ਲਾਲ ਸਿੰਘ ਦਿਲ

ਪੰਜਾਬੀ ਕਵੀ

ਲਾਲ ਸਿੰਘ ਦਿਲ (11 ਅਪ੍ਰੈਲ 1943[1]–14 ਅਗਸਤ 2007)[2] ਨਕਸਲਬਾੜੀ ਦੌਰ ਦਾ ਇੱਕ ਪ੍ਰਮੁੱਖ ਪੰਜਾਬੀ ਕਵੀ ਸੀ।

ਲਾਲ ਸਿੰਘ ਦਿਲ
ਲਾਲ ਸਿੰਘ ਦਿਲ
ਸਮਰਾਲਾ, 1993, ਅਮਰਜੀਤ ਚੰਦਨ ਨੇ ਲਾਹੀ
ਜਨਮਲਾਲ ਸਿੰਘ
(1943-04-11)11 ਅਪ੍ਰੈਲ 1943
ਘੁੰਗਰਾਲੀ ਸਿੱਖਾਂ, ਲਾਗੇ ਸਮਰਾਲਾ, ਜ਼ਿਲ੍ਹਾ ਲੁਧਿਆਣਾ, ਪੰਜਾਬ, ਬਰਤਾਨਵੀ ਭਾਰਤ।
ਮੌਤ14 ਅਗਸਤ 2007(2007-08-14) (ਉਮਰ 64)
ਲੁਧਿਆਣਾ, ਭਾਰਤੀ ਪੰਜਾਬ
ਕਿੱਤਾਕਵੀ, ਉਜਰਤੀ ਮਜ਼ਦੂਰ, ਚੌਕੀਦਾਰ, ਖੇਤ ਮਜਦੂਰ, ਰਸੋਈਆ, ਚਾਹ ਦੀ ਦੁਕਾਨ ਦਾ ਮਾਲਕ
ਭਾਸ਼ਾਪੰਜਾਬੀ
ਨਾਗਰਿਕਤਾਭਾਰਤੀ
ਸਿੱਖਿਆਦਸ ਪਾਸ, ਕਾਲਜ ਪੜ੍ਹਿਆ, ਟੀਚਰ ਟਰੇਨਿੰਗ ਕੋਰਸ ਵਿੱਚ ਦਾਖਲ ਹੋਇਆ ਅਤੇ ਪੰਜਾਬੀ ਸਾਹਿਤ ਦੇ ਆਨਰਜ਼ ਕੋਰਸ ਦਾ ਯਤਨ ਪਰ ਪੂਰਾ ਕੋਈ ਵੀ ਨਹੀਂ ਕੀਤਾ।
ਪ੍ਰਮੁੱਖ ਕੰਮਸਤਲੁਜ ਦੀ ਹਵਾ (1972), ਬਹੁਤ ਸਾਰੇ ਸੂਰਜ (1973), ਸੱਥਰ (1997), ਸਵੈ ਜੀਵਨੀ (ਦਾਸਤਾਨ) ਅਤੇ ਬਿੱਲਾ ਅੱਜ ਫਿਰ ਆਇਆ (ਲੰਮੀ ਬਿਰਤਾਂਤਕ ਕਵਿਤਾ)

ਜੀਵਨ

ਸੋਧੋ

ਲਾਲ ਸਿੰਘ ਦਿਲ ਦਾ ਜਨਮ 11 ਅਪ੍ਰੈਲ 1943 ਨੂੰ ਮਾਤਾ ਚਿੰਤ ਕੌਰ ਪਿਤਾ ਰੌਣਕੀ ਰਾਮ, ਪਿੰਡ ਘੁੰਗਰਾਲੀ ਸਿੱਖਾਂ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਐਸ ਤਰਸੇਮ ਅਨੁਸਾਰ "ਲਾਲ ਸਿੰਘ ਦਿਲ ਦਾ ਜਨਮ 11 ਅਪ੍ਰੈਲ 1943 ਨੂੰ ਹੋਇਆ ਸੀ।" [3] ਦਲਿਤ ਪਰਿਵਾਰ ਵਿੱਚ ਪੈਦਾ ਹੋਏ ਲਾਲ ਸਿੰਘ ਦਿਲ ਨੇ ਜ਼ਿੰਦਗੀ ਨਿਰਬਾਹ ਕਰਨ ਲਈ ਛੋਟੇ ਮੋਟੇ ਕੰਮ ਕੀਤੇ ਅਤੇ ਕੁਝ ਦੇਰ ਯੂ.ਪੀ. ਵਿੱਚ ਵੀ ਰਿਹਾ। ਲਾਲ ਸਿੰਘ ਦਿਲ ਨਕਸਲਬਾੜੀ ਕਾਵਿ-ਲਹਿਰ ਨਾਲ ਤੂਫਾਨ ਵਾਂਗ ਉੱਠਿਆ ਕਵੀ ਸੀ।

ਸਿੱਖਿਆ

ਸੋਧੋ

ਲਾਲ ਸਿੰਘ ਦਿਲ ਨੇ 1960-61 ਵਿੱਚ ਸਰਕਾਰੀ ਸਕੂਲ, ਸਮਰਾਲਾ ਤੋਂ ਆਪਣੀ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ। ਮਜ਼ਦੂਰੀ ਕਰਦਿਆਂ ਹੋਇਆਂ ਆਪਣੇ ਕਬੀਲੇ ਵਿੱਚ ਸਭ ਤੋਂ ਪਹਿਲਾਂ ਦਸਵੀਂ ਜਮਾਤ ਪਾਸ ਕਰਕੇ ਕਾਲਜ ਜਾਣ ਵਾਲ਼ਾ ਬਣਿਆ।[4] ਉਹ ਖੰਨੇ ਦੇ ਨੇੜੇ ਏਐਸ ਕਾਲਜ ਵਿੱਚ ਦਾਖ਼ਲ ਹੋਇਆ ਪਰ ਇਕ ਸਾਲ ਬਾਅਦ ਉਸਨੇ ਕਾਲਜ ਛੱਡ ਦਿੱਤਾ। ਉਸਨੇ 1964 ਵਿੱਚ ਇੱਕ ਹੋਰ ਨੇੜਲੇ ਕਸਬੇ ਬਹਿਲੋਲਪੁਰ ਦੇ ਐਸਐਚਐਸ ਕਾਲਜ ਵਿੱਚ ਜੂਨੀਅਰ ਟੀਚਰਸ ਟ੍ਰੇਨਿੰਗ ਕੋਰਸ ਵਿੱਚ ਦਾਖਲਾ ਲਿਆ ਪਰ ਦੋ ਸਾਲਾਂ ਬਾਅਦ ਕੋਰਸ ਪੂਰਾ ਕੀਤੇ ਬਿਨਾਂ ਛੱਡ ਦਿੱਤਾ। ਉਸਨੇ ਪੰਜਾਬੀ ਸਾਹਿਤ ਵਿੱਚ ਇੱਕ ਆਨਰਜ਼ ਕੋਰਸ, ਗਿਆਨੀ ਦੀ ਪੜ੍ਹਾਈ ਕਰਨ ਵਿੱਚ ਇੱਕ ਸਾਲ ਬਿਤਾਇਆ ਪਰ ਕੋਰਸ ਪੂਰਾ ਕੀਤੇ ਬਿਨਾਂ ਛੱਡ ਦਿੱਤਾ। ਇਸ ਸਮੇਂ ਦੌਰਾਨ ਲਾਲ ਸਿੰਘ ਦਿਲ ਨੇ ਖੇਤ ਮਜ਼ਦੂਰੀ ਕੀਤੀ, ਰਾਜ ਮਿਸਤ੍ਰੀਆਂ ਨਾਲ ਦਿਹਾੜੀ ਕੀਤੀ ਅਤੇ ਟਿਊਸ਼ਨਾਂ ਦੇ ਕੇ ਆਪਣਾ ਗੁਜ਼ਾਰਾ ਕੀਤਾ।

ਵਿਤਕਰਾ

ਸੋਧੋ

ਬਚਪਨ ਤੋਂ ਹੀ ਉਸ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ 'ਨੀਵੀਂ ਜਾਤ' ਨਾਲ਼ ਸਬੰਧ ਰੱਖਦਾ ਸੀ। ਇਹ ਉਹ ਆਪਣੀ ਸਵੈ-ਜੀਵਨੀ ਦਾਸਤਾਨ ਦੇ ਸ਼ੁਰੂਆਤੀ ਪੈਰੇ ਵਿਚ ਲਿਖਦਾ ਹੈ: 'ਮੈਂ ਆਪਣੀ ਜ਼ਿੰਦਗੀ ਵਿਚ ਵਾਰ-ਵਾਰ ਅਗਨੀ ਪ੍ਰੀਖਿਆ ਦਿੱਤੀ ਹੈ ਅਤੇ ਇਹ ਇਕ ਚਮਤਕਾਰ ਹੈ ਕਿ ਮੈਂ ਇਸ ਤੋਂ ਉੱਪਰ ਉੱਠ ਸਕਿਆ ਹਾਂ।'[5] ਉਹ ਅੱਗ ਕੀ ਸੀ ਉਹ ਉਸੇ ਸ਼ੁਰੂਆਤੀ ਪੈਰੇ ਦੀਆਂ ਅਗਲੀਆਂ ਕੁਝ ਲਾਈਨਾਂ ਵਿੱਚ ਇੱਕ ਉਦਾਹਰਣ ਦੇ ਨਾਲ ਦਰਸਾਉਂਦਾ ਹੈ। ਜਦੋਂ ਉਹ ਪੰਜ ਜਾਂ ਛੇ ਸਾਲਾਂ ਦਾ ਛੋਟਾ ਜਿਹਾ ਮਾਸੂਮ ਸੀ ਤਾਂ ਇੱਕ ਜੱਟ ਕਿਸਾਨ ਦੇ ਖੂਹ 'ਤੇ ਨਹਾਉਣ ਦੀ ਹਿੰਮਤ ਕਰਦਾ ਹੈ। ਉਸਨੂੰ ਤੁਰੰਤ ਘਸੀਟਿਆ ਜਾਂਦਾ ਹੈ, ਤਿੰਨ ਵਾਰ ਕੋਰੜੇ ਮਾਰੇ ਜਾਂਦੇ ਹਨ ਅਤੇ ਕਿਸਾਨ ਦੇ ਪੁੱਤਰ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ। 'ਚਮਿਆਰ' ਹੋਣ ਦੇ ਨਾਤੇ ਉਸ ਨੂੰ ਉੱਚ ਜਾਤੀ ਵਾਲਿਆਂ ਦੇ ਖੂਹ 'ਤੇ ਨਹਾਉਣ ਦੀ ਇਜਾਜ਼ਤ ਨਹੀਂ ਹੈ। ਉਸ ਨੂੰ ਸਕੂਲ ਵਿਚ, ਕਾਲਜ ਵਿਚ ਵਾਰ-ਵਾਰ ਇਸ 'ਅੱਗ' ਵਿਚ ਧੱਕਿਆ ਜਾਂਦਾ ਹੈ। ਉਹ ਉੱਚ ਜਾਤੀ ਦੀ ਲੜਕੀ ਨਾਲ ਪਿਆਰ ਕਰਨ ਦੀ ਹਿੰਮਤ ਕਰਦਾ ਹੈ।' ਅਮਰਜੀਤ ਚੰਦਨ ਕਹਿੰਦਾ ਹੈ ਕਿ, "ਲਾਲ ਸਿੰਘ ਦਿਲ ਚਮਾਰਾਂ ਦੇ ਘਰ ਜੰਮਿਆ । ਇਹ ਗੱਲ ਇਹਦੀ ਕਵਿਤਾ ਵਿਚ ਕਈ ਥਾਈਂ ਆਈ ਹੈ । ਸਵੈਜੀਵਨੀ ਵਿਚ ਇਹਨੇ ਆਪਣੇ ਵਿਹੜੇ, ਸਕੂਲ ਤੇ ਨਕਸਲੀ ਪਾਰਟੀ ਅਤੇ ਫੇਰ ਪੁਲਸ ਦੇ ਜ਼ਾਤ ਅਭੀਮਾਨ ਬਾਰੇ ਖੁੱਲ਼ ਕੇ ਲਿਖਿਆ ਹੈ।"[6]

ਮਾਨ ਸਨਮਾਨ

ਸੋਧੋ
  • ਡਾ.ਰਵੀ ਮੈਮੋਰੀਅਲ ਟ੍ਰਸਟ , ਪਟਿਆਲਾ 1994
  • ਨਵਚੇਤਨਾ ਕਲਾ ਮੰਚ ਕੰਗਣਵਾਲ
  • ਸੰਤ ਰਾਮ ਉਦਾਸੀ ਮਿਲੇਨੀਅਮ ਪੁਰਸਕਾਰ 2000
  • ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ
  • ਕਰਤਾਰ ਸਿੰਘ ਧਾਲੀਵਾਲ ਪੁਰਸਕਾਰ
  • ਲੋਕ ਮੰਚ , ਬੰਗਾ 1994
  • ਨਵਜੋਤ ਸਾਹਿਤ ਸੰਸਥਾ 1994
  • ਪਲਸ ਮੰਚ , ਜਲੰਧਰ 1992
  • ਸਾਹਿਤ ਸਭਿਆਚਾਰ ਕੇਂਦਰ , ਰੋਪੜ 1992
  • ਪਾਸ਼ ਯਾਦਗਾਰੀ ਸੰਸਥਾ , ਜਲੰਧਰ 1994
  • ਰੰਗ ਕਰਮੀ ਸਮਰਾਲਾ ,1994
  • ਪੰਜਾਬ ਸਭਿਆਚਾਰ ਖੇਡ ਮੇਲਾ , ਮਨੌਲੀ 1995
  • ਪੰਜਾਬੀ ਸਭਿਆਚਾਰ ਮੰਚ , ਖੰਨਾ 1997[7]

ਰਚਨਾਵਾਂ

ਸੋਧੋ

ਕਾਵਿ-ਪੁਸਤਕਾਂ

ਸੋਧੋ
  • ਸਤਲੁਜ ਦੀ ਹਵਾ (1972)
  • ਬਹੁਤ ਸਾਰੇ ਸੂਰਜ (1973)
  • ਸੱਥਰ (1997)
  • ਨਾਗ ਲੋਕ (1998)
  • ਬਿੱਲਾ ਅੱਜ ਫਿਰ ਆਇਆ (ਲੰਮੀ ਬਿਰਤਾਂਤਕ ਕਵਿਤਾ)

ਸਵੈ ਜੀਵਨੀ

ਸੋਧੋ
  • ਦਾਸਤਾਨ (1999)

ਕਾਵਿ ਕਲਾ

ਸੋਧੋ

ਲਾਲ ਸਿੰਘ ਦਿਲ ਨਕਸਲਬਾੜੀ ਦੌਰ ਦਾ ਪ੍ਰਮੁੱਖ ਕਵੀ ਹੈ ਜੋ ਆਪਣੇ ਵੱਖਰੇ ਅਨੁਭਵ ਅਤੇ ਵਿਕਲੋਤਰੀ ਕਾਵਿ ਸ਼ੈਲੀ ਕਾਰਨ ਲਹਿਰ ਦੇ ਬਾਕੀ ਕਵੀਆਂ ਨਾਲੋਂ ਵੱਖਰੇ ਸੁਹਜ ਦੀ ਸਿਰਜਣਾ ਕਰਦਾ ਹੈ। ਸ਼ਾਇਦ ਦਿਲ ਦੀ ਵਿਲੱਖਣਤਾ ਦਾ ਕਾਰਨ ਉਸ ਦੇ ਜੀਵਨ ਅਨੁਭਵ ਦੀ ਦੇਣ ਹੈ। ਲਾਲ ਸਿੰਘ ਦਿਲ ਦਲਿਤ ਵਰਗ ਦਾ ਗਰੀਬ ਯੁਵਕ ਸੀ ਜੋ ਨਕਸਲਬਾੜੀ ਦੌਰ ਦੀ ਰਾਜਸੀ ਸਮਝ ਨਾਲ ਆਪਣੀ ਹੋਣੀ ਜੋੜਦਾ ਹੈ ਅਤੇ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਹੀਣ ਭਾਵਨਾ ਦੀ ਥਾਂ ਸੰਘਰਸ਼ ਭਾਵਨਾ ਨਾਲ ਭਰਿਆ ਹੋਇਆ ਹੈ।[8] ਉਸ ਦੀ ਸੰਵੇਦਨਸ਼ੀਲ ਗ੍ਰਹਿਣਸ਼ੀਲਤਾ ਉਸ ਨੂੰ ਬਾਕੀਆਂ ਨਾਲੋਂ ਵੱਖਰਾ ਕਰਦੀ ਹੈ। ਵਰਗ ਸੰਘਰਸ਼ ਦੇ ਅਸਲੀ ਅਰਥ ਦਲਿਤ ਅਤੇ ਦਮਿਤ ਵਿਅਕਤੀ ਹੀ ਸਮਝ ਸਕਦਾ ਹੈ। ਉਸ ਦੀਆਂ ਕਵਿਤਾਵਾਂ ਵਿੱਚ ਜਮਾਤੀ ਦੁਸ਼ਮਣ ਪ੍ਰਤੀ ਪ੍ਰਚੰਡ ਨਫਰਤ ਦਿਖਾਈ ਦਿੰਦੀ ਹੈ। ਭਾਰਤ ਦੀ ਸਮਾਜਿਕ ਬਣਤਰ ਬੜੀ ਗੁੰਝਲਦਾਰ ਹੈ। ਇੱਥੇ ਕੇਵਲ ਜਮਾਤੀ ਵੰਡ ਹੀ ਨਹੀਂ ਸਗੋਂ ਜਾਤੀ ਵੰਡ ਵੀ ਹੈ। ਲਾਲ ਸਿੰਘ ਇਸ ਤੱਥ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਜਾਤਪਾਤ ਕਿਵੇਂ ਸੰਵੇਦਨਸ਼ੀਲ ਮਨੁੱਖ ਨੂੰ ਨਪੀੜਦੀ ਹੈ। ਉਸ ਦੀ ਕਵਿਤਾ ਫਾਲਿਆਂ ਤੋਂ ਤਿੱਖੇ ਦੰਦ ਵਿਚਲਾ ਵਿਅੰਗ ਬਹੁਤ ਹੀ ਤੀਖਣ ਹੈ। ਨਕਸਲਬਾੜੀ ਲਹਿਰ ਦੇ ਹੋਰ ਕਵੀਆਂ ਦੇ ਮੁਕਾਬਲੇ ਲਾਲ ਸਿੰਘ ਦਿਲ ਦੀ ਵਿਲੱਖਣਤਾ ਹੈ ਕਿ ਉਸ ਨੇ ਪਿਆਰ ਨੂੰ ਜਮਾਤੀ ਨਜ਼ਰੀਏ ਦੇ ਨਾਲੋ ਨਾਲ ਜਾਤੀ ਨਜ਼ਰੀਏ ਵਜੋਂ ਵੀ ਵੇਖਿਆ: ਮੈਨੂੰ ਪਿਆਰ ਕਰਦੀਏ ਪਰ-ਜਾਤ ਕੁੜੀਏ ਸਾਡੇ ਸਕੇ ਮੁਰਦੇ ਵੀ ਇੱਕ ਥਾਂ ਤੇ ਨਹੀਂ ਜਲਾਉਂਦੇ। ਇਤਿਹਾਸ/ਮਿਥਿਹਾਸ ਨੂੰ ਨਵ ਅਰਥ ਦੇਣੇ ਨਕਸਲਬਾੜੀ ਲਹਿਰ ਦੇ ਕਵੀਆਂ ਦਾ ਸਾਂਝਾ ਲੱਛਣ ਹੈ। ਲਾਲ ਸਿੰਘ ਦਿਲ ਦੀ ਕਾਂਗਲਾ ਤੇਲੀ ਮਿਥਿਹਾਸ ਅਧਾਰਿਤ ਲੰਮੀ ਬਿਰਤਾਂਤਕ ਕਵਿਤਾ ਹੈ ਜਿਸ ਵਿੱਚ ਹੋਈ ਬੀਤੀ ਘਟਨਾ ਦੇ ਜਮਾਤੀ ਅਧਾਰਾਂ ਨੂੰ ਸਪਸ਼ਟ ਕਰਦਿਆਂ ਕਿਥੇ ਰਾਜਾ ਭੋਜ ਕਿਥੇ ਕਾਂਗਲਾ ਦਾ ਜੁਆਬ ਦਿੱਤਾ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਜਮਾਤੀ ਦ੍ਰਿਸ਼ਟੀਕੋਣ ਨੂੰ ਪ੍ਰਗਟਾਉਣ ਲਈ ਸੰਤ ਰਾਮ ਉਦਾਸੀ ਵਾਂਗ ਸਿਆਸੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਦਾ ਸਗੋਂ ਉਹ ਚੁੱਪ ਚੁਪੀਤੇ ਕਵਿਤਾ ਕਹਿੰਦਾ ਹੈ ਜਿਸ ਵਿਚੋਂ ਸਿਆਸੀ ਅਰਥਾਂ ਤੋਂ ਬਿਨਾ ਹੋਰ ਕੋਈ ਅਰਥ ਨਹੀਂ ਲਏ ਜਾ ਸਕਦੇ। ਦਿਲ ਆਪਣੀਆਂ ਸ਼ਾਮ ਦਾ ਰੰਗ, ਕੜੇਲੀ ਪਿੰਡ ਦੀਆਂ ਵਾਸਣਾਂ, ਨਾਮਾ ਅਤੇ ਜਜ਼ਬੇ ਦੀ ਖੁਦਕਸ਼ੀ ਵਰਗੀਆਂ ਵਿਲੱਖਣ ਅਨੁਭਵ ਅਤੇ ਪ੍ਰਗਟਾਅ ਸ਼ੈਲੀ ਵਾਲੀਆਂ ਰਚਨਾਵਾਂ ਕਾਰਨ ਵੱਖਰਾ ਹੀ ਦਿਸਦਾ ਰਹੇਗਾ।

ਕਾਵਿ-ਵੰਨਗੀ

ਸੋਧੋ

ਅਸੀਂ ਵੱਡੇ ਵੱਡੇ ਪਹਿਲਵਾਨ

ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ
ਲੜਨ ਲਈ ਭੁਖ ਨੰਗ ਨਾਲ
ਜੋੜ ਤੋੜ ਜੋੜ ਤੋੜ ਕਰਦੇ ਰਹਿਣਾ ਸਾਰੀ ਕਸਰਤ ਹੈ।
ਦਾਅ ਬਹੁਤ ਡਾਢੇ ਨੇ
ਬੋਲਣ ਦੀ ਥਾਂ ਚੁੱਪ ਕਰ ਜਾਣਾ

ਪੀਣ ਦੀ ਥਾਂ ਪਿਆਸੇ ਮਰ ਜਾਣਾ
ਖਾਣ ਦੀ ਥਾਂ ਕਸਮ ਖਾਣੀ ਲੜਦੇ ਰਹਿਣ ਦੀ।
ਪਛਾੜਦੇ ਹਾਂ ਵੱਡੇ ਵੱਡੇ ਪਹਿਲਵਾਨ
ਗਰਦਣ ਤੇ ਗੋਡਾ ਧਰਕੇ
ਖੇਤ ਪਏ ਗਧੇ ਵਾਲੀ ਜੂਨ ਭੁਗਤਦੇ ਹਾਂ
ਪਰ ਤਾਂ ਵੀ ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ।[9]

14 ਅਗਸਤ 2007 ਨੂੰ ਉਸਦਾ ਆਂਤੜੀਆਂ ਦੀ ਬਿਮਾਰੀ ਕਾਰਨ ਦਇਆਨੰਦ ਮੈਡੀਕਲ ਹਸਪਤਾਲ ਵਿੱਚ ਦਿਹਾਂਤ ਹੋ ਗਿਆ।

ਹਵਾਲੇ

ਸੋਧੋ
  1. Nirupama Dutt. "Poet of the Revolution Lal Singh Dil".
  2. Nirupama Dutt. "Poet of the Flaming Sutlej – Lal Singh Dil". Archived from the original on 2016-03-05. Retrieved 2013-01-22.
  3. ਲਾਲ ਸਿੰਘ ਦਿਲ ਸੰਕਲਪ ਤੇ ਸਮੀਖਿਆ , ਡਾ ਐਸ ਤਰਸੇਮ , ਲੋਕਗੀਤ ਪ੍ਰਕਾਸ਼ਨ ,ਚੰੜੀਗੜ , 2006
  4. Dutt 2012, Introduction p.xxxiv
  5. Dutt 2012, p.3
  6. Chandan 1998, p.6
  7. ਲਾਲ ਸਿੰਘ ਦਿਲ ਸੰਕਲਪ ਤੇ ਸਮੀਖਿਆ , ਡਾ ਐਸ ਤਰਸੇਮ , ਲੋਕਗੀਤ ਪ੍ਰਕਾਸ਼ਨ ,ਚੰੜੀਗੜ , 2006
  8. ਭਾਨੁੱਜ ਕੱਪਲ (19 ਜਨਵਰੀ 2013). "For the revolutionary poet, pain begets poem begets pain". sunday-guardian. Archived from the original on 2013-01-23. Retrieved 2013-01-22. {{cite web}}: Unknown parameter |dead-url= ignored (|url-status= suggested) (help)
  9. "ਪੁਰਾਲੇਖ ਕੀਤੀ ਕਾਪੀ". Archived from the original on 2021-06-19. Retrieved 2013-01-22.