ਪ੍ਰੋਫ਼ੈਸਰ ਮੋਹਨ ਸਿੰਘ

ਪ੍ਰੋ. ਮੋਹਨ ਸਿੰਘ (20 ਅਕਤੂਬਰ 1905 - 3 ਮਈ 1978) ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ 20 ਅਕਤੂਬਰ 1905 ਨੂੰ ਪੰਜਾਬ ਦੇ ਨਗਰ ਹੋਤੀ ਮਰਦਾਨ (ਪਾਕਿਸਤਾਨ) ਵਿੱਚ ਪੈਦਾ ਹੋਏ।। ਵਧੇਰੇ ਕਰਕੇ ਉਨ੍ਹਾਂ ਦੀ ਪਛਾਣ ਕਵੀ ਕਰਕੇ ਹੈ। ਪੰਜਾਬੀ ਕਵਿਤਾ ਵਿਚ ਅਸਲ ਅਰਥਾਂ ਵਿਚ ਆਧੁਨਿਕਤਾ ਦਾ ਆਗਾਜ਼ ਉਸ ਦੀ ਕਵਿਤਾ ਰਾਹੀਂ ਹੁੰਦਾ ਹੈ। ਪ੍ਰੋ. ਮੋਹਨ ਸਿੰਘ ਨੇ ਰਵਾਇਤੀ ਕਵਿਤਾ ਦੀਆਂ ਦਹਿਲੀਜਾਂ ਟੱਪਕੇ ਨਵੀਂ ਵਿਸ਼ਵਵਿਆਪੀ ਚੇਤਨਾ ਨਾਲ ਪੰਜਾਬੀ ਪਾਠਕ ਜਗਤ ਨੂੰ ਜੋੜਿਆ। ਅੱਧੀ ਸਦੀ ਤੋਂ ਵਧੇਰੇ ਸਮਾਂ ਉਹ ਪੰਜਾਬੀ ਕਵਿਤਾ ਵਿੱਚ ਹੋਰਨਾਂ ਪ੍ਰਗਤੀਵਾਦੀ ਕਵੀਆਂ ਦੇ ਸਹਿਤ ਪ੍ਰਮੁੱਖ ਹਸਤੀ ਬਣੇ ਰਹੇ। ਫ਼ਾਰਸੀ ਦੀ ਉਨ੍ਹਾਂ ਦੀ ਜਾਣਕਾਰੀ ਨੇ ਪੰਜਾਬੀ ਕਵਿਤਾ ਵਿੱਚ ਉਰਦੂ-ਫ਼ਾਰਸੀ ਸ਼ਬਦਾਂ ਦੀ ਵਰਤੋਂ ਜਾਰੀ ਰੱਖੀ। ਉਨ੍ਹਾਂ ਦੀਆਂ ਕੁਝ ਕਵਿਤਾਵਾਂ ਅਜਿਹੀਆਂ ਹਨ ਜੋ ਪੰਜਾਬੀ ਪਾਠਕਾਂ ਨੂੰ ਮੱਲੋਮੱਲੀ ਯਾਦ ਹੋ ਗਈਆਂ ਹਨ ਜਿਵੇਂ ਕੁੜੀ ਪੋਠੋਹਾਰ ਦੀ, ਛੱਤੋ ਦੀ ਬੇਰੀ ਅਤੇ ਅੰਬੀ ਦੇ ਬੂਟੇ ਥੱਲੇ। ਪੰਜਾਬੀ ਸਾਹਿਤਕ ਪੱਤਰਕਾਰੀ ਦੇ ਇਤਿਹਾਸ ਵਿੱਚ 'ਪੰਜ ਦਰਿਆ' ਦੀ ਪ੍ਰਕਾਸ਼ਨਾ ਇਕ ਬਹੁਤ ਹੀ ਮਹੱਤਵਪੂਰਣ ਘਟਨਾ ਸੀ। ਇਸ ਦੀ ਸ਼ੁਰੂਆਤ ਨਾਲ ਪੰਜਾਬੀ ਵਿੱਚ ਆਧੁਨਿਕ ਅਤੇ ਪ੍ਰਗਤੀਵਾਦੀ ਸਾਹਿਤਕ ਰਚਨਾਵਾਂ ਦੀਆਂ ਪ੍ਰਕਾਸ਼ਨਾਵਾਂ ਦਾ ਮੁੱਢ ਬੱਝਿਆ। ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ ਅਗਸਤ 1939 ਦੇ ਅੰਕ ਨਾਲ 'ਪੰਜ ਦਰਿਆ' ਦਾ ਪ੍ਰਵੇਸ਼ ਹੁੰਦਾ ਹੈ। ਇਹ ਪੱਤਰ 1947 ਤੱਕ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ।