰਦ ਮਾਣਿਆ ਜਾਂਦਾ ਹੈ। ਪ੍ਰਾਚੀਨ ਭਾਰਤ ਵਿੱਚ ਪੂਰੇ ਸਾਲ ਨੂੰ ਜਿਹਨਾਂ ਛੇ ਰੁੱਤਾਂ ਵਿੱਚ ਵੰਡਿਆ ਜਾਂਦਾ ਸੀ ਉਹਨਾਂ ਵਿੱਚ ਬਸੰਤ ਲੋਕਾਂ ਦੀ ਸਭ ਤੋਂ ਮਨਚਾਹੀ ਰੁੱਤ ਸੀ। ਜਦੋਂ ਫੁੱਲਾਂ ਉੱਤੇ ਬਹਾਰ ਆ ਜਾਂਦੀ, ਖੇਤਾਂ ਵਿੱਚ ਸਰ੍ਹੋਂ ਦੇ ਫੁੱਲ ਚਮਕਣ ਲੱਗਦੇ, ਜੌਂ ਅਤੇ ਕਣਕਾਂ ਨਿਸਰਣ ਲੱਗਦੀਆ, ਅੰਬਾਂ ਨੂੰ ਬੂਰ ਪੈ ਜਾਂਦਾ ਅਤੇ ਹਰ ਪਾਸੇ ਰੰਗ - ਬਿਰੰਗੀਆਂ ਤਿਤਲੀਆਂ ਮੰਡਰਾਉਣ ਲੱਗਦੀਆਂ। ਬਸੰਤ ਰੁੱਤ ਦਾ ਸਵਾਗਤ ਕਰਨ ਲਈ ਮਾਘ ਮਹੀਨੇ ਦੇ ਪੰਜਵੇਂ ਦਿਨ ਇੱਕ ਬਹੁਤ ਜਸ਼ਨ ਮਨਾਇਆ ਜਾਂਦਾ ਸੀ ਜਿਸ ਵਿੱਚ ਵਿਸ਼ਨੂੰ ਅਤੇ ਕਾਮਦੇਵ ਦੀ ਪੂਜਾ ਹੁੰਦੀ, ਇਹ ਬਸੰਤ ਪੰਚਮੀ ਦਾ ਤਿਉਹਾਰ ਕਹਾਂਦਾ ਸੀ। ਸ਼ਾਸਤਰਾਂ ਵਿੱਚ ਬਸੰਤ ਪੰਚਮੀ ਨੂੰ ਰਿਸ਼ੀ ਪੰਚਮੀ ਵਜੋਂ ਲਿਖਿਆ ਗਿਆ ਹੈ, ਤਾਂ ਪੁਰਾਣਾਂ - ਸ਼ਾਸਤਰਾਂ ਅਤੇ ਅਨੇਕ ਕਾਵਿ-ਗਰੰਥਾਂ ਵਿੱਚ ਵੀ ਵੱਖ - ਵੱਖ ਢੰਗਾਂ ਨਾਲ ਇਸਦਾ ਚਿਤਰਣ ਮਿਲਦਾ ਹੈ। ਬਸੰਤ ਪੰਚਮੀ ਹੈ ਤਾਂ ਨਿਰੋਲ ਲੌਕਿਕ ਤਿਉਹਾਰ ਪਰ ਇਸ ਨਾਲ਼ ਕੁੱਝ ਧਾਰਮਿਕ ਭਾਵ ਜੋੜ ਦਿੱਤੇ ਗਏ ਹਨ ਤੇ ਇਸ ਦਿਨ ਵਿੱਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਕਰਦੇ ਹਨ ਅਤੇ ਬਸੰਤੀ ਰੰਗ ਦੇ ਬਸਤਰ ਤੇ ਫੁੱਲ ਚੜ੍ਹਾਉਂਦੇ ਹਨ। ਕਈ ਸਨਾਤਨੀ ਹਿੰਦੂ ਇਸ ਦਿਨ ਲਕਸ਼ਮੀ ਤੇ ਵਿਸ਼ਨੂੰ ਦੀ ਪੂਜਾ ਵੀ ਕਰਦੇ ਹਨ। ਇਸ ਤਿੱਥ ਨੂੰ ਤਿਲ਼ਾਂ ਦਾ ਤੇਲ ਮਲ਼ ਕੇ ਇਸ਼ਨਾਨ ਕਰਦੇ ਤੇ ਰੰਗ ਦਾ ਕੋਈ ਕੱਪੜਾ ਜ਼ਰੂਰ ਪਹਿਨਦੇ ਹਨ। ਇਸ ਤਿਥੀ ਨੂੰ ਕਈ ਕਾਮਦੇਵ ਤੇ ਰਤੀ ਦੀ ਵੀ ਪੂਜਾ ਕਰਦੇ ਹਨ। ਰਤੀ ਤੇ ਕਾਮਦੇਵ ਤੇ ਰਤੀ ਵਦੀ ਦੀ ਵੀ ਪੂਜਾ ਕਰਦੇ ਹਨ। ਰਤੀ ਤੇ ਕਾਮਦੇਵ ਦੀ ਮੂਰਤੀ ਸਥਾਪਿਤ ਕਰ ਕੇ ਪੂਜੀ ਜਾਂਦੀ ਹੈ ਅਤੇ ਇਸ ਦਾ ਮਨੋਰਥ ਗ੍ਰਹਿਸਤੀ ਜੀਵਨ ਨੂੰ ਸੁੱਖ ਨਾਲ਼ ਭੋਗਣ ਦਾ ਹੈ। ਅੰਮ੍ਰਿਤਸਰ ਵਿੱਚ ਪਹਿਲੀ ਵਾਰੀ ਬਸੰਤ ਦਾ ਮੇਲਾ 1599 ਵਿੱਚ ਲੱਗਾ ਸੀ ਜਦ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਵਡਾਲੀ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਸੀ। ਅੰਮ੍ਰਿਤਸਰ ਦੇ ਨੇੜੇ ਛਿਹਰਟੇ ਲਾਗੇ ਗੁਰੂ ਹਰਿਗੋਬਿੰਦ ਦੀ ਯਾਦ ਵਿੱਚ ਜਿੱਥੇ ਛਿਹਰਟਾ ਵਾਲ਼ਾ ਖੂਹ ਹੈ ਇੱਥੇ ਹੀ ਬਸੰਤ ਪੰਚਮੀ ਦਾ ਮੇਲਾ ਲੱਗਦਾ ਹੈ। ਬਸੰਤ ਪੰਚਮੀ ਨੂੰ ਨੇੜੇ ਦੂਰ ਦੇ ਮੇਲਿਆਂ ਉੱਤੇ ਤੀਵੀਆਂ ਤੇ ਆਦਮੀ ਦੋਵੇਂ ਹੀ ਜਾਂਦੇ ਹਨ।
ਹਕੀਕਤ ਰਾਏ ਤੇ ਹੋਰ ਦੇਸ਼ ਭਗਤ
ਸੋਧੋਹਕੀਕਤ ਰਾਏ ਦੀ ਸ਼ਹਾਦਤ ਅਤੇ ਨਾਮਧਾਰੀ ਗੁਰੂ ਰਾਮ ਸਿੰਘ ਦਾ ਬਸੰਤ ਪੰਚਮੀ ਦੇ ਤਿਉਹਾਰ ਨਾਲ ਬੜਾ ਗੂੜ੍ਹਾ ਸਬੰਧ ਹੈ।ਹਕੀਕਤ ਰਾਏ ਦੀ ਸਮਾਧ ਲਾਹੌਰ ਤੋਂ ਦੋ ਮੀਲ ਚੜ੍ਹਦੇ ਵੱਲ ਬਣੀ ਹੋਈ ਹੈ ਜਿਸ ’ਤੇ ਬਸੰਤ ਪੰਚਮੀ ਦਾ ਮੇਲਾ ਹਰ ਸਾਲ ਬੜੀ ਧੂਮਧਾਮ ਨਾਲ ਲਗਦਾ ਹੈ। ਲਾਹੌਰ ਨਿਵਾਸੀ ਇਸ ਨੂੰ ‘ਪਤੰਗਾਂ ਦੇ ਤਿਉਹਾਰ’ ਵਜੋਂ ਮਨਾਉਂਦੇ ਹਨ।ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਕੂਕਾ ਲਹਿਰ ਦੇ ਮੋਢੀ ਨਾਮਧਾਰੀ ਗੁਰੂ ਰਾਮ ਸਿੰਘ ਦਾ ਜਨਮ ਵੀ ਫਰਵਰੀ 1816 ਦੀ ਬਸੰਤ ਪੰਚਮੀ ਦੀ ਰਾਤ ਨੂੰ ਪਿੰਡ ਭੈਣੀ ਰਾਈਆਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ। ਹਰ ਸਾਲ ਬਸੰਤ ਪੰਚਮੀ ਨੂੰ ਭੈਣੀ ਸਾਹਿਬ ਵਿਖੇ ਉਹਨਾਂ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।[4]
ਮੇਲਾ ਬਸੰਤ
ਸੋਧੋਪੰਜਾਬ ਦੇ ਅਨੇਕਾਂ ਸ਼ਹਿਰਾਂ ਵਿੱਚ ਬਸੰਤ ਪੰਚਮੀ ਦੀਆਂ ਰੌਣਕਾਂ ਧੂਹ ਪਾਉਂਦੀਆਂ ਹਨ। ਲੋਕ ਪੀਲੇ ਕੱਪੜੇ ਪਾਉਂਦੇ ਹਨ।ਇਨ੍ਹਾਂ ਦਿਨਾਂ ਵਿੱਚ ਧਰਤੀ ਮੌਲਦੀ ਹੈ ਅਤੇ ਬਨਸਪਤੀ ’ਤੇ ਨਵਾਂ ਨਿਖਾਰ ਆਉਂਦਾ ਹੈ…ਸ਼ਗੂਫੇ ਫੁੱਟਦੇ ਹਨ… ਖੇਤਾਂ ਵਿੱਚ ਸਰੋਂ ਦੇ ਖਿੜੇ ਹੋਏ ਪੀਲੇ ਪੀਲੇ ਫੁੱਲ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ…ਜਿੱਥੋਂ ਤਕ ਨਿਗਾਹ ਜਾਂਦੀ ਹੈ ਖਿੜੇ ਹੋਏ ਫੁੱਲ ਨਜ਼ਰੀਂ ਪੈਂਦੇ ਹਨ ਬਾਗ਼ੀਂ ਫੁੱਲ ਖਿੜਦੇ ਹਨ। ਪਟਿਆਲਾ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਤੇ ਅੰਮ੍ਰਿਤਸਰ ਦੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸੰਸਕ੍ਰਿਤਕ ਦ੍ਰਿਸ਼ਟੀ ਤੋਂ ਵੀ ਬਸੰਤ ਪੰਚਮੀ ਦਾ ਮਹੱਤਵਪੂਰਨ ਯੋਗਦਾਨ ਹੈ। ਬੱਚਿਆਂ ਅਤੇ ਨੌਜਵਾਨਾਂ ਦੀ ਖੁਸ਼ੀ ਦਾ ਚਾਅ ਸਾਂਭਿਆ ਨਹੀਂ ਜਾਂਦਾ। ਉਹ ਤੜਕਸਾਰ ਹੀ ਆਪਣੇ ਕੋਠਿਆਂ ’ਤੇ ਡੈਕ ਲਾ ਕੇ ਪਤੰਗ ਉਡਾਉਂਦੇ ਹਨ। ਪਤੰਗਾਂ ਦੇ ਮੁਕਾਬਲੇ ਹੁੰਦੇ ਹਨ, ਪਤੰਗ ਕੱਟੇ ਜਾਂਦੇ ਹਨ, ਪਤੰਗ ਲੁੱਟੇ ਜਾਂਦੇ ਹਨ-ਅਸਮਾਨ ਵਿੱਚ ਉੱਡਦੇ ਰੰਗ ਬਰੰਗੇ ਪਤੰਗ ਅਦੁੱਤੀ ਨਜ਼ਾਰਾ ਪੇਸ਼ ਕਰਦੇ ਹਨ। ਸਹਾਇਕ ਪੁਸਤਕਾਂ: 1. ਪੰਜਾਬੀ ਸੱਭਿਆਚਾਰ ਇੱਕ ਦ੍ਰਿਸ਼ਟੀਕੋਣ – ਗੁਰਦਿਆਲ ਸਿੰਘ ਫੁੱਲ। 2. ਸੱਭਿਆਚਾਰ ਅਤੇ ਲੋਕ-ਧਾਰਾ ਦੇ ਮੂਲ ਸਰੋਕਾਰ – ਜੀਤ ਸਿੰਘ ਜੋਸ਼ੀ। 3. ਪੰਜਾਬੀ ਲੋਕ-ਧਾਰਾ ਵਿਸ਼ਵ-ਕੋਸ਼ (ਜਿਲਦ ਸੱਤਵੀਂ) – ਸੋਹਿੰਦਰ ਸਿੰਘ ਵਣਜਾਰਾ ਬੇਦੀ।
ਹਵਾਲੇ
ਸੋਧੋ- ↑ "Updates on current Hindu religious affairs: Vasant Panchami - 14th or 15th Feb". news.drikpanchang.com. 2013. Archived from the original on 6 ਫ਼ਰਵਰੀ 2013. Retrieved 1 February 2013.
Panchami Tithi is getting over at 09:05 a.m. on 15th February while it starts at 08:19 a.m. on 14th February
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2013-01-02. Retrieved 2012-11-30.
{{cite web}}
: Unknown parameter|dead-url=
ignored (|url-status=
suggested) (help) - ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
- ↑ ਪੰਜਾਬੀ ਟ੍ਰਿਬਿਊਨ ਵੇਖਿਆ 16/03/2014 ਨੂੰ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |