ਕੁਲਦੀਪ ਮਾਣਕ
ਕੁਲਦੀਪ ਮਾਣਕ

ਕੁਲਦੀਪ ਮਾਣਕ ਇੱਕ ਪੰਜਾਬੀ ਗਾਇਕ ਸੀ। ਉਹ ਦੇਵ ਥਰੀਕੇ ਵਾਲ਼ੇ ਦੀ ਲਿਖੀ ਕਲੀ, ‘‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’’ ਗਾਉਣ ਕਰਕੇ ਜਾਣਿਆ ਜਾਂਦਾ ਹੈ ਜਿਸ ’ਤੇ ਪੰਜਾਬੀਆਂ ਨੇ ਉਸਨੂੰ ‘ਕਲੀਆਂ ਦਾ ਬਾਦਸ਼ਾਹ’ ਖ਼ਿਤਾਬ ਦਿੱਤਾ। ਮਾਣਕ ਦਾ ਜਨਮ ਬਤੌਰ ਲਤੀਫ਼ ਮੁਹੱਮਦ 15 ਨਵੰਬਰ 1959 ਨੂੰ ਪਿਤਾ ਨਿੱਕਾ ਖਾਨ ਦੇ ਘਰ ਪਿੰਡ ਜਲਾਲ ਨੇੜੇ ਭਾਈ ਰੂਪਾ (ਬਠਿੰਡਾ ਜ਼ਿਲਾ) ਵਿੱਚ ਹੋਇਆ ਜਿੱਥੇ ਉਸਨੂੰ ਸੰਗੀਤ ਵਿਰਾਸਤ ਵਿੱਚ ਮਿਲ਼ਿਆ। ਉਸ ਦੇ ਵੱਡ-ਵਡੇਰੇ ਮਹਾਰਾਜਾ ਨਾਭਾ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ‘ਹਜ਼ੂਰੀ ਰਾਗੀ’ ਸਨ। ਪਿਤਾ ਨਿੱਕਾ ਖਾਨ ਵੀ ਗਾਇਕ ਸਨ, ਇਸ ਲਈ ਗਾਇਕੀ ਵੱਲ ਮਾਣਕ ਦਾ ਝੁਕਾਅ ਬਚਪਨ ਤੋਂ ਹੀ ਸੀ।ਗਾਇਕੀ ਵੱਲ ਮਾਣਕ ਦਾ ਝੁਕਾਅ ਦੇਖ ਅਧਿਆਪਕਾਂ ਨੇ ਵੀ ਉਸ ਨੂੰ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਮਾਣਕ ਨੇ ‘ਉਸਤਾਦ ਖ਼ੁਸ਼ੀ ਮੁਹੱਮਦ ਕੱਵਾਲ (ਫ਼ਿਰੋਜ਼ਪੁਰ)’ ਦਾ ਸ਼ਾਗਿਰਦ ਬਣ ਕੇ ਸੰਗੀਤ ਦੀ ਤਾਲੀਮ ਹਾਸਲ ਕੀਤੀ। ਆਪਣੇ ਸੰਗੀਤਕ ਸਫ਼ਰ ਨੂੰ ਅੱਗੇ ਵਧਾਉਣ ਲਈ ਮਾਣਕ ਬਠਿੰਡਾ ਛੱਡ ਲੁਧਿਆਣੇ ਆ ਗਿਆ ’ਤੇ ਗਾਇਕ ਹਰਚਰਨ ਗਰੇਵਾਲ ਅਤੇ ਸੀਮਾ ਨਾਲ਼ ਸਟੇਜਾਂ ਕਰਨੀਆਂ ਸ਼ੁਰੂ ਕੀਤੀਆਂ। 1968 ਵਿੱਚ ਦਿੱਲੀ ਵਿੱਚ ਇੱਕ ਮਿਊਜ਼ਿਕ ਕੰਪਨੀ ਐਚ.ਐਮ.ਵੀ. ਨੇ ਉਸਨੂੰ ਗਾਇਕਾ ਸੀਮਾ ਨਾਲ਼ ਬਾਬੂ ਸਿੰਘ ਮਾਨ ਮਰਾੜਾਂ ਵਾਲ਼ੇ ਦਾ ਲਿਖਿਆ ਆਪਣਾ ਪਹਿਲਾ ਗੀਤ, “ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ” ਰਿਕਾਰਡ ਕੀਤਾ। ਉਸ ਵੇਲ਼ੇ ਦੋਗਾਣਾ ਗਾਇਕੀ ਦਾ ਜ਼ਿਆਦਾ ਚਲਣ ਸੀ। ਇਹ ਮਾਣਕ ਦਾ ਪਹਿਲਾ ਰਿਕਾਰਡ ਸੀ। ਇਸ ਰਿਕਾਰਡ ਵਿੱਚ ਇੱਕ ਹੋਰ ਗੀਤ “ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ” (ਗੀਤਕਾਰ: ਗੁਰਦੇਵ ਸਿੰਘ ਮਾਨ)’ ਵੀ ਸ਼ਾਮਲ ਸੀ। ਲੋਕਾਂ ਵੱਲੋਂ ਇਸ ਰਿਕਾਰਡ ਨੂੰ ਬਹੁਤ ਪਸੰਦ ਕੀਤਾ ਗਿਆ। ਮਾਣਕ ਮੁਤਾਬਕ ਉਹਨਾਂ ਦੇ ਸ਼ੁਰੂਆਤੀ ਗੀਤਾਂ ਦਾ ਸੰਗੀਤ ਕੇਸਰ ਸਿੰਘ ਨਰੂਲਾ (ਜਸਪਿੰਦਰ ਨਰੂਲਾ ਦੇ ਪਿਤਾ) ਨੇ ਦਿੱਤਾ।