ਸਮੁਦਰਗੁਪਤ
ਸਮੁਦਰਗੁਪਤ ਗੁਪਤ ਰਾਜਵੰਸ਼ ਦਾ ਚੌਥਾ ਰਾਜਾ ਸੀ ਜਿਸਨੇ ਕਿ 335 ਤੋਂ 380 ਈਸਵੀ ਤੱਕ ਰਾਜ ਕੀਤਾ।ਚੰਦਰਗੁਪਤ ਪਹਿਲੇ ਤੋਂ ਬਾਅਦ 335 ਈ ਵਿੱਚ ਉਸਦਾ ਪੁੱਤਰ ਸਮੁਦਰਗੁਪਤ ਰਾਜਗੱਦੀ ਤੇ ਬੈਠਾ। ਕਿਹਾ ਜਾਂਦਾ ਹੈ ਕਿ ਚੰਦਰਗੁਪਤ ਨੇ ਸਮੁਦਰਗੁਪਤ ਦੇ ਗੁਣਾਂ ਤੇ ਯੋਗਤਾ ਤੋਂ ਖੁਸ਼ ਹੋ ਕੇ ਉਸਨੂੰ ਆਪਣੀ ਜਿੰਦਗੀ ਵਿੱਚ ਹੀ ਆਪਣਾ ਉੱਤਰਾਧਿਕਾਰੀ ਨਿਯਤ ਕਰ ਦਿੱਤਾ ਸੀ[1][2]
ਸਮੁਦਰਗੁਪਤ | |
---|---|
Lua error in package.lua at line 80: module 'Module:Lang/data/iana scripts' not found. | |
ਚੌਥਾ ਗੁਪਤ ਰਾਜਵੰਸ਼ | |
ਸ਼ਾਸਨ ਕਾਲ | ਅੰ. 335 – ਅੰ. 380 CE |
ਪੂਰਵ-ਅਧਿਕਾਰੀ | ਚੰਦਰਗੁਪਤ ਪਹਿਲਾ |
ਵਾਰਸ | ਚੰਦਰਗੁਪਤ ਦੂਜਾ ਅਤੇ ਰਾਮਗੁਪਤ |
ਜੀਵਨ-ਸਾਥੀ | ਦੱਤਾਦੇਵੀ |
ਔਲਾਦ | ਚੰਦਰਗੁਪਤ ਦੂਜਾ, ਰਾਮਗੁਪਤ |
ਘਰਾਣਾ | ਗੁਪਤ ਸਾਮਰਾਜ |
ਪਿਤਾ | ਚੰਦਰਗੁਪਤ ਪਹਿਲਾ |
ਮਾਤਾ | ਕੁਮਾਰਦੇਵੀ |
ਸਮੁਦਰਗੁਪਤ ਦੀਆਂ ਜਿੱਤਾਂ
ਸੋਧੋਸਮੁਦਰਗੁਪਤ ਇੱਕ ਮਹਾਨ ਜੇਤੂ ਸੀ। ਜਦੋਂ ਉਹ ਰਾਜਗੱਦੀ ਤੇ ਬੈਠਾ ਤਾਂ ਉਸ ਸਮੇਂ ਭਾਰਤ ਵਿੱਚ ਛੋਟੇ-ਛੋਟੇ ਰਾਜ ਸਨ। ਮਹਾਪਦਮ ਨੰਦ ਅਤੇ ਚੰਦਰਗੁਪਤ ਮੌਰੀਆ ਦੀ ਤਰ੍ਹਾਂ ਉਹ ਇੰਨ੍ਹਾ ਛੋਟੇ ਰਾਜਾਂ ਨੂੰ ਖ਼ਤਮ ਕਰਕੇ ਰਾਜਨੀਤਿਕ ਏਕਤਾ ਕਾਇਮ ਕਰਨੀ ਚਾਹੁੰਦਾ ਸੀ ਅਤੇ ਆਪਣੇ ਆਪ ਨੂੰ ਆਰੀਆ-ਵਰਤ (ਉੱਤਰੀ ਭਾਰਤ) ਦਾ ਇਕੱਲਾ ਹੀ ਸਮਰਾਟ ਬਣਾਉਣਾ ਚਾਹੁੰਦਾ ਸੀ। ਇਸ ਮੰਤਵ ਨਾਲ ਉਸਨੇ ਜਿੱਤ ਯਾਤਰਾ ਆਰੰਭ ਕਰ ਦਿੱਤੀ ਅਤੇ ਉਦੋਂ ਤੱਕ ਚੈਨ ਨਾ ਲਿਆ ਜਦੋਂ ਤੱਕ ਉਸਨੇ ਲਗਭਗ ਸਾਰੇ ਉੱਤਰੀ ਭਾਰਤ ਨੂੰ ਨਾ ਜਿੱਤ ਲਿਆ ਅਤੇ ਦੱਖਣੀ ਰਾਜਿਆਂ ਨੂੰ ਆਪਣੀ ਅਧੀਨਤਾ ਮੰਨ ਲੈਣ ਲਈ ਮਜ਼ਬੂਰ ਨਾ ਕਰ ਲਿਆ।
ਆਰੀਆ-ਵਰਤ ਜਾਂ ਉੱਤਰੀ ਭਾਰਤ ਦੀ ਜਿੱਤ
ਸੋਧੋਉੱਤਰੀ ਭਾਰਤ ਦੀ ਪਹਿਲੀ ਮੁਹਿੰਮ
ਸੋਧੋਸਮੁਦਰਗੁਪਤ ਨੇ ਰਾਜਗੱਦੀ ਸੰਭਾਲਣ ਮਗਰੋਂ ਉੱਤਰੀ ਭਾਰਤ ਦੇ ਪ੍ਰਦੇਸ਼ਾਂ ਤੇ ਪਹਿਲੀ ਚੜ੍ਹਾਈ ਕੀਤੀ। 'ਇਲਾਹਾਬਾਦ ਪ੍ਰਸ਼ਸਤੀ' ਦੀ 13ਵੀਂ ਸਤਰ ਤੋਂ ਪਤਾ ਲਗਦਾ ਹੈ ਕਿ ਇਸ ਮੁਹਿੰਮ ਵਿੱਚ ਉਸਨੇ ਤਿੰਨ ਰਾਜਿਆਂ ਨੂੰ ਹਰਾਇਆ। ਉਨ੍ਹਾ ਵਿੱਚੋਂ ਪਹਿਲਾ ਰਾਜਾ ਅਚਯੁਤ ਸੀ ਜੋ ਵਰਤਮਾਨ ਬਰੇਲੀ ਦੇ ਪ੍ਰਦੇਸ਼ ਵਿੱਚ ਰਾਜ ਕਰਦਾ ਸੀ। ਦੂਜਾ ਰਾਜਾ ਨਾਗਸੇਨ ਸੀ ਜਿਸਦਾ ਪਦਮਾਵਤੀ ਵਿੱਚ ਰਾਜ ਸੀ। ਤੀਜਾ ਰਾਜਾ ਕੋਟ ਵੰਸ਼ ਦਾ ਸੀ ਜੋ ਗੰਗਾ ਘਾਟੀ ਵਿੱਚ ਰਾਜ ਕਰਦਾ ਸੀ।
ਉੱਤਰੀ ਭਾਰਤ ਦੀ ਦੂਜੀ ਮੁਹਿੰਮ ਅਤੇ ਨੌਂ ਰਾਜਿਆਂ ਦੀ ਹਾਰ
ਸੋਧੋ'ਇਲਾਹਾਬਾਦ ਪ੍ਰਸ਼ਸਤੀ' ਦੀ 21ਵੀਂ ਸਤਰ ਵਿੱਚ ਦੱਸਿਆ ਗਿਆ ਹੈ ਕਿ ਸਮੁਦਰਗੁਪਤ ਨੇ ਉੱਤਰੀ ਭਾਰਤ ਦੀ ਦੂਜੀ ਮੁਹਿੰਮ ਵਿੱਚ ਨੌ ਰਾਜਿਆਂ ਨੂੰ ਹਰਾਇਆ। ਉੱਤਰੀ ਭਾਰਤ ਦੀ ਪਹਿਲੀ ਮੁਹਿੰਮ ਮਗਰੋਂ ਜਦ ਉਹ ਦੱਖਣ ਭਾਰਤ ਵੱਲ ਚਲਾ ਗਿਆ ਤਾਂ ਅਚਯੁਤ ਅਤੇ ਨਾਗਸੇਨ ਰਾਜਿਆਂ ਨੇ ਆਪਣੀ ਹਾਰ ਦਾ ਬਦਲਾ ਲੈਣ ਲਈ ਸੱਤ ਹੋਰ ਨਾਗ-ਵੰਸ਼ ਦੇ ਰਾਜਿਆਂ ਨੂੰ ਆਪਣੇ ਨਾਲ ਮਿਲਾ ਕੇ ਉਸਦੇ ਵਿਰੁੱਧ ਇੱਕ ਗੁੱਟ ਬਣਾ ਲਿਆ। ਸਮੁਦਰਗੁਪਤ ਨੇ ਇਨ੍ਹਾਂ ਨੌ ਰਾਜਿਆਂ ਦੇ ਗਠਜੋੜ ਦਾ ਵਿਰੋਧ ਕਰਨ ਲਈ ਉੱਤਰੀ ਭਾਰਤ ਉੱਤੇ ਦੂਜੀ ਚੜ੍ਹਾਈ ਕੀਤੀ। ਇਲਾਹਾਬਾਦ ਦੇ ਨੇੜੇ ਕੌਸ਼ਾਂਬੀ ਨਾਮੀ ਸਥਾਨ ਤੇ ਭਿਆਨਕ ਲੜਾਈ ਹੋਈ ਜਿਸ ਵਿੱਚ ਨਾਗ-ਵੰਸ਼ ਦੇ ਸਾਰਿਆਂ ਨੌ ਰਾਜਿਆਂ ਨੂੰ ਹਰਾ ਕੇ ਸਦਾ ਦੀ ਨੀਂਦ ਸੁਆ ਦਿੱਤਾ ਗਿਆ ਅਤੇ ਉਨ੍ਹਾ ਦੇ ਪ੍ਰਦੇਸ਼ਾਂ ਨੂੰ ਗੁਪਤ ਸਾਮਰਾਜ ਵਿੱਚ ਮਿਲਾ ਲਿਆ ਗਿਆ।
ਉੱਤਰੀ ਭਾਰਤ ਵਿੱਚ ਰਾਜ ਖੋਹਣ ਦੀ ਨੀਤੀ
ਸੋਧੋਸਮੁਦਰਗੁਪਤ ਨੇ ਉੱਤਰੀ ਭਾਰਤ ਵਿੱਚ ਰਾਜ ਖੋਹਣ ਦੀ ਨੀਤੀ ਅਪਣਾਈ। ਉਸਨੇ ਉੱਤਰੀ ਭਾਰਤ ਦੇ ਨੌ ਰਾਜਿਆਂ ਨੂੰ ਹਰਾਇਆ ਹੀ ਨਹੀਂ ਸਗੋਂ ਉਨ੍ਹਾਂ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਇਨ੍ਹਾਂ ਦੇ ਪ੍ਰਦੇਸ਼ਾਂ ਨੂੰ ਵੀ ਗੁਪਤ-ਸਾਮਰਾਜ ਵਿੱਚ ਮਿਲਾਇਆ। ਇਸ ਤਰ੍ਹਾਂ ਉਸ ਨੇ ਪੱਛਮੀ ਪੰਜਾਬ, ਕਸ਼ਮੀਰ, ਸਿੰਧ, ਗੁਜਰਾਤ ਅਤੇ ਪੱਛਮੀ ਰਾਜਪੁਤਾਨਾ ਨੂੰ ਛੱਡ ਕੇ ਸਮੁੱਚੇ ਉੱਤਰੀ ਭਾਰਤ ਵਿੱਚ ਗੁਪਤ-ਸਾਮਰਾਜ ਦਾ ਵਿਸਤਾਰ ਕੀਤਾ। ਉਸ ਦੀਆ ਜਿੱਤਾ ਤੋਂ ਪ੍ਰਭਾਵਿਤ ਹੋ ਕੇ ਅਤੇ ਉਸਦੀ ਕਠੋਰ ਨੀਤੀ ਤੋਂ ਸਹਿਮ ਕੇ ਸਰਹੱਦੀ ਪ੍ਰਦੇਸ਼ ਦੇ ਕਬੀਲਿਆਂ ਅਤੇ ਛੋਟੇ-ਛੋਟੇ ਰਾਜਾਂ ਨੇ ਵੀ ਉਸਦੀ ਅਧੀਨਤਾ ਪ੍ਰਵਾਨ ਕਰ ਲਈ।
ਦੱਖਣੀ ਭਾਰਤ ਦੀ ਜਿੱਤ
ਸੋਧੋਬਾਰਾਂ ਰਾਜਿਆਂ ਦੀ ਹਾਰ
ਸੋਧੋਉੱਤਰੀ ਭਾਰਤ ਦੀ ਪਹਿਲੀ ਮੁਹਿੰਮ ਮਗਰੋਂ ਸਮੁੰਦਰਗੁਪਤ ਨੇ 'ਦਕਸ਼ਿਣਪਥ' ਜਾਂ ਦੱਖਣੀ ਭਾਰਤ ਤੇ ਜਿੱਤ ਪ੍ਰਾਪਤ ਕਰਨ ਦੀ ਵਿਉਂਤ ਬਣਾਈ। ਇਲਾਹਾਬਾਦ ਪ੍ਰਸ਼ਸਤੀ ਦੀ 19ਵੀਂ ਅਤੇ 20ਵੀਂ ਸਤਰ ਵਿੱਚ ਦੱਸਿਆ ਗਿਆ ਹੈ ਕਿ ਉਸ ਨੇ ਦੱਖਣੀ ਭਾਰਤ ਦਾ ਬਾਰਾਂ ਰਾਜਿਆਂ ਨੂੰ ਹਰਾਇਆ ਸੀ। ਪਾਟਲੀਪੁੱਤਰ ਤੋਂ ਉਹ ਸਭ ਤੋਂ ਪਹਿਲਾਂ ਕੋਸ਼ਲ ਵੱਲ ਵਧਿਆ ਜਿਸ ਵਿੱਚ ਬਿਲਾਸਪੁਰ, ਰਾਇਪੁਰ ਅਤੇ ਸੰਭਲਪੁਰ ਦੇ ਇਲਾਕੇ ਸ਼ਾਮਿਲ ਸਨ। ਉਥੋਂ ਦਾ ਰਾਜਾ ਮਹਿੰਦਰ ਸੀ। ਉਸਨੂੰ ਹਰਾਉਣ ਮਗਰੋਂ ਸਮੁਦਰਗੁਪਤ ਓਡੀਸ਼ਾ ਵੱਲ ਵਧਿਆ। ਇਥੇ ਉਸ ਨੇ ਮਹਾਂਨਦੀ ਦੇ ਨੇੜੇ ਮਹਾਕਾਂਤਰ ਦੇ ਵਿਆਘਰਾਰਾਜ ਨੂੰ ਹਰਾਇਆ। ਫਿਰ ਉਹ ਪੂਰਬੀ ਤੱਟ ਦੇ ਨਾਲ-ਨਾਲ ਵਧਦਾ ਹੋਇਆ ਕਾਂਚੀ ਤੱਕ ਪਹੁੰਚ ਗਿਆ ਅਤੇ ਉਸਨੇ ਦਸ ਹੋਰ ਰਾਜਿਆਂ ਨੂੰ ਹਰਾਇਆ। ਇਹ ਦਸ ਰਾਜੇ ਸਨ-
- ਪਿਸ਼ਤਪੁਰ ਦਾ ਮਹਿੰਦਰਗਿਰੀ
- ਕੋਟੂਰ ਦਾ ਸਵਾਮੀਦੱਤ
- ਕਾਂਚੀ ਦਾ ਵਿਸ਼ਣੂੰਗੋਪ
- ਵੇਂਗੀ ਦਾ ਹਸਤੀਵਰਮਨ
- ਪਾਲੱਕ ਦਾ ਉਗਰਸੇਨ
- ਏਰੰਡਪੱਲ ਦਾ ਦਮਨ
- ਦੇਵਰਾਸ਼ਟਰ ਦਾ ਕੁਵੇਰ
- ਕੌਰਾਲ ਦਾ ਮੰਤਰਾਜ
- ਅਵਮੁਕਤ ਦਾ ਨੀਲਰਾਜ
- ਕੁਸਥਲਪੁਰ ਦਾ ਧਨੰਜਯ
ਦੱਖਣ ਦੀ ਜਿੱਤ- ਇੱਕ ਮਹਾਨ ਸਫ਼ਲਤਾ
ਸੋਧੋਇਹ ਸੁਮਦਰਗੁਪਤ ਦੀ ਇੱਕ ਮਹਾਨ ਸਫ਼ਲਤਾ ਸੀ। ਸੰਘਣੇ ਜੰਗਲਾਂ ਅਤੇ ਪਹਾੜੀਆਂ ਨਾਲ ਘਿਰੇ ਹੋਏ ਇਲਾਕਿਆਂ ਵਿੱਚੋਂ 800 ਮੀਲਾਂ ਦੀ ਦੂਰੀ ਤੱਕ ਕੂਚ ਕਰਨਾ ਅਤੇ ਬਾਰਾਂ ਰਾਜਿਆਂ ਤੇ ਜਿੱਤ ਪ੍ਰਾਪਤ ਕਰ ਕੇ ਵਾਪਸ ਪਰਤਣਾ ਸਮੁਦਰਗੁਪਤ ਦਾ ਇੱਕ ਸ਼ਲਾਘਾਯੋਗ ਕਾਰਨਾਮਾ ਸੀ। ਉਸ ਤੋਂ ਕੋਈ 1000 ਵਰ੍ਹੇ ਬਾਅਦ ਕੇਵਲ ਮਹਾਨ ਖ਼ਿਲਜੀ ਸਮਰਾਟ ਅਲਾਉੱਦੀਨ ਨੇ ਹੀ ਅਜਿਹੀ ਸਫ਼ਲਤਾ ਪ੍ਰਾਪਤ ਕੀਤੀ ਸੀ।
ਦੱਖਣ ਵਿੱਚ ਰਾਜ ਮੋੜਨ ਦੀ ਨੀਤੀ
ਸੋਧੋਸਮੁਦਰਗੁਪਤ ਨੇ ਉੱਤਰੀ ਭਾਰਤ ਵਿੱਚ ਰਾਜ ਖੋਹਣ ਦੀ ਨੀਤੀ ਅਪਣਾਈ, ਪਰ ਦੱਖਣੀ ਭਾਰਤ ਵਿੱਚ ਉਸਨੇ ਰਾਜ ਮੋੜ ਦੇਣ ਦੀ ਨੀਤੀ ਨੂੰ ਅਪਣਾਇਆ। ਉਸਨੇ ਦੱਖਣੀ ਭਾਰਤ ਦੇ ਰਾਜਿਆਂ ਦੇ ਨਾ ਤਾਂ ਪ੍ਰਦੇਸ਼ ਖੋਹੇ ਅਤੇ ਨਾ ਹੀ ਗੱਦੀਓਂ ਲਾਹਿਆ। ਉਸਨੇ ਓਨ੍ਹਾ ਰਾਜਿਆਂ ਨੂੰ ਕੇਵਲ ਆਪਣੀ ਅਧੀਨਤਾ ਮੰਨ ਲੈਣ ਲਈ ਮਜਬੂਰ ਕੀਤਾ।
ਸਰਹੱਦੀ ਪ੍ਰਦੇਸ਼ਾਂ ਦੀ ਅਧੀਨਤਾ
ਸੋਧੋਸਮਤਟ, ਡਵਾਕ, ਕਾਮਰੂਪ ਅਤੇ ਨੇਪਾਲ
ਸੋਧੋਉਸਦੀਆਂ ਬਾਕੀ ਜਿੱਤਾਂ ਕਾਰਨ ਇੰਨੀ ਧਾਂਕ ਜੰਮ ਗਈ ਸੀ ਕਿ ਪੂਰਬੀ ਅਤੇ ਪੱਛਮੀ ਸਰਹੱਦੀ ਰਾਜ ਘਬਰਾ ਉੱਠੇ। ਇੱਕ ਤੋਂ ਪਿੱਛੋਂ ਦੂਸਰੇ, ਉਨ੍ਹਾਂ ਨੇ ਉਸਦੀ ਅਧੀਨਤਾ ਮੰਨ ਲਈ ਅਤੇ ਸ਼ਾਇਦ ਉਸਨੂੰ ਵਾਰਸ਼ਿਕ ਕਰ ਦੇਣਾ ਵੀ ਮੰਨ ਲਿਆ। ਸਮੁਦਰਗੁਪਤ ਨੇ ਸਰਹੱਦੀ ਪ੍ਰਦੇਸ਼ਾਂ ਨੂੰ ਵੀ ਆਪਣੇ ਰਾਜ ਵਿੱਚ ਨਾ ਮਿਲਾਇਆ। ਪੂਰਬ ਵਿੱਚ ਸਮਤੱਟ (ਦੱਖਣ-ਪੂਰਬੀ ਬੰਗਾਲ), ਡਵਾਕ (ਢਾਕਾ), ਕਾਮਰੂਪ (ਅਸਾਮ) ਅਤੇ ਨੇਪਾਲ ਦੇ ਰਾਜਾਂ ਨੇ ਉਸਦੀ ਅਧੀਨਤਾ ਮੰਨ ਲਈ।
ਜੰਗਲੀ ਕਬੀਲਿਆਂ ਦਾ ਦਮਨ
ਸੋਧੋਇਲਾਹਾਬਾਦ ਪ੍ਰਸ਼ਸਤੀ ਤੋਂ ਪਤਾ ਲਗਦਾ ਹੈ ਕਿ ਸਮੁਦਰਗੁਪਤ ਨੇ ਕੁਝ ਜੰਗਲੀ ਕਬੀਲਿਆਂ ਦਾ ਵੀ ਨਾਸ਼ ਕੀਤਾ। ਇਹ ਕਬੀਲੇ ਸ਼ਾਇਦ ਮੱਧ-ਭਾਰਤ ਅਤੇ ਓਡੀਸ਼ਾ ਦੇ ਜੰਗਲਾਂ ਵਿੱਚ ਨਿਵਾਸ ਕਰਦੇ ਸਨ ਅਤੇ ਅਕਸਰ ਸ਼ਾਂਤੀ ਤੇ ਵਿਵਸਥਾ ਨੂੰ ਭੰਗ ਕਰਦੇ ਰਹਿੰਦੇ ਸਨ। ਸਮੁਦਰਗੁਪਤ ਨੇ ਇਨ੍ਹਾਂ ਜਾਤੀਆਂ ਦੀ ਸ਼ਕਤੀ ਨੂੰ ਲਿਤਾੜ ਦਿੱਤਾ ਅਤੇ ਇਸ ਤਰ੍ਹਾਂ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਰਾਹਾਂ ਵਿੱਚੋਂ ਇਹ ਰੁਕਾਵਟ ਦੂਰ ਕਰਕੇ ਉਸਦੇ ਦੋਹਾਂ ਭਾਗਾਂ ਦਾ ਮੇਲ-ਜੋਲ ਵਧਾ ਦਿੱਤਾ।
ਵਿਦੇਸ਼ੀ ਸ਼ਕਤੀਆਂ ਨਾਲ ਸੰਬੰਧ
ਸੋਧੋਸਮੁਦਰਗੁਪਤ ਦੀ ਵਧਦੀ ਹੋਈ ਸ਼ਕਤੀ ਤੋਂ ਪ੍ਰਭਾਵਿਤ ਹੋ ਕੇ ਕਈ ਵਿਦੇਸ਼ੀ ਸ਼ਕਤੀਆਂ ਨੇ ਉਸ ਨਾਲ ਮਿੱਤਰਤਾਪੂਰਣ ਸੰਬੰਧ ਜੋੜ ਲਏ। ਇਲਾਹਾਬਾਦ ਦੀ ਪ੍ਰਸ਼ਸਤੀ ਤੋਂ ਪਤਾ ਲਗਦਾ ਹੈ ਕਿ ਦੇਵ-ਪੁੱਤਰ ਸ਼ਾਹੀ-ਸ਼ਾਹਾਨੁਸ਼ਾਹੀ ਦੇ ਕੁਸ਼ਾਨਾਂ ਨੇ ਅਤੇ ਪੱਛਮੀ ਭਾਰਤ ਦੇ ਸ਼ਕਾਂ ਨੇ ਉਸ ਦੇ ਦਰਬਾਰ ਵਿੱਚ ਆਪਣੇ ਦੂਤਾਂ ਨੂੰ ਉਪਹਾਰਾਂ ਸਹਿਤ ਭੇਜਿਆ। ਉਨ੍ਹਾਂ ਨੇ ਗੁਪਤ ਸਮਰਾਟ ਦੀ ਸਰਵਉੱਚਤਾ ਪ੍ਰਵਾਨ ਕਰ ਲਈ ਅਤੇ ਆਪਣੇ ਇਲਾਕਿਆਂ ਵਿੱਚ ਸ਼ਾਹੀ ਸਿੱਕਿਆਂ ਦੀ ਵਰਤੋਂ ਕਰਨ ਦੀ ਆਗਿਆ ਮੰਗੀ।
ਲੰਕਾ ਦੇ ਰਾਜੇ ਮੇਘਵਰਣ (352-379 ਈਸਵੀ) ਨੇ ਵੀ ਆਪਣੇ ਦੂਤ ਰਾਹੀਂ ਸਮੁਦਰਗੁਪਤ ਨੂੰ ਭੇਟਾ ਭੇਜੀ ਅਤੇ ਉਸ ਕੋਲੇਂ ਬੋਧੀ ਗਯਾ ਵਿੱਚ ਲੰਕਾ ਦੇ ਭਿਕਸ਼ੂਆਂ ਦੇ ਠਹਿਰਣ ਲਈ ਇੱਕ ਮੱਠ ਬਣਾਉਣ ਦੀ ਆਗਿਆ ਮੰਗੀ। ਸਮੁਦਰਗੁਪਤ ਨੇ ਉਸ ਦੀ ਬੇਨਤੀ ਪ੍ਰਵਾਨ ਕਰ ਲਈ। ਇਸ ਲਈ ਮੇਘਵਰਣ ਨੇ ਗਯਾ ਦੇ ਬੋਧੀ ਬਿਰਛ ਦੇ ਨੇੜੇ ਤਿੰਨ ਮੰਜ਼ਲਾਂ ਦਾ ਇੱਕ ਮੱਠ ਬਣਵਾਇਆ ਜਿਸ ਵਿੱਚ ਛੇ ਕਮਰੇ ਸਨ। ਸਮੁਦਰਗੁਪਤ ਨੇ ਮੰਨਿਆ ਜਾਂਦਾ ਹੈ ਕਿ ਜਾਵਾ, ਸੁਮਾਤਰਾ ਅਤੇ ਮਲਾਇਆ ਨਾਲ ਵੀ ਮਿੱਤਰਤਾਪੂਰਨ ਸੰਬੰਧ ਜੋੜੇ ਅਤੇ ਇਨ੍ਹਾਂ ਰਾਜਿਆਂ ਤੋਂ ਆਏ ਰਾਜਦੂਤਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਕੋਲੋਂ ਉਪਹਾਰ ਵੀ ਲਏ।
ਅਸ਼ਵਮੇਧ ਯੱਗ
ਸੋਧੋਇੱਕ ਵਿਸ਼ਾਲ ਸਾਮਰਾਜ ਕਾਇਮ ਕਰ ਲੈਣ ਤੋਂ ਬਾਅਦ ਸਮੁਦਰਗੁਪਤ ਨੇ ਮਹਾਨ ਹਿੰਦੂ ਸਮਰਾਟਾਂ ਦੀ ਤਰ੍ਹਾਂ ਅਸ਼ਵਮੇਧ ਯੱਗ ਕੀਤਾ। ਇਸ ਸ਼ੁਭ ਅਵਸਰ ਦੇ ਸਮੇਂ ਸੋਨੇ ਦੇ ਸਿੱਕੇ ਚਾਲੂ ਕੀਤੇ ਗਏ ਅਤੇ ਕਾਫੀ ਜਿਆਦਾ ਗਿਣਤੀ ਵਿੱਚ ਇਹ ਸੋਨੇ ਦੇ ਸਿੱਕੇ ਬ੍ਰਾਹਮਣਾਂ ਵਿੱਚ ਵੰਡੇ ਗਏ। ਇਨ੍ਹਾਂ ਸਿੱਕਿਆਂ ਦੇ ਇੱਕ ਪਾਸੇ ਯੱਗ ਦੇ ਘੋੜੇ ਦੀ ਮੂਰਤ ਅੰਕਿਤ ਸੀ ਅਤੇ ਦੂਜੇ ਪਾਸੇ 'ਅਸ਼ਵਮੇਧ ਪਰਾਕ੍ਰਮ' ਦੀ ਉਪਾਧੀ ਅੰਕਿਤ ਸੀ। ਇਹ ਯੱਗ ਸਮੁਦਰਗੁਪਤ ਨੇ ਆਪਣੀਆਂ ਸਾਰੀਆਂ ਜਿੱਤਾਂ ਦੇ ਮਗਰੋਂ ਆਪਣੇ ਸ਼ਾਸ਼ਨ ਕਾਲ ਦੇ ਅੰਤਲੇ ਵਰ੍ਹਿਆਂ ਵਿੱਚ ਅਤੇ ਇਲਾਹਾਬਾਦ ਪ੍ਰਸ਼ਸਤੀ ਦੇ ਖੁਦਵਾਏ ਜਾਣ ਤੋਂ ਬਾਅਦ ਕੀਤਾ ਹੋਵੇਗਾ, ਕਿਉਂ ਕਿ ਪ੍ਰਸ਼ਸਤੀ ਵਿੱਚ ਇਸਦਾ ਵਰਣਨ ਨਹੀਂ ਹੈ।
ਸਾਮਰਾਜ ਦਾ ਵਿਸਤਾਰ
ਸੋਧੋਸਮੁਦਰਗੁਪਤ ਨੇ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ। ਉਸਦਾ ਸਾਮਰਾਜ ਉੱਤਰ ਵਿੱਚ ਹਿਮਾਲਿਆ ਤੋਂ ਲੈ ਕੇ ਦੱਖਣ ਵਿੱਚ ਨਰਮਦਾ ਨਦੀ ਤੱਕ ਅਤੇ ਪੂਰਬ ਵਿੱਚ ਵੰਗ (ਬੰਗਾਲ ਤੋਂ ਲੈ ਕੇ ਪੱਛਮ ਵਿੱਚ ਪੰਜਾਬ ਦੇ ਪ੍ਰਦੇਸ਼ਾਂ ਤੱਕ ਫੈਲਿਆ ਹੋਇਆ ਸੀ। ਇਸ ਤੋਂ ਛੁੱਟ, ਦੱਖਣ ਭਾਰਤ ਦੇ ਬਹੁਤ ਸਾਰੇ ਰਾਜਾਂ ਨੇ, ਪੂਰਬੀ ਭਾਰਤ ਵਿੱਚ ਸਮਤਟ, ਡਵਾਕ ਅਤੇ ਕਾਮਰੂਪ ਨੇ ਅਤੇ ਪੱਛਮੀ ਭਾਰਤ ਵਿੱਚ ਅਰਜੁਨਾਇਨ, ਯੌਧੇਯ, ਆਭੀਰ ਤੇ ਮਾਲਵ ਆਦਿ ਗਣਤੰਤਰੀ ਕਬੀਲਿਆਂ ਨੇ ਉਸਦੀ ਅਧੀਨਤਾ ਪ੍ਰਵਾਨ ਕਰ ਲਈ ਸੀ। ਸ਼ਕ, ਕੁਸ਼ਾਨ ਅਤੇ ਲੰਕਾ ਦੇ ਵਿਦੇਸ਼ੀ ਰਾਜ ਵੀ ਉਸਨੂੰ ਮਹਾਨ ਸਮਰਾਟ ਮੰਨਦੇ ਸਨ। ਉਸਦੀ ਰਾਜਧਾਨੀ ਪਾਟਲੀਪੁੱਤਰ ਸੀ।
ਸਮੁਦਰਗੁਪਤ ਭਾਰਤੀ ਨਪੋਲੀਅਨ ਦੇ ਰੂਪ ਵਿੱਚ
ਸੋਧੋਨਪੋਲੀਅਨ ਵਾਂਗ ਸਮੁਦਰਗੁਪਤ ਵੀ ਇੱਕ ਮਹਾਨ ਯੋਧਾ ਅਤੇ ਜੇਤੂ ਸੀ। ਉਸਨੇ ਕਈ ਰਾਜਿਆਂ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਤਾਰ ਕੀਤਾ। ਸਮੁਦਰਗੁਪਤ ਨੂੰ 'ਭਾਰਤ ਦਾ ਨਪੋਲੀਅਨ' ਇਸ ਕਰਕੇ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਨਪੋਲੀਅਨ ਇੱਕ ਮਹਾਨ ਜੇਤੂ ਅਤੇ ਜਰਨੈਲ ਸੀ ਅਤੇ ਆਪਣੀ ਯੋਗਤਾ ਨਾਲ ਸਾਰੇ ਯੂਰਪ ਨੂੰ ਆਪਣੇ ਪੈਰਾਂ ਥੱਲੇ ਲਿਤਾੜ ਸੁੱਟਿਆ ਸੀ ਅਤੇ ਡਰਾ ਦਿੱਤਾ ਸੀ, ਉਸੇ ਤਰ੍ਹਾਂ ਸਮੁਦਰਗੁਪਤ ਨੇ ਵੀ ਆਪਣੀ ਅਦੁੱਤੀ ਤਾਕਤ ਨਾਲ ਸਾਰੇ ਭਾਰਤ ਨੂੰ ਜਿੱਤਿਆ ਅਤੇ ਆਪਣੀ ਸਰਵਉੱਚਤਾ ਦੀ ਸਥਾਪਨਾ ਕੀਤੀ।
ਸਮੁਦਰਗੁਪਤ ਦੀਆਂ ਹੋਰ ਉਪਲਬਧੀਆਂ
ਸੋਧੋਸਮੁਦਰਗੁਪਤ ਅਨੇਕ ਪ੍ਰਕਾਰ ਦੀ ਯੋਗਤਾ ਰੱਖਦਾ ਸੀ। ਯੁੱਧ ਦੀਆਂ ਸਫ਼ਲਤਾਵਾਂ ਤੋਂ ਇਲਾਵਾ ਉਹ ਸ਼ਾਂਤੀ ਦੀਆਂ ਉਪਲਬਧੀਆਂ ਲਈ ਵੀ ਪ੍ਰਸਿੱਧ ਹੈ।
ਸਾਹਿਤ ਦੇ ਖੇਤਰ ਵਿੱਚ
ਸੋਧੋਸਮੁਦਰਗੁਪਤ- ਇੱਕ ਕਵੀ
ਸੋਧੋਸਮੁਦਰਗੁਪਤ ਇੱਕ ਉੱਚ-ਕੋਟੀ ਦਾ ਕਵੀ ਵੀ ਸੀ। ਹਰੀਸੇਨ ਨੇ 'ਇਲਾਹਾਬਾਦ ਪ੍ਰਸ਼ਸਤੀ' ਵਿੱਚ ਲਿਖਿਆ ਹੈ ਕਿ ਉਸ ਨੇ 'ਕਵੀਰਾਜ' ਦੀ ਉਪਾਧੀ ਪ੍ਰਾਪਤ ਕੀਤੀ। ਪਰੰਤੂ ਉਸਦੀ ਲਿਖੀ ਕੋਈ ਵੀ ਕਵਿਤਾ ਨਹੀਂ ਮਿਲਦੀ।
ਸਮੁਦਰਗੁਪਤ ਦੇ ਦਰਬਾਰ ਦੇ ਵਿਦਵਾਨ
ਸੋਧੋਸਮੁਦਰਗੁਪਤ ਆਪ ਵਿਦਵਾਨ ਹੋਣ ਨਾਤੇ ਵਿਦਵਾਨਾਂ ਦਾ ਕਾਫੀ ਆਦਰ ਕਰਦਾ ਸੀ। ਉਸਦੇ ਦਰਬਾਰ ਦਾ ਸਭ ਤੋਂ ਪ੍ਰਤਿਭਾਸ਼ਾਲੀ ਵਿਦਵਾਨ ਅਤੇ ਕਵੀ ਹਰੀਸੇਨ ਸੀ ਜੋ ਕਿ ਇਲਾਹਾਬਾਦ ਪ੍ਰਸ਼ਸਤੀ ਦਾ ਲੇਖਕ ਹੈ। ਉਹ ਗੁਪਤ-ਸਮਰਾਟ ਦਾ ਰਾਜ ਕਵੀ ਸੀ। ਅਸੰਗ ਅਤੇ ਵਸੂਬੰਧੂ ਉਸ ਦੇ ਦਰਬਾਰ ਦੇ ਪ੍ਰਸਿੱਧ ਬੋਧੀ ਵਿਦਵਾਨ ਸਨ ਸੋ ਆਪਸ ਵਿੱਚ ਭਰਾ ਸਨ। ਅਸੰਗ ਨੇ 'ਮਹਾਯਾਨ ਸੂਤਰਾਲੰਕਾਰ' ਦੀ ਅਤੇ ਵਸੂਬੰਧੂ ਨੇ 'ਅਭਿਧਰਮਕੋਸ਼' ਨਾਮੀ ਗ੍ਰੰਥ ਦੀ ਰਚਨਾ ਕੀਤੀ। ਇਸ ਤਰ੍ਹਾਂ ਉਸ ਸਮੇਂ ਸਾਹਿਤ ਦਾ ਵੀ ਕਾਫੀ ਵਿਕਾਸ ਹੋਇਆ।
ਕਲਾ ਦੇ ਖੇਤਰ ਵਿੱਚ
ਸੋਧੋਸੰਗੀਤ ਕਲਾ
ਸੋਧੋਸਮੁਦਰਗੁਪਤ ਦੇ ਸ਼ਾਸ਼ਨ-ਕਾਲ ਵਿੱਚ ਕਲਾ ਦੇ ਖੇਤਰ ਵਿੱਚ ਵੀ ਵਿਕਾਸ ਹੋਇਆ। ਉਹ ਆਪ ਸੰਗੀਤ-ਕਲਾ ਦਾ ਬੜਾ ਪ੍ਰੇਮੀ ਸੀ। ਉਸਦੇ ਕੁਝ ਅਜਿਹੇ ਸਿੱਕੇ ਵੀ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਉਹ ਗੱਦੀ ਉੱਤੇ ਬੈਠਾ ਵੀਣਾ ਵਜਾ ਰਿਹਾ ਹੈ।
ਮੁਦਰਾ ਕਲਾ
ਸੋਧੋਸਮੁਦਰਗੁਪਤ ਦਾ ਸ਼ਾਸ਼ਨ-ਕਾਲ ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਮੁਦਰਾ ਕਲਾ ਦੀ ਉੱਨਤੀ ਲਈ ਖਾਸ-ਤੌਰ 'ਤੇ ਪ੍ਰਸਿੱਧ ਹੈ। ਉਸਦੇ ਰਾਜ-ਕਾਲ ਵਿੱਚ ਅਨੇਕਾਂ ਪ੍ਰਕਾਰ ਦੇ ਸਿੱਕੇ ਚਲਾਏ ਗਏ, ਜਿਨ੍ਹਾ ਤੇ ਸਮੁਦਰਗੁਪਤ ਦਾ ਤੀਰ-ਕਮਾਨ ਹੱਥਾਂ ਵਿੱਚ ਲਏ ਜਾਂ ਕੁਹਾੜੀ ਹੱਥਾਂ ਵਿੱਚ ਫੜੇ ਜਾਂ ਵੀਣਾ ਵਜਾਉਂਦੇ ਹੋਏ ਜਾਂ ਸ਼ਿਕਾਰ ਕਰਦੇ ਹੋਏ ਦਾ ਚਿੱਤਰ ਹੈ। ਕੁਝ ਸਿੱਕਿਆਂ ਵਿੱਚ ਅਸ਼ਵਮੇਧ ਘੋੜੇ ਦੀ ਮੂਰਤੀ ਹੈ। ਉਸਦੇ ਸਿੱਕਿਆਂ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਨਿਰੋਲ ਭਾਰਤੀ ਸਨ। ਉਨ੍ਹਾ ਉੱਤੇ ਦੁਰਗਾ, ਲੱਛਮੀ, ਗੰਗਾ ਆਦਿ ਭਾਰਤੀ ਦੇਵੀਆਂ ਦੀਆਂ ਮੂਰਤੀਆਂ ਅੰਕਿਤ ਸਨ। ਕਈ ਸਿੱਕਿਆਂ ਉੱਤੇ ਵਿਸ਼ਨੂੰ ਦੇਵਤਾ ਜਾਂ ਉਸ ਨਾਲ ਸੰਬੰਧਤ ਗਰੁੜ ਦੀ ਮੂਰਤੀ ਹੈ। ਸਿੱਕਿਆਂ ਉੱਪਰ ਅੰਕਿਤ ਯੁੱਧ ਦੇ ਸ਼ਸ਼ਤਰ ਵੀ ਭਾਰਤੀ ਹਨ।
ਧਰਮ ਦੇ ਖੇਤਰ ਵਿੱਚ
ਸੋਧੋਸਮੁਦਰਗੁਪਤ ਬ੍ਰਾਹਮਣ ਧਰਮ (ਹਿੰਦੂ ਧਰਮ) ਦਾ ਮੰਨਣ ਵਾਲਾ ਸੀ। ਉਸਦੇ ਸਿੱਕਿਆਂ ਤੇ ਬਣੀਆਂ ਦੇਵਤਿਆਂ ਦੀਆਂ ਮੂਰਤੀਆਂ ਤੋਂ ਅਤੇ ਯੱਗ ਕਰਵਾਉਣ ਤੋਂ ਵੀ ਇਹ ਸਿੱਧ ਹੁੰਦਾ ਹੈ ਕਿ ਉਹ ਹਿੰਦੂ ਧਰਮ ਦਾ ਉਪਾਸਕ ਸੀ। ਉਸਨੇ ਹਿੰਦੂ ਧਰਮ ਦੀ ਪਵਿੱਤਰ ਸੰਸਕ੍ਰਿਤ ਭਾਸ਼ਾ ਨੂੰ ਅਪਣਾਇਆ। ਉਸਦੇ ਰਾਜ ਪ੍ਰਬੰਧ ਵਿੱਚ ਬੋਧੀ ਜਿਵੇਂ ਕਿ ਅਸੰਗ ਅਤੇ ਵਸੂਬੰਧੂ ਵੀ ਸਨ। ਇਸ ਤੋਂ ਵੀ ਪਤਾ ਲਗਦਾ ਹੈ ਕਿ ਉਸ ਵਿੱਚ ਧਾਰਮਿਕ ਸਹਿਣਸ਼ੀਲਤਾ ਵੀ ਪਾਈ ਜਾਂਦੀ ਸੀ।
ਸੰਖੇਪ ਵਿੱਚ
ਸੋਧੋਉਪਰੋਕਤ ਵਰਣਨ ਤੋਂ ਵੀ ਸਪਸ਼ਟ ਹੈ ਕਿ ਸਮੁਦਰਗੁਪਤ ਇੱਕ ਬਹਾਦਰ ਯੋਧਾ, ਚਤੁਰ ਰਾਜਨੀਤੀਵੇਤਾ, ਪ੍ਰਭਾਵਸ਼ਾਲੀ ਕਵੀ, ਕਲਾ ਅਤੇ ਸਾਹਿਤ ਦਾ ਸਰਪ੍ਰਸਤ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਅਪਣਾਉਣ ਵਾਲਾ ਸਮਰਾਟ ਸੀ। ਉਸਨੇ ਕਈ ਮਹਾਨ ਕੰਮ ਕੀਤੇ ਸਨ। ਜੇਕਰ ਗੁਪਤ-ਕਾਲ ਨੂੰ ਭਾਰਤ ਦੇ ਇਤਿਹਾਸ ਵਿੱਚ 'ਸੁਨਹਿਰੀ ਯੁੱਗ' ਮੰਨਿਆ ਜਾਂਦਾ ਹੈ ਤਾਂ ਇਸ ਦਾ ਜੱਸ ਕਾਫੀ ਹੱਦ ਤੱਕ ਸਮੁਦਰਗੁਪਤ ਨੂੰ ਹੀ ਪ੍ਰਾਪਤ ਹੈ।
ਬਾਹਰੀ ਕੜੀਆਂ
ਸੋਧੋ- ਸਮੁਦਰਗੁਪਤ ਦੇ ਸਮੇਂ ਦੇ ਸਿੱਕਿਆਂ ਸੰਬੰਧੀ ਜਾਣਕਾਰੀ (ਅੰਗਰੇਜ਼ੀ ਵਿੱਚ)
- ਸਮੁਦਰਗੁਪਤ ਸੰਬੰਧੀ ਜਾਣਕਾਰੀ Archived 2013-06-02 at the Wayback Machine. (ਅੰਗਰੇਜ਼ੀ ਵਿੱਚ)
- ਭਾਰਤੀ ਇਤਿਹਾਸ ਵਿੱਚ ਸਮੁਦਰਗੁਪਤ Archived 2012-05-12 at the Wayback Machine. (ਅੰਗਰੇਜ਼ੀ ਵਿੱਚ)
- ਗੁਪਤ ਖ਼ਾਨਦਾਨ- ਸਮੁਦਰਗੁਪਤ Archived 2014-02-09 at the Wayback Machine. (ਅੰਗਰੇਜ਼ੀ ਵਿੱਚ)
- 'ਇਲਾਹਾਬਾਦ ਪ੍ਰਸ਼ਸਤ' ਸੰਬੰਧੀ ਕੁਝ ਜਾਣਕਾਰੀ (ਅੰਗਰੇਜ਼ੀ ਵਿੱਚ)
ਹਵਾਲੇ
ਸੋਧੋ- ↑ Fleet, John F. Corpus Inscriptionum Indicarum: Inscriptions of the Early Guptas. Vol. III. Calcutta: Government of India, Central Publications Branch, 1888, 20-21.
- ↑ Dikshitar, V.R. Ramachandra (1993). The Gupta polity (Reprint of 1952 ed.). Delhi: Motilal Banarsidass. p. 199. ISBN 9788120810242. Retrieved 19 April 2016.