ਭਗਤ ਕਬੀਰ ਦੀ ਚੋਣਵੀਂ ਬਾਣੀ
ਭਗਤ ਕਬੀਰ ਦੀ ਚੋਣਵੀਂ ਬਾਣੀ : ਵਿਆਖਿਆ ਅਤੇ ਵਿਚਾਰ ਭਗਤ ਕਬੀਰ ਦੀ ਚੋਣਵੀਂ ਬਾਣੀ ਦਾ ਸੰਗ੍ਰਹਿ ਹੈ। ਇਸ ਕਿਤਾਬ ਦੇ ਲੇਖਕ ਡਾ. ਲਖਵੀਰ ਸਿੰਘ (ਅਧਿਆਪਕ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਹਨ। ਇਸਦੇ ਸੰਪਾਦਕ ਡਾ. ਸੁਰਜੀਤ ਸਿੰਘ ਹਨ। ਇਹ ਆਪਣੇ ਕਿਸਮ ਦੀ ਪਹਿਲੀ ਕਿਤਾਬ ਹੈ ਕਿਉਂਕਿ ਇਸ ਤੋਂ ਪਹਿਲਾਂ ਭਗਤ ਕਬੀਰ ਦੀ ਬਾਣੀ ਨੂੰ ਚੋਣਵੇਂ ਰੂਪ ਵਿਚ ਨਹੀਂ ਛਾਪਿਆ ਗਿਆ। ਇਸ ਨੂੰ ਪੰਜਾਬੀ ਸਾਹਿਤ ਖ਼ਾਸਕਰ ਮੱਧਕਾਲੀ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਹੈ।
ਲੇਖਕ | ਡਾ. ਲਖਵੀਰ ਸਿੰਘ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਸਾਹਿਤ, ਆਲੋਚਨਾ |
ਪ੍ਰਕਾਸ਼ਨ | 2021 |
ਪ੍ਰਕਾਸ਼ਕ | ਮਦਾਨ ਪਬਲਿਸ਼ਿੰਗ ਹਾਊਸ |
ਸਫ਼ੇ | 167 |
ਆਈ.ਐਸ.ਬੀ.ਐਨ. | 978-93-84661-97-7 |
ਪ੍ਰਕਾਸ਼ਨ
ਸੋਧੋਇਸ ਕਿਤਾਬ ਨੂੰ ਮਦਾਨ ਪਬਲਿਸ਼ਿੰਗ ਹਾਊਸ, ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸਦਾ ਪਹਿਲਾ ਸੰਸਕਰਣ 2021 ਵਿਚ ਛਪਿਆ ਹੈ। ਕਿਤਾਬ ਦੇ ਕੁੱਲ ਪੰਨਿਆਂ ਦੀ ਗਿਣਤੀ 167 ਹੈ। ਕਿਤਾਬ ਦਾ ਡਿਜ਼ਾਈਨ ਅਰਸ਼ ਰੰਡਿਆਲਾ ਨੇ ਤਿਆਰ ਕੀਤਾ ਹੈ।
ਤਤਕਰਾ
ਸੋਧੋਇਸ ਕਿਤਾਬ ਦੀ ਸ਼ੁਰੂਆਤ ਸੰਪਾਦਕੀ ਨਾਲ ਹੁੰਦੀ ਹੈ। ਸੰਪਾਦਕੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਲਿਖੀ ਹੈ। ਇਸ ਉਪਰੰਤ ਕ੍ਰਮਵਾਰ ਭੂਮਿਕਾ, ਭਗਤ ਕਬੀਰ ਦੀ ਬਾਣੀ ਦਾ ਵਿਵਰਣ, ਬਾਣੀ ਵਿਆਖਿਆ, ਬਾਣੀ ਵਿਚਾਰ ਦਰਜ ਕੀਤੇ ਗਏ ਹਨ। ਕਿਤਾਬ ਦੇ ਤਤਕਰਾ ਇਸ ਪ੍ਰਕਾਰ ਹੈ :-
ਬਾਣੀ ਬਿਓਰਾ
ਸੋਧੋਇਸ ਕਿਤਾਬ ਵਿਚ ਪੰਨਾ 21 ’ਤੇ ਭਗਤ ਕਬੀਰ ਦੀ ਕੁੱਲ ਬਾਣੀ ਦਾ ਬਿਓਰਾ ਦਿੱਤਾ ਗਿਆ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਬਾਣੀ ਦੇ ਵੇਰਵੇ ਰਾਗਾਂ ਦੇ ਅਨੁਸਾਰ ਦਿੱਤੇ ਗਏ ਹਨ। ਰਾਗ, ਸ਼ਬਦਾਂ/ਸਲੋਕਾਂ ਦੀ ਗਿਣਤੀ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਕਿਸ ਅੰਗ (ਪੰਨੇ) ’ਤੇ ਦਰਜ ਹੈ।
ਬਾਣੀ ਵਿਆਖਿਆ
ਸੋਧੋਇਸ ਅਧਿਆਇ ਵਿਚ ਭਗਤ ਕਬੀਰ ਜੀ ਦੀ ਚੋਣਵੀਂ ਬਾਣੀ ਨੂੰ ਵਿਆਖਿਆ ਸਹਿਤ ਦਰਜ ਕੀਤਾ ਗਿਆ ਹੈ। ਇਹਨਾਂ ਦੀ ਵਿਆਖਿਆ ਵਿਚ ਲੇਖਕ ਦੀ ਵਿਹਾਰਿਕਤਾ ਝਲਕਦੀ ਹੈ। ਇਸ ਅਧਿਆਇ ਦੇ ਦੋ ਹਿੱਸੇ ਹਨ। ਪਹਿਲੇ ਹਿੱਸੇ ਵਿਚ ਚੋਣਵੇਂ ਸ਼ਬਦ ਸ਼ਾਮਿਲ ਕੀਤੇ ਗਏ ਹਨ। ਦੂਜੇ ਹਿੱਸੇ ਵਿਚ ਚੋਣਵੇਂ ਸਲੋਕਾਂ ਨੂੰ ਥਾਂ ਦਿੱਤੀ ਗਈ ਹੈ।
ਚੋਣਵੇਂ ਸ਼ਬਦ
ਸੋਧੋਅਧਿਆਇ ਦੇ ਇਸ ਹਿੱਸੇ ਵਿਚ ਰਾਗਾਂ ਅਨੁਸਾਰ ਸ਼ਬਦ ਸ਼ਾਮਿਲ ਕੀਤੇ ਗਏ ਹਨ। ਸ਼ਬਦਾਂ ਦੇ ਨਾਲ ਨਾਲ ਉਹਨਾਂ ਦੀ ਵਿਆਖਿਆ ਉਪਲਬਧ ਕਰਵਾਈ ਗਈ ਹੈ। ਵਿਆਖਿਆ ਕਰਦਿਆਂ ਸ਼ਬਦ ਦੀ ਹਰ ਤੁਕ ਲਈ ਵੱਖਰੇ ਪੈਰ੍ਹੇ ਵਿਚ ਵਿਆਖਿਆ ਦਿੱਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਕਬੀਰ ਦੀ ਬਾਣੀ ਵਿਚ ਕੁੱਲ ਸ਼ਬਦਾਂ ਦੀ ਗਿਣਤੀ 221ਹੈ। ਇਸ ਕਿਤਾਬ ਵਿਚ ਕੁੱਲ 46 ਸ਼ਬਦ ਵਿਆਖਿਆ ਸਣੇ ਦਰਜ ਕੀਤੇ ਗਏ ਹਨ। ਇਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ :-
- ਰਾਗ ਗਉੜੀ – 17 ਸ਼ਬਦ
- ਰਾਗ ਆਸਾ – 9 ਸ਼ਬਦ
- ਰਾਗ ਗੂਜਰੀ – 1 ਸ਼ਬਦ
- ਰਾਗ ਸੋਰਠਿ – 2 ਸ਼ਬਦ
- ਰਾਗ ਸੂਹੀ – 1 ਸ਼ਬਦ
- ਰਾਗ ਬਿਲਾਵਲ – 2 ਸ਼ਬਦ
- ਰਾਗ ਗੌਂਡ – 4 ਸ਼ਬਦ
- ਰਾਗ ਭੈਰਉ – 6 ਸ਼ਬਦ
- ਰਾਗ ਪ੍ਰਭਾਤੀ – 4 ਸ਼ਬਦ
ਇਹਨਾਂ ਤੋਂ ਇਲਾਵਾ ਭਗਤ ਕਬੀਰ ਰਚਿਤ ਬਾਵਨ ਅੱਖਰੀ ਦੇ ਅੰਸ਼ ਵੀ ਕਿਤਾਬ ਵਿਚ ਸ਼ਾਮਿਲ ਕੀਤੇ ਗਏ ਹਨ।
ਚੋਣਵੇਂ ਸਲੋਕ
ਸੋਧੋਅਧਿਆਇ ਦੇ ਇਸ ਦੂਜੇ ਹਿੱਸੇ ਵਿਚ ਭਗਤ ਕਬੀਰ ਦੇ ਸਲੋਕਾਂ ਨੂੰ ਉਹਨਾਂ ਦੀ ਵਿਆਖਿਆ ਸਹਿਤ ਦਰਜ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਦੇ ਕੁੱਲ 239 ਸਲੋਕ ਦਰਜ ਕੀਤੇ ਗਏ ਹਨ ਜਿਹਨਾਂ ਵਿਚੋਂ ਦੋ ਸਲੋਕ ਰਾਗ ਮਾਰੂ ਤਹਿਤ ਦਰਜ ਹੋਏ ਹਨ, 237 ਸਲੋਕ ‘ਸਲੋਕ ਭਗਤ ਕਬੀਰ ਕੇ’ ਸਿਰਲੇਖ ਤਹਿਤ ਦਰਜ ਹੋਏ ਹਨ। ਉਂਞ ਇਸ ਸਿਰਲੇਖ ਤਹਿਤ ਕੁੱਲ 243 ਸਲੋਕ ਦਰਜ ਕੀਤੇ ਗਏ ਹਨ, ਜਿਹਨਾਂ ਵਿਚ ਭਗਤ ਕਬੀਰ ਤੋਂ ਇਲਾਵਾ 5 ਸਲੋਕ ਗੁਰੂ ਅਰਜਨ ਦੇਵ ਜੀ (ਮਹਲਾ ੫) ਦੇ ਅਤੇ ਇਕ ਸਲੋਕ ਗੁਰੂ ਅਮਰਦਾਸ ਜੀ (ਮਹਲਾ ੩) ਦਾ ਦਰਜ ਕੀਤਾ ਗਿਆ ਹੈ। ਇਸ ਕਿਤਾਬ ਵਿਚ ਚੋਣਵੇਂ ਰੂਪ ਵਿਚ 50 ਸਲੋਕ ਸ਼ਾਮਿਲ ਕੀਤੇ ਗਏ ਹਨ। ਇਹਨਾਂ ਸਲੋਕਾਂ ਦੀ ਵਿਆਖਿਆ ਸੰਖੇਪ ਤੇ ਸੰਕਲਪਕ ਰੂਪ ਵਿਚ ਕੀਤੀ ਗਈ ਹੈ। ਕਿਸੇ ਸਲੋਕ ਦੇ ਅਰਥਾਂ ਦੇ ਵਿਸਤਾਰ, ਵਿਆਖਿਆ, ਵਿਚਾਰ ਨੂੰ ਦ੍ਰਿੜਾਉਣ ਲਈ ਹੋਰਨਾਂ ਗੁਰੂ ਸਾਹਿਬਾਨ ਦੀ ਬਾਣੀ ਵਿਚੋਂ ਵੀ ਹਵਾਲੇ ਲਏ ਗਏ ਹਨ। ਇਹ ਹਵਾਲੇ ਭਗਤ ਕਬੀਰ ਅਤੇ ਗੁਰਮਤਿ ਕਵੀਆਂ ਦੀ ਵਿਚਾਰਾਂ ਦੀ ਸਾਂਝ ਨੂੰ ਵੀ ਦਰਸਾਉਂਦੇ ਹਨ। ਮਿਸਾਲ ਵਜੋਂ ਭਗਤ ਕਬੀਰ ਦੇ ਇਕ ਸਲੋਕ ਵਿਚ ਜੀਵਨ-ਮਰਨ ਦੇ ਚੱਕਰ ਤੋਂ ਮੁਕਤ ਹੋਣ ਦੇ ਪ੍ਰਸੰਗ ਵਿਚ ‘ਐਸੇ ਮਰਨੇ ਜੋ ਮਰੈ’ ਵਾਕੰਸ਼ ਦਾ ਇਸਤੇਮਾਲ ਹੋਇਆ ਹੈ। ਇਸੇ ਪ੍ਰਸੰਗ ਵਿਚ ਗੁਰੂ ਅਮਰਦਾਸ ਜੀ ਨੇ ‘ਨਾਨਕ ਐਸੀ ਮਰਨੀ ਜੋ ਮਰੈ’ ਵਾਕੰਸ਼ ਦਾ ਇਸਤੇਮਾਲ ਕੀਤਾ ਹੈ ਜੋ ਗੂਰੂ ਗ੍ਰੰਥ ਸਾਹਿਬ ਦੇ ਅੰਗ ੪੪੪ ’ਤੇ ਦਰਜ ਹੈ।[1]
ਬਾਣੀ ਵਿਚਾਰ
ਸੋਧੋਇਸ ਅਧਿਆਇ ਵਿਚ ਭਗਤ ਕਬੀਰ ਦੇ ਦਾਰਸ਼ਨਿਕ ਵਿਚਾਰਾਂ ਤੇ ਉਹਨਾਂ ਦੀ ਕਾਵਿ ਕਲਾ ਬਾਰੇ ਚਰਚਾ ਕੀਤੀ ਗਈ ਹੈ। ਇਸ ਅਧਿਆਇ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਵਿਚ ਭਗਤ ਕਬੀਰ ਦੇ ਦਾਰਸ਼ਨਿਕ ਵਿਚਾਰਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਦੂਜੇ ਹਿੱਸੇ ਵਿਚ ਉਹਨਾਂ ਦੀ ਕਾਵਿ ਕਲਾ ਨੂੰ ਵਿਚਾਰਦਿਆਂ ਕਾਵਿ ਜੁਗਤਾਂ ਦੀ ਪਛਾਣ ਕੀਤੀ ਗਈ ਹੈ। ਦੋਵੇਂ ਹਿੱਸੇ ਭਗਤ ਕਬੀਰ ਦੀ ਬਾਣੀ ਨੂੰ ਸਮਝਣ ਲਈ ਜ਼ਰੂਰੀ ਹਨ।
ਭਗਤ ਕਬੀਰ ਦੇ ਦਾਰਸ਼ਨਿਕ ਵਿਚਾਰ
ਸੋਧੋਅਧਿਆਇ ਦੇ ਇਸ ਹਿੱਸੇ ਵਿਚ ਭਗਤ ਕਬੀਰ ਦੇ ਦਾਰਸ਼ਨਿਕ ਵਿਚਾਰਾਂ ਬਾਰੇ ਚਰਚਾ ਕੀਤੀ ਗਈ ਹੈ। ਉਹਨਾਂ ਦੇ ਦਾਰਸ਼ਨਿਕ ਵਿਚਾਰਾਂ ਨੂੰ ਉਹਨਾਂ ਦੇ ਸਮੇਂ ਦੀਆਂ ਪਰਿਸਥਿਤੀਆਂ ਦੇ ਸਮਵਿੱਥ ਰੱਖ ਕੇ ਸਮਝਿਆ ਗਿਆ ਹੈ। ਉਹਨਾਂ ਦੇ ਮੌਲਿਕ ਅਨੁਭਵ ਅਤੇ ਚਿੰਤਨ ਨੂੰ ਗੁਰਮਤਿ ਦੇ ਆਗ਼ਾਜ਼ ਦੇ ਰੂਪ ਵਿਚ ਸਮਝਿਆ ਗਿਆ ਹੈ। ਉਹ ਵੇਲੇ ਦੀਆਂ ਦੋ ਪ੍ਰਮੁੱਖ ਧਾਰਮਿਕ ਪਰੰਪਰਾਵਾਂ - ਹਿੰਦੂ ਅਤੇ ਇਸਲਾਮ ਦੇ ਵਿਹਾਰ ਵਿਚਲੇ ਕਰਮਕਾਂਡਾਂ ਦੇ ਖ਼ਿਲਾਫ਼ ਆਪਣਾ ਤਰਕ ਉਸਾਰਦੇ ਹਨ। ਇਸ ਤਰ੍ਹਾਂ ਕਰਦਿਆਂ ਉਹ ਕਿਸੇ ਕਿਸਮ ਦੀ ਸੱਤਾ ਨੂੰ ਮਨੁੱਖੀ ਹੋਂਦ ਤੋਂ ਉੱਪਰ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਨ। ਉਹਨਾਂ ਦੀ ਬਾਣੀ ਦਾ ਆਪਣੇ ਤਤਕਾਲੀ ਸਮੇਂ-ਸਥਾਨ ਵਿਚ ਵਿਦਰੋਹੀ ਸੁਰ ਅਖ਼ਤਿਆਰ ਕਰਨਾ ਉਹਨਾਂ ਨੂੰ ਮੱਧਕਾਲ ਦਾ ਮਹੱਤਵਪੂਰਨ ਕਵੀ ਬਣਾਉਂਦਾ ਹੈ। ਇਸ ਅਧਿਆਇ ਵਿਚ ਭਗਤ ਕਬੀਰ ਨੂੰ ਭਾਰਤੀ ਪਰੰਪਰਾ ਵਿਚ ਅਹਿਮ ਮੋੜ ਲਿਆਉਣ ਵਾਲਾ ਕਵੀ ਮੰਨਿਆ ਗਿਆ ਹੈ। ਇਸ ਚਰਚਾ ਲਈ ਅਧਿਆਇ ਦੇ ਇਸ ਹਿੱਸੇ ਨੂੰ ਕੁਝ ਉਪਸਿਰਲੇਖਾਂ ਵਿਚ ਵੰਡਿਆ ਗਿਆ ਹੈ :-
- ਮਾਨਸ ਜਨਮ (ਮਨੁੱਖੀ ਜਾਤੀ)
- ਸਮਾਂ (ਜੀਵਨ ਕਾਲ)
- ਮਾਇਆ/ਅਵਿੱਦਿਆ
- ਅੰਧ-ਵਿਸ਼ਵਾਸ ਦੀ ਨਿਰਮੂਲਤਾ
- ਕਰਮ-ਕਾਂਡ ਦੀ ਨਿਰਾਰਥਕਤਾ
- ਜਾਤ-ਪਾਤ/ਊਚ-ਨੀਚ ਦਾ ਵਿਰੋਧ
- ਨਿੰਦਾ ਦਾ ਸਮਾਜਿਕ ਅਤੇ ਦਾਰਸ਼ਨਿਕ ਸੰਦਰਭ
- ਧਾਰਮਿਕ ਸੰਸਥਾਵਾਂ ਦੀ ਵਿਹਾਰਕ ਸਥਿਤੀ
- ਜੋਗ-ਮੱਤ ਦੀ ਸਮਾਜਿਕ ਸਥਿਤੀ
- ਮੌਤ/ਸੰਸਾਰ ਦੀ ਨਾਸ਼ਮਾਨਤਾ
- ਮਨ
- ਵਿੱਦਿਆ/ਬਿਬੇਕ
- ਵੈਰਾਗ
- ਭਗਤੀ
- ਸਾਧਨਾ
- ਧੁਨੀ, ਲਿਵ ਅਤੇ ਅਨੰਦ ਦਾ ਅਨੁਭਵ ਗਿਆਨ ਦਾ ਅਨੁਭਵ
- ਅਦਵੈਤ ਅਤੇ ਵਿਆਪਕਤਾ
- ਸ਼ਰਣਾਗਤੀ[2]
ਭਗਤ ਕਬੀਰ ਦੀ ਕਾਵਿ-ਜੁਗਤ
ਸੋਧੋਭਗਤ ਕਬੀਰ ਦੀ ਬਾਣੀ ਦੇ ਦਾਰਸ਼ਨਿਕ ਪੱਖ ਬਾਰੇ ਚਰਚਾ ਕਰਨ ਮਗਰੋਂ ਅਧਿਆਇ ਦੇ ਇਸ ਹਿੱਸੇ ਵਿਚ ਉਹਨਾਂ ਦੀਆਂ ਕਾਵਿ-ਜੁਗਤਾਂ ਦੀ ਪਛਾਣ ਕੀਤੀ ਗਈ ਹੈ। ਸਭ ਤੋਂ ਪਹਿਲਾਂ ਉਹਨਾਂ ਦੀ ਭਾਸ਼ਾ ਅਤੇ ਭਾਸ਼ਾਈ ਸ੍ਰੋਤਾਂ ’ਤੇ ਧਿਆਨ ਟਿਕਾਇਆ ਗਿਆ ਹੈ। ਉਹਨਾਂ ਦੁਆਰਾ ਆਪਣੇ ਦਾਰਸ਼ਨਿਕ ਅਨੁਭਵ ਦੇ ਬਿਆਨ/ਸੰਚਾਰ ਲਈ ਆਪਣੀ ਖੇਤਰੀ ਭਾਸ਼ਾ ਦੀ ਬਜਾਇ ਵੱਡੇ ਖਿੱਤੇ ਦੀ ਸਾਂਝੀ ਜਿਹੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ ਜਿਹੜੀ ਵੱਡੇ ਘੇਰੇ ਦੇ ਦਾਰਸ਼ਨਿਕਾਂ ਤੱਕ ਰਸਾਈ ਦੀ ਸਮਰੱਥਾ ਰੱਖਦੀ ਹੈ। ਇਸ ਤਰ੍ਹਾਂ ਕਰਦਿਆਂ ਉਹਨਾਂ ਦੀ ਭਾਸ਼ਾ ਲੋਕਾਈ ਤੋਂ ਦੂਰ ਨਹੀਂ ਕਰਦੀ ਸਗੋਂ ਆਪਣੇ ਨਾਲ ਜੋੜਦੀ ਹੈ। ਭਾਸ਼ਾ ਦੇ ਨਾਲ ਨਾਲ ਮੁਹਾਵਰਿਆਂ, ਅਲੰਕਾਰਾਂ, ਪ੍ਰਤੀਕਾਂ ਦੀ ਵਰਤੋਂ ਅਤੇ ਸੰਬੋਧਨ, ਸੰਵਾਦ ਦੀ ਸ਼ੈਲੀ ਨੂੰ ਵੀ ਉਹਨਾਂ ਦੀਆਂ ਕਾਵਿ-ਜੁਗਤਾਂ ਵਜੋਂ ਸਿਆਣਿਆ ਗਿਆ ਹੈ। ਇਸ ਕੰਮ ਲਈ ਕੁਝ ਕੁ ਨਿਖੇੜੇ ਸਥਾਪਿਤ ਕੀਤੇ ਗਏ ਹਨ ਜਿਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ :-
- ਭਗਤ ਕਬੀਰ ਦੀ ਬਾਣੀ ਦੇ ਭਾਸ਼ਾਈ ਸ੍ਰੋਤ
- ਪਰੰਪਰਾਗਤ ਸ਼ਬਦਾਵਲੀ
- ਭਾਰਤੀ ਪਰੰਪਰਾ ਦੀ ਸ਼ਬਦਾਵਲੀ
- ਸਾਮੀ ਭਾਸ਼ਾਵਾਂ ਦੀ ਸ਼ਬਦਾਵਲੀ
- ਲੋਕ-ਭਾਸ਼ਾ ਦੀ ਸ਼ਬਦਾਵਲੀ
- ਵਿਭਿੰਨ ਸ਼ਬਦ-ਰੂਪਾਂ ਦੀ ਵਰਤੋਂ
- ਪੜਨਾਂਵੀਂ ਰੂਪਾਂ ਦੀ ਵਰਤੋਂ
- ਭਗਤ ਕਬੀਰ ਦੀ ਬਾਣੀ ਵਿੱਚ ਵਰਤੇ ਗਏ ਪੜਨਾਂਵੀਂ ਰੂਪ
- ਸੰਬੰਧਕਾਂ ਦੀ ਵਰਤੋਂ
- ਪ੍ਰਸ਼ਨਵਾਚਕ ਸ਼ਬਦਾਂ ਦੀ ਵਰਤੋਂ
- ਵਿਰੋਧੀ ਸ਼ਬਦ-ਜੁੱਟਾਂ ਦੀ ਵਰਤੋਂ
- ਦੂਹਰੇ ਸ਼ਬਦ-ਜੁੱਟਾਂ ਦੀ ਵਰਤੋਂ / ਸ਼ਬਦ ਦੁਹਰੁਕਤੀ
- ਕਾਰਜ ਦੀਨਿਰੰਤਰਤਾ
- ਨਿਤਾਪ੍ਰਤਿ ਦੀ ਕਿਰਿਆ
- ਕਰਮ ਅਭਿਆਸ
- ਭੇਖ/ਪਹਿਰਾਵਾ
- ਸ਼ਰੇਣੀ ਦਾ ਨਿਸ਼ਾਨਦੇਹੀ
- ਸਿਮਰਨ ਦੀ ਨਿਰੰਤਰਤਾ
- ਅਭਿਨਾਸੀ/ਅਮਰ ਪਦਵੀ
- ਵਿਆਪਕਤਾ ਦਾ ਅਨੁਭਵ
- ਮੁਹਾਵਰੇ ਦੀ ਵਰਤੋਂ
- ਅਲੰਕਾਰ
- ਸੰਬੋਧਨ ਤੇ ਸੰਵਾਦ
- ਚਿੰਨ੍ਹ/ਪ੍ਰਤੀਕ[3]
ਹਵਾਲੇ
ਸੋਧੋ- ↑ ਲਖਵੀਰ ਸਿੰਘ (ਡਾ.) (2021). ਭਗਤ ਕਬੀਰ ਦੀ ਚੋਣਵੀਂ ਬਾਣੀ : ਵਿਆਖਿਆ ਅਤੇ ਵਿਚਾਰ. ਪਟਿਆਲਾ: ਮਦਾਨ ਪਬਲੀਸ਼ਿੰਗ ਹਾਊਸ. p. 71. ISBN 978-93-84661-97-7.
- ↑ ਲਖਵੀਰ ਸਿੰਘ (ਡਾ.) (2021). ਭਗਤ ਕਬੀਰ ਦੀ ਚੋਣਵੀਂ ਬਾਣੀ : ਵਿਆਖਿਆ ਅਤੇ ਵਿਚਾਰ. ਪਟਿਆਲਾ: ਮਦਾਨ ਪਬਲਿਸ਼ਿੰਗ ਹਾਊਸ. pp. 87–122. ISBN 978-93-84661-97-7.
{{cite book}}
: no-break space character in|title=
at position 24 (help) - ↑ ਲਖਵੀਰ ਸਿੰਘ (ਡਾ.) (2021). ਭਗਤ ਕਬੀਰ ਦੀ ਚੋਣਵੀਂ ਬਾਣੀ : ਵਿਆਖਿਆ ਅਤੇ ਵਿਚਾਰ. ਪਟਿਆਲਾ: ਮਦਾਨ ਪਬਲਿਸ਼ਿੰਗ ਹਾਊਸ. pp. 130–164. ISBN 978-93-84661-97-7.
{{cite book}}
: no-break space character in|title=
at position 24 (help)