ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ। ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ, ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ ਲਿਪੀ ਵਿੱਚ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਦੇ ਰਚਨਹਾਰੇ ਵੱਖ-ਵੱਖ ਸ਼੍ਰੇਣੀਆਂ ਅਤੇ ਫਿਰਕਿਆਂ ਨਾਲ ਸੰਬੰਧ ਰੱਖਦੇ ਸਨ; ਉਨ੍ਹਾਂ ਵਿੱਚ ਹਿੰਦੂ ਹਨ, ਮੁਸਲਮਾਨ ਹਨ ਅਤੇ ਨੀਵੀਆਂ ਤੇ ਉੱਚੀਆਂ ਜਾਤਾਂ ਦੇ ਵੀ ਹਨ।