ਵਿਕੀਪੀਡੀਆ:ਚੁਣਿਆ ਹੋਇਆ ਲੇਖ/1 ਮਾਰਚ
ਮੁਹੰਮਦ ਆਲਮ ਲੋਹਾਰ (ਜਨਮ 1 ਮਾਰਚ 1928 – ਮੌਤ 3 ਜੁਲਾਈ 1979) ਇੱਕ ਪੰਜਾਬੀ ਲੋਕ-ਗਾਇਕ ਅਤੇ ਸੰਗੀਤਕਾਰ ਸੀ। ਜੁਗਨੀ ਮਸ਼ਹੂਰ ਕਰਨ ਦਾ ਸਿਹਰਾ ਉਸਨੂੰ ਜਾਂਦਾ ਹੈ। ਆਲਮ ਲੁਹਾਰ 1 ਮਾਰਚ 1928 ਨੂੰ ਸੂਬਾ ਪੰਜਾਬ, ਬਰਤਾਨਵੀ ਭਾਰਤ ਦੇ ਸ਼ਹਿਰ ਗੁਜਰਾਤ (ਹੁਣ ਪਾਕਿਸਤਾਨ) ਦੇ ਇੱਕ ਪਿੰਡ ਆਛ ਵਿੱਚ ਪੈਦਾ ਹੋਏ ਸਨ। ਆਲਮ ਲੁਹਾਰ ਦਾ ਬਚਪਨ ਗੁਜਰਾਤ ਵਿੱਚ ਹੀ ਗੁਜ਼ਰਿਆ। ਉਸ ਦੇ ਜਵਾਨ ਹੋਣ ਸਮੇਂ ਭਾਰਤੀ ਉਪਮਹਾਂਦੀਪ ਵਿੱਚ ਅੰਗਰੇਜ਼ ਦੀ ਹਕੂਮਤ ਸੀ। ਇਸ ਦੌਰ ਵਿੱਚ ਇਹ ਰਿਵਾਜ ਆਮ ਸੀ ਕਿ ਲੋਕ ਸਵੇਰੇ ਸ਼ਾਮ ਸੱਥਾਂ ਵਿੱਚ ਇਕੱਠੇ ਹੋ ਜਾਇਆ ਕਰਦੇ ਸਨ। ਉਥੇ ਬੈਠ ਲੋਕ ਮਨਪਰਚਾਵੇ ਲਈ ਰੂਹਾਨੀ ਕਲਾਮ ਅਤੇ ਲੋਕ ਕਥਾਵਾਂ ਸੁਣਾਉਂਦੇ ਅਤੇ ਔਰ ਦਾਦ ਵਸੂਲ ਕਰਦੇ। ਇਥੋਂ ਹੀ ਆਲਮ ਲੁਹਾਰ ਦੇ ਦਿਲ ਵਿੱਚ ਵੀ ਅਜਿਹੇ ਲੋਕਧਾਰਾਈ ਗਾਉਣ ਦਾ ਸ਼ੌਕ ਪੈਦਾ ਹੋਇਆ। ਬਾਅਦ ਵਿੱਚ ਆਲਮ ਲੁਹਾਰ ਨੇ ਆਪਣੀ ਕਲਾ ਨੂੰ ਪਰਵਾਨ ਚੜ੍ਹਾਉਣ ਦੇ ਲਈ ਅਪਣਾ ਘਰ ਬਾਰ ਛੱਡ ਕੇ ਥੀਏਟਰ ਕੰਪਨੀਆਂ ਨਾਲ ਨਾਤਾ ਜੋੜ ਲਿਆ ਅਤੇ ਉਹ ਨਿਹਾਇਤ ਛੋਟੀ ਉਮਰ ਵਿੱਚ ਹੀ ਬਹੁਤ ਮਕਬੂਲ ਹੋ ਗਏ। ਇਹੀ ਫ਼ਨ ਉਸ ਦਾ ਆਮਦਨ ਦਾ ਜ਼ਰੀਆ ਵੀ ਬਣ ਗਿਆ। ਉਸ ਨੇ ਆਪਣੀ ਗਾਈਕੀ ਵਿੱਚ ਚਿਮਟੇ ਦੀ ਖ਼ੂਬ ਵਰਤੋਂ ਕੀਤੀ। ਆਲਮ ਲੁਹਾਰ ਨੂੰ ਮੀਆਂ ਮੁਹੰਮਦ ਬਖ਼ਸ਼, ਖ਼ੁਆਜਾ ਫ਼ਰੀਦ, ਬਾਬਾ ਬੁਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਸੁਲਤਾਨ ਬਾਹੂ ਦੇ ਕਲਾਮ ਦੇ ਇਲਾਵਾ ਲੋਕ ਕਥਾਵਾਂ, ਜੁਗਨੀ, ਬੋਲੀਆਂ ਅਤੇ ਮਾਹੀਏ ਜ਼ਬਾਨੀ ਯਾਦ ਸਨਉਹ ਇਨ੍ਹਾਂ ਨੂੰ ਇਨ੍ਹੀਂ ਇੰਤਹਾ ਰਵਾਨੀ ਨਾਲ ਗਾਇਆ ਕਰਦੇ ਸਨ।