ਪੰਜਾਬੀ ਮੁਹਾਵਰੇ ਅਤੇ ਅਖਾਣ

(ਮੁਹਾਵਰੇ ਤੋਂ ਮੋੜਿਆ ਗਿਆ)

ਮੁਹਾਵਰੇ

ਸੋਧੋ

ਇਥੇ ਮੁਹਾਵਰੇ ਨੂੰ ਕੋਈ ਵਿਸ਼ੇਸ਼ ਪਰਿਭਾਸ਼ਾ ਦੇਣ ਦੀ ਲੋੜ ਨਹੀਂ ਸਗੋਂ ਲੋਕ ਪ੍ਰਮਾਣਾਂ ਦੀ ਪਰਿਭਾਸ਼ਾ ਨੂੰ ਹੀ ਥੋੜਾ ਸੋਧ ਕੇ ਇੱਥੇ ਵਰਤਿਆ ਜਾ ਸਕਦਾ ਹੈ। ਕਿਸੇ ਅਪ੍ਰਤੱਖ ਤੱਥ ਜਾਂ ਸਿਆਣਪ ਦਾ ਪ੍ਰਮਾਣ ਦੇਣ ਲਈ ਵਰਤੇ ਗਏ ਸੰਖੇਪ, ਚੁਸਤ, ਰੂੜੀਗਤ ਅਤੇ ਕਾਵਿਕ ਸ਼ਬਦ ਜੁੱਟ ਜਦੋਂ, ਕਿਸੇ ਸੰਦਰਭ ਜਾਂ ਪਰਿਸਥਿਤੀ ਵਿੱਚ ਰਮਜ਼ ਵਜੋਂ ਵਰਤੇ ਜਾਂਦੇ ਹਨ, 'ਮੁਹਾਵਰਾ' ਅਖਵਾਉਂਦੇ ਹਨ। ਜਿਵੇਂ

# ਕੱਖ ਨਾ ਰਹਿਣਾ (ਖੁਰਾ ਖੋਜ ਮਿਟ ਜਾਣਾ)

# ਕੱਖਾਂ ਤੋਂ ਹੌਲਾ ਹੋਣਾ (ਬੇਇੱਜ਼ਤ ਹੋਣਾ)

ਕਬਰ ਕਿਨਾਰੇ ਹੋਣਾ (ਮੌਤ ਦੇ ਨੇੜੇ ਹੋਣਾ)

# ਕਾਂਜੀ ਘੋਲ਼ਣਾ (ਬੇਸੁਆਦੀ ਕਰਨਾ)

# ਕੰਡ ਲਾਉਣਾ (ਹਰਾ ਦੇਣਾ)

ਖਾਨਿਉਂ ਜਾਣਾ (ਘਬਰਾ ਜਾਣਾ)

# ਖਿਆਲੀ ਪੁਲਾਅ ਪਕਾਉਣਾ (ਕੇਵਲ ਸੁਪਨੇ ਦੇਖਣ)

ਅਖਾਣ

ਸੋਧੋ

ਅਖਾਣ ਕਿਸ ਨੂੰ ਕਹਿੰਦੇ ਹਨ? ਇਸ ਸਵਾਲ ਦਾ ਉੱਤਰ ਦੇਣਾ ਜਿਤਨਾ ਸੁਖਾਲ਼ਾ ਹੈ, ਉਤਨਾ ਹੀ ਕਠਿਨ ਵੀ ਹੈ। ਸੁਖਾਲ਼ਾ ਇਸ ਲਈ ਕਿ ਇੱਕ ਅਨਪੜ੍ਹ ਗੰਵਾਰ ਵੀ ਜਾਣਦਾ ਹੈ ਕਿ ਅਖਾਣ ਕੀ ਹੁੰਦੇ ਹਨ, ਤੇ ਮੁਸ਼ਕਲ ਇਸ ਲਈ ਕਿ ਜੇ ਇੱਕ ਪੜ੍ਹੇ-ਲਿਖੇ ਵਿਦਵਾਨ ਨੂੰ ਵੀ ਇਸ ਸ਼ਬਦ ਦੀ ਪਰਿਭਾਸ਼ਾ ਕਰਨ ਲਈ ਕਹਿਆ ਜਾਵੇ ਤਾਂ ਇੱਕ ਪਲ ਲਈ ਉਹ ਵੀ ਸੋਚੀ ਪੈ ਜਾਵੇਗਾ। ਹੁਣ ਤੱਕ ਵਿਦਵਾਨਾਂ ਨੇ ਆਪੋ-ਆਪਣੇ ਅਨੁਭਵ ਤੇ ਸੋਝੀ ਅਨੁਸਾਰ ਇਸ ਦੀਆਂ ਅਨੇਕਾਂ ਪਰਿਭਾਸ਼ਾਵਾਂ ਬੰਨ੍ਹੀਆਂ ਹਨ।

ਕਿਸੇ ਜਾਤੀ ਦੀ ਪ੍ਰਤਿਭਾ, ਸੂਝ ਤੇ ਆਤਮਾ ਅਖਾਣਾਂ ਵਿਚੋਂ ਲੱਭੀ ਜਾ ਸਕਦੀ ਹੈ।[1]

ਬੋਲਚਾਲ ਵਿੱਚ ਬਹੁਤ ਆਉਣ ਵਾਲਾ ਬੰਨ੍ਹਿਆ ਹੋਇਆ ਵਾਕ, ਜਿਸ ਵਿੱਚੋਂ ਕੋਈ ਅਨੁਭਵ ਦੀ ਗੱਲ ਸੰਖੇਪ ਵਿੱਚ ਅਤੇ ਅਕਸਰ ਅਲੰਕਾਰੀ ਬੋਲ ਵਿੱਚ ਕਹੀ ਗਈ ਹੋਵੇ।”[2][3]

ਡਾ. ਵਣਜਾਰਾ ਬੇਦੀ ਅਖਾਣ ਉਹਨਾਂ ਬੁੱਝਵੇਂ ਤੇ ਪ੍ਰਮਾਣਿਕ ਵਾਕਾਂ ਨੂੰ ਮੰਨਦਾ ਹੈ, ਜਿਹੜੇ ਮਨੁੱਖੀ ਜੀਵਨ ਨਾਲ ਸਬੰਧਤ ਕਿਸੇ ਅਨੁਭਵ ਦੇ ਸੱਚ ਨੂੰ ਸੰਖੇਪ ਰੂਪ ਵਿੱਚ ਪ੍ਰਗਟਾਉਂਦੇ ਹਨ ਅਤੇ ਪਰੰਪਰਾ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਖਾਣਾਂ ਦਾ ਸੱਚ ਕਿਸੇ ਸਮਾਜ ਦੀ ਸਮੇਂ ਦੀ ਸੋਚਣੀ ਨੂੰ ਹੀ ਪ੍ਰਤੀਬਿੰਬਤ ਕਰਦਾ ਹੈ ਤੇ ਉਹ ਸੱਚ ਲੋਕ ਸਮੂਹ ਦਾ ਮਾਪਿਆਂ ਤੋਲਿਆ ਸੱਚ ਹੁੰਦਾ ਹੈ। ਠੀਕ ਹੀ ਕਿਹਾ ਗਿਆ ਹੈ ਕਿ:

ਜਿਹੇ ਸੰਦ ਤਿਹੇ ਤਰਖਾਣ।
ਜਿਹੇ ਲੋਕ ਤਿਹੇ ਅਖਾਣ।

# ਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆ ਦਾ ਕੀ ਡਰ (ਜਦੋਂ ਇਹ ਦੱਸਣਾ ਹੋਵੇ ਕਿ ਔਖਾ ਕੰਮ ਆਰੰਭ ਕਰ ਕੇ ਉਸ ਦੀਆਂ ਔਕੜਾਂ ਤੋਂ ਡਰਨਾ ਨਹੀਂ ਚਾਹੀਦਾ)

# ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ (ਜਦੋਂ ਇਹ ਦੱਸਣਾ ਹੋਵੇ ਕਿ ਉੱਦਮ ਅਤੇ ਮਿਹਨਤ ਕੀਤਿਆਂ ਸਫਲਤਾ ਪ੍ਪਤ ਹੁੰਦੀ ਹੈ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

# ਊਠ ਨਾ ਕੁੱਦੇ ਬੋਰੇ ਕੁੱਦੇ (ਜਦੋਂ ਕਿਸੇ ਚੀਜ਼ ਦਾ ਅਸਲੀ ਹੱਕਦਾਰ ਤਾਂ ਚੁੱਪ ਰਹੇ ਪਰ ਦੂਸਰਾ ਐਵੇਂ ਹੀ ਰੌਲਾ ਪਾਈ ਜਾਵੇ)

ਆਪ ਬੀਬੀ ਕੋਕਾਂ, ਮੱਤੀ ਦੇਵੇ ਲੋਕਾਂ (ਜਦੋਂ ਕੋਈ ਆਪਣੀਆਂ ਖਾਮੀਆਂ (ਕਮਜ਼ੋਰੀਆਂ)ਵੱਲ ਤਾਂ ਧਿਆਨ ਨਾ ਦੇਵੇ ਪਰ ਦੂਸਰਿਆਂ ਨੂੰ ਸਿੱਖਿਆ ਦੇਵੇ)

# ਇੱਕ ਅਨਾਰ ਸੌ ਬਿਮਾਰ (ਜਦੋਂ ਚੀਜ਼ ਘੱਟ ਹੋਵੇ ਅਤੇ ਉਸ ਦੀ ਮੰਗ ਕਰਨ ਵਾਲੇ ਬਹੁਤੇ ਹੋਣ)

# ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ (ਜਿਹੜੇ ਬੰਦੇ ਇਸ ਦੁਨੀਆ ਦੇ ਸੁਖਾਂ ਅਤੇ ਮੌਜ-ਮਸਤੀਆਂ ਨੂੰ ਮਹੱਤਤਾ ਦਿੰਦੇ ਹਨ, ਉਹ ਆਖਦੇ ਹਨ)

# ਸਹਿਜ ਪੱਕੇ ਸੋ ਮਿੱਠਾ ਹੋਏ (ਠਰੰਮੇ ਨਾਲ ਕੀਤਾ ਕੰਮ ਕਾਹਲੀ ਵਿੱਚ ਕੀਤੇ ਕੰਮ ਤੋਂ ਹਮੇਸ਼ਾ ਠੀਕ ਹੁੰਦਾ ਹੈ)

ਮੁਹਾਵਰੇ ਅਤੇ ਅਖਾਣ ਵਿੱਚ ਨਿਖੇੜਾ

ਸੋਧੋ

ਇਹਨਾਂ ਵਿੱਚ ਨਿਖੇੜਾ ਹੇਠ ਲਿਖੇ ਅਨੁਸਾਰ ਹੈ। ਜਿਵੇਂ-

1# ਅਖਾਣ-ਮੁਹਾਵਰੇ ਸ਼ਬਦ ਭਾਵੇਂ ਇਕੱਠਾ ਪ੍ਰਯੋਗ ਕੀਤਾ ਜਾਂਦਾ ਹੈ, ਪਰ ਦੋਵਾਂ ਵਿੱਚ ਬੁਨਿਆਦੀ ਅੰਤਰ ਹੁੰਦਾ ਹੈ। ਅਖਾਣ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੱਕ ਅਜਿਹਾ ਛੋਟਾ ਪੂਰਾ ਵਾਕ ਹੁੰਦਾ ਹੈ ਜਿਸ ਵਿੱਚ ਕੋਈ ਸਾਬਤ ਹੋ ਚੁੱਕੀ ਸੱਚਾਈ ਪੇਸ਼ ਹੁੰਦੀ ਹੈ। ਜਦੋਂ ਕਿ ਮੁਹਾਵਰਾ ਲਫ਼ਜਾਂ ਦਾ ਅਜਿਹਾ ਜੋੜ ਹੁੰਦਾ ਹੈ, ਜਿਸ ਦੇ ਅਰਥ ਕਿਸੇ ਵਿਸ਼ੇਸ਼ ਕਿਸਮ ਦੇ ਸਮਾਜਕ ਵਰਤਰਾਰੇ ਵੱਲ ਸੰਕੇਤ ਕਰਦੇ ਹਨ।
# ਅਖਾਣ ਨੂੰ ਵਾਕ ਵਿੱਚ ਪ੍ਰਯੋਗ ਕਰਨ ਸਮੇਂ ਉਸ ਦਾ ਕਾਲ, ਪੁਰਖ ਜਾਂ ਵਚਨ ਬਦਲਿਆ ਜਾ ਸਕਦਾ, ਜਿਵੇਂ ਬੁੱਢੀ ਘੋੜੀ ਲਾਲ ਲਗਾਮ ਅਖਾਣ ਜਿਸ ਅਰਥ ਲਈ ਸਿਰਜਿਆ ਗਿਆ ਅਖਾਣ ਹੈ, ਉਸੇ ਹੀ ਅਰਥ ਵਿੱਚ ਪ੍ਰਯੋਗ ਹੋਵੇਗਾ। ਇਹ ਗੱਲ ਹੈ ਕਿ ਭਾਵ ਅਰਥ ਦੇ ਪੱਧਰ ਤੇ ਇਸ ਨੂੰ ਔਰਤ-ਮਰਦ ਵਿਚੋਂ ਕਿਸੇ ਲਈ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ ਪਰ ਮੁਹਾਵਰੇ ਦੇ ਸੰਬੰਧ ਵਿੱਚ ਅਜਿਹੀ ਕੋਈ ਤਬਦੀਲੀ ਦੀ ਪਾਬੰਦੀ ਨਹੀਂ ਹੈ। ਜਿਵੇਂ ਮੁਹਾਵਰੇ ਪਾਪੜ ਵੇਲਣਾ ਹੈ। ਉਹ ਬਥੇਰੇ ਪਾਪੜ ਵੇਲਦਾ ਰਿਹਾ, ਉਸ ਨੂੰ ਹਾਲੇ ਖ਼ਬਰ ਕਿੰਨੇ ਕੁ ਪਾਪੜ ਵੇਲਣੇ ਪੈਣਗੇ, ਆਦਿ ਹਾਲਤਾਂ ਵਿੱਚ ਉਸ ਦੇ ਲਿੰਗ, ਵਚਨ ਜਾਂ ਪੁਰਖ ਨੂੰ ਤਬਦੀਲ ਕੀਤਾ ਜਾ ਸਕਦਾ ਹੈ। ਜਦੋਂ ਕਿ ਅਖਾਣ ਲਈ ਅਜਿਹੀ ਤਬਦੀਲੀ ਸੰਭਵ ਨਹੀਂ ਹੈ।”
# ਮੁਹਾਵਰੇ ਦੀ ਉਤਪੱਤੀ ਅਖਾਣ ਨਾਲੋਂ ਵਧੇਰੇ ਸਹਿਜਤਾ ਨਾਲ ਹੋ ਜਾਂਦੀ ਹੈ। ਮੁਹਾਵਰੇ ਨੂੰ ਅਖਾਣ ਵਾਂਗ ਲੰਬੀ-ਚੌੜੀ ਪਰੰਪਰਾ ਦੀ ਕਸਵੱਟੀ ਵਿੱਚ ਨਹੀਂ ਲੰਘਦਾ ਪੈਂਦਾ।[4]
# ਮੁਹਾਵਰੇ ਦੇ ਵਿਪਰੀਤ ਅਖਾਣ ਦਾ ਅਰਥ ਖੇਤਰ ਵਧੇਰੇ ਵਿਸ਼ਾਲ ਹੁੰਦਾ ਹੈ। ਅਖਾਣ ਕਿਸੇ ਨਿਸ਼ਚਿਤ ਵਰਤਾਰੇ ਅੰਦਰਲੀ ਪ੍ਰਮੁੱਖ ਤੇ ਠੋਸ ਸੱਚਾਈ ਨੂੰ ਪੇਸ਼ ਕਰਦੇ ਹਨ। ਇਹ ਸੱਚ ਲੰਬੇ ਤਜ਼ਰਬੇ ਵਿੱਚੋਂ ਲੰਘਿਆ ਤੇ ਲੋਕਾਂ ਦੁਆਰਾ ਪ੍ਰਵਾਨਿਤ ਸੱਚ ਹੁੰਦਾ ਹੈ।[5]

# ਮੁਹਾਵਰੇ ਵਿੱਚ ਪੂਰੀ ਗੱਲ ਸਮਾਈ ਨਹੀਂ ਹੁੰਦੀ। ਵਾਕਾਂ ਵਿੱਚ ਵਰਤੇ ਜਾਣ ਨਾਲ ਹੀ ਇਹਨਾਂ ਵਿੱਚ ਲੁਕੇ ਭਾਵਾਂ ਦਾ ਬੋਧ ਹੁੰਦਾ ਹੈ।

ਅਖਾਉਤਾਂ ਇੱਕ ਅਟੱਲ ਸਚਾਈ, ਭਾਵ ਜਾਂ ਵਿਚਾਰ ਆਦਿ ਦਾ ਪੂਰਨ ਪ੍ਗਟਾਅ ਕਰਦੀ ਹੈ। ਇਸ ਨੂੰ ਕਿਸੇ ਕਥਨ ਦੀ ਪੁਸ਼ਟੀ ਵਜੋਂ ਕਿਹਾ ਜਾਂਦਾ ਹੈ।

# ਮੁਹਾਵਰਾ ਵਧੇਰੇ ਕਰਕੇ ਕਿਰਿਆ-ਰੂਪ ਦੀ ਵਿਆਕਰਨਿਕ ਸੰਰਚਨਾ ਦਾ ਧਾਰਨੀ ਹੁੰਦਾ ਹੈ। ਮੁਹਾਵਰੇ ਦੇ ਅੰਤ ਤੇ ਆਮ ਤੌਰ ਤੇ ਨਾ, ਨੀ, ਣਾ, ਣੀ, ਆਦਿ ਆਉਦੇ ਹਨ ਅਤੇ ਅਖਾਉਤਾਂ ਕਾਵਿਕ ਜਾਂ ਵਾਰਤਕ ਵਰਗੀ ਸੰਰਚਨਾ ਦੀਆਂ ਹੋ ਸਕਦੀਆਂ ਹਨ।

# ਵਾਕ ਵਿੱਚ ਵਰਤਣ ਵੇਲੇ ਮੁਹਾਵਰੇ ਦੇ ਰੂਪ ਵਿੱਚ ਕੁੱਝ ਤਬਦੀਲੀ ਆ ਜਾਂਦੀ ਹੈ। ਅਖਾਉਤਾਂ ਦਾ ਰੂਪ ਨਿਸ਼ਚਿਤ ਰਹਿੰਦਾ ਹੈ।

# ਮੁਹਾਵਰੇ ਵਿੱਚ ਅਰਥ-ਵਿਸਤਾਰ ਵਿਅੰਜਨਾ-ਸ਼ਕਤੀ ਨਵੀਂ ਭਾਸ਼ਾ ਘਾੜਤ ਵਿਚੋਂ ਪ੍ਰਗਟ ਹੈ। ਅਖਾਉਤਾਂ ਵਿੱਚ ਸਮਾਜਿਕ ਜਿੰਦਗੀ ਦੇ ਪਰਸਪਰ ਟਾਕਰੇ ਜਾਂ ਸੁਮੇਲ ਦੇ ਇਕਾਗਰ ਰੂਪਕ ਬਿੰਬ ਵਿਚੋਂ ਨਵੇਂ ਅਰਥ ਉਤਪੰਨ ਕੀਤੇ ਜਾਂਦੇ ਹਨ।

# ਮੁਹਾਵਰਿਆਂ ਦੀ ਉਤਪਤੀ ਪਿੱਛੇ ਕੋਈ ਕਥਾ ਜਾਂ ਪ੍ਸੰਗ ਨਹੀਂ ਹੁੰਦਾ। ਆਮ ਤੌਰ ਤੇ ਅਖਾਉਤਾਂ ਦੀ ਉਤਪਤੀ ਪਿੱਛੇ ਕੋਈ ਕਥਾ ਜਾਂ ਪ੍ਸੰਗ ਹੁੰਦਾ ਹੈ।

ਮੁਹਾਵਰੇ ਅਤੇ ਅਖਾਣ ਦਾ ਸੱਭਿਆਚਾਰਕ ਪ੍ਰਕਾਰਜ ਨੂੰ ਕਹਿੰਦੇ ਹਨ

ਤਾਕ ਵਿੱਚ ਰਹਿਣਾ

ਸੋਧੋ

ਅਖਾਣ ਤੇ ਮੁਹਾਵਰੇ ਕਿਸੇ ਸਮਾਜ ਦੀ ਲੋਕਧਾਰਾ ਦਾ ਉਹ ਪੱਖ ਹੁੰਦੇ ਹਨ, ਜਿਹੜੇ ਸੰਬੰਧਿਤ ਸਮਾਜ ਦੀ ਬਣਤਰ, ਉਸ ਦੀ ਆਰਥਿਕ ਪ੍ਰਣਾਲੀ, ਸਮਾਜਕ, ਰਾਜਨੀਤਕ ਅਤੇ ਧਾਰਮਿਕ ਹਾਲਤਾਂ ਦੀ ਕਲਾਤਮਿਕ ਪੇਸ਼ਕਾਰੀ ਕਰਨ ਦੀ ਸਮਰੱਥਾ ਰੱਖਦੇ ਹਨ। ਕਿਸੇ ਸਮਾਜ ਦੀ ਪਰੰਪਰਾਗਤ ਹਾਲਤ, ਉਸ ਅੰਦਰ ਵਾਪਰ ਰਹੇ ਪਰਿਵਰਤਨ ਦੇ ਅਮਲ ਅਤੇ ਉਸ ਅਮਲ ਤੋਂ ਪੈਦਾ ਹੋਈ ਸਥਿਤੀ ਬਾਰੇ ਠੋਸ ਜਾਣਕਾਰੀ ਕੇਵਲ ਉਸ ਸਮਾਜ ਦੇ ਅਖਾਣ-ਮੁਹਾਵਰੇ ਹੀ ਦੇ ਸਕਦੇ ਹਨ। ਇਸ ਲਈ ਕਿਸੇ ਕੌਮ ਦੇ ਸੱਭਿਆਚਾਰ ਦੀ ਸਹੀ ਤਸਵੀਰ ਉਸ ਦੇ ਅਖਾਣ-ਮੁਹਾਵਰੇ ਹੀ ਪੇਸ਼ ਕਰਦੇ ਹਨ। ਜਿਵੇਂ ਇੱਕ ਸੁਆਣੀ ਕਿਸੇ ਇੱਕ ਚੌਲ ਤੋਂ ਸਮੁੱਚੇ ਚੌਲਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੀ ਹੈ। ਜਿਵੇਂ ਕਿਸੇ ਵਿਅਕਤੀ ਦੀ ਨਬਜ਼ ਟੋਹ ਕੇ ਵੈਦ-ਹਕੀਮ ਉਸ ਦੇ ਸਰੀਰ ਅੰਦਰਲੀ ਜਾਣਾਕਾਰੀ ਪ੍ਰਾਪਤ ਕਰ ਲੈਂਦਾ ਹੈ, ਠੀਕ ਉਸੇ ਤਰ੍ਹਾਂ ਅਖਾਣ-ਮੁਹਾਵਰੇ ਸੰਬੰਧਿਤ ਸਮਾਜ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਾਲੇ ਉਪਯੋਗੀ ਦਸਤਾਵੇਜ਼ ਹੁੰਦੇ ਹਨ। ਜਿਹੇ ਸੰਦ ਤਿਹੇ ਤਰਖਾਣ ਜਿਹੇ ਲੋਕ ਤਿਹੇ ਅਖਾਣ ਦੀ ਉਕਤੀ ਹਿਯੇ ਕਥਨ ਦੀ ਸੱਚਾਈ ਪ੍ਰਗਟ ਕਰਦੀ ਹੈ।”[5]

ਅਖਾਣ ਲਈ ਅਖਾਉਂਤ, ਲੋਕੋਕਤੀ ਤੇ ਕਹਾਵਤ ਸ਼ਬਦ ਪ੍ਰਯੋਗ ਕੀਤੇ ਜਾਂਦੇ ਹਨ। ਅਖਾਣ ਜਾਂ ਅਖਾਉਂਤ ਪੰਜਾਬੀ ਦੇ ਸ਼ਬਦ ਹਨ। ਲੋਕੋਕਤੀ ਸੰਸਕ੍ਰਿਤ ਦਾ ਸ਼ਬਦ ਹੈ, ਜਦੋਂ ਕਿ ਹਿੰਦੀ ਅਤੇ ਉਰਦੂ ਬੋਲਣ ਵਾਲੇ ਇਸ ਨੂੰ ‘ਕਹਾਵਤ’ ਆਖਦੇ ਹਨ। ਅਖਾਣ ਨੂੰ ਕੋਈ ਸਾਧਾਰਨ ਵਾਕ ਨਹੀਂ ਸਮਝਣਾ ਚਾਹੀਦਾ, ਸਗੋਂ ਇਹ ਅਜਿਹੀ ਸ਼ਬਦ ਜੜਤਕਾਰੀ ਹੁੰਦੀ ਹੈ, ਜਿਸ ਵਿੱਚ ਪਰੰਪਰਾਗਤ ਸਮਾਜਕ ਵਿਰਸੇ ਦੀ ਝਲਕ ਹੁੰਦੀ ਹੈ ਤੇ ਇਸ ਰਾਹੀਂ ਕਿਸੇ ਸਮਾਜਕ ਸੱਚ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਵਾ ਕੀਤਾ ਗਿਆ ਹੁੰਦਾ ਹੈ।

ਅਖਾਣ ਦੇ ਉਲਟ ਮੁਹਾਵਰਾ ਆਮ ਬੋਲਚਾਲ ਦੀ ਚੀਜ਼ ਹੁੰਦਾ ਹੈ। ਇਹ ਗੱਲਬਾਤ ਵਿੱਚ ਕਈ ਵਾਰ ਤਾਂ ਅਖਾਣ ਵਾਲੀ ਭੂਮਿਕਾ ਅਦਾ ਕਰਨਾ ਹੈ ਤੇ ਕਈ ਵਾਰ ਕਵਿਤਾ ਵਿਚਲੇ ਅਲੰਕਾਰਾਂ ਵਾਂਗ ਇਹ ਖਾਸ ਕਿਸਮ ਦਾ ਪ੍ਰਭਾਵ ਸਿਰਜਣ ਲਈ ਹੀ ਪ੍ਰਯੋਗ ਵਿੱਚ ਆਉਂਦਾ ਹੈ। ਮੁਹਾਵਰੇ ਕਿਸੇ ਭਾਸ਼ਾ ਦੀਆਂ ਅਜਿਹੀਆਂ ਫਾਲਾਂ ਹਨ ਜਿਹੜੀ ਗੱਲਬਾਤ ਨੂੰ ਡਗਮਗਾਉਣ ਤੋਂ ਰੋਕਦੀਆਂ ਹਨ ਤੇ ਸਰੋਤਾ ਅਤੇ ਵਕਤਾ ਵਿਚਲੇ ਪ੍ਰਵਚਨ ਨੂੰ ਪੂਰੀ ਤਰ੍ਹਾਂ ਪ੍ਰਸੰਗ ਨਾਲ ਜੋੜੀ ਰੱਖਦੀਆਂ ਹਨ। ਮੁਹਾਵਰੇ ਆਮ ਬੋਲਚਾਲ ਵਿੱਚ ਇਸ ਲਈ ਵੀ ਪ੍ਰਯੋਗ ਹੁੰਦੇ ਹਨ ਕਿ ਇਹਨਾਂ ਦੇ ਪ੍ਰਯੋਗ ਬਿਨਾਂ ਹੋਰ ਕੋਈ ਇਕੱਲਾ ਕਾਰਾ ਸ਼ਬਦ ਉਸ ਭਾਵਨਾ ਨੂੰ ਪ੍ਰਗਟ ਨਹੀਂ ਕਰ ਸਕਦਾ। ਮੁਹਾਵਰਾ ਜ਼ੋਰਦਾਰ ਢੰਗ ਨਾਲ ਭਾਸ਼ਾ ਨੂੰ ਬਲ ਪ੍ਰਦਾਨ ਕਰਦਾ ਹੈ। ਜੇ ਕੋਈ ਕਹੇ ਕਿ ਔਖੇ ਕੰਮ ਨੂੰ ਤੂੰ ਕਿਹੜਾ ਪਹਾੜੋ ਪੱਥਰ ਲੈ ਆਇਆ ਹੈ, ਤੇ ਦੂਜਾ ਕਹੇ ਐਵੇਂ ਅੱਖਾਂ ਦਿਖਾਉਣ ਦੀ ਲੋੜ ਨਹੀਂ, ਮੈਂ ਗੱਲ ਸਮਝ ਗਿਆ ਹਾਂ। ਇਉਂ ਮੁਹਾਵਰੇ, ਬੋਲਚਾਲ ਜਾਂ ਲਿਖਤ ਨੂੰ ਅਤੇ ਸਮੁੱਚੇ ਤੌਰ `ਤੇ ਭਾਸ਼ਾ ਨੂੰ ਰਸਿਕ ਅਤੇ ਅਰਥ ਭਰਪੂਰ ਬਣਾਉਣ ਲਈ ਸਹਾਈ ਹੁੰਦੇ ਹਨ, ਪਰ ਅਖਾਣਾਂ ਦਾ ਸਬੰਧ ਸਮਾਜ ਦੀ ਪ੍ਰਵਨਿਤ ਅਤੇ ਪ੍ਰਮਾਣਿਕ ਸੱਚਾਈ ਨੂੰ ਪ੍ਰਗਟ ਕਰਨਾ ਹੁੰਦਾ ਹੈ।”[4]

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਥੋਂ ਦੇ ਲੋਕ ਬੰਧੇਜ ਨੂੰ ਪਸੰਦ ਨਹੀਂ ਕਰਦੇ। ਪੰਜਾਬ ਵਿੱਚ ਪੁਰਾਤਨ ਸਮੇਂ ਵਪਾਰਕ ਧੰਦਾ ਬਹੁਤਾ ਵਿਕਸਿਤ ਨਹੀਂ ਸੀ, ਪਰ ਇਹ ਇਤਨਾ ਬੁਰਾ ਨਹੀਂ ਸੀ ਸਮਝਿਆ ਜਾਂਦਾ ਜਿਤਨਾ ਚਾਕਰੀ ਅਰਥਾਤ ਨੌਕਰੀ ਨੂੰ ਬੁਰਾ ਮੰਨਿਆ ਗਿਆ ਹੈ। ਜਿਵੇਂ-

ਮੰਗਣ ਗਿਆ ਸੌ ਮਰ ਗਿਆ, ਮੌਰ ਸੋ ਮੰਗਣ ਜਾਇ।
ਉਸ ਤੋਂ ਪਹਿਲਾਂ ਉਹ ਮਰੇ, ਜੋ ਹੁੰਦਿਆਂ ਮੁੱਕਰ ਜਾਇ।

ਇਸ ਅਖਾਣ ਅੰਦਰ ਦੂਹਰੇ ਸਮਾਜਕ ਸੱਚ ਨੂੰ ਪੇਸ਼ ਕੀਤਾ ਗਿਆ ਹੈ।”[6]

ਸਪਸ਼ਟ ਹੈ ਕਿ ਅਖਾਣ ਮਨੁੱਖੀ ਤਜ਼ਰਬੇ ਦੀ ਪੈਦਾਵਾਰ ਹੁੰਦੇ ਹਨ। ਮੁਹਾਵਰੇ ਭਾਵੇਂ ਅਖਾਣਾਂ ਨਾਲੋਂ ਵੱਖਰੀ ਪ੍ਰਕਿਰਤੀ ਵਾਲੇ ਹੁੰਦੇ ਹਨ ਪਰ ਭਾਸ਼ਾਈ ਪੱਧਰ ਉੱਤੇ ਮੁਹਾਵਰੇ ਵੀ ਘੱਟ ਮਹਤੱਵਪੂਰਨ ਨਹੀਂ ਹੁੰਦੇ। ਅਖਾਣ-ਮੁਹਾਵਰੇ ਕਿਉਂਕਿ ਮਾਨਵੀ ਜੀਵਨ ਦੇ ਪੱਕੇ ਹੋਏ ਫਲ ਹੁੰਦੇ ਹਨ। ਇਸ ਲਈ ਇਹ ਜੀਵਨ ਅੰਦਰ ਵਧੇਰੇ ਪ੍ਰਯੋਗ ਹੁੰਦੇ ਹਨ।’

ਹਵਾਲੇ

ਸੋਧੋ
  1. "ਵਣਜਾਰਾ ਬੇਦੀ,". ਲੋਕ ਆਖਦੇ ਹਨ, ਪੰਨਾ-10. ਪੰਜਾਬੀ ਸਾਹਿਤ ਐਕਡਮੀ 444 ਐਲ, ਮਾਡਲ ਟਾਊਨ, ਲੁਧਿਆਣਾ. {{cite web}}: |access-date= requires |url= (help); Missing or empty |url= (help)
  2. ਪੰਜਾਬੀ ਕੋਸ਼, ਜਿਲਦ-l, ਸਫ਼ਾ-4851
  3. "ਵਣਜਾਰਾ ਬੇਦੀ,". ਲੋਕ ਆਖਦੇ ਹਨ, ਪੰਨਾ-11. ਪੰਜਾਬੀ ਸਾਹਿਤ ਐਕਡਮੀ 444 ਐਲ, ਮਾਡਲ ਟਾਊਨ, ਲੁਧਿਆਣਾ. {{cite web}}: |access-date= requires |url= (help); Missing or empty |url= (help)
  4. 4.0 4.1 "ਡਾ. ਜੀਤ ਸਿੰਘ ਜੋਸ਼ੀ,". ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ,ਪੰਨਾ-285. ਲਾਹੌਰ ਬੁੱਕ ਸ਼ਾਪ, 2 ਲਾਜਪਤ ਰਾਏ ਮਾਰਕਿਟ, ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ. {{cite web}}: |access-date= requires |url= (help); Missing or empty |url= (help)
  5. 5.0 5.1 "ਡਾ. ਜੀਤ ਸਿੰਘ ਜੋਸ਼ੀ,". ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ,ਪੰਨਾ-284. ਲਾਹੌਰ ਬੁੱਕ ਸ਼ਾਪ, 2 ਲਾਜਪਤ ਰਾਏ ਮਾਰਕਿਟ, ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ. {{cite web}}: |access-date= requires |url= (help); Missing or empty |url= (help)
  6. "ਡਾ. ਜੀਤ ਸਿੰਘ ਜੋਸ਼ੀ,". ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ,ਪੰਨਾ-287. ਲਾਹੌਰ ਬੁੱਕ ਸ਼ਾਪ, 2 ਲਾਜਪਤ ਰਾਏ ਮਾਰਕਿਟ, ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ. {{cite web}}: |access-date= requires |url= (help); Missing or empty |url= (help)